Thursday, March 14, 2013

ਚਰਚਾ ਦੇਸ਼ ਦੀ ਵੰਡ ਵੇਲੇ ਹੋਈਆਂ ਗਲਤੀਆਂ ਦੀ

ਅਸਾਂ ਪੰਜਾਬੀਆਂ ਨੇ ਤੀਸਰੇ ਦੁਸ਼ਮਣ ਦੀ ਨਿਸ਼ਾਨਦੇਹੀ ਨਾ ਕਰਕੇ ਆਤਮਘਾਤ ਕੀਤਾ-ਡਾ: ਅਬਦਾਲ ਬੇਲਾ
ਡਾ: ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਭਾਸ਼ਣ ਮੌਕੇ ਮੌਕੇ ਹੋਈਆਂ ਖੁੱਲੀਆਂ ਗੱਲਾਂ
ਲੁਧਿਆਣਾ: 14 ਮਾਰਚ: (ਪੰਜਾਬ ਸਕਰੀਨਦੇਸ਼ ਦੀ ਵੰਡ ਵੇਲੇ ਅਸਾਂ ਪੰਜਾਬੀਆਂ ਨੇ ਅਸਲ ਦੁਸ਼ਮਣ ਪਛਾਨਣ ਨਾਲ ਆਪਸ ਵਿੱਚ ਕਤਲੋ ਗਾਰਤ ਕਰਕੇ ਇਤਿਹਾਸ ਤੋਂ ਸ਼ਰਮਸਾਰੀ ਮੁੱਲ ਲਈ ਅਤੇ ਅੱਜ ਇਸ ਤੋਂ ਇਹੀ ਸਬਕ ਲੈਣ ਦੀ ਲੋੜ ਹੈ ਕਿ ਰਾਵੀ ਦੇ ਉਰਵਾਰ ਪਾਰ ਹਰ ਪੰਜਾਬੀ ਪਿਆਰ ਮੁਹੱਬਤ ਦੀ ਬੋਲੀ ਬੋਲੇ । ਉਨ੍ਹਾਂ ਆਖਿਆ ਕਿ ਮੇਰੇ ਨਾਨਕੇ ਲੁਧਿਆਣਾ ਤੋਂ ਉੱਜੜ ਕੇ ਪਾਕਿਸਤਾਨ ਗਏ। ਮੇਰੇ ਦਾਦਕੇ ਵੀ ਇਧਰੋਂ ਹੀ ਜਲੰਧਰ ਜ਼ਿਲ੍ਹੇ ਵਿੱਚ ਮਾਓ ਮਿਉਂਵਾਲ ਤੋਂ  ਉੱਜੜ ਕੇ ਉਧਰ ਗਏ ਪਰ ਉਨ੍ਹਾਂ ਦੀ ਰੂਹ ਅੱਜ ਵੀ ਇਥੇ ਹੀ ਗਲੀਆਂ ਕੂਚਿਆਂ ਵਿੱਚ ਤੁਰੀ ਫਿਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਕਿਸਤਾਨ ਅਕੈਡਮੀ ਆਫ ਲੈਟਰਜ਼ ਦੇ ਸਾਬਕਾ ਡਾਇਰੈਕਟਰ ਜਨਰਲ ਅਤੇ ਉੱਘੇ ਉਰਦੂ ਅਦੀਬ ਡਾ: ਅਬਦਾਲ ਬੇਲਾ ਨੇ ਅੱਜ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ, ਯੰਗ ਰਾਈਟਰਜ਼ ਐਸੋਸੀਏਸ਼ਨ ਅਤੇ ਅਦੀਬ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਕਰਵਾਏ ਡਾ: ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਭਾਸ਼ਣ ਮੌਕੇ ਕਹੇ। ਉਨ੍ਹਾਂ ਆਖਿਆ ਕਿ  ਸਾਡੇ ਵਿੱਚ ਤੀਸਰੀ ਧਿਰ ਦਾ ਦਖਲ ਏਨੀ ਚੁਸਤੀ ਨਾਲ ਸੀ ਕਿ ਅਸੀਂ ਪੰਜਾਬੀ ਅਤੇ ਬਾਕੀ ਭਾਰਤੀ ਉਸ ਚੁਸਤੀ ਨੂੰ ਪਛਾਣ ਨਾ ਸਕੇ। ਇਸੇ ਕਰਕੇ ਸਦੀਆਂ ਗੁਲਾਮੀ ਹੰਢਾਈ ਅਤੇ ਲਗਾਤਾਰ ਗੁਲਾਮ ਰਹਿਣ ਕਾਰਨ ਅੱਜ ਵੀ ਆਜ਼ਾਦ ਸੋਚ ਅਪਨਾਉਣ ਤੋਂ ਡਰਦੇ ਹਾਂ। ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿੱਚ  ਉਨ੍ਹਾਂ ਨੇ 1700 ਪੰਨਿਆਂ ਦਾ ਨਾਵਲ ਦਰਵਾਜਾ ਖੁੱਲਤਾ ਹੈ ਲਿਖਿਆ ਪਰ ਇਹ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ 500 ਸਾਲ ਦੀ ਹੀ ਕਹਾਣੀ ਹੈ ਜਿਸ ਵਿੱਚ ਲਗਪਗ 37ਕਿਰਦਾਰ ਜ਼ਿੰਦਗੀ ਦਾ ਮੁਹਾਂਦਰਾ ਪੇਸ਼ ਕਰਦੇ ਹਨ। ਇਸ ਨਾਵਲ ਨੂੰ ਡਾ: ਕੇਵਲ ਧੀਰ ਨੇ ਹਿੰਦੀ ਵਿੱਚ ਅਨੁਵਾਦ ਕੀਤਾ ਹੈ ਅਤੇ ਲਾਹੌਰ ਦੇ ਪ੍ਰਸਿੱਧ ਪ੍ਰਕਾਸ਼ਨ ਘਰ ਸੰਗੇ ਮੀਲ ਨੇ ਉਰਦੂ ਅਤੇ ਹਿੰਦੀ ਵਿੱਚ ਪ੍ਰਕਾਸ਼ਤ ਕੀਤਾ ਹੈ।
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਡਾ: ਮਹਿੰਦਰ ਸਿੰਘ ਰੰਧਾਵਾ ਦੇ ਜੀਵਨ ਅਤੇ ਸਖਸ਼ੀਅਤ ਬਾਰੇ ਚਾਨਣਾ ਪਾਉਂਦਿਆਂ ਪਾਕਿਸਤਾਨ ਤੋਂ ਆਏ ਲੇਖਕ ਡਾ: ਅਬਦਾਲ ਬੇਲਾ ਅਤੇ ਸੰਗੇ ਮੀਲ ਦੇ ਕਾਰਜਕਾਰੀ ਡਾਇਰੈਕਟਰ ਅਫਜ਼ਲ ਅਹਿਮਦ ਨੂੰ ਜੀ ਆਇਆਂ ਨੂੰ ਕਿਹਾ । ਅਫਜ਼ਲ ਅਹਿਮਦ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਆਪਣੇ ਪ੍ਰਕਾਸ਼ਨ ਘਰ ਵੱਲੋਂ ਹਿੰਦੀ ਦੀਆਂ ਕੁਝ ਹੋਰ ਕਿਤਾਬਾਂ ਤੋਂ ਇਲਾਵਾ ਹਿੰਦੀ ਦਾ ਕਾਇਦਾ ਵੀ ਪ੍ਰਕਾਸ਼ਤ ਕੀਤਾ ਹੋਇਆ ਹੈ ਜਿਸ ਨੂੰ ਉਹ ਹਿੰਦੀ ਸਿੱਖਣ ਵਾਲੇ ਪਰਿਵਾਰਾਂ ਨੂੰ ਮੁਫ਼ਤ ਵੰਡਦੇ ਹਨ। ਉਨ੍ਹਾਂ ਆਖਿਆ ਕਿ ਉਹ ਡਾ: ਮਹਿੰਦਰ ਸਿੰਘ ਰੰਧਾਵਾ ਦੀ ਦੋ ਲਿਖਤਾਂ 'ਆਪ ਬੀਤੀ' ਅਤੇ 'ਰਾਖ਼ ਚੋਂ ਉੱਗੇ' ਦਾ ਉਰਦੂ ਰੂਪ ਪ੍ਰਕਾਸ਼ਤ ਕਰਕੇ ਪ੍ਰਸੰਨਤਾ ਮਹਿਸੂਸ ਕਰਨਗੇ। ਡਾ: ਕੇਵਲ ਧੀਰ ਚੇਅਰਮੈਨ ਅਦੀਬ ਇੰਟਰਨੈਸ਼ਨਲ ਨੇ ਇਨ ਦੋਹਾਂ ਕਿਤਾਬਾਂ ਦਾ ਉਰਦੂ ਅਨੁਵਾਦ ਕਰਨ ਦੀ ਪੇਸ਼ਕਸ਼ ਕੀਤੀ।
ਡਾ: ਕੇਵਲ ਧੀਰ, ਚੇਅਰਮੈਨ ਅਦੀਬ ਇੰਟਰਨੈਸ਼ਨਲ ਨੇ ਡਾ: ਅਬਦਾਲ ਬੇਲਾ ਦੀ ਅਦਬੀ ਸੇਵਾ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ 500 ਸਾਲ ਦੀ ਸਭਿਆਚਾਰਕ ਹਿਸਟਰੀ ਵਾਲਾ ਵੱਡਅਕਾਰੀ ਨਾਵਲ ਲਿਖ ਕੇ ਡਾ: ਅਬਦਾਲ ਬੇਲਾ ਵਿਸ਼ਵ ਦੇ ਸਭ ਤੋਂ ਵੱਡੇ ਨਾਵਲ ਦਾ ਲੇਖਕ ਬਣ ਗਿਆ ਹੈ। ਇਸ ਨੂੰ ਹਿੰਦੀ ਵਿੱਚ ਅਨੁਵਾਦ ਕਰਨਾ ਮੇਰਾ ਸੁਭਾਗ ਸੀ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਪੀ ਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾ: ਕਿਰਪਾਲ ਸਿੰਘ ਔਲਖ ਨੇ ਆਖਿਆ ਕਿ ਪਾਕਿਸਤਾਨੀ ਪੰਜਾਬ ਪੰਜ ਚੀਜ਼ਾਂ ਵਿੱਚ ਇਧਰਲੇ ਪੰਜਾਬ ਤੋਂ ਅੱਗੇ ਹੈ। ਮਹਿਮਾਨ ਨਿਵਾਜ਼ੀ, ਬਾਸਮਤੀ ਚੌਲ, ਮੋਟੇ ਮਿੱਠੇ ਕਿਨੂੰ, ਵਧੀਆ ਕਪਾਹ ਅਤੇ ਵਧੀਆਂ ਮਿੱਠੀ ਪੰਜਾਬੀ ਜ਼ੁਬਾਨ ਤੁਹਾਡੀ ਸ਼ਕਤੀ ਹੈ। ਉਨ੍ਹਾਂ ਆਖਿਆ ਕਿ ਸਾਂਝੀ ਵਿਰਾਸਤ ਨੂੰ ਵੰਡਣ ਵਾਲੀਆਂ ਸ਼ਕਤੀਆਂ ਦਾ ਜ਼ਵਾਬ ਕੇਵਲ ਇਹੋ ਜਿਹੇ ਸਮਾਗਮ ਕਰਕੇ ਹੀ ਦਿੱਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਪੰਜਾਬੀ ਸਾਹਿਤ ਅਕੈਡਮੀ ਤੋਂ ਇਲਾਵਾ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਡਾ: ਮਹਿੰਦਰ ਸਿੰਘ ਰੰਧਾਵਾ ਦੇ ਹਾਣ ਦਾ ਸਮਾਗਮ ਰਚਾ ਕੇ ਸਾਨੂੰ ਜੋੜਿਆ ਹੈ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐਸ ਪੀ ਕਰਕਰਾ ਨੇ ਆਖਿਆ ਕਿ ਡਾ: ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿੱਚ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਕਰਵਾਈ ਹਰ ਸਰਗਰਮੀ ਵਿੱਚ ਅਸੀਂ ਡੱਟ ਕੇ ਸਹਿਯੋਗ ਦੇਵਾਂਗੇ ਅਤੇ ਹਿੰਦ-ਪਾਕਿ ਦੋਸਤੀ ਲਈ ਹਰ ਕਦਮ ਦੇ ਨਾਲ ਬਰਾਬਰ ਤੁਰਾਂਗੇ। ਉਨ੍ਹਾਂ ਡਾ: ਅਬਦਾਲ ਬੇਲਾ ਅਤੇ ਜਨਾਬ ਅਫਜ਼ਾਲ ਅਹਿਮਦ ਨੂੰ ਆਪਣੇ ਸਾਥੀਆਂ ਸਮੇਤ ਦੁਸ਼ਾਲਾ ਅਤੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ: ਸਰਜੀਤ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਆਖਿਆ ਕਿ ਸਰਵ ਸਾਂਝੀ ਵਿਰਾਸਤ ਦੀ ਸ਼ਕਤੀ ਨੂੰ ਪਛਾਨਣ ਵਾਲੇ ਇਕ ਸੋਚ ਦੇ ਏਨੀ ਵਿਅਕਤੀਆਂ ਦਾ ਕਣਕ ਭਵਨ ਵਿੱਚ ਇਕੱਠੇ ਹੋਣਾ ਚੰਗੀ ਸ਼ੁਰੂਆਤ ਮੰਨਣੀ ਚਾਹੀਦੀ ਹੈ। ਉਨ੍ਹਾਂ ਹਿੰਦ-ਪਾਕਿ ਦੋਸਤੀ ਬਾਰੇ ਇਕ ਕਵਿਤਾ ਸੁਣਾ ਕੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸ: ਈਸ਼ਰ ਸਿੰਘ ਸੋਬਤੀ ਅਤੇ ਡਾ: ਜਗਦੀਸ਼ ਕੌਰ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਡਾ: ਅਬਦਾਲ ਬੇਲਾ ਨੂੰ ਭੇਂਟ ਕੀਤਾ। ਇਸ ਮੌਕੇ  ਅਦੀਬ ਇੰਟਰਨੈਸ਼ਨਲ ਵੱਲੋਂ ਡਾ: ਕੇਵਲ ਧੀਰ ਅਤੇ ਸਾਥੀਆਂ ਨੇ ਦੋਹਾਂ ਪਾਕਿਸਤਾਨੀ ਅਦੀਬਾਂ ਨੂੰ ਸਨਮਾਨਿਤ ਕੀਤਾ। ਸੀਨੀਅਰ ਸਿਟੀਜ਼ਨ ਕੌਂਸਲ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਦਰਸ਼ਨ ਅਰੋੜਾ ਅਤੇ ਸਾਥੀਆਂ ਨੇ ਵੀ ਫੁੱਲਾਂ ਦੇ ਗੁਲਦਸਤੇ ਅਤੇ ਦੁਸ਼ਾਲੇ ਪਹਿਨਾਅ ਕੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਕੱਤਰ ਡਾ: ਗੁਲਜ਼ਾਰ ਪੰਧੇਰ ਨੇ ਡਾ: ਅਬਦਾਲ ਬੇਲਾ ਅਤੇ ਅਫਜ਼ਾਲ ਅਹਿਮਦ ਵੱਲੋਂ ਦਿੱਤੀਆਂ ਪੁਸਤਕਾਂ ਦਾ ਸੈੱਟ ਪ੍ਰਾਪਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਨਛੱਤਰ ਸਿੰਘ ਮੱਲੀ, ਪੰਜਾਬ ਦੇ ਸਾਬਕਾ ਡਾਇਰੈਕਟਰ ਬਾਗਬਾਨੀ ਡਾ: ਲਖਬੀਰ ਸਿੰਘ ਬਰਾੜ, ਪੰਜਾਬ ਦੇ ਸਾਬਕਾ ਡੀ ਜੀ ਪੀ ਸ਼੍ਰੀ ਡੀ ਆਰ ਭੱਟੀ, ਡਾ: ਇੰਦਰਮੋਹਣ ਛਿੱਬਾ, ਉੱਘੇ ਪੰਜਾਬੀ ਲੇਖਕ ਡਾ: ਗੁਰਦੇਵ ਸਿੰਘ ਸੰਧੂ, ਡਾ: ਅਮਰਜੀਤ ਸਿੰਘ ਹੇਅਰ, ਡਾ: ਜਗਦੇਵ ਸਿੰਘ, ਡਾ: ਏ ਪੀ ਸਿੰਘ, ਡਾ: ਜਗਰੂਪ ਸਿੰਘ ਸਿੰਧੂ, ਡਾ: ਸੁਖਪਾਲ ਸਿੰਘ, ਡਾ; ਮਹਿੰਦਰ ਸਿੰਘ ਸਿੱਧੂ, ਡਾ: ਅਵਤਾਰ ਸਿੰਘ, ਡਾ: ਹਰਜੀਤ ਸਿੰਘ ਸਹਿਗਲ, ਕਾਰਜਕਾਰੀ ਮੈਂਬਰ ਪ੍ਰੋ: ਰਵਿੰਦਰ ਭੱਠਲ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਗੁਰਚਰਨ ਕੌਰ ਕੋਛੜ, ਹਰਕੇਸ਼ ਸਿੰਘ ਕਹਿਲ, ਜਸਵੰਤ ਸਿੰਘ ਅਮਨ, ਇੰਦਰਜੀਤ ਕੌਰ ਭਿੰਡਰ, ਗੁਰਚਰਨ ਸਿੰਘ ਪੰਛੀ, ਡਾ: ਸਸ਼ੀ ਭੂਸ਼ਣ ਪਾਂਧੀ, ਮਹਿੰਦਰਦੀਪ ਗਰੇਵਾਲ, ਸ: ਹਕੀਕਤ ਸਿੰਘ ਮਾਂਗਟ, ਸਾਗਰ ਸਿਆਲਕੋਟੀ, ਐਨ ਨਵਰਾਹੀ, ਡਾ: ਜਗਤਾਰ ਧੀਮਾਨ, ਜਰਨੈਲ ਸਿੰਘ, ਡਾ: ਸੁਖਦੇਵ ਸਿੰਘ, ਡਾ: ਅਮਰਜੀਤ ਸਿੰਘ ਭੁੱਲਰ, ਬੁੱਧ ਸਿੰਘ ਨੀਲੋਂ, ਰਵਿੰਦਰ ਦੀਵਾਨਾ ਵੀ ਹਾਜ਼ਰ ਸਨ।
----


ਭਾਰਤੀ ਸਮਾਜ ਦੀ ਮੁਕਤੀ ਜਾਤ ਦੇ ਸਵਾਲ ਨੂੰ ਹੱਲ ਕੀਤੇ ਬਿਨਾਂ ਸੰਭਵ ਨਹੀਂ

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ



No comments: