Wednesday, March 27, 2013

ਸੁਖਿੰਦਰ ਵੱਲੋਂ ਇੱਕ ਹੋਰ ਸਾਰਥਕ ਉਪਰਾਲਾ

ਵਿਸ਼ੇਸ਼ ਕਲਮੀ ਸਮਾਗਮ ਪੰਜ ਮਈ ਨੂੰ ਕਾਰਲ ਮਾਰਕਸ ਦੇ ਜਨਮ ਦਿਨ ਮੌਕੇ 
ਕਾਮਰੇਡ ਸੁਖਿੰਦਰ ਨੂੰ ਬਹੁਤੇ ਲੋਕ ਸਿਰਫ ਸੁਖਿੰਦਰ ਦੇ ਨਾਮ ਨਾਲ ਜਾਣਦੇ ਹਨ ਤੇ ਹੋਰ ਬਹੁਤ ਸਾਰੇ ਸੰਵਾਦ ਦੇ ਸੰਪਾਦਕ ਸੁਖਿੰਦਰ ਵੱਜੋਂ। ਹੋ ਸਕਦਾ ਹੈ ਤੁਸੀਂ ਉਸ ਨਾਲ ਸਹਿਮਤ ਨਾ ਹੋਵੋ---ਇਹ ਵੀ ਹੋ ਸਕਦਾ ਹੈ (ਅਤੇ ਅਕਸਰ ਹੁੰਦਾ ਵੀ ਹੈ) ਕਿ ਤੁਸੀਂ ਉਸਦੇ ਸਖਤ ਵਿਰੋਧ ਵਿੱਚ ਹੋਵੋ----ਪਰ ਉਸਦਾ ਅੰਦਾਜ਼ ਤੁਹਾਨੂੰ ਮਜਬੂਰ ਕਰ ਦੇਂਦਾ ਹੈ ਕਿ ਤੁਸੀਂ ਉਸਨੂੰ ਪੜ੍ਹੋ--ਜਰੂਰ ਪੜ੍ਹੋ ਅਤੇ ਪੂਰੇ ਧਿਆਨ ਨਾਲ ਪੜ੍ਹੋ---ਜੁਆਬ ਵਿੱਚ ਕੋਈ ਕੁਝ ਵੀ ਆਖ ਸਕਦਾ ਹੈ--ਚਿੱਟੀ ਦਾਹੜੀ ਦਾ ਮਿਹਣਾ------ਉਮਰ ਦੇ 

ਤਜਰਬੇ ਨੂੰ ਭੁਲਾਉਣ ਦਾ ਤਾਹਨਾ---ਅਤੇ ਅਜਿਹਾ ਕਿੰਨਾ ਹੀ ਕੁਝ ਹੋਰ----ਆਮ ਤੌਰ ਤੇ ਮੈਂ ਸੁਖਿੰਦਰ ਨੂੰ ਭੜਕਦਿਆਂ ਨਹੀਂ ਦੇਖਿਆ----ਜਦੋਂ ਗੱਲ ਹੱਦੋਂ ਵਧ ਰਹੀ ਲੱਗੇ ਤਾਂ ਉਹ ਆਪਣੀ ਜਾਣੀ ਪਛਾਣੀ ਕਲਮੀ ਮੁਸਕਰਾਹਟ ਦਾ ਗੰਗਾ ਜਲ ਛਿੜਕ ਕੇ ਸਾਰੇ ਮਾਮਲੇ ਨੂੰ ਜਾਂ ਤਾਂ ਸ਼ਾਂਤ ਕਰ ਦੇਂਦਾ ਹੈ ਤੇ ਜਾਂ ਫੇਰ ਗੱਲ ਹੀ ਕਿਤੇ ਹੋਰ ਪਾਸੇ ਤੁਰ ਪੈਂਦੀ ਹੈ---ਬਹੁਤ ਸਾਰੇ ਕਲਮਕਾਰਾਂ ਅਤੇ ਸਟੇਜ ਤੇ ਆਉਂਦੇ ਸੂਤਰਧਾਰਾਂ ਵਾਂਗ ਉਹ ਆਪਣੇ ਪਾਤਰ ਕਿਸੇ ਵਿਸ਼ੇਸ਼ ਪਾਤਰ ਦੀ ਵਰਤੋਂ ਕਰਦਾ ਹੈ---ਇਹ ਖਾਸ ਪਾਤਰ ਕਦੇ ਬਾਂਦਰ  ਹੋ ਸਕਦਾ ਹੈ--ਕਦੇ ਕੋਈ ਸੈਕਸੀ ਦਿੱਖ ਵਾਲੀ ਖੂਬਸੂਰਤ ਔਰਤ ਦੀ ਤਸਵੀਰ ਅਤੇ ਕਦੇ ਸਿਗਰੇਟ ਦੇ ਕਸ਼ ਲਾਉਂਦੀ ਕੋਈ ਸੁਹਣੀ ਜਹੀ ਕੁੜੀ ਦੀ ਫੋਟੋ----ਕਈ ਵਾਰ ਸਮਝਨਾ ਔਖਾ ਜਿਹਾ ਵੀ ਲੱਗਦਾ ਹੈ ਕਿ ਕਹੀ ਗਈ ਗੱਲ ਨਾਲ ਔਰਤ ਜਾਂ ਫੇਰ ਸਿਗਟਾਂ ਪੀਂਦੀ ਕੁੜੀ ਦਾ ਭਲਾ ਕੀ ਸੰਬੰਧ-----ਪਰ ਥੋਹੜਾ ਜਿਹਾ ਧਿਆਨ ਨਾਲ ਦੇਖਦਿਆਂ ਸਾਰ ਹੀ ਪਾਠਕ ਦੇ ਮਨ ਵਿੱਚ ਅਚਾਨਕ ਹੀ ਕੋਈ ਸੰਗੀਤਕ ਸੁਰ ਆਪਣਾ ਜਾਦੂ ਛੇੜੇਗੀ---ਜਾਂ ਫਿਰ ਉਸਦੇ ਦਿਮਾਗ ਵਿੱਚ ਕੋਈ ਬਿਜਲੀ ਜਹੀ ਚਮਕੇਗੀ ਤੇ ਸਮਝ ਆ ਜਾਏਗਾ ਕਿ ਮਾਮਲਾ ਹੈ ਕੀ? ਉਸਦੇ ਨਿਸ਼ਾਨੇ ਤੇ ਕੋਈ ਵੀ ਹੋ ਸਕਦਾ ਹੈ----ਕੋਈ ਧਾਰਮਿਕ ਲੀਡਰ---ਕੋਈ ਖਾੜਕੂ---ਕੋਈ ਰਾਜਨੀਤਕ ਨੇਤਾ---ਜਾਂ ਕੋਈ  ਮਹਿਲਾ ਸੰਪਾਦਕ---ਉਹ ਆਪਣੀ ਕਿਸੇ ਲਤੀਫੇ ਵਰਗੀ ਲਿਖਤ ਨਾਲ ਨਿਸ਼ਾਨਾ ਫੁੰਡ ਹੀ ਲੈਂਦਾ ਹੈ---ਬੜੀ ਹੀ ਸਫਲਤਾ ਨਾਲ---
ਜੇ ਕਦੇ ਮਿੰਨੀ ਕਹਾਣੀ ਜਾਂ ਹਾਇਕੂ ਵਾਂਗ ਮਿੰਨੀ ਪੱਤਰਕਾਰੀ ਦਾ ਇਤਿਹਾਸ ਵੀ ਲਿਖਿਆ ਗਿਆ ਤੇੰ ਸੁਖਿੰਦਰ ਦਾ ਨਾਮ ਸ਼ਾਇਦ ਸਭਤੋਂ ਪਹਿਲਾਂ ਆਵੇ---ਇਸ ਸਫਲ ਨਿਸ਼ਾਨੇਬਾਜ਼ੀ ਦੇ ਬਾਵਜੂਦ ਕਦੇ ਕਦੇ ਉਹ ਬੜਾ ਹੀ ਬੇਪਰਵਾਹ ਜਿਹਾ ਜਾਪਦਾ ਹੈ--ਜਿਵੇਂ ਯਾਦ ਦੁਆ ਰਿਹਾ ਹੋਵੇ----ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ। ਸੁਖਿੰਦਰ ਬਾਰੇ ਲਿਖਣ ਵਾਲਾ ਕਾਫੀ ਕੁਝ ਹੋਰ ਵੀ ਹੈ ਪਰ ਫਿਲਹਾਲ ਏਨਾ ਹੀ---ਪਲ ਪਲ ਬਦਲ ਰਹੇ ਸਮੇਂ ਦੀ   ਪੈੜ ਨੱਪਦਾ ਹੋਇਆ ਉਹ ਬਹੁਤ ਸਾਰੀਆਂ ਪ੍ਰਮੁਖ ਘਟਨਾਵਾਂ ਨੂੰ ਦਸਤਾਵੇਜ਼ੀ ਢੰਗ ਤਰੀਕੇ ਨਾਲ ਸੰਭਾਲ ਰਿਹਾ ਹੈ---ਸਮਾਂ ਆਉਣ ਤੇ ਸੁਖਿੰਦਰ ਦੇ ਸੰਪਾਦਤ ਵਿਸ਼ੇਸ਼ ਅੰਕ ਇੱਕ ਨਵਾਂ ਇਤਿਹਾਸ ਰਚਣਗੇ। ਵਰਤਮਾਨ ਦੇ ਨਾਲ ਨਾਲ ਭਵਿੱਖ ਲਈ  ਵੀ ਇਸ ਖਜ਼ਾਨੇ ਵਿੱਚ ਵਾਧਾ ਕਰਦਿਆ ਹੁਣ ਸੁਖਿੰਦਰ ਨੇ ਇੱਕ ਨਵਾਂ ਐਲਾਨ ਕੀਤਾ ਹੈ----ਇੱਕ ਨਵੇਂ ਆਯੋਜਨ ਦਾ ਐਲਾਨ---ਇਹ ਸਮਾਗਮ ਹੋਣਾ ਹੈ ਪੰਜ ਮਈ ਨੂੰ-ਕਾਰਲ ਮਾਰਕਸ ਦੇ ਜਨਮ ਦਿਨ ਮੌਕੇ। ਇਸ ਮੌਕੇ ਰਲੀਜ਼ ਹੋਣੀਆਂ ਹਨ ਤਿੰਨ ਖਾਸ ਪੁਸਤਕਾਂ ਅਤੇ ਸੰਵਾਦ ਦਾ ਵਿਸ਼ੇਸ਼ ਅੰਕ। ਸੰਵਾਦ ਦਾ ਵਿਸ਼ੇਸ਼ ਅੰਕ 23 ਮਾਰਚ ਦੇ ਕੌਮੀ ਪਰਵਾਨਿਆਂ ਨੂੰ ਸਮਰਪਿਤ ਹੈ, ਪੁਸਤਕਾਂ ਹਨ--ਕਵਿਤਾ ਦੀ ਤਲਾਸ਼ ਵਿੱਚ, ਕੈਨੇਡੀਅਨ ਪੰਜਾਬੀ ਸਾਹਿਤ ਅਤੇ ਸਮੋਸਾ ਪਾਲਿਟਿਕਸ। ਮੰਚ ਸੰਚਾਲਕ ਹੋਣਗੇ--ਮੇਜਰ ਨਾਗਰਾ।--ਹੋਰ ਵੇਰਵਾ ਤੁਸੀਂ ਨਾਲ ਦਿੱਤੇ ਸੱਦਾ ਪੱਤਰ ਤੇ ਪੜ੍ਹ ਸਕਦੇ ਹੋ।--ਰੈਕਟਰ ਕਥੂਰੀਆ 

No comments: