Friday, March 15, 2013

'ਜਾਤ ਦਾ ਸਵਾਲ ਅਤੇ ਮਾਰਕਸਵਾਦ'

ਚੰਡੀਗੜ ਦੇਸ਼ ਪੱਧਰੀ ਸੈਮੀਨਾਰ ਦਾ ਚੌਥਾ ਦਿਨ
ਜਾਤ ਪ੍ਰਬੰਧ ਜਗੀਰੂ ਤਾਕਤਾਂ ਦੀ ਨਹੀਂ, ਸਰਮਾਏਦਾਰੀ ਦੀ ਸੇਵਾ ਕਰ ਰਿਹਾ ਹੈ
ਚੰਡੀਗੜ, 15 ਮਾਰਚ। ਮੌਜੂਦਾ ਸਮੇਂ ਵਿੱਚ ਜਗੀਰੂ ਤਾਕਤਾਂ ਨਹੀਂ ਸਗੋਂ ਸਰਮਾਏਦਾਰਾ ਪ੍ਰਬੰਧ ਜਾਤ ਪ੍ਰਥਾ ਨੂੰ ਜਿਉਂਦਾ ਰੱਖਣ ਲਈ ਜਿੰਮੇਦਾਰ ਹੈ ਅਤੇ ਇਹ ਕਿਰਤੀ ਲੋਕਾਂ ਨੂੰ ਵੰਡਣ ਦਾ ਇੱਕ ਸ਼ਕਤੀਸ਼ਾਲੀ ਸਿਆਸੀ ਯੰਤਰ ਬਣ ਚੁੱਕਿਆ ਹੈ। ਇਸ ਲਈ ਇਹ ਸੋਚਣਾ ਗਲਤ ਹੈ ਕਿ ਸਰਮਾਏਦਾਰੀ ਅਤੇ ਉਦਯੋਗਿਕ ਵਿਕਾਸ ਨਾਲ਼ ਜਾਤ ਪ੍ਰਬੰਧ ਖੁਦ ਬ ਖੁਦ ਖਤਮ ਹੋ ਜਾਵੇਗਾ।
'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਭਕਨਾ ਭਵਨ ਵਿੱਚ ਜਾਰੀ ਦੇਸ਼ ਪੱਧਰੀ ਪੰਜ ਦਿਵਸੀ ਅਰਵਿੰਦ ਯਾਦਗਾਰੀ ਸੈਮੀਨਾਰ ਦੇ ਚੌਥੇ ਦਿਨ ਅੱਜ ਇੱਥੇ ਪੇਪਰ ਪੇਸ਼ ਕਰਦੇ ਹੋਏ 'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਸਿਨਹਾ ਨੇ ਇਹ ਗੱਲ ਕਹੀ। 'ਜਾਤ ਪ੍ਰਬੰਧ ਸਬੰਧੀ ਇਤਿਹਾਸ ਲੇਖਣੀ' 'ਤੇ ਕੇਂਦਰਤ ਆਪਣੇ ਪੇਪਰ ਵਿੱਚ ਉਹਨਾਂ ਨੇ ਜਾਤ ਪ੍ਰਥਾ ਦੇ ਉਤਪਤੀ ਅਤੇ ਵਿਕਾਸ ਬਾਰੇ ਸਾਰੇ ਪ੍ਰਮੁੱਖ ਇਤਿਹਾਸਕਾਰਾਂ ਦੇ ਵਿਚਾਰਾਂ ਦੀ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਕਿ ਜਾਤ ਕਦੇ ਵੀ ਇੱਕ ਜੜ ਪ੍ਰਬੰਧ ਨਹੀਂ ਰਹੀ ਹੈ, ਸਗੋਂ ਪੈਦਾਵਾਰੀ ਸਬੰਧਾਂ 'ਚ ਬਦਲਾਅ ਦੇ ਨਾਲ਼ ਇਸਦੇ ਸਰੂਪ ਅਤੇ ਵਿਸ਼ੇਸ਼ਤਾਵਾਂ ਵਿੱਚ ਵੀ ਬਦਲਾਅ ਆਉਂਦਾ ਰਿਹਾ ਹੈ। 
ਉਹਨਾਂ ਕਿਹਾ ਕਿ ਪ੍ਰਾਚੀਨ ਭਾਰਤ ਵਿੱਚ ਵਰਣ ਵਿਵਸਥਾ ਦਾ ਉਦੈ ਅਭਿੰਨ ਰੂਪ ਵਿੱਚ ਸਮਾਜ ਵਿੱਚ ਜਮਾਤਾਂ, ਰਾਜ ਅਤੇ ਪਿੱਤਰਸੱਤਾ ਦੇ ਉਦੈ ਨਾਲ਼ ਜੁੜਿਆ ਹੋਇਆ ਹੈ। ਆਪਣੀ ਉੱਤਪਤੀ ਤੋਂ ਲੈ ਕੇ ਅੱਜ ਤੱਕ ਜਾਤ ਵਿਚਾਰਧਾਰਾ ਹਾਕਮ ਜਮਾਤਾਂ ਦੇ ਹੱਥ ਵਿੱਚ ਇੱਕ ਮਜ਼ਬੂਤ ਔਜ਼ਾਰ ਰਹੀ ਹੈ। ਇਹ ਗਰੀਬ ਕਿਰਤੀ ਅਬਾਦੀ ਨੂੰ ਗੁਲਾਮ ਰੱਖਦੀ ਹੈ ਅਤੇ ਉਹਨਾਂ ਨੂੰ ਵੱਖ ਵੱਖ ਜਾਤਾਂ ਵਿੱਚ ਵੰਡ ਦਿੰਦੀ ਹੈ। ਸਰਮਾਏਦਾਰਾ ਪ੍ਰਬੰਧ ਨੇ ਜਾਤ ਅਧਾਰਤ ਕਿਰਤ ਵੰਡ ਅਤੇ ਖਾਣ-ਪੀਣ ਸਬੰਧੀ ਰੋਕਾਂ ਨੂੰ ਤੋੜ ਦਿੱਤਾ ਹੈ ਪਰ ਸਜਾਤੀ ਵਿਆਹ ਦੀ ਪ੍ਰਥਾ ਨੂੰ ਕਾਇਮ ਰੱਖਿਆ ਹੈ, ਕਿਉਂ ਕਿ ਸਰਮਾਏਦਾਰਾ ਪ੍ਰਬੰਧ ਨਾਲ਼ ਇਸਦਾ ਕੋਈ ਵਿਰੋਧ ਨਹੀਂ ਹੈ। 
ਇਸ ਤੋਂ ਪਹਿਲਾਂ ਕੱਲ ਸ਼ਾਮ ਦੇ ਸੈਸ਼ਨ ਵਿੱਚ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ ਨੇ 'ਜਾਤ, ਜਮਾਤ ਅਤੇ ਪਹਿਚਾਣ ਦੀ ਸਿਆਸਤ' ਵਿਸ਼ੇ 'ਤੇ ਅਤੇ ਸੋਸ਼ਲ ਸਾਈਂਸਸ ਸਟੱਡੀਜ ਸੈਂਟਰ, ਕਲਕੱਤਾ ਦੇ ਪ੍ਰਸਕਣਵ ਸਿੰਨਹਾਰਾਏ ਨੇ ਪੱਛਮੀ ਬੰਗਾਲ ਵਿੱਚ 'ਜਾਤ ਅਤੇ ਸਿਆਸਤ—ਖੱਬੇ ਮੋਰਚੇ ਦਾ ਬਦਲਦਾ ਚੇਹਰਾ' ਵਿਸ਼ੇ 'ਤੇ ਪੇਪਰ ਪੇਸ਼ ਕੀਤੇ।
ਸ਼ਿਵਾਨੀ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਪਹਿਚਾਣ ਦੀ ਸਿਆਸਤ ਲੋਕਾਂ ਦੇ ਸੰਘਰਸ਼ਾਂ ਨੂੰ ਟੁਕੜਿਆਂ ਵਿੱਚ ਵੰਡ ਕੇ ਸਰਮਾਏਦਾਰਾ ਪ੍ਰਬੰਧ ਦੀ ਹੀ ਸੇਵਾ ਕਰ ਰਹੀ ਹੈ। ਜਾਤ ਪਹਿਚਾਣ ਨੂੰ ਹੱਲਾਸ਼ੇਰੀ ਦੇਣ ਦੀ ਸਿਆਸਤ ਨੇ ਦਲਿਤ ਜਾਤਾਂ ਅਤੇ ਉਪਜਾਤਾਂ ਵਿਚਕਾਰ ਵੀ ਭਾਈਚਾਰਾ ਤੋੜਕ ਝਗੜਿਆਂ ਨੂੰ ਜਨਮ ਦਿੱਤਾ ਹੈ। ਜਾਤ, ਜੇਂਡਰ, ਕੌਮੀਅਤਾ ਆਦਿ ਵੱਖ ਵੱਖ ਪਹਿਚਾਣਾਂ ਦੀ ਲੁੱਟ-ਦਾਬੇ ਨੂੰ ਖਤਮ ਕਰਨ ਦੀ ਲੜਾਈ ਨੂੰ ਸਾਂਝੇ ਦੁਸ਼ਮਣ ਸਰਮਾਏਦਾਰਾ ਪ੍ਰਬੰਧ ਅਤੇ ਸਾਮਰਾਜਵਾਦ ਵੱਲ ਮੋੜਨੀ ਹੋਵੇਗੀ, ਅਤੇ ਇਹ ਕੰਮ ਜਮਾਤੀ ਇਕਮੁੱਠਤਾ ਨਾਲ਼ ਹੀ ਹੋ ਸਕਦਾ ਹੈ।
ਸ਼੍ਰੀ ਸਿਨਹਾਰਾਏ ਨੇ ਬੰਗਾਲ ਵਿੱਚ ਨਾਮਸ਼ੁਦਰਾਂ ਤੋਂ ਨਿਕਲੇ ਮਤੁਆ ਭਾਈਚਾਰੇ ਦੀ ਸਿਆਸਤ ਦੀ ਗੱਲ ਕਰਦੇ ਹੋਏ ਕਿਹਾ ਕਿ ਖੱਬਾ ਮੋਰਚਾ ਨੇ 1947 ਤੋਂ ਬਾਅਦ ਮਤੁਆ ਸ਼ਰਨਾਰਥੀਆਂ ਦੀਆਂ ਮੰਗਾਂ ਨੂੰ ਪੁਰਜ਼ੋਰ ਢੰਗ ਨਾਲ਼ ਚੁੱਕਿਆ ਸੀ, ਪਰ ਬਾਅਦ ਵਿੱਚ ਖੱਬੇ ਮੋਰਚੇ ਵਿੱਚ ਭਾਰੂ ਉਚ ਜਾਤੀ ਲੀਡਰਸ਼ਿਪ ਨੇ ਨ ਸਿਰਫ ਉਹਨਾਂ ਦੀ ਅਣਦੇਖੀ ਕੀਤੀ ਸਗੋਂ ਮਤੁਆ ਜਾਤ 'ਤੇ ਜ਼ਬਰ ਵੀ ਕੀਤਾ। ਪਿਛਲੀਆਂ ਚੋਣਾਂ ਵਿੱਚ ਕਈ ਇਲਾਕਿਆਂ ਵਿੱਚ ਖੱਬੇ ਮੋਰਚੇ ਦੀ ਹਾਰ ਦਾ ਇਹ ਵੀ ਕਾਰਨ ਸੀ।
ਪੇਪਰ 'ਤੇ ਜਾਰੀ ਬਹਿਸ ਵਿੱਚ ਦਖਲ ਦਿੰਦੇ ਹੋਏ ਸੁਖਵਿੰਦਰ ਨੇ ਕਿਹਾ ਕਿ ਜਾਤ ਪ੍ਰਬੰਧ ਨੂੰ ਜਗੀਰੂ ਪ੍ਰਬੰਧ ਨਾਲ਼ ਜੋੜ ਕੇ ਦੇਖਣ ਨਾਲ਼ ਤਾਂ ਨਾ ਤਾਂ ਦੁਸ਼ਮਣ ਦੀ ਸਹੀ ਪਛਾਣ ਹੋ ਸਕਦੀ ਹੈ ਅਤੇ ਨਾ ਹੀ ਸੰਘਰਸ਼ ਦੇ ਸਹੀ ਨਾਅਰੇ ਹੀ ਤੈਅ ਹੋ ਸਕਦੇ ਹਨ। ਅਸਲੀਅਤ ਇਹ ਹੈ ਕਿ ਅੱਜ ਭਾਰਤ ਵਿੱਚ ਦਲਿਤਾਂ ਦੀ ਲੁੱਟ-ਚੋਂਘ ਦਾ ਅਧਾਰ ਸਰਮਾਏਦਾਰਾ ਪ੍ਰਬੰਧ ਹੈ। ਜਮੀਨ ਵਾਹੁਣ ਵਾਲ਼ੇ ਨੂੰ ਦੇਣ ਦਾ ਨਾਅਰਾ ਅੱਜ ਪ੍ਰਸੰਗਿਕ ਨਹੀਂ ਰਹਿ ਗਿਆ ਹੈ। 
ਲੇਖਕ ਸ਼ਬਦੀਸ਼ ਨੇ ਕਿਹਾ ਕਿ ਬਾਹਮਣਵਾਦ ਵਿਰੁੱਧ ਆਪਣੀ ਨਫਰਤ ਕਰਕੇ ਅੰਬੇਡਕਰ ਬਸਤੀਵਾਦ ਦੀ ਸਾਜਿਸ਼ ਨੂੰ ਨਹੀਂ ਸਮਝ ਸਕੇ। ਦਲਿਤ ਦਾਬੇ ਨੂੰ ਲੈ ਕੇ ਅੰਬੇਡਕਰ ਦੀ ਪੀੜ ਸੱਚੀ ਸੀ, ਪਰ ਸਿਰਫ ਪੀੜ ਨਾਲ਼ ਹੀ ਕੋਈ ਮੁਕਤੀ ਦਾ ਫਲਸਫਾ ਨਹੀਂ ਬਣ ਜਾਂਦਾ।
ਸੰਹਤੀ ਨਾਲ਼ ਜੁੜੇ ਖੋਜਕਰਤਾ ਅਤੇ ਕਾਰਕੁੰਨ ਅਸਿਤ ਦਾਸ ਨੇ ਆਪਣੇ ਪੇਪਰ 'ਤੇ ਉੱਠੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸੋਚਣਾ ਹੋਵੇਗਾ ਕਿ ਜ਼ਬਰ-ਦਾਬੇ ਖਿਲਾਫ ਦਬੇ ਹੋਏ ਗੁੱਸੇ ਨੂੰ ਅਸੀਂ ਜਮਾਤੀ ਨਜਰੀਆਂ ਕਿਸ ਤਰ•ਾਂ ਦੇ ਸਕਦੇ ਹਾਂ।
ਨੇਪਾਲੀ ਕੌਮੀ ਮੁਕਤੀ ਮੋਰਚੇ ਦੇ ਪ੍ਰਧਾਨ ਤਿਲਕ ਪਰਿਹਾਰ ਨੇ ਕਿਹਾ ਕਿ ਸਾਮਰਾਜਵਾਦ ਅੱਜ ਵੀ ਫੁੱਟ ਪਾਓ ਰਾਜ ਕਰੋ ਦੀ ਨੀਤੀ ਤਹਿਤ ਪੂਰੀ ਦੁਨੀਆਂ ਵਿੱਚ ਪਹਿਚਾਣ ਦੀ ਸਿਆਸਤ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਨੇਪਾਲ ਵਿੱਚ ਦਲਿਤਾਂ ਵਿਚਕਾਰ ਹਜਾਰਾਂ ਗੈਰ ਸਰਕਾਰੀ ਜੱਥੇਬੰਦੀਆਂ ਸਰਗਰਮ ਹਨ ਜਿਨ•ਾਂ ਨੂੰ ਸਾਮਰਾਜਵਾਦ ਤੋਂ ਅਰਬਾਂ ਡਾਲਰ ਫੰਡਿੰਗ ਮਿਲਦੀ ਹੈ ਪਰ ਜਿਆਦਾਤਰ ਦਲਿਤ ਕਮਿਊਨਿਸਟਾਂ ਨਾਲ਼ ਖੜੇ ਹਨ। 
ਗੱਲਬਾਤ ਵਿੱਚ ਆਈ.ਆਈ.ਟੀ. ਹੈਦਰਾਬਾਦ ਦੇ ਪ੍ਰੋਫੈਸਰ ਅਤੇ ਕਵੀ ਲਾਲਟੂ, ਕਲਕੱਤਾ ਤੋਂ ਆਏ ਅਨੰਤ ਆਚਾਰਿਆ, ਮੁਬੰਈ ਤੋਂ ਆਏ ਪੱਤਰਕਾਰ ਪ੍ਰਭਾਕਰ, ਨੇਪਾਲ ਤੋਂ ਪਹੁੰਚੀ ਸੰਤੋਸ਼ੀ ਵਿਸ਼ਵਕਰਮਾ, ਲੁਧਿਆਣੇ ਤੋਂ ਦਰਸ਼ਨ ਖੇੜੀ, ਬੇਬੀ ਕੁਮਾਰੀ, ਸੰਦੀਪ, ਲਸ਼ਕਰ ਸਿੰਘ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। ਬਹਿਸ ਏਨੀ ਸਰਗਰਮ ਰਹੀ ਕਿ ਕੱਲ ਸ਼ੈਸ਼ਨ ਦਾ ਸਮਾਂ ਖਤਮ ਹੋ ਜਾਣ ਤੋਂ ਬਾਅਦ ਵੀ ਰਾਤ ਗਿਆਰਾਂ ਵਜੇ ਤੱਕ ਸੈਮੀਨਾਰ ਜਾਰੀ ਰਿਹਾ।
ਅੱਜ ਦੇ ਸੈਸ਼ਨ ਦੀ ਪ੍ਰਧਾਨਗੀ ਨੇਪਾਲ ਦੇ ਪ੍ਰਸਿੱਧ ਸਾਹਿਤਕਾਰ, ਨਿਨੂ ਚਪਾਗਾਈ, ਸੀਨੀਅਰ ਸਮਾਜਕ ਕਾਰਕੁੰਨ ਕਸ਼ਮੀਰ ਸਿੰਘ ਅਤੇ ਪ੍ਰਤੀਬੱਧ ਦੇ ਸੰਪਾਦਕ ਸੁਖਵਿੰਦਰ ਨੇ ਕੀਤੀ। ਮੰਚ ਸੰਚਾਲਨ ਨੌਜਵਾਨ ਭਾਰਤ ਸਭਾ ਦੇ ਤਪਿਸ਼ ਮੰਦੌਲਾ ਨੀ ਕੀਤਾ। 

No comments: