Thursday, March 14, 2013

ਦਲਿਤ ਮੁਕਤੀ ਦੇ ਸਵਾਲ ਨੂੰ ਜਮਾਤੀ ਸੰਘਰਸ਼ ਨਾਲ਼ ਜੋੜਨਾ ਹੋਵੇਗਾ

ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ  ਜਾਰੀ 
*ਜਾਤ ਸਿਰਫ ਉੱਪਰੀ ਢਾਂਚੇ ਦਾ ਹਿੱਸਾ ਨਹੀਂ, ਸਗੋਂ ਆਰਥਿਕ ਅਧਾਰ ਦਾ ਵੀ ਹਿੱਸਾ ਹੈ 
*ਪੈਦਾਵਾਰੀ ਸਬੰਧਾਂ ਨੂੰ ਇਨਕਲਾਬੀ ਢੰਗ ਨਾਲ਼ ਬਦਲੇ ਬਿਨਾਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ
ਚੰਡੀਗੜ੍ਹ: 13 ਮਾਰਚ। ''ਜਾਤ ਪ੍ਰਬੰਧ ਅਤੇ ਦਲਿਤਾਂ 'ਤੇ ਦਾਬੇ ਦੇ ਮੁੱਢੋਂ-ਸੁਢੋਂ ਖਾਤਮੇ ਲਈ ਸਾਨੂੰ ਇਸ ਸਵਾਲ ਦਾ ਹੱਲ ਲੱਭਣਾ ਹੀ ਪਵੇਗਾ ਕਿ ਦਲਿਤ ਸਿਆਸਤ ਅਤੇ ਅੰਬੇਡਕਰ ਸਹਿਤ ਨਵੇਂ ਪੁਰਾਣੇ ਦਲਿਤ ਵਿਚਾਰਕਾਂ ਕੋਲ ਦਲਿਤ ਮੁਕਤੀ ਦਾ ਕੀ ਪ੍ਰੋਜੈਕਟ ਹੈ ਅਤੇ ਉਸਦੇ ਅਮਲੀ ਰੂਪ ਕੀ ਹਨ।''ਜਾਤ ਦਾ ਸਵਾਲ ਅਤੇ ਮਾਰਕਸਵਾਦ" ਵਿਸ਼ੇ 'ਤੇ ਅੱਜ ਇੱਥੇ ਚੱਲ ਰਿਹਾ ਚੌਥੇ ਅਰਵਿੰਦ ਸੈਮੀਨਾਰ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ। ਸੈਮੀਨਾਰ ਵਿੱਚ ਵਿਚਾਰ-ਚਰਚਾ ਲਈ ਪੇਸ਼ ਕੀਤੇ ਗਏ ਅਧਾਰ ਪੇਪਰ ਵਿੱਚ ਕਿਹਾ ਗਿਆ ਕਿ ਰਾਖਵੇਂਕਰਨ ਅਤੇ ਕਨੂੰਨੀ ਰਿਆਇਤਾਂ ਨਾਲ਼ ਦਲਿਤ 'ਤੇ ਦਾਬੇ ਅਤੇ ਉਹਨਾਂ ਦੀ ਅਪਮਾਨਜਨਕ ਸਮਾਜਿਕ ਸਥਿਤੀ ਦਾ ਖਾਤਮਾ ਸੰਭਵ ਨਹੀਂ ਹੈ। 
ਭਾਰਤ ਵਿੱਚ ਬਹੁਗਿਣਤੀ ਦਲਿਤ ਅਬਾਦੀ ਮਜ਼ਦੂਰ ਹੈ, ਪਰ ਅੱਜ ਮਜ਼ਦੂਰ ਅਬਾਦੀ ਦੀ ਬਹੁਗਿਣਤੀ ਦਲਿਤ ਨਹੀਂ ਹੈ। ਅਜਿਹੀ ਹਾਲਤ ਵਿੱਚ ਜਾਤ ਦੇ ਅਧਾਰ 'ਤੇ ਦਲਿਤਾਂ ਦੀ ਲਾਮਬੰਦੀ ਉਹਨਾਂ ਦੀ ਅਸਲ ਮੁਕਤੀ ਜਾ ਜਾਤਾਂ ਦੇ ਖਾਤਮੇ ਤੱਕ ਨਹੀਂ ਪਹੁੰਚਾ ਸਕਦੀ। ਅਧਾਰ ਪੇਪਰ ਵਿੱਚ ਕਿਹਾ ਗਿਆ ਹੈ ਕਿ ਜਾਤ ਸਿਰਫ ਉੱਪਰੀ ਢਾਂਚੇ ਦਾ ਹਿੱਸਾ ਨਹੀਂ, ਸਗੋਂ ਆਰਥਿਕ ਅਧਾਰ ਦਾ ਵੀ ਹਿੱਸਾ ਹੈ ਅਤੇ ਇਸ ਲਈ ਪੈਦਾਵਾਰੀ ਸਬੰਧਾਂ ਨੂੰ ਇਨਕਲਾਬੀ ਢੰਗ ਨਾਲ਼ ਬਦਲੇ ਬਿਨਾਂ ਇਸ ਸਮੱਸਿਆ ਨੂੰ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ।
ਅਰਵਿੰਦ ਮਾਰਕਸਵਾਦੀ ਅਧਿਐਨ ਸੰਸਥਾ ਵੱਲੋਂ ਅਧਾਰ ਪੇਪਰ ਪੇਸ਼ ਕਰਦੇ ਹੋਏ ਸੱਤਿਅਮ ਨੇ ਕਿਹਾ ਕਿ ਸਰਮਾਏਦਾਰੀ-ਸਾਮਰਾਜਵਾਦ ਵਿਰੁੱਧ ਲੜਨ ਦੀ ਪ੍ਰਕ੍ਰਿਆ ਵਿੱਚ ਜੇਕਰ ਜਾਤ ਦਾ ਸਵਾਲ ਕਮਿਊਨਿਸਟਾਂ ਦੇ ਏਜੰਡਾ ਵਿੱਚ ਨਹੀਂ ਹੋਵੇਗਾ ਤਾਂ ਸਭ ਤੋਂ ਗਰੀਬ-ਲੁੱਟੀਂਦੀ ਅਬਾਦੀ ਜਾਤ ਅਧਾਰਤ ਭੇਦਭਾਵ ਅਤੇ ਜਾਤਵਾਦੀ ਲੀਡਰਾਂ ਦੇ ਜਾਲ ਵਿੱਚ ਉਲਝੀ ਰਹਿ ਜਾਵੇਗੀ। ਇਨਕਲਾਬੀ ਜੱਥੇਬੰਦੀਆਂ ਦੁਆਰਾ ਜਾਤ ਅਧਾਰਤ ਜੱਥੇਬੰਦੀਆਂ ਬਣਾਉਣਾ ਗਲਤ ਹੈ ਪਰ ਉਹਨਾਂ ਨੂੰ ਜਾਤ ਖਾਤਮਾ ਮੰਚ ਬਣਾ ਕੇ ਇਸ ਘ੍ਰਿਣਿਤ ਪ੍ਰਥਾ ਵੱਲ ਜ਼ਰੂਰ ਲੜਨਾ ਚਾਹੀਦਾ ਹੈ।
ਅਧਾਰ ਪੇਪਰ ਵਿੱਚ ਜਾਤ ਪ੍ਰਬੰਧ ਦੇ ਇਤਿਹਾਸ ਦੀ ਵਿਸਥਾਰਿਤ ਚਰਚਾ ਦੇ ਨਾਲ਼ ਹੀ ਇਸ ਸਵਾਲ 'ਤੇ ਅੰਬੇਡਕਰ, ਫੂਲੇ, ਪੇਰਿਆਰ ਦੇ ਵਿਚਾਰਾਂ ਅਤੇ ਪਹਿਚਾਣ ਦੀ ਸਿਆਸਤ ਦਾ ਮਾਰਕਸਵਾਦੀ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ। ਪੇਪਰ ਵਿੱਚ ਕਿਹਾ ਗਿਆ ਕਿ ਅੰਬੇਡਕਰ ਨੇ ਦਲਿਤ ਚੇਤਨਾ ਨੂੰ ਉੱਪਰ ਉਠਾਉਣ ਵਿੱਚ ਇਤਿਹਾਸਕ ਭੂਮੀਕਾ ਨਿਭਾਈ ਪਰ ਦਲਿਤ ਮੁਕਤੀ ਦਾ ਕੋਈ ਲਾਗੂ ਹੋ ਸਕਣ ਵਾਲਾ ਰਾਹ ਪੇਸ਼ ਨਹੀਂ ਕੀਤਾ। ਦਲਿਤ ਮੁਕਤੀ ਦੇ ਸਮਾਜਵਾਦੀ ਪ੍ਰੋਜੈਕਟ ਨੂੰ ਵਿਸਥਾਰ ਵਿੱਚ ਪੇਸ਼ ਕਰਨ ਦੇ ਨਾਲ਼ ਹੀ ਜਾਤ ਦੇ ਸਵਾਲ 'ਤੇ ਪ੍ਰਚਾਰ ਅਤੇ ਸੰਘਰਸ਼ ਦਾ ਫੌਰੀ ਪ੍ਰੋਗਰਾਮ ਵੀ ਦਿੱਤਾ ਗਿਆ। 
ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਕਮਿਊਨਿਸਟਾਂ ਨੂੰ ਆਪਣੀ ਨਿਜੀ ਜਿੰਦਗੀ ਅਤੇ ਅਮਲ ਵਿੱਚ ਜਾਤ ਅਤੇ ਧਾਰਮਿਕ ਕਰਮਕਾਂਡ ਨਾ ਮੰਨਣ ਨੂੰ ਸਖਤੀ ਨਾਲ਼ ਲਾਗੂ ਕਰਨਾ ਹੋਵੇਗਾ।
ਅਧਾਰ ਪੇਪਰ 'ਤੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਨੇਪਾਲ ਕੌਮੀ ਦਲਿਤ ਮੁਕਤੀ ਮੋਰਚਾ ਦੇ ਪ੍ਰਧਾਨ ਤਿਲਕ ਪਰੀਹਾਰ ਨੇ ਕਿਹਾ ਕਿ ਦਲਿਤ ਮੁਕਤੀ ਨੂੰ ਜਮਾਤੀ ਸੰਘਰਸ਼ ਜੋੜਨਾ ਹੋਵੇਗਾ। ਉਹਨਾਂ ਨੇ ਏਸ਼ੀਆ ਪੱਧਰ 'ਤੇ ਜਾਤ ਵਿਰੋਧੀ ਮੰਚ ਬਣਾਉਣ ਦਾ ਮਾਤ ਪੇਸ਼ ਕੀਤਾ। 
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਬੇਡਕਰ ਸੈਂਟਰ ਦੇ ਨਿਦੇਸ਼ਕ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਰਮਾਏਦਾਰੀ ਨੇ ਜਾਤ ਪ੍ਰਬੰਧ ਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਬਣਾਇਆ ਹੈ ਅਤੇ ਅੱਜ ਸਾਡੇ ਸਾਹਮਣੇ ਇੱਕ ਸਰਮਾਏਦਾਰਾ ਜਾਤ ਪ੍ਰਬੰਧ ਮੌਜੂਦ ਹੈ। 
ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਨੇ ਬਹਿਸ ਵਿੱਚ ਹਿੱਸਾ ਲੈਂਦੇ ਹੋਏ ਇਸ ਸੋਚ ਨੂੰ ਗਲਤ ਦੱਸਿਆ ਕਿ ਜਾਤ ਦੇ ਸਵਾਲ ਨੂੰ ਸਮਝਣ ਵਿੱਚ ਨਾਕਾਮ ਰਹਿਣ ਕਾਰਨ ਹੀ ਭਾਰਤ ਵਿੱਚ ਖੱਬੇਪੱਖੀ ਲਹਿਰ ਸਫਲ ਨਹੀਂ ਰਹੀ ਹੈ। ਉਹਨਾਂ ਕਿਹਾ ਕਿ ਕਮਿਊਨਿਸਟਾਂ ਦੀਆਂ 

ਸਿਧਾਂਤਕ ਘਾਟਾਂ ਕਾਰਨ ਹੀ ਉਹ ਭਾਰਤੀ ਸਮਾਜ ਨੂੰ ਠੀਕ ਤਰ੍ਹਾਂ ਨਾਲ਼ ਸਮਝ ਨਹੀਂ ਸਕੇ, ਫਿਰ ਵੀ ਦਲਿਤਾਂ ਦੇ ਹੱਕਾਂ ਅਤੇ ਇੱਜਤ ਲਈ ਲੜਨ ਅਤੇ ਕੁਰਬਾਨੀ ਦੇਣ ਵਿੱਚ ਵਿੱਚ ਉਹ ਸਭ ਤੋਂ ਅੱਗੇ ਰਹੇ ਹਨ।
ਦਿੱਲੀ ਤੋਂ ਆਏ ਹਿੰਦੀ ਮੈਗਜ਼ੀਨ 'ਆਹਵਾਨ' ਦੇ ਸੰਪਾਦਕ ਅਭਿਨਵ ਨੇ ਪਹਿਚਾਣ ਦੀ ਸਿਆਸਤ ਅਤੇ ਸਬਆਲਟਰਨ ਵਿਚਾਰਾਂ ਦੀ ਵਿਸਥਾਰ ਵਿੱਚ ਅਲੋਚਨਾ ਪੇਸ਼ ਕਰਦੇ ਹੋਏ ਕਿਹਾ ਕਿ ਜਮਾਤੀ ਸੰਘਰਸ਼ ਦਾ ਰਸਤਾ ਛੱਡ ਚੁੱਕੀਆਂ ਕਮਿਊਨਿਸਟ ਪਾਰਟੀਆਂ ਦੇ ਕੁਕਰਮਾਂ ਲਈ ਸਾਰੇ ਇਨਕਲਾਬੀਆਂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ।
ਸੋਸ਼ਲ ਸਾਈਂਸ ਸਟੱਡੀਜ ਸੈਂਟਰ, ਕਲਕੱਤਾ ਤੋਂ ਵੱਲੋਂ ਆਏ ਡਾ. ਪ੍ਰਸਕਨਵਾ ਸਿਨਹਾਰਾਏ ਨੇ ਕਿਹਾ ਕਿ ਦਲਿਤਾਂ ਅੰਦਰ ਵੱਖ ਵੱਖ ਪਛਾਣਾਂ ਨੂੰ ਦੇਖਿਆ ਜਾਣਾ ਜ਼ਰੂਰੀ ਹੈ। ਜਾਤ ਅੱਜ ਇੱਕ ਆਰਥਿਕ ਪ੍ਰਵਰਗ ਹੈ ਅਤੇ ਸਿਰਫ ਰਾਖਵੇਂਕਰਨ ਨਾਲ਼ ਦਲਿਤਾਂ ਦੀ ਬਰਾਬਰੀ ਨਹੀਂ ਆ ਸਕਦੀ।
ਰਿਪਬਲੀਕਨ ਪੈਂਧਰਜ, ਮੁਬੰਈ, ਸ਼ਰਦ ਗਾਇਕਵੜ, ਯੂਸੀਪੀਆਈ ਦੇ ਗੋਪਾਲ ਸਿੰਘ, ਬਾਮਸੇਫ ਦੇ ਹਰਿਚਰਣ ਸਾਪਲੇ, ਚੰਡੀਗੜ੍ਹ ਦੇ ਐਡਵੋਕੇਟ ਸ਼ਮਸ਼ੇਰ ਸਿੰਘ, ਸੰਗਰੂਰ ਤੋਂ ਆਏ ਸੰਦੀਪ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ।
ਪ੍ਰਧਾਨਗੀ ਮੰਡਲ ਵੱਲੋਂ ਡਾ. ਸੁਖਦੇਵ ਨੇ ਵੀ ਬਹਿਸ ਵਿੱਚ ਸਾਰਥਕ ਦਖਲ ਦਿੱਤਾ। ਪ੍ਰਧਾਨਗੀ ਮੰਡਲ ਦੇ ਹੋਰ ਮੈਂਬਰ ਚਿੰਤਨ ਵਿਚਾਰ ਮੰਚ, ਪਟਨਾ ਦੇ ਦੇਵਾਸ਼ੀਸ਼ ਬਰਾਤ ਅਤੇ ਕਾਤਿਆਇਨੀ ਸਨ।

-ਮੀਨਾਕਸ਼ੀ (ਪ੍ਰਬੰਧਕ ਟਰੱਸਟੀ), 
ਆਨੰਦ ਸਿੰਘ (ਸੈਕਟਰੀ), 
ਅਰਵਿੰਦ ਯਾਦਗਾਰੀ ਟਰੱਸਟ

ਵੱਧ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ-
ਕਾਤਿਆਇਨੀ- 09936650658, ਸੱਤਿਅਮ-09910462009 , ਨਮਿਤਾ-97807102



ਭਾਰਤੀ ਸਮਾਜ ਦੀ ਮੁਕਤੀ ਜਾਤ ਦੇ ਸਵਾਲ ਨੂੰ ਹੱਲ ਕੀਤੇ ਬਿਨਾਂ ਸੰਭਵ ਨਹੀਂ

ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ


ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ ਸ਼ੁਰੂ





No comments: