Monday, March 18, 2013

ਧਰਮ ਤੇ ਮਾਰਕਸਵਾਦ ਦਰਮਿਆਨ ਵਿਰੋਧ ਦਾ ਮਾਮਲਾ

ਧਰਮਾਂ ਵਾਂਗ ਮਾਰਕਸਵਾਦ ਦੇ ਵੀ ਨੈਤਿਕ ਸਰੋਕਾਰ ਹਨ      --ਡਾ. ਸਵਰਾਜ ਸਿੰਘ
Courtesy
ਮਾਰਕਸ ਦਾ ਇੱਕ ਕਥਨ "ਰਿਲੀਜ਼ਨ ਇਜ਼ ਦੀ ਓਪੀਯਮ ਆਫ਼ ਪੀਪਲ" ਅਰਥਾਤ ਧਰਮ ਲੋਕਾਂ ਦੀ ਅਫੀਮ ਹੈ, ਬਹੁਤ ਹੀ ਪ੍ਰਚੱਲਿਤ ਹੋਇਆ ਹੈ। ਇਸ ਕਥਨ ਨੂੰ ਗਲਤ ਸਮਝਣ ਅਤੇ ਇਸ ਨੂੰ ਪ੍ਰਸੰਗਤਾ ਤੋਂ ਬਿਨਾ ਸਮਝਣ ਅਤੇ ਸਰਮਾਏਦਾਰੀ ਵੱਲੋਂ ਜਾਣ ਬੁਝ ਕੇ ਮਾਰਕਸਵਾਦ ਨੂੰ ਬਦਨਾਮ ਕਰਨ ਲਈ ਇਸ ਦੀ ਗਲਤ ਵਿਆਖਿਆ ਕਾਰਨ ਜਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ ਹੈ, ਸ਼ਾਇਦ ਹੀ ਕਿਸੇ ਇੱਕ ਗੱਲ ਨੇ ਕੀਤਾ ਹੈ। ਆਮ ਤੌਰ `ਤੇ ਸਾਧਾਰਣ ਲੋਕ ਅਤੇ ਕਈ ਮਾਰਕਸਵਾਦੀ ਅਤੇ ਹੋਰ ਬੁੱਧੀਜੀਵੀ ਵੀ ਇਸ ਦਾ ਇਹ ਪ੍ਰਭਾਵ ਲੈ ਲੈਂਦੇ ਹਨ ਕਿ ਮਾਰਕਸ ਨੇ ਨਾ ਤਾਂ ਧਰਮ ਦੀ ਨਿੰਦਿਆ ਕੀਤੀ ਹੈ ਅਤੇ ਨਾ ਹੀ ਧਰਮ ਦਾ ਵਿਰੋਧ। ਇਹ ਤਾਂ ਹੀ ਸਪੱਸ਼ਟ ਹੋ ਸਕਦਾ ਹੈ, ਜੇ ਅਸੀਂ ਧਰਮ ਅਤੇ ਨੈਤਿਕਤਾ ਬਾਰੇ ਮਾਰਕਸ ਦੇ ਵਿਚਾਰ ਵਿਸਥਾਰ ਨਾਲ ਪੜ੍ਹੀਏ। ਹੁਣੇ-ਹੁਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ \'ਧਰਮਾਂ ਦੇ ਅਧਿਆਤਮਿਕਤਾ ਅਤੇ ਨੈਤਿਕਤਾ ਦੇ ਸਰੋਕਾਰ` ਵਿਸ਼ੇ `ਤੇ ਤਿੰਨ ਰੋਜ਼ਾ ਕੌਮਾਂਤਰੀ ਸੈਮੀਨਾਰ ਸੰਪੰਨ ਹੋਇਆ। ਇਸ ਸੈਮੀਨਾਰ `ਚ ਇੱਕ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਕਰਨ ਦਾ ਸੁਭਾਗ ਮੈਨੂੰ ਮਿਲਿਆ। ਇਸ ਸੈਮੀਨਾਰ `ਚ ਮੈਂ ਇਹ ਮੁੱਦਾ ਉਠਾਇਆ ਕਿ ਧਰਮਾਂ ਵਾਂਗ ਮਾਰਕਸਵਾਦ ਦੇ ਵੀ ਨੈਤਿਕ ਸਰੋਕਾਰ ਹਨ। ਮੈਨੂੰ ਲੱਗਦਾ ਹੈ ਕਿ ਮਾਰਕਸ ਨੇ ਆਪਣਾ ਸਿਧਾਂਤ ਸਰਮਾਏਦਾਰੀ ਦੀ ਨੈਤਿਕਤਾ ਤੋਂ ਸੱਖਣੀ ਅਤੇ ਮਨੁੱਖ ਹੀਣਤਾ ਵਾਲੀ ਸੋਚ ਦੇ ਪ੍ਰਤੀਕਰਮ ਵਜੋਂ ਸੰਸਾਰ ਦੇ ਸਾਹਮਣੇ ਪੇਸ਼ ਕੀਤਾ। ਆਪਣੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਮੈਂ ਇਹ ਦਲੀਲ ਦਿੱਤੀ ਕਿ ਸਰਮਾਏਦਾਰੀ ਲਈ ਸਿਰਫ਼ ਉਤਪਾਦਨ ਤੇ ਮੁਨਾਫ਼ਾ ਹੀ ਮਾਅਨੇ ਰੱਖਦੇ ਹਨ। ਕੀ ਸਰਮਾਏ ਦੀ ਵੰਡ ਜਾਇਜ਼ ਢੰਗ ਜਾਂ ਬਰਾਬਰੀ ਦੇ ਸਿਧਾਂਤਾਂ ਨਾਲ ਹੋ ਰਹੀ ਹੈ? ਇਸ ਬਾਰੇ ਸਰਮਾਏਦਾਰੀ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਸਰਮਾਏਦਾਰੀ ਨੇ ਆਪਣਾ ਮੁਨਾਫ਼ਾ ਵਧਾਉਣ ਲਈ ਮਨੁੱਖ ਨੂੰ ਸਿਰਫ਼ ਖਪਤਕਾਰੀ ਤੱਕ ਸੀਮਤ ਕਰਕੇ ਮਨੁੱਖਹੀਣਤਾ ਵੱਲ ਧੱਕ ਦਿੱਤਾ ਹੈ। 
ਮਾਰਕਸ ਨੇ ਸਰਮਾਏਦਾਰੀ ਦੇ ਅਸਲੀ ਮੰਤਵਾਂ ਨੂੰ ਨੰਗਾ ਕਰਦਿਆਂ ਕੌਮੀ ਸਰਮਾਏ ਦੀ ਜਾਇਜ਼, ਇਨਸਾਫ਼ ਅਤੇ ਬਰਾਬਰੀ ਦੇ ਸਿਧਾਂਤਾਂ `ਤੇ ਵੰਡ ਲਈ ਜ਼ੋਰ ਦਿੱਤਾ। ਮਾਰਕਸ ਨੇ ਮਨੁੱਖ ਨੂੰ ਸਰਮਾਏਦਾਰੀ ਵੱਲੋਂ ਸਿਰਫ਼ ਪੈਸਾ ਬਣਾਉਣ ਦੀ ਮਸ਼ੀਨ ਬਣਾਉਣ ਅਤੇ ਮਨੁੱਖੀ ਰਿਸ਼ਤਿਆਂ ਨੂੰ ਸਿਰਫ਼ ਪੈਸੇ `ਤੇ ਆਧਾਰਤ ਕਰਨ ਦਾ ਬਹੁਤ ਹੀ ਭਾਵਨਾਤਮਕ ਅਤੇ ਜ਼ੋਰਦਾਰ ਸ਼ਬਦਾਂ ਨਾਲ ਵਿਰੋਧ ਕੀਤਾ। ਉਸ ਨੇ ਧਰਮ ਨਹੀਂ, ਸਗੋਂ ਧਰਮ ਵਿੱਚ ਕਰਮਕਾਂਡ ਅਤੇ ਪਾਖੰਡ ਦਾ ਵਿਰੋਧ ਕੀਤਾ। ਇਸਾਈ ਧਰਮ ਵਿੱਚ ਸੁਧਾਰਕ ਲਹਿਰ, ਜਿਸ ਵਿੱਚ ਪਰੋਟੈਸਟੰਟਾਂ ਨੇ ਕੈਥੋਲਿਕ ਧਰਮ ਵਿੱਚੋਂ ਕਰਮਕਾਂਡ ਅਤੇ ਪਾਖੰਡਾਂ ਨੂੰ ਦੂਰ ਕਰਨ ਲਈ (ਯੂਰਪ ਵਿੱਚ) ਮੁਹਿੰਮ ਚਲਾਈ ਤਾਂ ਉਸ ਨੂੰ ਮਾਰਕਸ ਨੇ ਹਾਂ-ਪੱਖੀ ਢੰਗ ਨਾਲ ਦੇਖਿਆ। ਜਿੱਥੋਂ ਤੱਕ ਧਰਮ ਨੂੰ ਅਫ਼ੀਮ ਕਹਿਣ ਦਾ ਸਵਾਲ ਹੈ, ਮੇਰੀ ਸੀਮਤ ਸੋਚ ਅਨੁਸਾਰ ਮਾਰਕਸ ਦੇ ਇਸ ਕਥਨ ਦਾ ਭਾਵ ਇਹ ਹੈ ਕਿ ਸਰਮਾਏਦਾਰੀ ਦੀ ਮਾਰ ਤੋਂ ਸਤਾਇਆ ਹੋਇਆ ਅਤੇ ਦੁਖੀ ਹੋਇਆ ਮਨੁੱਖ ਧਰਮ ਨੂੰ ਅਫ਼ੀਮ ਦੀ ਤਰ੍ਹਾਂ ਵਰਤ ਰਿਹਾ ਹੈ। ਮਾਰਕਸ ਦਾ ਮੰਤਵ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ `ਤੇ ਸੱਟ ਮਾਰਨਾ ਨਹੀਂ ਸੀ। ਲੈਨਿਨ ਨੇ ਵੀ ਇਹ ਹੀ ਕਿਹਾ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ `ਤੇ ਸੱਟ ਨਾ ਮਾਰੋ। ਕੁਝ ਕੱਚ ਘਰੜੇ ਸਿਧਾਂਤਕਾਰਾਂ ਨੇ ਅਜਿਹਾ ਕਰਕੇ ਲੋਕਾਂ ਦਾ ਵੀ ਅਤੇ ਮਾਰਕਸਵਾਦ ਦਾ ਵੀ ਬਹੁਤ ਨੁਕਸਾਨ ਕੀਤਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਅਤੇ ਮਾਰਕਸਵਾਦ ਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਖੜ੍ਹਾ ਕਰ ਦਿੱਤਾ ਹੈ, ਜਦੋਂਕਿ ਸਾਨੂੰ ਸਰਮਾਏਦਾਰੀ ਦੀ ਮਨੁੱਖਹੀਣਤਾ ਅਤੇ ਕਾਣੀ ਵੰਡ ਵਿਰੁੱਧ ਧਰਮਾਂ ਦੀਆਂ ਸਿੱਖਿਆਵਾਂ ਦੀ ਵਰਤੋਂ ਕਰਨ ਦਾ ਯਤਨ ਕਰਨਾ ਚਾਹੀਦਾ ਹੈ। 
ਭਾਰਤੀ ਚਿੰਤਨ ਪਰੰਪਰਾ ਵਿੱਚ ਧਰਮ ਦਾ ਅਰਥ ਨਿਆਏ, ਫਰਜ਼ ਅਤੇ ਸਹੀ ਤੇ ਗ਼ਲਤ ਦੀ ਪਹਿਚਾਣ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਜਸਟਿਸ, ਡਿਊਟੀ ਐਂਡ ਰਾਈਟਅਸਨੈਸ ਕਿਹਾ ਜਾਂਦਾ ਹੈ, ਵਜੋਂ ਲਿਆ ਜਾਂਦਾ ਹੈ। ਇਹ ਸਾਰੇ ਮਨੁੱਖੀ ਚੇਤਨਾ ਦੇ ਅੰਗ ਹਨ। ਇਹ ਕਹਿਣਾ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਅੰਤ ਵਿੱਚ ਧਰਮ ਮਨੁੱਖੀ ਚੇਤਨਾ ਅਤੇ ਨੈਤਿਕਤਾ ਨਾਲ ਸਬੰਧ ਰੱਖਦਾ ਹੈ। ਸੰਸਾਰ ਦਾ ਕੋਈ ਵੀ ਫਲਸਫ਼ਾ ਨੈਤਿਕਤਾ ਤੋਂ ਬਿਨਾ ਫਲਸਫ਼ਾ ਨਹੀਂ ਕਿਹਾ ਜਾ ਸਕਦਾ। ਜ਼ਾਹਿਰ ਹੈ ਕਿ ਮਾਰਕਸਵਾਦ ਵਿੱਚੋਂ ਨੈਤਿਕਤਾ ਨੂੰ ਮਨਫ਼ੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਫਿਰ ਤਾਂ ਇਹ ਫਲਸਫ਼ੇ ਦੀ ਕਸਵੱਟੀ `ਤੇ ਹੀ ਪੂਰਾ ਨਹੀਂ ਉਤਰੇਗਾ। ਮਾਰਕਸਵਾਦ ਦੀ ਨੈਤਿਕਤਾ ਦਾ ਉਦੇਸ਼ ਮਨੁੱਖ ਨੂੰ ਚੰਗਾ ਮਨੁੱਖ ਬਣਾਉਣਾ, ਸਮਾਜ ਵਿੱਚ ਕਾਣੀ ਵੰਡ ਨੂੰ ਰੋਕਣਾ ਅਤੇ ਬਰਾਬਰੀ ਅਤੇ ਇਨਸਾਫ਼ ਦੇ ਸਿਧਾਂਤ ਨੂੰ ਪ੍ਰੋਤਸਾਹਿਤ ਕਰਨਾ ਅਤੇ ਲੋਕਾਂ ਦਾ ਭਲਾ ਕਰਨਾ ਹੈ। ਜ਼ਾਹਿਰ ਹੈ ਕਿ ਸਾਰੇ ਧਰਮਾਂ ਦੇ ਵੀ ਇਹੀ ਨੈਤਿਕ ਸਰੋਕਾਰ ਹਨ। ਮਹਾਨ ਨੇਤਾ ਹਿਊਗੋ ਸ਼ਾਵੇਜ਼ ਨੇ ਕਿਹਾ ਸੀ ਕਿ ਉਸ ਨੂੰ ਇਹ ਨੈਤਿਕ ਸਰੋਕਾਰ ਉਸ ਦੀ ਇਸਾਈ ਧਰਮ ਦੀ ਵਿਰਾਸਤ ਵਿੱਚੋਂ ਮਿਲੇ ਹਨ। ਲਾਤੀਨੀ ਅਮਰੀਕਾ ਵਿੱਚ ਲਿਬਰੇਸ਼ਨ ਥੀਉਲਜੀ (ਮੁਕਤੀ ਦਾ ਧਰਮ) ਫਲਸਫ਼ਾ ਇਸਾਈ ਧਰਮ ਅਤੇ ਮਾਰਕਸਵਾਦ ਦੇ ਸੁਮੇਲ ਵਿੱਚੋਂ ਉਪਜਿਆ। ਬਦਕਿਸਮਤੀ ਨਾਲ ਪੰਜਾਬ ਵਿੱਚ ਅਸੀਂ ਸਿੱਖ ਧਰਮ ਵਿੱਚ ਸਮਾਜਿਕ ਬਰਾਬਰੀ ਅਤੇ ਸਮਾਜਿਕ ਨਿਆਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਅਤੇ ਸੰਸਾਰ ਵਿੱਚ ਪਹਿਲੇ ਸਫ਼ਲ ਕਿਸਾਨੀ ਇਨਕਲਾਬ ਦੀ ਮਹਾਨ ਵਿਰਾਸਤ ਹੁੰਦਿਆਂ ਹੋਇਆਂ ਵੀ ਗੰਭੀਰਤਾ ਨਾਲ ਸਿੱਖ ਵਿਚਾਰਧਾਰਾ ਦੀ ਯੋਗ ਵਰਤੋਂ ਨਹੀਂ ਕਰ ਸਕੇ। ਸਾਮਰਾਜੀ ਸੰਸਾਰੀਕਰਨ ਦਾ ਵਿਰੋਧ ਕਰਨ ਲਈ ਸਾਨੂੰ ਹਰੇਕ ਥਾਂ ਤੋਂ ਸਾਂਝੇ ਮੁਹਾਜ ਲਈ ਸਾਥ ਤਲਾਸ਼ਣਾ ਚਾਹੀਦਾ ਹੈ। (ਦੇਸ਼ ਸੇਵਕ ਚੋਂ ਧੰਨਵਾਦ ਸਹਿਤ)
ਮੋਬਾ. 98153-08460
(ਇਸ ਵਿਸ਼ੇ `ਤੇ ਵਿਦਵਾਨਾਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰਨ ਦਾ ਸੱਦਾ ਹੈ-ਸੰਪਾਦਕ)     
ਤਨਖਾਹ ਨਾ ਮਿਲਣ ਤੇ ਪੀਏਯੂ ਮੁਲਾਜਮਾਂ ਵੱਲੋਂ ਵਿਸ਼ਾਲ ਰੋਸ ਰੈਲੀ


ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ ਕੀਤੀ ਜਾਵੇਗੀ ਲੋਕ ਅਰਪਣ

ਪਰਵਾਸੀ ਪੰਜਾਬੀ ਸ਼ਾਇਰ ਡਾ.ਤਾਰਾ ਸਿੰਘ ਆਲਮ ਨਾਲ ਰੂਬਰੂ 23 ਮਾਰਚ ਨੂੰ


ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ

''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀNo comments: