Monday, March 04, 2013

ਬਲਦੇਵ ਸਿੰਘ ਖੱਟੜਾ ਯਾਦਗਾਰੀ ਦੂਜਾ ਕਬੱਡੀ ਕੱਪ

ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਨੇ ਲਗਾਤਾਰ ਦੂਜੇ ਸਾਲ ਜਿੱਤਿਆ ਕਬੱਡੀ ਕੱਪ
ਖੰਨਾ, 3 ਮਾਰਚ:(ਪੰਜਾਬ ਸਕਰੀਨ// ਰੈਕਟਰ ਕਥੂਰੀਆ//ਐਸ ਕੇ ਗੋਗਨਾ)ਸ਼੍ਰੋਮਣੀ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਬਾਬਾ ਲਖਬੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਨੂੰ 45-19 ਨਾਲ ਹਰਾ ਕੇ ਸ. ਬਲਦੇਵ ਸਿੰਘ ਖੱਟੜਾ ਯਾਦਗਾਰੀ ਦੂਜੇ ਕਬੱਡੀ ਕੱਪ 'ਤੇ ਕਬਜ਼ਾ ਜਮਾਉਂਦਿਆ 1 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ.ਦਲਮੇਘ ਸਿੰਘ ਖੱਟੜਾ ਦੀ ਅਗਵਾਈ ਵਿੱਚ ਹਰਮਨ ਖੱਟੜਾ ਕਬੱਡੀ ਸਪੋਰਟਸ ਕਲੱਬ ਖੱਟੜਾ ਵੱਲੋਂ ਪਿੰਡ ਖੱਟੜਾ ਵਿਖੇ ਕਰਵਾਏ ਗਏ ਲਗਾਤਾਰ ਦੂਜੇ ਸਾਲ ਕਬੱਡੀ ਕੱਪ ਵਿੱਚ ਦਰਸ਼ਕਾਂ ਦੇ ਭਾਰੀ ਇਕੱਠ ਦੌਰਾਨ ਕਬੱਡੀ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਮੈਚਾਂ ਦੌਰਾਨ ਮੀਰੀ ਪੀਰੀ ਅਕੈਡਮੀ ਛੇਹਰਟਾ ਵੱਲੋਂ ਆਈਆਂ ਅਮਰੀਕੀ ਬੱਚਿਆਂ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲਾ (ਬਰਨਾਲਾ) ਦੀਆਂ ਵਿਦਿਆਰਥਣਾਂ ਨੇ ਗੱਤਕੇ ਦੇ ਹੈਰਤ ਅੰਗੇਜ਼ ਕਰਤੱਬ ਦਿਖਾਏ।

ਸਮਾਪਤੀ ਮੌਕੇ ਇਨਾਮਾਂ ਦੀ ਵੰਡ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਹਲਕਾ ਖੰਨਾ ਦੇ ਇੰਚਾਰਜ  ਸ. ਰਣਜੀਤ ਸਿੰਘ ਤਲਵੰਡੀ ਨੇ ਕੀਤੀ। ਸ਼੍ਰੋਮਣੀ ਕਮੇਟੀ ਦੀ ਜੇਤੂ ਟੀਮ ਨੇ 1 ਲੱਖ ਰੁਪਏ ਅਤੇ ਉਪ ਜੇਤੂ ਘਰਿਆਲਾ ਟੀਮ ਨੂੰ 75 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਟਰਾਫੀ ਦਿੱਤੀ। ਸ. ਲਖਬੀਰ ਸਿੰਘ ਕਲਾਲਮਾਜਰਾ ਵੱਲੋਂ ਆਪਣੇ ਸਵਰਗੀ ਪੁੱਤਰ ਕਾਕਾ ਸਰਬਜੀਤ ਸਿੰਘ ਕਾਲੀਰਾਓ ਦੀ ਯਾਦ ਵਿੱਚ ਸਰਵੋਤਮ ਰੇਡਰ ਗੁਰਮੀਤ ਸਿੰਘ ਮੰਡੀਆ ਅਤੇ ਸਰਵੋਤਮ ਜਾਫੀ ਸਾਂਝੇ ਤੌਰ ਗੁਰਪ੍ਰੀਤ ਗੋਪੀ ਮਾਣਕੀ ਤੇ ਸੱਤੂ ਖਡੂਰ ਸਾਹਿਬ ਨੂੰ 11-11 ਹਜ਼ਾਰ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ।

ਸ. ਦਲਮੇਘ ਸਿੰਘ ਖੱਟੜਾ ਨੇ ਅੰਤ ਵਿੱਚ ਟੂਰਨਾਮੈਂਟ ਵਿੱਚ ਪਹੁੰਚੇ ਖਿਡਾਰੀਆਂ, ਪਿੰਡ ਵਾਸੀਆਂ, ਦਰਸ਼ਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਹਿਲੀ ਵਾਰ ਕਬੱਡੀ ਖੇਡ ਮੇਲਿਆਂ ਦੇ ਇਤਿਹਾਸ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਆਏ ਕੈਨੇਡੀਅਨ ਹਾਈ ਕਮਿਸ਼ਨ ਦੇ ਕਮਿਸ਼ਨਰ
ਮਿਸਟਰ ਸਕੌਟ ਸਲੈਸਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਖੇਡ ਕਲੱਬ ਨੂੰ ਦਿੱਤੇ 2 ਲੱਖ ਰੁਪਏ ਪਿੰਡ ਖੱਟੜਾ ਦੇ ਵਿਕਾਸ ਕੰਮਾਂ 'ਤੇ ਖਰਚਣ ਕਰਨ ਦਾ ਵੀ ਐਲਾਨ ਕੀਤੀ। ਉਨ੍ਹਾਂ ਸਵਰਗੀ ਭਰਾ ਸ. ਬਲਦੇਵ ਸਿੰਘ ਖੱਟੜਾ ਨੂੰ ਯਾਦ ਕਰਦਿਆਂ ਕਿਹਾ
ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਨੌਜਵਾਨੀ ਨੂੰ ਖੇਡਾਂ ਦੇ ਰਾਹ ਪਾਇਆ ਜਾਵੇ ਤਾਂ ਜੋ ਨਸ਼ਿਆਂ ਨੂੰ ਠੱਲ੍ਹ ਪੈ ਸਕੇ।

ਸੈਮੀ ਫਾਈਨਲ ਮੈਚਾਂ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਕੈਨੇਡੀਅਨ ਹਾਈ ਕਮਿਸ਼ਨ ਦੇ ਕਮਿਸ਼ਨਰ ਮਿਸਟਰ ਸਕੌਟ ਸਲੈਸਰ, ਸੰਧੂ ਗਰੁੱਪ ਮੁੰਬਈ ਦੇ ਸ. ਕੰਵਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ ਮਿਨਹਾਸ ਤੇ ਪਟਿਆਲਾ ਜ਼ੋਨ ਦੇ ਆਈ.ਜੀ. ਸ. ਪਰਮਜੀਤ ਸਿੰਘ ਗਿੱਲ
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਤੋਂ ਪਹਿਲਾਂ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਬਲਦੇਵ ਸਿੰਘ ਖੱਟੜਾ ਯਾਦਗਾਰੀ ਦੂਜੇ ਕਬੱਡੀ ਕੱਪ ਦਾ ਰਸਮੀ ਉਦਘਾਟਨ ਕੀਤਾ।

ਫਾਈਨਲ ਵਿੱਚ ਪਹੁੰਚਣ ਵਾਲੀਆਂ ਦੋਵੇਂ ਟੀਮਾਂ ਨੇ ਸੈਮੀ ਫਾਈਨਲ ਦੇ ਫਸਵੇਂ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ। ਪਹਿਲੇ ਸੈਮੀ ਫਾਈਨਲ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨੇ ਮਲੂਕਾ ਕਬੱਡੀ ਅਕੈਡਮੀ ਬਠਿੰਡਾ ਨੂੰ 41-12 ਅਤੇ ਦੂਜੇ ਸੈਮੀ ਫਾਈਨਲ ਵਿੱਚ ਬਾਬਾ ਲਖਬੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਨੇ ਮੀਰੀ ਪੀਰੀ ਸ਼ਹਿਨਸ਼ਾਹ ਯੂ.ਕੇ. ਕਬੱਡੀ ਕਲੱਬ ਬਠਿੰਡਾ ਨੂੰ 32-30 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਸੀ।

ਦਿਨ ਦੇ ਪਹਿਲੇ ਕੁਆਰਟਰ ਫਾਈਨਲ ਮੈਚ ਵਿੱਚ ਮਲੂਕਾ ਕਬੱਡੀ ਅਕੈਡਮੀ ਬਠਿੰਡਾ ਨੇ ਫਸਵੇਂ ਮੁਕਾਬਲੇ ਵਿੱਚ ਅਲੰਕਾਰ ਟੋਨੀ ਕਲੱਬ ਕੁੱਬੇ ਨੂੰ 32-31 ਨਾਲ ਹਰਾਇਆ। ਦੂਜੇ ਕੁਆਰਟਰ ਫਾਈਨਲ ਵਿੱਚ ਬਾਬਾ ਲਖਬੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਨੇ ਮਾਧੋਪੁਰ ਕਬੱਡੀ ਅਕੈਡਮੀ ਨੂੰ
29-27, ਤੀਜੇ ਕੁਆਰਟਰ ਫਾਈਨਲ ਵਿੱਚ ਸ਼੍ਰੋਮਣੀ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਕਬੱਡੀ ਅਕੈਡਮੀ ਫਤਹਿਗੜ੍ਹ ਸਾਹਿਬ ਨੇ ਭਾਈ ਲਹਿਣਾ ਜੀ ਕਬੱਡੀ ਅਕੈਡਮੀ ਸਰਾਏ ਨਾਗਾ (ਮੁਕਤਸਰ) ਨੂੰ 39-25 ਅਤੇ ਚੌਥੇ ਕੁਆਰਟਰ ਫਾਈਨਲ ਵਿੱਚ ਮੀਰੀ ਪੀਰੀ ਸ਼ਹਿਨਸ਼ਾਹ ਯੂ.ਕੇ.
ਕਬੱਡੀ ਕਲੱਬ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਨੂੰ 38-25 ਨਾਲ ਹਰਾਇਆ।

ਇਸ ਮੌਕੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਸ. ਲਖਬੀਰ ਸਿੰਘ ਕਲਾਲਮਾਜਰਾ, ਆਈ.ਪੀ.ਐਸ. ਅਧਿਕਾਰੀ ਰਣਬੀਰ ਸਿੰਘ ਖੱਟੜਾ, ਫਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ, ਮਾਨਸਾ ਦੇ ਐਸ.ਐਸ.ਪੀ. ਡਾ.ਨਰਿੰਦਰ ਭਾਰਗਵ, ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੌਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਗੁਰਮੋਹਨ ਸਿੰਘ ਵਾਲੀਆ, ਸ਼੍ਰੋਮਣੀ ਕਮੇਟੀ ਦੇ ਡਾਇਰੈਕਟਰ ਸਿੱਖਿਆ ਡਾ. ਧਰਮਿੰਦਰ ਸਿੰਘ ਉੱਭਾ ਆਦਿ ਹਾਜ਼ਰ ਸਨ।

No comments: