Sunday, March 10, 2013

ਸੂਹੀ ਸਵੇਰ ਦਾ ਸ਼ਾਹਮੁਖੀ ਐਡੀਸ਼ਨ ਲੋਕ ਅਰਪਣ

ਅਨਿਲ ਚਮੜੀਆ ਨੇ ਦਿਖਾਈ ਸਮਾਜ ਅਤੇ ਮੀਡੀਆ ਦੀ ਹਕੀਕਤ
ਲੁਧਿਆਣਾ:10 ਮਾਰਚ,2013: ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਖੋਵਾਲ ਦੀ ਪਬਲਿਕ ਲਾਇਬ੍ਰੇਰੀ ਵਿਖੇ ਅਦਾਰਾ ਸੂਹੀ ਸਵੇਰ ਵੱਲੋਂ ਆਪਣੀ ਵੈੱਬਸਾਈਟ ਦੀ ਪਹਿਲੀ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਾਵਾਇਆ ਗਿਆ।ਇਸ ਮੌਕੇ ਅਦਾਰੇ ਵੱਲੋਂ ਆਪਣੀ ਵੈੱਬਸਾਈਟ ਦੇ ਸ਼ਾਹਮੁਖੀ ਐਡੀਸ਼ਨ ਨੂੰ ਲੋਕ ਅਰਪਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਅਦਾਰਾ ਸੂਹੀ ਸਵੇਰ ਪਿਛਲੇ ਕੁਝ ਸਮੇਂ ਤੋਂ ਗੁਰਮੁਖੀ ਵਿੱਚ ਪੰਜਾਬੀ ਵੈੱਬਸਾਈਟ ਚਲਾ ਰਿਹਾ ਹੈ। ਸਮਾਗਮ ਦੇ ਸ਼ੁਰੂਆਤੀ ਦੌਰ ਵਿੱਚ ਪ੍ਰੋਗਰਾਮ ਦੇ ਪ੍ਰਬੰਧਕ ਸ੍ਰੀ ਹਰੀਸ਼ ਮੋਦਗਿੱਲ ਨੇ ਪਹੁੰਚੇ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਸੂਹੀ ਸਵੇਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਹੀ ਸਵੇਰ ਗੁਰਮੁਖੀ ਦੇ ਨਾਲ ਨਾਲ ਹੁਣ ਸ਼ਾਹਮੁਖੀ ਵਿੱਚ ਵੀ ਆਨਲਾਈਨ ਪੜ੍ਹੀ ਜਾ ਸਕੇਗੀ। ਇਸ ਨਾਲ ਦੋਹਾਂ ਪੰਜਾਬਾਂ ਨੂੰ ਸਾਂਝਾਂ ਮੰਚ ਮਿਲੇਗਾ। ਅਦਾਰੇ ਨਾਲ ਲਹਿੰਦੇ ਪੰਜਾਬ ਦੇ ਵੀ ਕਾਫ਼ੀ ਲੇਖਕ ਜੁੜੇ ਹੋਏ ਹਨ।ਸ਼ਾਹਮੁਖੀ ਦੇ ਸੰਪਾਦਕ ਚੜ੍ਹਦੇ ਪੰਜਾਬ ਤੋਂ ਵਿਕਰਮ ਸਿੰਘ ਸੰਗਰੂਰ ਅਤੇ ਲਹਿੰਦੇ ਪੰਜਾਬ ਤੋਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਆਸਿਫ਼ ਰਜ਼ਾ ਹਨ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਭਾਰਤ ਦੇ ਨਾਮਵਰ ਪੱਤਰਕਾਰ ਅਤੇ ਕਾਲਮਨਵੀਸ ਅਨੀਲ ਚਮੜੀਆ ਨੇ ਮੀਡੀਆ ਦੀ ਮਹੱਤਤਾ ਅਤੇ ਕਾਰਪੋਰੇਟ ਮੀਡੀਆ ਉੱਤੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਦਾ ਇੱਕ ਵੱਡਾ ਵਰਗ ਵਪਾਰਕ ਮੀਡੀਆ ਦੀ ਪਹੁੰਚ ਤੋਂ ਬਾਹਰ ਹੈ।ਇਸ ਮੌਕੇ ਬਹਿਸ ਦੇ ਸੈਸ਼ਨ ਦੌਰਾਨ ਉਨ੍ਹਾਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਜੋਕਾ ਮੀਡੀਆ ਇੱਕ ਵੱਖਰੀ ਕਿਸਮ ਦੇ ਸੱਭਿਆਚਾਰ ਨੂੰ ਲੋਕਾਂ ਉੱਤੇ ਥੋਪ ਰਿਹਾ ਹੈ। ਇਸ ਤੋਂ ਬਿਨਾਂ ਕੌਮੀ ਘੱਟ ਗਿਣਤੀ ਕਮੀਸ਼ਨ ਦੇ ਸਾਬਕਾ ਉੱਪ ਚੇਅਰਮੈਨ ਪ੍ਰੋ. ਬਾਵਾ ਸਿੰਘ ਨੇ ਅਦਾਰੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਕਾਰਜ ਜਿੱਥੇ ਦੋਵਾਂ ਮੁਲਕਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਕੇ ਆਵੇਗਾ, ਉੱਥੇ ਨਫ਼ਰਤ ਦੀਆਂ ਕੰਧਾਂ ਢਹਿਣਗੀਆਂ ਅਤੇ ਮੁਹੱਬਤ ਦਾ ਪੈਗ਼ਾਮ ਜਾਵੇਗਾ।
ਅਖੀਰ ਵਿੱਚ ਅਦਾਰਾ ਸੂਹੀ ਸਵੇਰ ਅਤੇ ਪੱਖੋਵਾਲ ਦੀ ਭਾਈ ਘਨੱਈਆਂ ਵੈੱਲਫੇਅਰ ਸੁਸਾਇਟੀ ਵੱਲੋਂ ਸ੍ਰੀ ਅਨਿਲ ਚਮੜੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

No comments: