Sunday, March 17, 2013

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਸੈਮੀਨਾਰ

ਵਿਸਥਾਰ ਅਤੇ ਸਹਿਜਤਾ ਨਾਲ ਹੋਈ ਮਿੰਨੀ ਕਹਾਣੀ ਬਾਰੇ ਚਰਚਾ 
ਡਾ  ਅਸ਼ੋਕ ਭਾਟੀਆ, ਹਰਭਜਨ ਖੇਮਕਰਨੀ, ਗੁਰਪਾਲ ਲਿਟ  ਅਤੇ ਪ੍ਰੋ ਨਰਿੰਜਨ ਤਸਨੀਮ ਮਿੰਨੀ ਕਹਾਣੀ ਬਾਰੇ ਗੱਲ ਕਰਦਿਆਂ 
ਕਲਮ ਰਾਹੀਂ ਖਰੀਆਂ ਖਰੀਆਂ ਆਖਣ ਵਾਲੇ ਮਿੱਤਰ ਸੈਨ ਮੀਤ ਅਤੇ ਹੋਰ ਬੁਧੀਜੀਵੀ ਪੂਰੇ ਧਿਆਨ ਨਾਲ ਵਿਚਾਰ ਸੁਣਦਿਆਂ 
ਪੁਸਤਕ ਪ੍ਰਦਰਸ਼ਨੀ ਵਿੱਚ ਮਿਨੀ ਕਹਾਣੀ ਦਾ ਦੂਤ ਅਣੁ ਵੀ ਸੀ ਨਾਲ ਹੀ ਨਜਰ ਆ ਰਹੇ ਹਨ ਸੁਰਿੰਦਰ ਸਿੰਘ ਕੈਲੇ ਅਤੇ ਡਾ ਸ਼ਿਆਮ ਸੁੰਦਰ (ਸਾਰੀਆਂ ਤਸਵੀਰਾਂ: ਰੈਕਟਰ ਕਥੂਰੀਆ )
ਲੁਧਿਆਣਾ: 17 ਮਾਰਚ (ਰੈਕਟਰ ਕਥੂਰੀਆ) ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਾਇਆ ਗਿਆ ਮਿੰਨੀ ਕਹਾਣੀ ਬਾਰੇ ਸੈਮੀਨਾਰ ਘੱਟ ਗਿਣਤੀ ਦੇ ਬਾਵਜੂਦ ਪੂਰੀ ਤਰ੍ਹਾਂ ਸਫਲ ਰਿਹਾ।  ਲੇਖਕ ਅਤੇ ਸਰੋਤੇ ਗਿਣਤੀ ਵਿੱਚ ਬਹੁਤ ਘੱਟ ਸਨ ਪਰ ਜਿਹੜੇ ਮੌਜੂਦ ਸਨ ਓਹ ਪੂਰੀ ਤਰ੍ਹਾ ਹਾਜਿਰ ਸਨ। ਸਾਰੇ ਇੱਕ ਦੂਜੇ ਨੂੰ ਪੂਰੇ ਧਿਆਨ ਨਾਲ ਸੁਣ ਰਹੇ ਸਨ। ਮਿੰਨੀ ਕਹਾਣੀ ਦੇ ਰੂਪ ਅਤੇ ਇਸਦੇ ਤਕਨੀਕੀ ਪੱਖ ਬਾਰੇ ਚਰਚਾ ਕਰਦਿਆਂ ਬੁਲਾਰਿਆਂ ਨੇ ਪੂਰੀ ਬਾਰੀਕੀ ਨਾਲ ਇਸਦੇ ਸਾਰੇ ਪਹਿਲੂ ਵਿਚਾਰੇ। ਕਰਨਾਲ (ਹਰਿਆਣਾ) ਤੋਂ ਪਹੁੰਚੇ ਮਿੰਨੀ ਕਹਾਣੀ ਦੇ ਵਿਸ਼ੇਸ਼ੱਗ, ਮੰਨੇ ਪ੍ਰਮੰਨੇ ਚਿੰਤਕ ਅਤੇ  ਹਿੰਦੀ ਸਾਹਿਤਕਾਰ ਸਾਹਿਤਕਾਰ ਡਾ. ਅਸ਼ੋਕ ਭਾਟੀਆ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਯਾਦ ਕਰਾਇਆ ਕਿ ਕਿਸੇ ਵੇਲੇ ਹਿੰਦੀ ਵਿੱਚ ਕਮਲੇਸ਼ਵਰ ਨੇ ਪ੍ਰਸਿਧ ਹਿੰਦੀ ਪਰਚੇ ਸਾਰਿਕਾ ਦਾ ਲਘੁ ਕਥਾ ਵਿਸ਼ੇਸ਼ ਅੰਕ ਛਾਪਿਆ ਸੀ। ਉਸ ਵੇਲੇ ਵੀ ਮੈਟਰ ਏਨਾ ਜਿਆਦਾ ਪਹੁੰਚਿਆ ਕਿ ਬਾਅਦ ਵਿੱਚ ਇੱਕ ਹੋਰ ਅੰਕ ਵੀ ਇਸੇ ਵਿਧਾ ਤੇ ਛਾਪਣਾ ਪਿਆ। ਇਸੇ ਦੌਰਾਨ ਸਰੋਤਿਆਂ ਵਿੱਚ ਸਿਮਰ ਸਦੋਸ਼ ਹੁਰਾਂ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਿੰਦੀ ਮਿਲਾਪ ਦੇ ਲਘੁ ਕਥਾ ਵਿਸ਼ੇਸ਼ ਅੰਕ ਦੀ ਵੀ ਚਰਚਾ ਹੋਈ। ਡਾ. ਅਸ਼ੋਕ ਭਾਟੀਆ ਨੇ ਕਿਹਾ ਕਿ ''ਮਿੰਨੀ ਕਹਾਣੀ ਨੂੰ ਸ਼ਬਦਾਂ ਵਾਕਾਂ ਜਾਂ ਗਿੱਠਾਂ ਨਾਲ ਨਾਪਣਾ ਗਲਤ ਹੈ। ਕਿਸੇ ਹੋਰ ਵਿਧਾ ਵਿਚ ਇਹ ਗੱਲ ਨਹੀਂ ਹੁੰਦੀ ਕਿ ਕੈਨਵਸ ਛੋਟਾ ਕਰਕੇ ਉਸ ਵਿਚ ਜਿੱਥੇ ਫਿੱਟ  ਹੈ ਜਮਾ ਦਿਉ ਨਹੀਂ ਤਾਂ ਉਸ ਦੀ ਸਹਿਜਤਾ ਤੇ ਪ੍ਰਭਾਵ ਮੁੱਕ ਜਾਵੇਗਾ। ਰਚਨਾਵਾਂ ਹੀ ਰਚਨਾ ਦਾ ਵਿਧਾਨ ਬਣਾਉਂਦੀਆਂ ਹਨ। ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਤੋਂ ਕਈ ਉਦਾਹਰਣਾਂ ਦਿੰਦੇ ਹੋਏ ਉਹਨਾਂ ਕਿਹਾ ਕਿ ਚੰਗੀ ਰਚਨਾ ਉਹ ਹੈ ਜਿਸ ਨੂੰ ਪੜ੍ਹ ਕੇ ਪਾਠਕ ਦਾ ਕੱਦ ਉੱਚਾ ਹੋ ਜਾਵੇ। ਉਸ ਦੇ ਦਿਲ ਦਿਮਾਗ 'ਤੇ ਸਕਾਰਤਮਕ ਅਸਰ ਪਵੇ।'' ਇਹ ਸ਼ਬਦ ਕਰਨਾਲ ਤੋਂ ਪਹੁੰਚੇ ਮਿੰਨੀ ਕਹਾਣੀ ਦੇ ਵਿਸ਼ੇਸ਼ੱਗ ਅਤੇ ਮੰਨੇ ਪ੍ਰਮੰਨੇ ਚਿੰਤਕ ਡਾ. ਅਸ਼ੋਕ ਭਾਟੀਆ ਨੇ ਆਪਣੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ।
ਸ੍ਰੀ ਮਿੱਤਰ ਸੈਨ ਮੀਤ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮਿੰਨੀ ਕਹਾਣੀ ਵਾਂਗ ਹੀ ਮਿੰਨੀ ਨਾਵਲ ਦਾ ਵਿਧਾ-ਵਿਧਾਨ ਬਣਾਇਆ ਜਾਣਾ ਚਾਹੀਦਾ ਹੈ। ਪ੍ਰੋ. ਨਰਿੰਜਨ ਤਸਨੀਮ ਨੇ ਸੈਮੀਨਾਰ ਮੌਕੇ ਬੋਲਦਿਆਂ ਕਿਹਾ ਕਿ ਸੰਖੇਪਤਾ ਹੀ ਮਿੰਨੀ ਕਹਾਣੀ ਦਾ ਵੱਡਾ ਗੁਣ ਹੈ। ਸ੍ਰੀ ਗੁਰਪਾਲ ਲਿੱਟ ਨੇ ਕਿਹਾ 'ਅਣੂ' ਨੇ ਸਭ ਤੋਂ ਪਹਿਲਾਂ ਮਿੰਨੀ ਕਹਾਣੀ ਨੂੰ ਪ੍ਰਕਾਸ਼ਿਤ ਕੀਤਾ ਹੈ। ਅਣੂ ਦਾ ਦੂਸਰਾ ਅੰਕ ਸੰਨ 1972 ਵਿਚ 'ਮਿੰਨੀ ਕਹਾਣੀ ਵਿਸ਼ੇਸ਼ ਅੰਕ' (ਵਿਦਰੋਹੀ ਰੰਗ) ਸੀ। ਇਸ ਤਰ੍ਹਾਂ ਮਿੰਨੀ ਕਹਾਣੀ ਦੀ ਸ਼ੁਰੂਆਤ 20ਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਮੰਨੀ ਜਾਂਦੀ ਹੈ।
ਮਿੰਨੀ ਕਹਾਣੀ ਸੈਮੀਨਾਰ ਮੌਕੇ ਡਾ. ਅਨੂਪ ਸਿੰਘ ਨੇ ਆਪਣਾ ਖੋਜ-ਪੱਤਰ 'ਮਿੰਨੀ ਕਹਾਣੀ ਵਿਚ ਰਾਜਨੀਤਕ ਤੇ ਸਮਾਜਿਕ ਚੇਤਨਤਾ ਪੇਸ਼ ਕਰਦਿਆਂ ਕਿਹਾ ਕਿ ਸਮਾਜਕ ਸਰੋਕਾਰਾਂ ਤੋਂ ਸੱਖਣੀ ਅਤੇ ਉਦੇਸ਼ਵਿਹੂਣੀ ਰਚਨਾ ਮਿੰਨੀ ਕਹਾਣੀ ਨਹੀਂ ਅਖਵਾ ਸਕਦੀ। ਮਿੰਨੀ ਕਹਾਣੀ ਵਿਚ ਜਿਥੇ ਆਕਾਰ ਲਘੂ ਚਾਹੀਦਾ ਹੈ ਉਥੇ ਕਹਾਣੀ ਰਸ ਵੀ ਹੋਣਾ ਜ਼ਰੂਰੀ ਹੈ। ਮਿੰਨੀ ਕਹਾਣੀ ਇਕ ਪਲ ਦਾ ਕਲਾਤਮਿਕ ਸ਼ਾਬਦਿਕ ਬਿਰਤਾਂਤ ਹੈ। 
'ਮਿੰਨੀ ਕਹਾਣੀ ਵਿਚ ਨਾਰੀ ਦੀ ਦਸ਼ਾ ਤੇ ਦਿਸ਼ਾ' ਵਿਸ਼ੇ 'ਤੇ ਆਪਣਾ ਖੋਜ-ਪੱਤਰ ਪੜ੍ਹਦਿਆਂ ਡਾ. ਨੈਬ ਸਿੰਘ ਮੰਡੇਰ ਨੇ ਅਜੋਕੀ ਔਰਤ ਦੀ ਸਥਿਤੀ ਅਤੇ ਦਿਸ਼ਾ ਦੀ ਗੱਲ ਕਰਦਿਆਂ ਕਿਹਾ ਕਿ ਪੂੰਜੀਵਾਦੀ ਯੁੱਗ ਦੇ ਆਰੰਭ ਹੋਣ ਨਾਲ ਔਰਤ ਦੀ ਸਥਿੱਤੀ ਵਿਚ ਪਰਿਵਰਤਨ ਆਇਆ ਹੈ। ਉਸ ਦੀ ਚੇਤਨਾ ਵਧੀ ਹੈ। ਉਸ ਵਿਚ ਬਰਾਬਰਤਾ ਦੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਇਸੇ ਨਾਲ ਹੀ ਪਤੀ ਪਤਨੀ ਦੇ ਸਬੰਧਾਂ ਵਿਚ ਵੀ ਤਬਦੀਲੀ ਵਾਪਰੀ ਹੈ ਜਿਸ ਨਾਲ ਔਰਤ ਦੀਆਂ ਮਾਨਸਿਕ ਗੁੰਝਲਾਂ ਵਧੀਆਂ ਹਨ। ਸੁਤੰਤਰਤਾ ਪ੍ਰਾਪਤੀ ਉਪਰੰਤ ਲੋਕਤੰਤਰੀ ਢਾਂਚੇ ਦੇ ਲਾਗੂ ਹੋਣ ਨਾਲ ਬੇਸ਼ੱਕ ਔਰਤ ਨੂੰ ਕਾਨੂੰਨੀ ਤੌਰ 'ਤੇ ਵਧੇਰੇ ਅਧਿਕਾਰ ਮਿਲੇ ਹਨ। ਉਹ ਘਰ ਵਿਚੋਂ ਨਿਕਲੀ ਹੈ ਪਰ ਇਸ ਦੇ ਬਾਵਜੂਦ ਔਰਤ ਦੀ ਸਥਿਤੀ ਮਰਦ ਦੇ ਮੁਕਾਬਲੇ ਅਧੀਨਗੀ ਵਾਲੀ ਹੀ ਹੈ।
''ਬਜ਼ੁਰਗਾਂ ਦੀ ਹਾਲਤ ਦੇ ਮੱਦੇ ਨਜ਼ਰ ਜਿਥੇ ਪੂਰਾ ਸਮਾਜ ਤਿਆਰੀ ਦੀ ਲੋੜ ਮਹਿਸੂਸ ਕਰਦਾ ਹੈ, ਪਰਿਵਾਰ ਅਤੇ ਦੇਸ਼ ਦਾ ਫ਼ਰਜ਼ ਵੀ ਬਣਦਾ ਹੈ, ਉਥੇ ਬਜ਼ੁਰਗਾਂ ਨੂੰ ਵੀ ਆਪਣੀ ਇਸ ਉਮਰ ਲਈ ਇਕ ਤਿਆਰੀ ਦੀ ਲੋੜ ਹੈ। ਇਕ ਪਾਸੇ ਇਕੱਲਾਪਨ ਹੈ ਦੂਜੇ ਪਾਸੇ ਮਾਂ ਪਿਉ ਬੱਚਿਆਂ ਨੂੰ ਸੈੱਟ ਕਰਨ ਦੀ ਲਾਲਸਾ ਵਿਚ ਸਿਰਫ਼ ਦੇਸ਼ ਦੇ ਵੱਖ ਵੱਖ ਕੋਨਿਆਂ ਵਿਚ ਹੀ ਨਹੀਂ, ਵਿਦੇਸ਼ ਵੀ ਆਪ ਹੀ ਭੇਜਦੇ ਹਨ।'' ਇਹ ਵਿਚਾਰ ਡਾ. ਸ਼ਿਆਮ ਸੁੰਦਰ ਦੀਪਤੀ ਨੇ ਆਪਣੇ ਪਰਚੇ 'ਮਿੰਨੀ ਕਹਾਣੀ ਵਿਚ ਬਜ਼ੁਰਗਾਂ ਦਾ ਜਨ-ਜੀਵਨ' ਵਿਚ ਮੁੱਖ ਤੌਰ 'ਤੇ ਕਹੇ।
ਅਕਾਡਮੀ ਦੇ ਸਕੱਤਰ ਅਤੇ ਮਿੰਨੀ ਕਹਾਣੀ ਸੈਮੀਨਾਰ ਦੇ ਕਨਵੀਨਰ ਸ੍ਰੀ ਸੁਰਿੰਦਰ ਕੈਲੇ ਨੇ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਿੰਨੀ ਕਹਾਣੀ ਦੀ ਆਲੋਚਨਾ ਦੇ ਪੱਖੋਂ ਬਹੁਤ ਘੱਟ ਕੰਮ ਹੋਇਆ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਇਹ ਸੈਮੀਨਾਰ ਕਰਵਾ ਕੇ ਆਪਣਾ ਬਣਦਾ ਫ਼ਰਜ਼ ਨਿਭਾਇਆ ਹੈ ਅਤੇ ਮਿੰਨੀ ਕਹਾਣੀ ਦੀ ਖੋਜ ਲਈ ਅਗਲੇ ਪੜਾਅ ਦਾ ਕੰਮ ਕੀਤਾ ਹੈ।
ਪਰਚਿਆਂ ਉਪਰ ਭਖਵੀਂ ਬਹਿਸ ਹੋਈ ਜਿਸ ਵਿਚ ਸਰਵਸ੍ਰੀ ਸੂਫ਼ੀ ਅਮਰਜੀਤ, ਹਰਭਜਨ ਸਿੰਘ ਖੇਮਕਰਨੀ, ਹਰਪ੍ਰੀਤ ਰਾਣਾ ਆਦਿ ਨੇ ਭਾਗ ਲਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਗੁਰਚਰਨ ਕੌਰ ਕੋਚਰ, ਜਨਮੇਜਾ ਸਿੰਘ ਜੌਹਲ, ਕਰਮਜੀਤ ਸਿੰਘ ਔਜਲਾ, ਪ੍ਰੋ. ਮਹਿੰਦਰਦੀਪ ਗਰੇਵਾਲ, ਤਰਲੋਚਨ ਸਿੰਘ ਨਾਟਕਕਾਰ, ਰਣਜੀਤ ਆਜ਼ਾਦ ਕਾਂਝਲਾ, ਮਲਕੀਤ ਸਿੰਘ ਬਿਲਿੰਗ, ਧਰਮਪਾਲ ਸਾਹਿਲ, ਕਰਮਜੀਤ ਗਰੇਵਾਲ, ਜੋਗਿੰਦਰ ਭਾਟੀਆ, ਗੁਰਸ਼ਰਨ ਸਿੰਘ ਨਰੂਲਾ, ਜਸਵੰਤ ਸਿੰਘ ਅਮਨ, ਬਲਕੌਰ ਸਿੰਘ ਗਿੱਲ, ਗੁਰਮੀਤ ਸਿੰਘ ਵਿਰਦੀ, ਜਸਬੀਰ ਸਿੰਘ ਸੋਹਲ, ਬਰਿਸ਼ ਭਾਨ ਘਲੋਟੀ, ਵਿਵੇਕ, ਸੁਖਵੰਤ ਮਰਵਾਹਾ, ਬਲਰਾਜ ਕੋਹਾੜਾ, ਗੁਰਦੀਸ਼ ਕੌਰ ਗਰੇਵਾਲ, ਕੁਲਵਿੰਦਰ ਕੌਰ ਧੀਮਾਨ, ਪ੍ਰੋ. ਕ੍ਰਿਸ਼ਨ ਸਿੰਘ, ਮੇਜਰ ਸਿੰਘ ਗਿੱਲ, ਹਰਬੰਸ ਮਾਲਵਾ, ਲੀਲ ਦਿਆਲਪੁਰੀ, ਚਮਕੌਰ ਘਣਗਸ, ਤਲਵਿੰਦਰ ਸਿੰਘ ਬੜੈਚ, ਇੰਜ. ਡੀ.ਐਮ.ਸਿੰਘ, ਦੀਪ ਦਿਲਬਰ, ਪ੍ਰੋ. ਉੱਤਮਦੀਪ ਕੌਰ, ਦਲਬੀਰ ਲੁਧਿਆਣਵੀ, ਸੰਤੋਖ ਸਿੰਘ ਪ੍ਰਧਾਨ, ਵਸੀਮ ਮਲੇਰਕੋਟਲਾ, ਹਰਜਿੰਦਰ ਜਵੱਦੀ, ਇੰਜ. ਸੁਰਜਨ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ
No comments: