Sunday, March 03, 2013

ਇਹ ਤਾਂ ਚੱਲਦਾ-ਫਿਰਦਾ ਐਨਸਾਈਕਲੋਪੀਡੀਆ ਹੈ-ਰਮੇਸ਼ ਚੰਦਰ

ਵਿਰੋਧੀ ਨੂੰ ਉਨ੍ਹਾਂ ਵਲੋਂ ਦਿੱਤੀ ਗਈ ਗਾਲ੍ਹ ਵੀ ਕਲਾਸੀਕਲ ਹੁੰਦੀ ਹੈ
ਰਮੇਸ਼ ਚੰਦਰ ਹੁਰਾਂ ਦੇ ਮਿਠੇ ਸੁਭਾਅ  ਦੀ ਕਦਰ ਉਹਨਾਂ ਦੇ ਵਿਰੋਧੀ ਵੀ ਕਰਦੇ ਸਨ।ਜਗਜੀਤ ਸਿੰਘ ਆਨੰਦ ਹੁਰਾਂ ਦੇ ਅਭਿਨੰਦਨ ਮੌਕੇ ਉਹਨਾਂ ਦੀ ਇਹ ਲਿਖਤ ਪੰਜਾਬ ਸਕਰੀਨ ਵਿੱਚ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਲਿਖਤ ਵਿੱਚ ਬੜੇ ਹੀ ਸਲੀਕੇ ਨਾਲ ਆਨੰਦ ਹੁਰਾਂ ਦੀ ਲੇਖਣੀ ਅਤੇ ਉਹਨਾਂ ਦੀਆਂ ਹੋਰ ਖੂਬੀਆਂ ਦੀ ਚਰਚਾ ਕੀਤੀ ਗਈ ਹੈ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ 
ਜਗਜੀਤ ਸਿੰਘ ਆਨੰਦ¸ਮੇਰੀ ਨਜ਼ਰ 'ਚ--ਰਮੇਸ਼ ਚੰਦਰ
ਸਵਰਗੀ ਰਮੇਸ਼ ਚੰਦਰ
ਸ਼੍ਰੀ ਜਗਜੀਤ ਸਿੰਘ ਆਨੰਦ  ਨਾਲ ਮੇਰੀ ਜਾਣ-ਪਛਾਣ ਉਦੋਂ ਹੋਈ, ਜਦੋਂ ਉਹ 'ਨਵਾਂ ਜ਼ਮਾਨਾ' ਦੇ ਸੰਪਾਦਕ ਵਜੋਂ ਜਲੰਧਰ ਦੀ ਪੱਤਰਕਾਰ-ਬਰਾਦਰੀ ਵਿਚ ਸ਼ਾਮਿਲ ਹੋਏ। ਸ਼ੁਰੂ ਵਿਚ ਉਨ੍ਹਾਂ ਨਾਲ ਇਤਫਾਕੀਆ ਮੁਲਾਕਾਤਾਂ ਹੁੰਦੀਆਂ ਰਹੀਆਂ ਅਤੇ ਉਹ ਮੈਨੂੰ ਦੂਜੇ ਕਮਿਊਨਿਸਟਾਂ ਵਾਂਗ ਇਕ ਕਮਿੱਟਡ ਪੱਤਰਕਾਰ ਹੀ ਦਿਖਾਈ ਦਿੰਦੇ ਰਹੇ, ਜਿਨ੍ਹਾਂ ਵਿਚ ਕਮਿਊਨਿਜ਼ਮ ਜ਼ਿਆਦਾ ਅਤੇ ਪੱਤਰਕਾਰੀ ਘੱਟ ਹੁੰਦੀ ਹੈ ਪਰ ਜਿਉਂ-ਜਿਉਂ ਮੈਨੂੰ ਉਨ੍ਹਾਂ ਨੂੰ ਨੇਡ਼ਿਓਂ ਦੇਖਣ ਦਾ ਮੌਕਾ ਮਿਲਿਆ, ਮੇਰੇ ਦਿਲ ਵਿਚ ਉਨ੍ਹਾਂ ਲਈ ਸ਼ਰਧਾ ਵਧਦੀ ਗਈ। 
ਕਾਮਰੇਡ ਜਗਜੀਤ ਸਿੰਘ ਆਨੰਦ
ਮੈਂ ਮਹਿਸੂਸ ਕਰਨਾ ਸ਼ੁਰੂ ਕੀਤਾ ਕਿ ਉਹ ਕੇਵਲ ਕਮਿਊਨਿਸਟ ਹੀ ਨਹੀਂ, ਸਗੋਂ ਬਹੁਤ ਸਾਰੇ ਹੋਰ ਵਧੀਆ ਗੁਣਾਂ ਦੇ ਸੁਆਮੀ ਵੀ ਹਨ। ਉਹ ਇਕ ਉੱਚ-ਕੋਟੀ ਦੇ ਸਾਹਿਤਕਾਰ, ਇਕ ਜਾਦੂ ਬਿਆਨ ਵਕਤਾ ਅਤੇ ਚੋਟੀ ਦੇ ਦਾਰਸ਼ਨਿਕ, ਇਕ ਜਜ਼ਬਾਤੀ ਇਨਸਾਨ ਅਤੇ ਪਿਆਰੀ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਅੱਜ ਜਦੋਂ ਮੇਰੀ ਉਨ੍ਹਾਂ ਨਾਲ ਨੇੜਤਾ 10-15 ਸਾਲ ਪੁਰਾਣੀ ਹੋ ਗਈ ਹੈ ਤਾਂ ਉਹ ਮੈਨੂੰ ਕਮਿਊਨਿਸਟ ਘੱਟ ਅਤੇ ਇਕ ਫ਼ਨਕਾਰ ਜ਼ਿਆਦਾ ਵਿਖਾਈ ਦਿੰਦੇ ਹਨ। 
ਜਦੋਂ ਪੰਜਾਬ ਵਿਚ ਪੰਜਾਬੀ ਪੱਤਰਕਾਰੀ ਦਾ ਦੌਰ ਸ਼ੁਰੂ ਹੋਇਆ ਤਾਂ ਮੈਂ ਪੰਜਾਬੀ ਭਾਸ਼ਾ ਤੋਂ ਅਣਜਾਣ ਸਾਂ। ਸਹਿਜੇ-ਸਹਿਜੇ ਮੈਂ ਪੰਜਾਬੀ ਅਖ਼ਬਾਰਾਂ ਦੇ ਅਧਿਐਨ ਰਾਹੀਂ ਹੀ ਸਿੱਖਣੀ ਸ਼ੁਰੂ ਕੀਤੀ ਅਤੇ ਪੰਜਾਬੀ ਪੱਤਰਕਾਰਾਂ ਦੇ ਐਡੀਟੋਰੀਅਲ ਪਡ਼੍ਹਨੇ ਸ਼ੁਰੂ ਕੀਤੇ। ਪੰਜਾਬੀ ਅਖ਼ਬਾਰਾਂ ਦੇ ਐਡੀਟਰਾਂ ਵਿਚ ਭਾਵੇਂ ਕਈ ਤਜਰਬੇ ਤੇ ਉਮਰ ਦੇ ਪੱਖ ਤੋਂ ਬਡ਼ੇ ਸੀਨੀਅਰ ਸਨ ਪਰ ਜਿੰਨਾ ਪ੍ਰਭਾਵਿਤ ਮੈਨੂੰ ਸ਼੍ਰੀ ਜਗਜੀਤ ਸਿੰਘ ਆਨੰਦ ਦੀ ਲਿਖਣ-ਸ਼ੈਲੀ ਨੇ ਕੀਤਾ, ਓਨਾ ਪੰਜਾਬੀ ਪੱਤਰਕਾਰੀ ਵਿਚ ਕਿਸੇ ਹੋਰ ਦੀ ਲਿਖਣ-ਸ਼ੈਲੀ ਨੇ ਨਹੀਂ ਕੀਤਾ। 
ਉਨ੍ਹਾਂ ਦਾ ਲਿਖਣ ਦਾ ਆਪਣਾ ਹੀ ਅੰਦਾਜ਼ ਸੀ। ਉਹ ਐਡੀਟੋਰੀਅਲ ਲਿਖਦੇ ਸਮੇਂ ਲੰਮੀਆਂ-ਚੌੜੀਆਂ ਕਹਾਣੀਆਂ ਨਹੀਂ ਸਨ ਪਾਇਆ ਕਰਦੇ, ਸਗੋਂ ਇਕ ਮਾਹਿਰ ਨਿਸ਼ਾਨੇਬਾਜ਼ ਵਾਂਗ ਜਿਹੜੇ ਵੀ ਮਸਲੇ ਨੂੰ ਫਡ਼ਦੇ, ਆਪਣੀ ਕਲਮ ਦੀ ਨੋਕ ਨੂੰ ਸਿੱਧਾ ਉਸ ਦੀ ਸ਼ਾਹ-ਰਗ਼ ਉਤੇ ਹੀ ਰੱਖ ਦਿੰਦੇ ਸਨ। ਉਹ ਛੋਟੇ-ਛੋਟੇ ਪੈਰੇ ਬਣਾਉਂਦੇ ਅਤੇ ਹਰ ਪੈਰੇ ਵਿਚ ਛੋਟੇ-ਛੋਟੇ ਫਿਕਰੇ ਘਡ਼-ਘਡ਼ ਕੇ ਇਸੇ ਤਰ੍ਹਾਂ ਸਜਾਉਂਦੇ ਚਲੇ ਜਾਂਦੇ ਜਿਵੇਂ ਦੀਵਾਲੀ ਦੇ ਦਿਨ ਕੋਈ ਹਲਵਾਈ ਮਠਿਆਈ ਨਾਲ ਆਪਣੀ ਦੁਕਾਨ ਸਜਾ ਰਿਹਾ ਹੋਵੇ ਅਤੇ ਹੁਣ ਤਾਂ ਉਨ੍ਹਾਂ ਦੀਆਂ ਲਿਖਤਾਂ ਲਗਾਤਾਰ ਪਡ਼੍ਹ ਕੇ ਮੈਂ ਪੰਜਾਬੀ ਪੱਤਰਕਾਰੀ ਵਿਚ ਉਨ੍ਹਾਂ ਦਾ ਬਕਾਇਦਾ ਫੈਨ ਬਣ ਚੁੱਕਾ ਹਾਂ। ਮੈਂ ਉਨ੍ਹਾਂ ਦੇ ਐਡੀਟੋਰੀਅਲ ਉਨ੍ਹਾਂ ਦੇ ਵਿਚਾਰ ਜਾਣਨ ਲਈ ਤਾਂ ਪੜ੍ਹਦਾ ਹੀ ਹਾਂ ਪਰ ਇਸ ਤੋਂ ਵੀ ਵੱਧ ਉਨ੍ਹਾਂ ਦੀ ਲਿਖਣ-ਸ਼ੈਲੀ ਦਾ ਲੁਤਫ਼ ਲੈਣ ਲਈ ਪੜ੍ਹਦਾ ਹਾਂ। 
ਉਨ੍ਹਾਂ ਦੀ ਹਰ ਲਿਖਤ ਵਿਚ ਇਕ ਨਵਾਂਪਣ ਹੁੰਦਾ ਹੈ। ਉਨ੍ਹਾਂ ਦਾ ਹਰ ਲੇਖ ਪੰਜਾਬੀ ਭਾਸ਼ਾ ਲਈ ਇਕ ਨਾ ਇਕ ਨਵੀਂ ਦੇਣ ਹੁੰਦਾ ਹੈ। ਉਹ ਪੰਜਾਬੀ ਲਿਖਦੇ ਹੀ ਨਹੀਂ, ਸਗੋਂ ਨਾਲ-ਨਾਲ ਪੰਜਾਬੀ ਦੇ ਨਵੇਂ-ਨਵੇਂ ਸ਼ਬਦ ਵੀ ਘੜਦੇ ਚਲੇ ਜਾਂਦੇ ਹਨ, ਜੋ ਪੰਜਾਬੀ ਦੇ ਸ਼ਬਦ-ਭੰਡਾਰ ਵਿਚ ਨਵਾਂ ਵਾਧਾ ਕਰਦੇ ਹਨ, ਪੰਜਾਬੀ ਪੱਤਰਕਾਰੀ ਵਿਚ ਇਕ-ਦੂਜੇ ਵਿਰੁੱਧ ਲਿਖਣ ਤੇ ਇਕ-ਦੂਜੇ ਨੂੰ ਗਾਲ੍ਹਾਂ ਦੇਣ ਦਾ ਬੜਾ ਰਿਵਾਜ ਹੈ। 
ਮਜਬੂਰਨ ਸ਼੍ਰੀ ਆਨੰਦ ਨੂੰ ਵੀ ਕਈ ਵਾਰ ਇਸ ਦਲਦਲ ਵਿਚ ਫਸਣਾ ਪੈਂਦਾ ਹੈ ਪਰ ਜਦੋਂ ਉਹ ਕਿਸੇ ਮੁਖ਼ਾਲਫ਼ ਦੀ ਨੁਕਤਾਚੀਨੀ ਦਾ ਜਵਾਬ ਦਿੰਦੇ ਹਨ ਤਾਂ ਉਸ ਵਿਚ ਵੀ ਸਾਹਿਤਕ ਰੰਗ ਪੈਦਾ ਕਰ ਦਿੰਦੇ ਹਨ। ਵਿਰੋਧੀ ਨੂੰ ਉਨ੍ਹਾਂ ਵਲੋਂ ਦਿੱਤੀ ਗਈ ਗਾਲ੍ਹ ਵੀ ਕਲਾਸੀਕਲ ਹੁੰਦੀ ਹੈ। 
ਬਹੁਤ ਘੱਟ ਪੱਤਰਕਾਰ ਅਜਿਹੇ ਹੁੰਦੇ ਹਨ, ਜਿਹਡ਼ੇ ਚੰਗੇ ਲੇਖਕ ਹੋਣ ਦੇ ਨਾਲ-ਨਾਲ ਉੱਤਮ ਵਕਤਾ ਵੀ ਹੋਣ ਪਰ ਸ਼੍ਰੀ ਆਨੰਦ ਵਿਚ ਇਹ ਗੁਣ ਵੀ ਕਮਾਲ ਦੇ ਹਨ। ਉਹ ਅੰਗਰੇਜ਼ੀ ਤੇ ਹਿੰਦੀ ਵਿਚ ਵੀ ਚੰਗਾ ਬੋਲਦੇ ਹਨ ਪਰ ਪੰਜਾਬੀ ਦੇ ਤਾਂ ਉਹ ਜਾਦੂ ਬਿਆਨ ਵਕਤਾ ਹਨ। ਇਕ ਵਾਰ ਦੱਖਣੀ ਭਾਰਤ ਦੇ ਇਕ ਕਮਿਊਨਿਸਟ ਲੀਡਰ ਇੱਧਰ ਆਏ।
ਉਨ੍ਹਾਂ ਨੇ ਇਕ ਪਬਲਿਕ ਜਲਸੇ ਵਿਚ ਅੰਗਰੇਜ਼ੀ 'ਚ ਭਾਸ਼ਣ ਦੇਣਾ ਸ਼ੁਰੂ ਕੀਤਾ ਅਤੇ ਸ਼੍ਰੀ ਆਨੰਦ ਨੇ ਉਸ ਦਾ ਪੰਜਾਬੀ ਵਿਚ ਨਾਲੋ-ਨਾਲ ਤਰਜਮਾ ਕਰਨਾ ਸ਼ੁਰੂ ਕੀਤਾ। ਮੈਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਉਸ ਕਮਿਊਨਿਸਟ ਲੀਡਰ ਦੀ ਅੰਗਰੇਜ਼ੀ ਤਕਰੀਰ ਇੰਨੀ ਦਿਲਚਸਪ ਨਹੀਂ ਸੀ ਲੱਗੀ, ਜਿੰਨੀ ਆਪਣੀ ਲੱਛੇਦਾਰ ਤੇ ਬਾਮੁਹਾਵਰਾ ਪੰਜਾਬੀ ਤਰਜਮੇ ਨਾਲ ਉਸ ਨੂੰ ਦਿਲਕਸ਼ ਬਣਾ ਦਿੱਤਾ।
ਸ਼੍ਰੀ ਆਨੰਦ ਦੀ ਤਕਰੀਰ ਵਿਚ ਕਾਮਾ, ਫੁਲਸਟਾਪ ਬਹੁਤ ਘੱਟ ਹੁੰਦੇ ਹਨ। ਜਦੋਂ ਉਹ ਬੋਲਣ ਲੱਗਦੇ ਹਨ ਤਾਂ ਇੰਝ ਲੱਗਦਾ ਹੈ ਕਿ ਕਿਸੇ ਦਰਿਆ ਦਾ ਬੰਨ੍ਹ ਟੁੱਟ ਗਿਆ ਹੋਵੇ। ਉਹ ਕਿਸੇ ਵੀ ਵਿਸ਼ੇ ਉਤੇ ਘੰਟਿਆਂਬੱਧੀ ਬੋਲ ਸਕਦੇ ਹਨ। ਪਤਾ ਨਹੀਂ ਉਨ੍ਹਾਂ ਦੇ ਅੰਦਰ ਕਿੰਨੀਆਂ ਕਿਤਾਬਾਂ, ਕਿੰਨੇ ਲਿਟਰੇਚਰ, ਕਿੰਨੇ ਫਲਸਫਿਆਂ ਤੇ ਕਿੰਨੀਆਂ ਘਟਨਾਵਾਂ ਦਾ ਭੰਡਾਰ ਭਰਿਆ ਹੋਇਆ ਹੈ ਕਿ ਗੱਲ ਕਰਦੇ ਹਨ ਤਾਂ ਉਹ ਉੱਭਰ-ਉੱਭਰ ਕੇ ਮੂੰਹ ਰਾਹੀਂ ਬਾਹਰ ਆਉਣ ਲੱਗਦਾ ਹੈ। 
ਇਕ ਵਾਰ ਉਹ ਮੇਰੇ ਨਾਲ ਦਿੱਲੀ ਤੋਂ ਜਲੰਧਰ ਕਾਰ 'ਤੇ ਆਏ। ਰਾਹ ਵਿਚ ਅਸੀਂ ਉਨ੍ਹਾਂ ਨਾਲ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਪਾਲਿਸੀਆਂ ਦਾ ਜ਼ਿਕਰ ਛੇਡ਼ ਦਿੱਤਾ। ਸ਼੍ਰੀ ਆਨੰਦ ਨੇ ਆਪਣਾ ਧਿਆਨ ਕਮਿਊਨਿਸਟ ਪਾਰਟੀ ਦੀ ਪਾਲਘਾਟ ਕਾਂਗਰਸ ਤੋਂ ਸ਼ੁਰੂ ਕੀਤਾ ਅਤੇ ਪਟਨਾ ਕਾਂਗਰਸ 'ਤੇ ਲਿਆ ਕੇ ਛੱਡਿਆ। ਜਦੋਂ ਉਹ ਪਾਲਘਾਟ ਤੋਂ ਚੱਲੇ, ਅਸੀਂ ਸੋਨੀਪਤ ਤੋਂ ਚੱਲੇ ਸਾਂ ਅਤੇ ਜਦੋਂ ਉਹ ਪਟਨੇ ਪਹੁੰਚੇ, ਅਸੀਂ ਫਗਵਾੜੇ ਆ ਪਹੁੰਚੇ ਸਾਂ। 
ਇਸੇ ਦੌਰਾਨ ਅਸੀਂ ਤਾਂ ਵਿਚ-ਵਾਰੇ ਹੀ ਕੋਈ ਸਵਾਲ ਪੁੱਛਿਆ, ਗੱਲਬਾਤ ਦੀ ਵਾਗ ਸਾਰਾ ਰਸਤਾ ਉਨ੍ਹਾਂ ਦੇ ਹੱਥ ਰਹੀ। ਫਗਵਾੜੇ ਪਹੁੰਚ ਕੇ ਉਨ੍ਹਾਂ ਆਪਣੇ ਗਲੇ ਵਿਚ ਕੁਝ ਖੁਸ਼ਕੀ ਮਹਿਸੂਸ ਕੀਤੀ ਤੇ ਕਹਿਣ ਲੱਗੇ ਕਿ ਮੇਰਾ ਖਿਆਲ ਹੈ ਕਿ ਹੁਣ ਮੈਨੂੰ ਕੁਝ ਆਰਾਮ ਚਾਹੀਦਾ ਹੈ। 
ਉਨ੍ਹਾਂ ਦੀ ਕ੍ਰਿਪਾ ਨਾਲ ਇਹ ਸਾਰਾ ਸਫਰ ਤੇਜ਼ੀ ਨਾਲ ਕੱਟ ਗਿਆ ਪਰ ਸਾਰਾ ਰਾਹ ਇਹੋ ਸੋਚਦਾ ਰਿਹਾਂ ਕਿ ਇਸ ਬੰਦੇ ਦੀ ਯਾਦਦਾਸ਼ਤ ਕਿੰਨੀ ਗ਼ਜ਼ਬ ਦੀ ਹੈ। ਇਹ ਤਾਂ ਚੱਲਦਾ-ਫਿਰਦਾ ਐਨਸਾਈਕਲੋਪੀਡੀਆ ਹੈ। 
ਪਰ ਸ਼੍ਰੀ ਆਨੰਦ ਦੀਆਂ ਸਰਗਰਮੀਆਂ ਸਿਰਫ਼ ਇਕ ਪੱਤਰਕਾਰ ਤੇ ਇਕ ਚੰਗੇ ਵਕਤਾ ਤਕ ਹੀ ਮਹਿਦੂਦ ਨਹੀਂ, ਉਹ ਇਕ ਜ਼ਬਰਦਸਤ ਵਰਕਰ ਤੇ ਵਧੀਆ ਆਰਗੇਨਾਈਜ਼ਰ ਵੀ ਹਨ। ਮੈਂ ਉਨ੍ਹਾਂ ਨੂੰ ਮੁਸ਼ਕਿਲ ਨਾਲ ਹੀ ਮਹੀਨੇ ਵਿਚ ਦੋ-ਚਾਰ ਦਿਨ ਜਲੰਧਰ ਵਿਚ ਆਰਾਮ ਨਾਲ ਬੈਠੇ ਦੇਖਿਆ ਹੈ। 
ਹਰ ਵਕਤ ਉਹ ਇਧਰੋਂ ਓਧਰ ਭੱਜਦੇ ਰਹਿੰਦੇ ਹਨ। ਕਦੇ ਕਿਸੇ ਕਾਨਫਰੰਸ ਵਿਚ ਸ਼ਰੀਕ ਹੋਣ ਕਲਕੱਤੇ ਜਾ ਰਹੇ ਹਨ ਤੇ ਕਦੀ ਤ੍ਰਿਵੇਂਦਰਮ। ਸਾਡੇ ਵਰਗੇ ਪੱਤਰਕਾਰ ਨੂੰ ਤਾਂ ਬਾਹਰੋਂ ਆ ਕੇ ਲਿਖਣ ਲਈ ਇਕ-ਦੋ ਦਿਨ ਮੂਡ ਬਣਾਉਣ ਵਿਚ ਹੀ ਲੱਗ ਜਾਂਦੇ ਹਨ ਪਰ ਸ਼੍ਰੀ ਆਨੰਦ ਤਾਂ ਚੱਲਦੇ-ਫਿਰਦੇ ਹੀ ਲਿਖ ਜਾਂਦੇ ਹਨ। ਉਹ ਆਖਿਆ ਕਰਦੇ ਹਨ ਕਿ ਜਦੋਂ ਮੈਂ ਸਾਈਕਲ 'ਤੇ ਸਵਾਰ ਹੋ ਕੇ ਮਾਡਲ ਟਾਊਨ ਤੋਂ 'ਨਵਾਂ ਜ਼ਮਾਨਾ' ਦੇ ਦਫ਼ਤਰ ਤਕ ਆਉਂਦਾ ਹੁੰਦਾ ਸਾਂ ਤਾਂ ਰਸਤੇ ਵਿਚ ਹੀ ਆਪਣੇ ਆਰਟੀਕਲ ਦਾ ਸਾਰਾ ਪਲਾਟ ਹੀ ਤਿਆਰ ਕਰ ਲੈਂਦਾ ਸਾਂ। ਜਦੋਂ ਤੋਂ ਮੈਂ ਸਕੂਟਰ ਲੈ ਲਿਆ ਹੈ, ਮੈਨੂੰ ਉਸੇ ਤੇਜ਼ ਰਫ਼ਤਾਰ ਨਾਲ ਸੋਚਣਾ ਵੀ ਪੈਂਦਾ ਹੈ ਕਿਉਂਕਿ ਘਰ ਤੋਂ ਦਫ਼ਤਰ ਦਾ ਫਾਸਲਾ ਛੇਤੀ ਤੈਅ ਹੋ ਜਾਂਦਾ ਹੈ। 
ਗੱਲ ਕੀ, ਜਿਸ ਤਰ੍ਹਾਂ ਕ੍ਰਿਕਟ ਤੇ ਹਾਕੀ ਦੀ ਖੇਡ ਵਿਚ ਇਕ ਖਿਡਾਰੀ ਐਸਾ ਵੀ ਹੁੰਦਾ ਹੈ, ਜਿਹਡ਼ਾ ਹਰ ਖਿਡਾਰੀ ਦੀ ਥਾਂ ਲੈ ਸਕਦਾ ਹੈ, ਉਸੇ ਤਰ੍ਹਾਂ ਸ਼੍ਰੀ ਆਨੰਦ ਵੀ ਇਕ 'ਆਲਰਾਊਂਡਰ' ਦਾ ਦਰਜਾ ਰੱਖਦੇ ਹਨ ਤੇ ਹਰ ਰੋਲ ਨੂੰ ਖੂਬੀ ਨਾਲ ਨਿਭਾਅ ਸਕਦੇ ਹਨ। 
ਆਪਣੀਆਂ ਇਨ੍ਹਾਂ ਖੂਬੀਆਂ ਦੇ ਨਾਲ ਸ਼੍ਰੀ ਆਨੰਦ ਬਹਿਸ ਮੁਬਾਹਸਾ ਦੇ ਆਰਟ ਦੇ ਵੀ ਮਾਹਿਰ ਹਨ। ਜਿਸ ਪ੍ਰੈੱਸ ਕਾਨਫਰੰਸ ਵਿਚ ਵੀ ਉਹ ਸ਼ਰੀਕ ਹੋਣ, ਉਹ ਪ੍ਰੈੱਸ ਕਾਨਫਰੰਸ ਬੁਲਾਉਣ ਵਾਲੇ ਨਾਲ ਉਨ੍ਹਾਂ ਦਾ ਝਗੜਾ ਹੋ ਜਾਣਾ ਇਕ ਅਸੂਲੀ ਗੱਲ ਹੈ ਤੇ ਕਈ ਵਾਰ ਤਾਂ ਉਹ ਝਗੜਾ ਉਥੋਂ ਹਟ ਕੇ ਅਸਾਂ ਪੱਤਰਕਾਰਾਂ ਵਿਚਕਾਰ ਸ਼ੁਰੂ ਹੋ ਜਾਂਦਾ ਹੈ। ਇਕ-ਦੂਸਰੇ ਨਾਲ ਖੂਬ ਗਰਮਾ-ਗਰਮੀ ਹੁੰਦੀ ਤੇ ਰੀਮਾਰਕ ਵੀ ਕੱਸ ਦਿੱਤੇ ਜਾਂਦੇ ਪਰ ਥੋੜੇ ਪਲਾਂ ਪਿੱਛੋਂ ਸ਼੍ਰੀ ਆਨੰਦ ਆਪਣੀ ਚਮਕੀਲੀ ਦਾਡ਼੍ਹੀ 'ਚੋਂ ਮੁਸਕਰਾਉਣ ਲੱਗੇ ਪੈਂਦੇ ਤੇ ਜਿਸ ਨਾਲ ਉਨ੍ਹਾਂ ਦੀ ਸਭ ਤੋਂ ਵੱਧ ਝੜੱਪ ਹੋਈ ਹੁੰਦੀ, ਉਸੇ ਨਾਲ ਬਗਲਗੀਰ ਹੋ ਜਾਂਦੇ। 
ਉਨ੍ਹਾਂ ਦੇ ਗੋਰੇ-ਚਿੱਟੇ ਚਿਹਰੇ ਤੇ ਕਾਲੀ ਰੰਗੀ ਹੋਈ ਦਾਡ਼੍ਹੀ 'ਚੋਂ ਨਿਕਲੀ ਹੋਈ ਮੁਸਕਾਨ ਮੁਖ਼ਾਲਫ਼ ਨੂੰ ਉਨ੍ਹਾਂ ਅੱਗੇ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੰਦੀ ਅਤੇ ਦੂਸਰਿਆਂ ਨੂੰ ਉਨ੍ਹਾਂ ਦੀ ਪਿਆਰੀ ਸ਼ਖ਼ਸੀਅਤ ਦਾ ਪ੍ਰਸ਼ੰਸਕ ਬਣਾਉਣ ਉਤੇ ਮਜਬੂਰ ਕਰ ਦਿੰਦੀ।  --ਰਮੇਸ਼ ਚੰਦਰ


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ

ਸ. ਜਗਜੀਤ ਸਿੰਘ ਆਨੰਦ ਅਭਿਨੰਦਨ ਸਮਾਰੋਹ 3 ਮਾਰਚ ਨੂੰ


No comments: