Thursday, March 14, 2013

ਜਾਤ ਪਾਤ ਦੀ ਸਮਸਿਆ ਬਾਰੇ ਵਿਚਾਰ ਵਟਾਂਦਰਾ

ਬਾਬਾ ਸੋਹਣ ਸਿੰਘ ਭਕਨਾ ਭਵਨ 'ਚ ਜਾਰੀ ਹੈ ਕੌਮੀ ਪੱਧਰ ਦਾ 5 ਦਿਨਾਂ ਸੈਮੀਨਾਰ 
*ਇਨਕਲਾਬ ਤੋਂ ਬਿਨਾਂ ਦਲਿਤ ਮੁਕਤੀ ਨਹੀਂ ਹੋ ਸਕਦੀ ਅਤੇ ਦਲਿਤਾਂ ਦੀ *ਵਿਆਪਕ ਹਿੱਸੇਦਾਰੀ ਤੋਂ ਬਿਨਾਂ ਭਾਰਤ ਵਿੱਚ ਇਨਕਲਾਬ ਸੰਭਵ ਨਹੀਂ

ਬਾਬਾ ਸੋਹਣ ਸਿੰਘ ਭਕਨਾ ਭਵਨ ਵਿੱਚ ਜਾਰੀ ਹੈ ਕੌਮੀ ਪੱਧਰ ਦਾ ਪੰਜ-ਦਿਨਾਂ ਸੈਮੀਨਾਰ ਦੇ ਤੀਜੇ ਦਿਨ ਦਾ ਪ੍ਰੈਸ ਨੋਟ 
ਇਨਕਲਾਬ ਤੋਂ ਬਿਨਾਂ ਦਲਿਤ ਮੁਕਤੀ ਨਹੀਂ ਹੋ ਸਕਦੀ ਅਤੇ ਦਲਿਤਾਂ ਦੀ 
ਵਿਆਪਕ ਹਿੱਸੇਦਾਰੀ ਤੋਂ ਬਿਨਾਂ ਭਾਰਤ ਵਿੱਚ ਇਨਕਲਾਬ ਸੰਭਵ ਨਹੀਂ
ਚੰਡੀਗੜ੍ਹ, 14 ਮਾਰਚ। ਪ੍ਰਸਿੱਧ ਲੇਖਕ ਅਤੇ ਵਿਚਾਰਕ ਡਾ. ਆਨੰਦ ਤੇਲਤੁੰਬੜੇ ਨੇ ਅੱਜ ਇੱਥੇ ਕਿਹਾ ਕਿ ਦਲਿਤ ਮੁਕਤੀ ਵਾਸਤੇ ਡਾ. ਅੰਬੇਡਕਰ ਦੇ ਸਾਰੇ ਪ੍ਰਯੋਗ ਇੱਕ ''ਮਹਾਨ ਅਸਫ਼ਲਤਾ'' ਵਿੱਚ ਸਮਾਪਤ ਹੋਏ ਅਤੇ ਜਾਤ ਪ੍ਰਥਾ ਦੇ ਵਿਨਾਸ਼ ਲਈ ਲਹਿਰ ਨੂੰ ਉਹਨਾਂ ਤੋਂ ਅੱਗੇ ਜਾਣਾ ਹੋਵੇਗਾ। 
'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਵਿੱਚ ਜਾਰੀ ਪੰਜ ਦਿਨਾਂ ਦੇ ਕੌਮੀ ਪੱਧਰ ਦੇ ਸੈਮੀਨਾਰ ਵਿੱਚ ਡਾ. ਤੇਲਤੁੰਬੜੇ ਨੇ ਕਿਹਾ ਕਿ ਭਾਰਤ ਦੇ ਖੱਬੇਪੱਖੀਆਂ ਨੇ ਮਾਰਕਸਵਾਦ ਨੂੰ ਕਠਮੁੱਲਾ ਤਰੀਕੇ ਨਾਲ਼ ਲਾਗੂ ਕੀਤਾ ਹੈ ਜਿਸ ਕਰਕੇ ਉਹ ਜਾਤ ਸਮੱਸਿਆ ਨੂੰ ਸਮੱਸਿਆ ਨੂੰ ਨਾ ਤਾਂ ਠੀਕ ਢੰਗ ਨਾਲ਼ ਸਮਝ ਸਕੇ ਅਤੇ ਨਾ ਹੀ ਇਸ ਨਾਲ਼ ਲੜਨ ਦਾ ਸਹੀ ਪ੍ਰੋਗਰਾਮ ਵਿਕਸਿਤ ਕਰ ਸਕੇ। ਸੈਮੀਨਾਰ ਵਿੱਚ ਪੇਸ਼ ਅਧਾਰ ਪੇਪਰ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ਼ ਸਹਿਮਤੀ ਪ੍ਰਗਟ ਕਰਦੇ ਹੋਏ ਵੀ ਉਹਨਾਂ ਨੇ ਕਿਹਾ ਕਿ ਅੰਬੇਡਕਰ, ਫੂਲੇ ਜਾਂ ਫੇਰੀਅਰ ਦੇ ਯੋਗਦਾਨ ਨੂੰ ਖਾਰਜ ਕਰਕੇ ਸਮਾਜਿਕ ਇਨਕਲਾਬ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। 
ਉਹਨਾਂ ਕਿਹਾ ਕਿ ਅੰਬੇਡਕਰ ਨੇ ਮਾਰਕਸਵਾਦ ਦਾ ਡੂੰਘਾ ਅਧਿਐਨ ਨਹੀਂ ਕੀਤਾ ਸੀ, ਪਰ ਉਹਨਾਂ ਦੇ ਮਨ ਵਿੱਚ ਉਸ ਵੱਲ ਡੂੰਘਾ ਆਕਰਸ਼ਨ ਸੀ। ਸਾਨੂੰ ਮਾਰਕਸ ਅਤੇ ਅੰਬੇਡਕਰ ਲਹਿਰਾਂ ਨੂੰ ਲਗਾਤਾਰ ਇੱਕ-ਦੂਜੇ ਦੇ ਕਰੀਬ ਲਿਆਉਣ ਬਾਰੇ ਸੋਚਣਾ ਹੋਵੇਗਾ। ਇਸ ਲਈ ਸਭ ਤੋਂ ਜ਼ਰੂਰੀ ਹੈ ਕਿ ਦਲਿਤਾਂ 'ਤੇ ਅੱਤਿਆਚਾਰ ਦੀ ਹਰ ਘਟਨਾ 'ਤੇ ਕਮਿਊਨਿਸਟ ਉਹਨਾਂ ਨਾਲ਼ ਖੜੇ ਹੋਣ।
'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਨੇ ਡਾ. ਅੰਬੇਡਕਰ ਦੇ ਸਿਧਾਂਤਕ ਪ੍ਰੇਰਣਾ ਸ੍ਰੋਤ ਅਮੇਰਿਕੀ ਦਾਰਸ਼ਨਿਕ ਜੌਨ ਡੇਵੀ ਦੇ ਵਿਚਾਰਾਂ ਦੀ ਵਿਸਤ੍ਰਿਤ ਅਲੋਚਨਾ ਪੇਸ਼ ਕਰਦੇ ਹੋਏ ਕਿਹਾ ਕਿ ਉਹ ਦੱਬੀਆਂ-ਕੁਚਲੀਆਂ ਜਮਾਤਾਂ ਦੀ ਮੁਕਤੀ ਦਾ ਕੋਈ ਮੁਕੰਮਲ ਰਸਤਾ ਨਹੀਂ ਦੱਸਦੇ। ਉਹ 'ਅਫਰਮਿਟਿਵ ਐਕਸ਼ਨ' ਦੇ ਰੂਪ ਵਿੱਚ ਰਾਜ ਦੁਆਰਾ ਕੁਝ ਰਿਆਇਤਾਂ ਅਤੇ ਕਲਿਆਣਕਾਰੀ ਕਦਮਾਂ ਤੋਂ ਅੱਗੇ ਨਹੀਂ ਜਾਂਦੇ। ਇਹੀ ਗੱਲ ਅਸੀਂ ਅੰਬੇਡਕਰ ਦੇ ਸਾਰੇ ਪ੍ਰਯੋਗਾਂ ਦੀ ਅਸਫਲਤਾ ਦਾ ਕਾਰਨ ਉਹਨਾਂ ਦੇ ਫਲਸਫੇ ਵਿੱਚ ਲੱਭਣਾ ਹੋਵੇਗਾ। ਸਮਾਜਿਕ ਇਨਕਲਾਬ ਦੇ ਸਿਧਾਂਤ ਦੀ ਅਣਦੇਖੀ ਕਰਕੇ ਅੰਬੇਡਕਰ ਸਿਰਫ ਅਮਲ ਦੇ ਧਰਾਤਲ 'ਤੇ ਪ੍ਰਯੋਗ ਕਰਦੇ ਰਹੇ ਅਤੇ ਉਹਨਾਂ ਵਿੱਚ ਵੀ ਇਕਸਾਰਤਾ ਦੀ ਘਾਟ ਸੀ।
ਅਭਿਨਵ ਨੇ ਕਿਹਾ ਕਿ ਦਲਿਤ ਪਹਿਚਾਣ ਨੂੰ ਕਾਇਮ ਕਰਨ ਅਤੇ ਉਹਨਾਂ ਅੰਦਰ ਚੇਤਨਾ ਅਤੇ ਮਾਣ ਦੀ ਭਾਵਨਾ ਜਗਾਉਣ ਵਿੱਚ ਅੰਬੇਡਕਰ ਦੀ ਭੂਮਿਕਾ ਨੂੰ ਸਵੀਕਾਰਨ ਦੇ ਨਾਲ਼ ਹੀ ਉਹਨਾਂ ਦੇ ਸਿਆਸੀ-ਆਰਥਿਕ-ਦਾਰਸ਼ਨਿਕ ਵਿਚਾਰਾਂ ਦੀ ਅਲੋਚਨਾ ਸਾਨੂੰ ਪੇਸ਼ ਕਰਨੀ ਹੋਵੇਗੀ।
ਆਈ.ਆਈ.ਟੀ. ਹੈਦਰਾਬਾਦ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਸਾਹਿਤਕਾਰ ਲਾਲਟੂ ਨੇ ਕਿਹਾ ਕਿ ਮਾਰਕਸਵਾਦ ਕੋਈ ਜੜ ਦਰਸ਼ਨ ਨਹੀਂ ਹੈ, ਸਗੋਂ ਨਵੇਂ ਨਵੇਂ ਵਿਚਾਰਾਂ ਨਾਲ਼ ਸਹਿਮਤ ਹੁੰਦਾ ਹੈ। ਮਾਰਕਸਵਾਦੀਆਂ ਨੂੰ ਵੀ ਗਿਆਨ-ਪ੍ਰਾਪਤੀ ਦੇ ਅਨੇਕਾਂ ਢੰਗਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਇੱਕ ਹੀ ਢੰਗ 'ਤੇ ਸਥਿਰ ਨਹੀਂ ਰਹਿਣਾ ਚਾਹੀਦਾ। ਪ੍ਰੋਫੈਸਰ ਸੇਵਾ ਸਿੰਘ ਨੇ ਕਿਹਾ ਕਿ ਅੰਬੇਡਕਰ ਦਾ ਮੁਲੰਕਣ ਸਹੀ ਇਤਿਹਾਸ ਬੋਧ ਨਾਲ਼ ਕੀਤਾ ਜਾਣਾ ਚਾਹੀਦਾ ਹੈ। ਨਾਲ਼ ਹੀ ਇਸਲਾਮ ਬਾਰੇ ਅੰਬੇਡਕਰ ਦੇ ਵਿਚਾਰਾਂ ਦੀ ਵੀ ਘੋਖ ਕਰਨ ਦੀ ਜ਼ਰੂਰਤ ਹੈ।
ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਨੇ ਡਾ.ਤੇਲਤੁੰਬੜੇ ਦੁਆਰਾ ਕਮਿਊਨਿਸਟਾਂ ਦੀ ਅਲੋਚਨਾ ਦੇ ਕਈ ਬਿੰਦੂਆਂ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਭਾਰਤ ਦੇ ਕਮਿਊਨਿਸਟਾਂ ਕੋਲ 1951 ਤੱਕ ਇਨਕਲਾਬ ਦਾ ਕੋਈ ਵਿਸਥਾਰਿਤ ਪ੍ਰੋਗਰਾਮ ਨਹੀਂ ਸੀ, ਅਜਿਹੀ ਹਾਲਤ ਵਿੱਚ ਜਾਤ ਦੇ ਸਵਾਲ 'ਤੇ ਵੀ ਕਿਸੇ ਵਿਵਸਥਿਤ ਨਜਰੀਏ ਦੀ ਉਮੀਦ ਕਰਨੀ ਗਲਤ ਹੋਵੇਗੀ। ਪਰ ਦੇਸ਼ ਦੇ ਹਰ ਹਿੱਸੇ ਵਿੱਚ ਕਮਿਊਨਿਸਟਾਂ ਨੇ ਸਭ ਤੋਂ ਅੱਗੇ ਵੱਧ ਕੇ ਦਲਿਤਾਂ-ਪਿਛੜਿਆਂ ਦੇ ਆਤਮਸਮਾਨ ਦੀ ਲੜਾਈ ਲੜੀ ਅਤੇ ਅਣਗਿਣਤ ਕੁਰਬਾਨੀਆਂ ਦਿੱਤੀਆਂ।
ਅੱਜ ਸੈਮੀਨਾਰ ਵਿੱਚ ਦੋ ਹੋਰ ਪੇਪਰ ਪੜ੍ਹੇ ਗਏ ਜਿਹਨਾਂ ਤੇ ਬਹਿਸ ਜਾਰੀ ਹੈ। 'ਸਨਹਤੀ' ਵੱਲੋਂ ਅਸਿਤ ਦਾਸ ਨੇ 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਪੇਪਰ ਪੇਸ਼ ਕੀਤਾ, ਜਦ ਕਿ ਪੀਡੀਐਫਆਈ, ਦਿੱਲੀ ਦੇ ਅਰਜੁਨ ਪ੍ਰਸਾਦ ਸਿੰਘ ਦਾ ਪੇਪਰ 'ਭਾਰਤ ਵਿੱਚ ਜਾਤ ਦਾ ਸਵਾਲ ਅਤੇ ਹੱਲ ਦੇ ਰਾਹ' ਉਹਨਾਂ ਦੀ ਗੈਰਹਾਜ਼ਰੀ ਵਿੱਚ ਤਪਿਸ਼ ਮੰਡੋਲਾ ਨੇ ਪੇਸ਼ ਕੀਤਾ।
ਅਧਾਰ ਪੇਪਰ ਅਤੇ ਹੋਰ ਪੇਪਰਾਂ 'ਤੇ ਜਾਰੀ ਬਹਿਸ ਵਿੱਚ ਯੂਨਾਈਟਡ ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸੀਨੀਅਰ ਆਗੂ ਨੀਨੂੰ ਚਾਪਾਗਾਈ, ਸਿਰਸਾ ਤੋਂ ਆਏ ਕਸ਼ਮੀਰ ਸਿੰਘ, ਦੇਹਰਾਦੂਨ ਤੋਂ ਆਏ ਜਿਤੇਂਦਰ ਭਾਰਤੀ, ਲਖਨਊ ਦੇ ਰੋਹਿਤ ਰਾਜੋਰਾ ਅਤੇ ਸੂਰਜ ਕੁਮਾਰ ਯਾਦਵ, ਲੁਧਿਆਣਾ ਦੇ ਡਾ. ਅਮ੍ਰਿਤ, ਦਿਸ਼ਾ ਵਿਦਿਆਰਥੀ ਸੰਗਠਨ ਦੇ ਸੰਨੀ, ਵਾਰਾਨਸੀ ਦੇ ਰਾਕੇਸ਼ ਕੁਮਾਰ ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ।
ਸੈਸ਼ਨ ਦੀ ਪ੍ਰਧਾਨਗੀ ਨੇਪਾਲ ਕੌਮੀ ਦਲਿਤ ਮੁਕਤੀ ਮੋਰਚਾ ਦੇ ਪ੍ਰਧਾਨ ਤਿਲਕ ਪਰਿਹਾਰ, ਗਿਆਨ ਪ੍ਰਸਾਰ ਸਮਾਜ ਦੇ ਸੰਚਾਲਕ ਡਾ. ਹਰੀਸ਼ ਅਤੇ ਡਾ. ਅੰਮ੍ਰਿਤਪਾਲ ਨੇ ਕੀਤਾ। ਸੰਚਾਲਨ ਦੀ ਜਿੰਮਵਾਰੀ ਸੱਤਿਅਮ ਨੇ ਨਿਭਾਈ। 

No comments: