Monday, March 25, 2013

....ਉਹ ਜਿਸਨੇ ਲੜਨਾ ਹੈ....ਉਹ ਮੈਂ ਕਿਉਂ ਨਹੀਂ ?

                                                         ਕਿਤਾਬ 'ਰਹਣੁ ਕਿਥਾਊ ਨਾਹਿ' ਵਿੱਚੋਂ   --ਹਰਵਿੰਦਰ ਸਿਧੂ
ਪੰਜਾਬ ਦੇ ਖਤਰਨਾਕ ਹਾਲਾਤ ਅੱਜ ਦੀ ਪੀੜ੍ਹੀ ਲਈ ਸ਼ਾਇਦ ਕਿਸੇ ਕਹਾਣੀ ਤੋਂ ਵਧ ਨਹੀਂ ਲੱਗਦੇ ਹੋਣੇ ਪਰ ਜਿਹਨਾਂ ਨੇ ਓਹ ਦਿਨ ਦੇਖੇ ਉਹਨਾਂ ਦੇ ਅਹਿਸਾਸ ਬਿਲਕੁਲ ਹੀ  ਹਨ। ਕਿਸੇ ਨੂੰ ਕਲੀਨ ਸ਼ੇਵਡ ਹੋਣ ਕਾਰਣ ਗੋਲੀ ਮਾਰ ਦਿੱਤੀ ਜਾਂਦੀ ਸੀ ਤੇ ਕਿਸੇ ਨੂੰ ਖੁੱਲੀ ਦਾਹੜੀ ਕਾਰਣ ਨਿਸ਼ਾਨਾ ਬਣਾ ਦਿੱਤਾ ਜਾਂਦਾ ਸੀ। ਉਹਨਾਂ ਦਿਨਾਂ ਦੀ ਇੱਕ ਛੋਟੀ ਜਿਹੀ ਤਸਵੀਰ ਖਿੱਚੀ ਹੈ ਪੀਏਯੂ ਨਾਲ ਜੁੜੇ ਰਹੇ ਹਰਵਿੰਦਰ ਸਿਧੂ ਨੇ। ਫੇਸਬੁਕ ਵਿੱਚ ਪੋਸਟ ਕੀਤੀ ਗਈ ਇਸ ਰਚਨਾ ਨੂੰ ਅਸੀਂ ਵੀ ਧੰਨਵਾਦ ਸਹਿਤ ਪ੍ਰਕਾਸ਼ਿਤ ਕਰ ਰਹੇ ਹਨ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਵਾਂਗ ਬਣੀ ਰਹੇਗੀ।   --ਰੈਕਟਰ ਕਥੂਰੀਆ 
   ...ਚਾਰ ਜਣਿਆਂ ਨੇ ਡੰਡਿਆਂ,ਬੈਲਟਾਂ ਨਾਲ ਮੇਰੇ `ਤੇ ਹਮਲਾ ਕਰ ਦਿੱਤਾ
ਸੰਨ 1988 ---
ਲੁਧਿਆਣਾ,ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਵੈਟਰਨਰੀ ਕਾਲਜ
...ਪੰਜਾਬ `ਚ ਦਹਿਸ਼ਤਗਰਦੀ ਦੇ ਦਿਨ ਸਨ । ਪੀ.ਏ.ਯੂ. ਵੀ ਹਾਲਾਤਾਂ ਤੋਂ ਬਚੀ ਨਾ ਰਹਿ ਸਕੀ। ਲੜਨ ਵਾਸਤੇ ਸਦਾ ਤਿਆਰ ਲਹੂ,,ਪਿੰਡਾਂ ਵਿੱਚੋਂ ਆਏ ਮੁੰਡੇ `ਭਰਤੀ` ਕਰਨੇ ਸੌਖੇ ਹੁੰਦੇ। ਮਾਰੇ ਗਏ `ਖਾੜਕੂਆਂ` ਦੀ ਹਮਦਰਦੀ ਵਿੱਚ-- ਆਏ ਦਿਨ ਹੜਤਾਲਾਂ ਹੁੰਦੀਆਂ । ਹਮਦਰਦ ਘੱਟ,ਸਹਿਮੇ ਹੋਏ ਹੁਕਮ ਮੰਨਣ ਵਾਲੇ ਜ਼ਿਆਦਾ ਹੁੰਦੇ । ਯੂਨੀਵਰਸਿਟੀ ਪੜ੍ਹਨ ਪੜ੍ਹਾਉਣ ਦੀ ਥਾਂ ਗਿਣਿਆਂ ਚੁਣਿਆਂ ਦੀ ਗੁੰਡਾਗਰਦੀ ਦਾ ਅਖਾੜਾ ਸੀ ।
ਤਿੰਨ ਵਰ੍ਹੇ ਤੋਂ ਮੈਂ ਵੀ ਇਸ ਕਾਲਜ ਦੇ ਸਰਜਰੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਸਾਂ । ਜਿਹਨਾਂ ਨੂੰ ਪੜ੍ਹਾ ਰਿਹਾ ਸਾਂ,ਉਹਨਾਂ ਵਿਦਿਆਰਥੀਆਂ ਦੀ ਹਾਜ਼ਰੀ 75 % ਤੋਂ ਘਟ ਗਈ,ਅਜਿਹਾ ਧੱਕੇ ਨਾਲ ਕਰਵਾਈਆਂ ਹੜਤਾਲਾਂ ਕਰਕੇ ਹੋਇਆ ਸੀ। ਕਾਲਜ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਇਕਾਈ ਦਾ ਕਰਤਾ ਧਰਤਾ-- ਅੰਮ੍ਰਿਤਪਾਲ ਸਿੰਘ `ਖਾਲਸਾ` ਆਪਣੇ ਚੋਣਵੇਂ ਸਾਥੀਆਂ ਸਮੇਤ ਆਇਆ ਤੇ ਕਹਿਣ ਲੱਗਾ--"ਸਭ ਦੇ ਲੈਕਚਰ ਪੂਰੇ ਕਰ ਦਿਓ।"
ਮੈਂ ਆਖਿਆ--"ਇਮਤਿਹਾਨ `ਚ ਹਫ਼ਤਾ ਰਹਿ ਗਿਐ । ਵਿਦਿਆਰਥੀ ਜੇ ਏਨੇ ਦਿਨ ਕਾਲਜ ਲੱਗਣ ਤੋਂ ਘੰਟਾ ਪਹਿਲਾਂ ਆ ਜਾਣ,ਤਾਂ ਏਨੀਆਂ ਹਾਜ਼ਰੀਆਂ ਸਭ ਘਾਟਾ ਪੂਰਾ ਕਰ ਦੇਣਗੀਆਂ,ਮੈਂ ਵੀ ਆਪਣੀ ਡਿਊਟੀ ਘੰਟਾ ਵੱਧ ਕਰਾਂਗਾ। 
ਅੰਮ੍ਰਿਤਪਾਲ ਬੇਪਰਵਾਹੀ ਅਤੇ ਉਦੰਡਤਾ ਨਾਲ ਬੋਲਿਆ,"ਅਸੀਂ ਨਹੀਂ ਆਉਣਾ,,ਜਾਂ ਤਾਂ ਸਭ ਦੀਆਂ ਹਾਜ਼ਰੀ `ਏਵੇਂ ਹੀ` ਪੂਰੀ ਕਰ ਦਿਓ,,ਨਹੀਂ ਤਾਂ ਅਸੀਂ `ਦੂਜੇ ਤਰੀਕੇ` ਨਾਲ ਕਰਾ ਲਵਾਂਗੇ ।"
ਤਿੰਨ ਦਿਨ ਬਾਅਦ,ਜਦ ਮੈਂ ਸਰਜਰੀ ਦੀ ਕਲਾਸ ਵਿੱਚ ਸੀ, ਬਾਹਰੋਂ ਆਏ ਚਾਰ ਜਣਿਆਂ ਨੇ ਡੰਡਿਆਂ,ਬੈਲਟਾਂ ਨਾਲ ਮੇਰੇ `ਤੇ ਹਮਲਾ ਕਰ ਦਿੱਤਾ । ਮੇਰੀ ਪਗੜੀ ਲਹਿ ਗਈ,ਸੱਟਾਂ ਵੀ ਲੱਗੀਆਂ । ਉਹ ਮੈਨੂੰ `ਗੱਲ ਮੰਨਣ` ਦੀ ਹਿਦਾਇਤ ਦੇ ਕੇ ਚਲੇ ਗਏ।
ਯੂਨੀਵਰਸਿਟੀ ਫੈਕਲਟੀ ਦੇ ਸੱਦੇ `ਤੇ ਕਾਲਜ `ਚ ਹੜਤਾਲ ਹੋਈ,ਜੋ ਢਾਈ ਮਹੀਨੇ ਚੱਲੀ। ਅਸੀਂ ਡਟੇ ਰਹੇ,ਮੈਂ ਇਕੱਲਾ ਨਹੀਂ ਸਾਂ। ਅਗਲੀ ਸਵੇਰ ਅਜੀਬ ਘਟਨਾ ਵਾਪਰੀ।
ਮੇਰੇ ਕਾਲਜ ਦੇ ਹੀ ਅੱਠ ਵਿਦਿਆਰਥੀਆਂ ਨੇ ਹੋਰਾਂ ਨੂੰ ਹੜਤਾਲ ਦਾ ਸੱਦਾ ਦਿੱਤਾ........ਯੂਨੀਵਰਸਿਟੀ `ਚ ਅਜੇਹਾ ਪਹਿਲੀ ਵਾਰ ਹੋਇਆ ਸੀ । ਫ਼ੈਡਰੇਸ਼ਨ ਦੇ ਬੰਦਿਆਂ ਲਈ ਇਹ ਹੱਤਕ ਵਾਲੀ ਘਟਨਾ ਸੀ ।ਉਹ ਹਥਿਆਰਾਂ ਸਣੇ ਬਗਾਵਤ ਕੁਚਲਣ ਆ ਗਏ । ਹੁਣ ਇੱਕ ਪਾਸੇ ਅੱਠ ਜਣੇ ਸਨ,ਦੂਜੇ ਪਾਸੇ ਅੱਸੀ ਨੱਬੇ । ਅੱਠਾਂ ਕੋਲ ਦੋ ਕਿਰਪਾਨਾਂ ਸਨ,ਦੂਜਿਆਂ ਕੋਲ ਤਲਵਾਰਾਂ ਤੇ ਪਿਸਤੌਲ ਸਨ । `ਸਵਾ ਲਾਖ ਸੇ ਏਕ ਲੜਾਊਂ ` ਵਰਗਾ ਜਜ਼ਬਾ ਪਰਗਟ ਹੋਇਆ । ਅੱਠਾਂ ਜਣਿਆਂ ਨੇ ਆਪਣੇ ਨ੍ਹਾਰਿਆਂ ਅਤੇ ਹਿੰਮਤ ਨਾਲ ਅੱਸੀ ਨੱਬੇ ਬੰਦੇ ਠੱਲ੍ਹ ਲਏ ।ਉਹ ਹੜਤਾਲ ਸਫ਼ਲ ਰਹੀ ।
ਇਹਨਾਂ ਅੱਠ ਵਿਦਿਆਰਥੀਆਂ ਦਾ ਆਗੂ ਸੀ--- ਕੁਲਦੀਪ ਗਿੱਲ । ਮੇਰੀ ਖ਼ਾਤਿਰ ਲੜਣ ਵਾਲੇ ਇਹਨਾਂ ਵਿੱਚੋਂ ਕੋਈ ਵੀ ਮੈਨੂੰ ਅਹਿਸਾਨ ਜਤਾਣ ਜਾਂ ਉਸਦਾ ਬਦਲਾ ਮੰਗਣ ਕਦੇ ਵੀ ਨਹੀਂ ਆਇਆ ।
ਇੱਕ ਰਾਤ ਕੁਲਦੀਪ ਗਿੱਲ ਇਕੱਲਾ ਹੋਸਟਲ ਪਰਤ ਰਿਹਾ ਸੀ,,ਕੁਝ ਜਣਿਆਂ ਨੇ ਉਸਨੂੰ ਘੇਰ ਕੇ ਉਸਦਾ ਪਿੰਡਾ ਵੀਹ ਥਾਵਾਂ ਤੋਂ ਚਾਕੂਆਂ ਨਾਲ ਵਿੰਨ੍ਹ ਸੁੱਟਿਆ। ਹਸਪਤਾਲ ਵਿੱਚ ਉਸਨੂੰ ਪਹਿਲੀ ਵਾਰ ਵੇਖ ਕੇ ਮੇਰੀਆਂ ਅੱਖਾਂ ਭਰ ਆਈਆਂ ।ਉਸਨੂੰ ਡੂੰਘੇ ਫੱਟਾਂ ਦੀ ਡਾਢੀ ਪੀੜ ਹੋ ਰਹੀ ਸੀ।
ਪਰ ਕੁਲਦੀਪ ਦੀਆਂ ਅੱਖਾਂ ਵਿੱਚ ਉਹੋ ਚੈਨ ਸੀ,ਜਿਹੜਾ ਉਸ ਬੰਦੇ ਵਿੱਚ ਹੁੰਦਾ ਹੈ ਜਿਸਨੂੰ ਇਹ ਪਤਾ ਹੁੰਦਾ ਹੈ---ਉਸਨੇ ਕਿੱਥੇ ਪਹੁੰਚਣਾ ਹੈ।
ਮੈਨੂੰ ਜਾਪਿਆ--- ਇਹ ਸਿਰਫ਼ ਇੱਕ ਬੰਦਾ ਨਹੀਂ, ਮੇਰੀ ਪ੍ਰੇਰਨਾ ਹੈ । ਇਹ ਅੱਠ ਬੰਦੇ ਸਦਾ ਲਈ ਮੇਰੀ ਤਾਕਤ ਬਣ ਗਏ ਹਨ ।
ਮੈਂ ਪੁੱਛਿਆ---,"ਕੁਲਦੀਪ,ਤੂੰ ਕਿਉਂ ਮੇਰੀ ਖ਼ਾਤਰ ਲੜਿਆ ? ਤੂੰ ਹੀ ਕਿਉਂ ? ਤੇਰਾ ਮੇਰਾ ਕੀ ਰਿਸ਼ਤਾ ਹੈ ?"
ਸ਼ਾਂਤ ਆਵਾਜ਼ `ਚ ਉਹ ਬੋਲਿਆ---
"ਮੈਂ ਤੁਹਾਡੀ ਖ਼ਾਤਰ ਨਹੀਂ ਲੜਿਆ । ਜੋ ਕੁਝ ਸਹੀ ਹੈ,ਉਸਦੀ ਖ਼ਾਤਰ ਲੜਦਾ ਹਾਂ । ਜੋ ਕੁਝ ਭਿਆਨਕ ਤੇ ਭ੍ਰਿਸ਼ਟ ਆਲੇ-ਦੁਆਲੇ ਵਾਪਰਦਾ ਹੈ,ਉਸਨੂੰ ਤੱਕ ਕੇ ਮੈਂ ਬੱਸ ਏਹੋ ਸੋਚਦਾ ਹਾਂ---
....ਉਹ ਜਿਸਨੇ ਲੜਨਾ ਹੈ....ਉਹ ਮੈਂ ਕਿਉਂ ਨਹੀਂ ?"
"ਮੇਰਾ ਵਾਸਤਾ ਕਿਸੇ ਹੋਰ ਦੇ ਲੜਨ ਨਾਲ ਨਹੀਂ । ਮੇਰਾ ਵਾਸਤਾ ਸਿਰਫ਼ ਏਸ ਗੱਲ ਨਾਲ ਹੈ----ਮੈਂ ਆਪ ਕੀ ਕਰ ਰਿਹਾ ਹਾਂ ?"
" ਰਹੀ ਗੱਲ ਮਰਨ ਦੀ--- ਸਦਾ ਲਈ ਕੌਣ ਜੀਵਿਆ ਹੈ ?" ---------------- ਸੁਖਪਾਲ 
(ਕਿਤਾਬ 'ਰਹਣੁ ਕਿਥਾਊ ਨਾਹਿ' ਵਿੱਚੋਂ)
ਨੋਟ--- 1990 ਵਿੱਚ ਜਦੋਂ ਮੈਂ ਆਪਣੀ ਯੂਨੀਵਰਸਿਟੀ ਪੜ੍ਹਾਈ ਸ਼ੁਰੂ ਕੀਤੀ,ਇਹੀ ਕੁਲਦੀਪ ਗਿੱਲ ਜ਼ੁਲਮ ਦਾ ਵਿਰੋਧ ਕਰਨ ਵਿਚ ਸਾਡਾ ਪ੍ਰੇਰਨਾ-ਸਰੋਤ ਬਣਿਆ । ਮੈਨੂੰ ਡਾ.ਕੁਲਦੀਪ ਗਿੱਲ ਦਾ ਸਾਥ ਮਾਨਣ ਦਾ ਸ਼ਰਫ਼ ਹਾਸਿਲ ਹੈ । ਉਹ ਮੇਰੇ ਹੋਸਟਲ ਦੇ ਕਮਰੇ ਵਿੱਚ ਆਉਂਦੇ ਰਹਿੰਦੇ ਸਨ । ਅੱਜ ਕੱਲ ਲੁਧਿਆਣੇ ਦੇ ਕਿਸੇ ਵੈਟਰਨਰੀ ਹਸਪਤਾਲ 'ਚ ਸ਼ਾਇਦ ਨੌਕਰੀ ਕਰ ਰਹੇ ਹਨ । ਉਹਨਾਂ ਨੂੰ ਮਿਲਣ ਦੀ ਬਹੁਤ ਤਮੰਨਾ ਹੈ.....ਸ਼ਾਇਦ ਕਦੇ...!!! ------ਹਰਵਿੰਦਰ ਸਿੱਧੂ
No comments: