Wednesday, March 20, 2013

9258 ਕਰੋੜ ਦੇ ਘਾਟੇ ਦਾ ਪੰਜਾਬ ਬਜਟ ਪੇਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ 300 ਕਰੋੜ ਰੁਪਏ
ਚੰਡੀਗੜ੍ਹ::ਆਖਿਰ ਪੰਜਾਬ ਦਾ  ਬਜਟ ਵੀ ਹੁਣ ਸਭ ਦੇ ਸਾਹਮਣੇ ਹੈ। ਸੂਬੇ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਬੁੱਧਵਾਰ ਨੂੰ ਪੰਜਾਬ ਦਾ 2013-14 ਦਾ ਬਜਟ ਪੇਸ਼ ਕੀਤਾ। ਇਸ ਮੌਕੇ ਤੇ ਆਪਣੇ ਬਜਟ ਭਾਸ਼ਣ ਦੌਰਾਨ ਆਰਥਿਕ ਢਾਂਚੇ ਦੀਆਂ ਬਾਰੀਕੀਆਂ ਸਮਝਾਉਂਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਲ 2014-15 ਤੱਕ ਮਾਲ ਆਮਦਨ ਸੰਤੁਲਨ ਪ੍ਰਾਪਤ ਕਰਨਾ ਬਹੁਤ ਹੀ ਜ਼ਰੂਰੀ ਹੈ। ਕੇਂਦਰ ਸਰਕਾਰ ਪ੍ਰਤੀ ਗਿਲਾ ਕਰਦਿਆਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਢੁਕਵੀਂ ਸਹਾਇਤਾ ਨਹੀਂ ਮਿਲੀ ਹੈ। ਸਾਲ 2013-14 ਦਾ ਕੁੱਲ ਬਜਟ 69,051,78 ਕਰੋੜ ਰੁਪਏ ਦਾ ਹੈ। ਉਨ੍ਹਾਂ ਆਪਣੇ ਬਜਟ ਭਾਸ਼ਣ ਦੌਰਾਨ ਸਪਸ਼ਟ ਕਿਹਾ ਕਿ ਇਹ ਬਜਟ 9258 ਕਰੋੜ  ਰੁਪਏ ਦੇ ਘਾਟੇ ਦਾ ਬਜਟ ਹੈ। ਉਨ੍ਹਾਂ ਕਿਹਾ ਕਿ 2012-13 ਦੌਰਾਨ ਪੰਜਾਬ ਵਿੱਤੀ ਘਾਟਾ ਘਟਾਉਣ 'ਚ ਸਫਲ ਰਿਹਾ ਹੈ। ਇਸਦੇ ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਕੇਂਦਰ ਵੱਲੋਂ ਗ੍ਰਾਂਟਾਂ ਦੀ ਘਾਟ ਕਾਰਨ ਮਾਲ ਆਮਦਨੀ ਪ੍ਰਾਪਤੀਆਂ 'ਚ ਘਾਟਾ ਹੋਇਆ ਹੈ।
ਇਸ ਬਜਟ ਦੌਰਾਨ ਵਿਸ਼ੇਸ਼ ਤੌਰ ਤੇ ਐਲਾਨ ਕੀਤਾ ਗਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ 300 ਕਰੋੜ ਰੁਪਏ ਅਤੇ ਪੰਜਾਬ ਖੇਤੀਬਾੜੀ ਕੌਮੀ ਬਾਗਬਾਨੀ ਲਈ 100 ਕਰੋੜ ਰੁਪਏ ਖਰਚੇ ਜਾਣਗੇ। ਇਸਦੇ ਨਾਲ ਹੀ ਖੇਤੀ ਬੀਮੇ ਲਈ 10 ਕਰੋੜ ਰੁਪਏ ਅਤੇ ਕਪਾਹ, ਤੇਲ ਅਤੇ ਦਾਲਾਂ ਆਦਿ ਦੀ ਖੇਤੀ ਉੱਨਤ ਕਰਨ ਲਈ 85 ਕਰੋੜ ਰੁਪਏ ਦਾ ਟੀਚਾ ਵੀ ਉਚੇਚੇ ਤੌਰ ਤੇ ਰੱਖਿਆ ਗਿਆ ਹੈ। ਬਜਟ ਦੌਰਾਨ ਖੇਤੀਬਾੜੀ ਮੋਹਾਲੀ ਦਫਤਰ ਲਈ 5 ਕਰੋੜ ਰੁਪਏ ਦਾ ਟੀਚਾ ਵੀ ਰੱਖਿਆ ਗਿਆ ਹੈ। ਇਸਦੇ ਨਾਲ ਹੀ ਸ਼੍ਰੀ ਢੀਂਡਸਾ ਨੇ ਇਕਾਸ ਦੇ ਕਈ ਹੋਰ ਮੁੱਦਿਆਂ ਦੀ ਗੱਲ ਕਰਦਿਆਂ ਕਿਹਾ ਕਿ ਸਾਲ 2013-14 ਲਈ ਬਿਜਲੀ, ਸੜਕਾਂ, ਪੇਂਡੂ ਜਲ ਸਪਲਾਈ ਅਤੇ ਸਿੱਖਿਆ 'ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਨੇ ਬਜਟ ਭਾਸ਼ਣ ਦੌਰਾਨ ਸਾਫਟ ਡਰਿੰਕ 'ਤੇ ਵੈਟ 13 ਤੋਂ ਵਧਾ ਕੇ 20.5 ਫੀਸਦੀ ਕਰਨ ਦਾ ਐਲਾਨ ਕੀਤਾ। ਬਜਟ ਦੌਰਾਨ ਸਿਗਰੇਟ 'ਤੇ ਵੀ ਵੈਟ 20 ਤੋਂ ਵਧਾ ਕੇ 50 ਫੀਸਦੀ ਕਰਨ ਦਾ ਐਲਾਨ ਕੀਤਾ ਗਿਆ। ਮਧਾਣੀ, ਚਕਲਾ-ਵੇਲਣਾ ਅਤੇ ਹੋਰ ਘਰੇਲੂ ਸਮਾਨ 'ਤੇ 5 ਫੀਸਦੀ ਵੈਟ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ।  ਇਸਦੇ ਨਾਲ ਹੀ ਹਰ ਤਰ੍ਹਾਂ ਦੇ ਤੰਬਾਕੂ ਉਤਪਾਦਾਂ 'ਤੇ 10 ਫੀਸਦੀ  ਸਰਚਾਰਜ ਵੱਖਰਾ ਲਗਾਉਣ ਦਾ ਵੀ ਐਲਾਨ ਕੀਤਾ ਗਿਆ। ਹੁਣ ਦੇਖਣਾ ਹੈ ਲੋਕ ਇਸਤੋਂ ਕਿੰਨੀ ਕੁ ਰਾਹਤ ਮਹਿਸੂਸ ਕਰਦੇ ਹਨ?
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਬਜਟ ਪ੍ਰਤੀ ਸਹਿਮਤੀ ਦਰਸਾਉਂਦਿਆਂ ਹਰਮਨ ਪਿਆਰੇ ਹਸਾਉਣੇ ਅੰਦਾਜ਼ ਵਿੱਚ ਪੰਜਾਬ ਦੇ ਕੋਲਡ ਡਰਿੰਕ ਪੀਣ ਦੇ ਸ਼ੂਕੀਨਾਂ ਨੂੰ ਠੰਡਾ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਬਜਟ 'ਚ ਵਿੱਤ ਮੰਤਰੀ ਵਲੋਂ ਕੋਲਡ ਡਰਿੰਕ 'ਤੇ ਵਧਾਏ ਗਏ ਟੈਕਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਬਾਦਲ ਨੇ ਕਿਹਾ ਕਿ ਕੋਲਡ ਡਰਿੰਕ ਸਿਹਤ ਲਈ ਚੰਗੀ ਨਹੀਂ ਹੈ ਲਿਹਾਜ਼ਾ  ਆਮ ਲੋਕਾਂ ਨੂੰ ਠੰਡਾ ਪਾਣੀ ਪੀਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਪੇਸ਼ ਕੀਤੇ ਗਏ ਬਜਟ 'ਚ ਕੋਲਡ ਡਰਿੰਕ 'ਤੇ ਵੈਟ 13 ਫੀਸਦੀ ਤੋਂ ਵਧਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ 'ਚ ਕੋਲਡ ਡਰਿੰਕ ਹੁਣ ਹੋਰ ਮਹਿੰਗੀ ਹੋ ਜਾਵੇਗੀ। ਕੋਲਡ-ਡ੍ਰਿੰਕਸ ਹੋਰ ਮਹਿੰਗੀ ਐਲਾਨ ਨੇ ਤੇਜ਼ੀ ਨਾਲ ਵਧ ਰਹੀ ਗਰਮੀ ਅਹਿਸਾਸ ਹੁਣ ਹੋਰ ਗਰਮ ਕਰ ਦਿੱਤਾ ਹੈ। 

No comments: