Monday, February 18, 2013

ਗੱਲ ਹਿੰਦੂ, ਸਿਖ, ਮੁਸਲਿਮ ਜਾਂ ਇਸਾਈ ਦੀ ਨਹੀਂ---

ਮਹਿਲਾਂ ਦੀ ਹੈ,--ਢੋਕਾਂ ਦੀ ਹੈ,--ਲੋਕਾਂ ਦੀ ਹੈ,--ਜੋਕਾਂ ਦੀ ਹੈ-
ਦੇਸ਼ ਦੀ ਆਜ਼ਾਦੀ ਲਈ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਤਰੱਕੀ ਲਈ ਸਾਰਿਆਂ ਨੇ ਆਪੋ ਆਪਣਾ ਹਿੱਸਾ ਪਾਇਆ। ਬਹੁਤ ਸਾਰੇ ਹਿੰਦੁਆ ਨੇ ਪੰਜਾਬ ਅਤੇ ਪੰਜਾਬੀ ਲਈ ਬਹੁਤ ਕੁਝ ਕੀਤਾ ਅਤੇ ਬਹੁਤ ਸਾਰੇ ਸਿੱਖਾਂ ਨੇ ਹਿੰਦੀ ਅਤੇ ਹਿੰਦੁਸਤਾਨ ਲਈ ਠੋਸ ਉਪਰਾਲੇ ਕੀਤੇ। ਇਹੀ ਗੱਲ ਇਸਾਈ ਅਤੇ ਮੁਸਲਿਮ ਭਾਈਚਾਰੇ ਤੇ ਵੀ ਢੁਕਦੀ ਹੈ। ਆਮ ਤੌਰ ਤੇ ਆਮ ਲੋਕਾਂ ਅਤੇ ਬੁਧੀਜੀਵੀਆਂ  ਵੱਲੋਂ ਕਦੇ ਅਜਿਹਾ ਕੁਝ ਨਹੀਂ ਵਾਪਰਿਆ ਜਿਸਨੂੰ ਫਿਰਕੂ ਆਖਿਆ ਜਾ ਸਕੇ। ਗੁਆਂਢੀ ਨੇ ਗੁਆਂਢੀ ਨੂੰ ਹਮੇਸ਼ਾਂ ਯਾਦ ਰੱਖਿਆ ਇਹ ਸਭ ਕੁਝ ਬਡ਼ਾ ਹੀ ਫਖਰਯੋਗ ਵੀ ਹੈ। ਪਰ ਏਥੋਂ ਦੇ ਬਹੁਤ ਸਾਰੇ ਸਿਆਸਤਦਾਨ ਸਿਰਫ ਕੁਰਸੀ ਲਈ ਕੁਝ ਨ ਕੁਝ ਅਜਿਹਾ ਕਰਦੇ ਰਹੇ ਜਿਸ ਨਾਲ ਦੇਸ਼ ਦੀ ਸੈਕੁਲਰ ਸੋਚ ਲਗਾਤਾਰ ਕਮਜ਼ੋਰ ਹੁੰਦੀ ਚਲੀ ਗਈ। ਗੱਲ ਭਾਵੇਂ ਕਿਹਰ ਸਿੰਘ ਨੂੰ ਫਾਂਸੀ ਦੇਣ ਦੀ ਹੋਵੇ ਤੇ ਭਾਵੇਂ ਸਤਵੰਤ ਸਿੰਘ ਨੂੰ। ਮਾਮਲਾ ਕਸਾਬ ਦਾ ਹੋਵੇ ਤੇ ਭਾਵੇਂ ਅਫਜਲ ਦਾ--ਹਰ ਵਾਰ ਇਹੀ ਕਿਹਾ ਗਿਆ ਕਿ ਕਾਨੂਨ ਨੇ ਆਪਣਾ ਕੰਮ ਕੀਤਾ। ਸਮਝ ਨਹੀਂ ਆਉਦੀ ਕਿ ਨਵੰਬਰ-84 ਦੇ ਮਾਮਲੇ ਵਿੱਚ ਇਸ ਕਾਨੂਨ ਦੇ ਲੰਮੇ ਹਥ ਕਿਸ ਕਾਰਣ ਆਪਣਾ ਕੰਮ ਨਹੀਂ ਕਰ ਸਕੇ ? ਇਸ ਤਰਾਂ ਦੀਆਂ ਕਈ ਗੱਲਾਂ ਨੇ ਕਈ ਸੁਆਲ ਖਡ਼ੇ ਕੀਤੇ ਜਿਹਨਾਂ ਦੀ ਚਰਚਾ ਕਰ ਰਹੇ ਹਨ ਹੋਂਦ ਚਿਲਡ਼ ਚ ਵਾਪਰੇ ਕਹਿਰ ਦਾ ਪਤਾ ਲਾਉਣ ਵਾਲੇ ਨੌਜਵਾਨ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਪਿਤਾ ਗੁਰਮੇਲ ਸਿੰਘ ਖਾਲਸਾ। ਇਸ ਲਿਖਤ ਨੂੰ ਪਡ਼੍ਹਦਿਆਂ ਕਈ ਵਾਰ ਮਹਿਸੂਸ ਹੁੰਦਾ ਹੈ ਕਿ ਲੇਖਕ ਫਿਰਕੂ ਜਹੀ  ਗੱਲ ਕਰ ਰਿਹਾ ਹੈ ਪਰ ਇਸ ਵਿੱਚ  ਕਸੂਰ ਲੇਖਕ ਦਾ ਨਹੀਂ ਉਹਨਾਂ ਦਾ ਹੈ ਜਿਹਨਾਂ ਨੇ ਬੇਗਾਨਗੀ ਦੀ ਇਸ ਭਾਵਨਾ ਨੂੰ ਨਾ ਸਿਰਫ ਜਨਮ ਦਿੱਤਾ ਬਲਕਿ ਬਾਰ ਬਾਰ ਮਜਬੂਤ ਵੀ ਕੀਤਾ। ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਆਪਣੀ ਇੱਕ ਕਵਿਤਾ ਵਿੱਚ ਸਾਫ਼ ਸਾਫ਼ ਲਿਖਿਆ ਸੀ:
''ਦੋ ਟੋਟਿਆਂ ਵਿੱਚ ਭੋਂ ਟੁੱਟੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ। 
ਦੋ ਧਡ਼ਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ''.। 

ਪ੍ਰੋਫੈਸਰ ਮੋਹਨ ਸਿੰਘ ਜੀ ਨਾਲ ਬਿਤਾਏ ਪਲਾਂ ਅਤੇ ਇਸ ਕਵਿਤਾ ਨੂੰ ਪਡ਼੍ਹਿਆਂ ਵੀ ਕਈ ਦਹਾਕੇ ਹੋ ਗਏ ਹਨ ਪਰ ਮੈਨੂੰ ਯਾਦ ਹੈ ਇਸ ਕਵਿਤਾ ਦੇ ਅਖੀਰ ਵਿੱਚ ਉਹਨਾਂ ਆਖਿਆ ਸੀ:
ਜਨਤਾ ਨੂੰ ਥਹੁ ਨ ਲੱਗਣ ਦਿੱਤਾ ਇਹਨਾਂ ਜਾਦੂਗਰ ਵਿਥਕਾਰਾਂ ਨੇ,
ਅਸਲੀਅਤ ਵਿੱਚ ਨੇ ਦੋ ਵਿੱਥਾਂ ਬਾਕੀ ਸਭ ਕੂਡ਼ੀਆਂ ਪਾਡ਼ਾਂ ਨੇ। 

...ਤੇ ਇਹਨਾਂ ਕੂਡ਼ੀਆਂ ਪਾਡ਼ਾਂ, ਇਹਨਾਂ ਦੇ ਹਮਾਇਤੀਆਂ, ਇਹਨਾਂ ਨੂੰ ਪਾਲਣ ਵਾਲਿਆ  ਅਤੇ ਇਹਨਾਂ ਸਿਰ ਪਲਣ ਵਾਲਿਆਂ....ਸਭਨੂੰ ਇਹ ਖਤਰਾ ਸਤਾ ਰਿਹਾ ਹੈ ਕਿ ਕਿਤੇ ਜਨਤਾ ਨੂੰ ਅਸਲੀਅਤ ਸਮਝ ਨਾ ਆ ਜਾਵੇ---ਇਸ ਲਈ ਲਗਾਤਾਰ ਡਰਾਮੇ ਹੁੰਦੇ ਹਨ ਇਸ ਅੱਗ ਨੂੰ ਬਲਦੀ ਰੱਖਨ ਲਈ।  ਸਫਦਰ ਹਾਸ਼ਮੀ ਤੇ ਹਮਲਾ ਕਿਓਂ ਹੋਇਆ? ਉਹ ਹਿੰਦੂ ਵੀ ਨਹੀਂ ਸੀ, ਉਹ ਸਿੱਖ ਵੀ ਨਹੀਂ ਸੀ। 
ਅੱਜ ਹਿੰਦੂ ਸਿੱਖ ਦੀਆਂ ਗੱਲਾਂ ਕਰਨ ਵਾਲੇ ਭੁੱਲ ਰਹੇ ਨੇ ਕਿ ਪੰਜਾਬੀ ਸਾਹਿਤ ਅਤੇ ਸੈਕੁਲਰ ਸੋਚ ਨੂੰ ਮਜਬੂਤ ਕਰਨ ਲਈ ਅਥਾਹ ਯੋਗਦਾਨ ਪਾਉਣ ਵਾਲਾ ਡਾਕਟਰ ਵਿਸ਼ਵਨਾਥ ਤਿਵਾਡ਼ੀ ਉਂਝ ਤਾਂ ਹਿੰਦੂ ਸੀ--ਪਰ ਸੀ ਉਹ ਪੰਜਾਬੀ ਦਾ ਅੰਨਾ ਸ਼ੈਦਾਈ। ਗੁਰੂਘਰ ਲਈ ਸਤਿਕਾਰ, ਪੰਜਾਬੀ ਨਾਲ ਪਿਆਰ ਅਤੇ ਮੁਸੀਬਤਾਂ ਦੇ ਸਤਾਏ ਲੋੜਵੰਦ ਵਿਅਕਤੀਆਂ ਦੀ ਕੋਈ ਨ ਕੋਈ ਪੱਕੀ ਮਦਦ ਦਾ ਵਸੀਲਾ- ਇਹ ਸਭਕੁਝ ਮੇਰੇ ਸਮੇਤ ਬਹੁਤ ਸਾਰਿਆਂ ਨੇ ਅੱਖੀਂ ਦੇਖਿਆ।ਆਖਿਰ ਡਾਕਟਰ ਤਿਵਾੜੀ ਤੇ ਗੋਲੀ ਚਲਾਉਣ ਵਾਲੇ ਕੌਣ ਸਨ? ਪੰਜਾਬ ਅਤੇ ਪੰਜਾਬੀ ਲਈ ਬਣਾਏ ਗਏ ਰੇਡੀਓ ਸਟੇਸ਼ਨ ਦੇ ਡਾਇਰੈਟਰ ਮੋਹਨ ਲਾਲ ਮਨਚੰਦਾ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਗੁਰਬਖਸ਼ ਸਿੰਘ ਪ੍ਰੀਤਲਡ਼ੀ ਦੇ ਪੋਤਰੇ ਸੁਮੀਤ ਸਿੰਘ ਦੀ ਸ਼ਹਾਦਤ ਅੱਜ ਵੀ ਸੁਆਲ ਕਰਦੀ ਹੈ। ਮਾਮਲਾ ਸਿਰਫ-ਹਿੰਦੂ ਸਿੱਖ ਜਿੰਨਾ ਤਾਂ ਨਹੀਂ। ਲੋਕਾਂ ਕੋਲੋਂ ਲੋਕਾਂ ਦੇ ਨਾਇਕ ਖੋਹ ਲਏ ਗਏ। ਲੋਕਾ ਨੂੰ ਮਹਿਲਾਂ ਅਤੇ ਢੋਕਾਂ ਦੀ ਵਿਥ ਦੱਸਣ ਵਾਲੇ ਸ਼ਹੀਦ ਕਰ ਦਿੱਤੇ ਗਏ। ਲੋਕਾਂ ਦਾ ਲਹੂ ਪੀਣ ਵਾਲੀਆਂ ਜੋਕਾਂ ਦੇ ਖਿਲਾਫ਼ ਉਠਦੇ ਲੋਕ ਰੋਹ ਨੂੰ ਬਾਰ ਬਾਰ ਕਿਸੇ ਨ ਕਿਸੇ ਬਹਾਨੇ ਕੁਰਾਹੇ ਪਾਇਆ ਗਿਆ। ਜੇ ਅੱਜ ਵੀ ਮਾਮਲਾ ਫਿਰਕੂ ਹਨੇਰਿਆਂ ਵਿੱਚ ਡੁੱਬਦਾ ਜਾ ਰਿਹਾ ਹੈ ਤਾਂ ਇਸੁ ਸਮਝਣ ਲਈ ਅੱਖਾਂ ਵਿੱਚ ਨਵੀਂ ਰੌਸ਼ਨੀ ਭਰਨ ਦੀ ਲੋਡ਼ ਹੈ। ਜੇ ਕਦੇ ਕੋਈ ਲੇਖਕ ਫਿਰਕੂ ਜਹੀ  ਗੱਲ ਕਰ ਰਿਹਾ ਮਹਿਸੂਸ ਹੁੰਦਾ ਹੈ ਤਾਂ ਕਈ ਵਾਰ  ਇਸ ਵਿੱਚ  ਕਸੂਰ ਲੇਖਕ ਦਾ ਨਹੀਂ ਸਗੋਂ ਉਹਨਾਂ ਦਾ ਹੁੰਦਾ ਹੈ ਜਿਹਨਾਂ ਨੇ ਬੇਗਾਨਗੀ ਦੀ ਇਸ ਭਾਵਨਾ ਨੂੰ ਨਾ ਸਿਰਫ ਜਨਮ ਦਿੱਤਾ ਹੁੰਦਾ ਹੈ ਬਲਕਿ ਬਾਰ ਬਾਰ ਮਜਬੂਤ ਵੀ ਕੀਤਾ ਹੁੰਦਾ ਹੈ।  ਇੱਕ ਟੀ ਵੀ ਸੀਰੀਅਲ ਆਇਆ ਸੀ ਚਾਣਕਿਆ ਬਾਰੇ। ਇਸ ਵਿੱਚ ਚਾਣਕਿਆ ਦੀ ਜਿੰਦਗੀ ਸੀ। ਜ਼ਿਕਰ ਆਉਂਦਾ ਹੈ ਉਸ ਵੇਲੇ ਦਾ ਜਦੋਂ ਚਾਣਕਿਆ ਦੇ ਪਿਤਾ ਨੂੰ ਕੈਦ ਕਰ ਲਿਆ ਜਾਂਦਾ ਹੈ। ਚਾਣਕਿਆ ਇਸ ਅਨਹੋਣੀ ਬਾਰੇ ਆਪਣੀ ਮਾਂ ਨੂੰ ਆ ਕੇ ਦਸਦਾ ਹੈ। ਇਸ ਖੀਰੀ ਹਕੀਕਤ ਦੇ ਰੂਬਰੂ ਹੋਣ ਦਾ ਉਹ ਸਮਾਂ ਬਡ਼ੀ ਖੂਬਸੂਰਤੀ ਨਾਲ ਦਿਖਾਇਆ ਗਿਆ। ਚਾਣਕਿਆ ਆਖਦਾ ਹੈ--ਸਚ ਲਈ ਲਡ਼ਨ ਵਾਲੇ  ਨੂੰ ਸਿਰਫ ਮੌਤ ਨਾਲ ਹੀ ਰੋਕਿਆ ਜਾ ਸਕਦਾ ਹੈ। ਇਸ ਸੀਰਿਅਲ ਦੇ ਇਹਨਾਂ ਸਬੰਧਿਤ ਅਨਸ਼ਨ ਨੂੰ ਤੁਸੀਂ ਪੰਜਾਬ ਸਕਰੀਨ ਇੰਟਰਨੈਸ਼ਨਲ ਤੇ ਦੇਖ ਸਕਦੇ ਹੋ ਸਿਰਫ ਇਥੇ ਕਲਿੱਕ ਕਰਕੇ। ਇਸ ਸੀਰਿਅਲ ਦੇ ਇਹ ਅੰਸ਼ ਕਈ ਥਾਵਾਂ ਤੇ ਪਾਏ ਹੋ ਸਕਦੇ ਹਨ ਪਰ ਇਥੇ ਕਲਿੱਕ ਕਰਨ ਨਾਲ ਤੁਹਾਡਾ ਇਸ ਨੂੰ ਲਭਣ ਦਾ ਸਮਾਂ ਜਰੂਰ ਬਚ ਜਾਏਗਾ। ਇਸ ਲਈ  ਗੱਲ ਹਿੰਦੂ, ਸਿਖ, ਮੁਸਲਿਮ ਜਾਂ ਇਸਾਈ ਦੀ ਨਹੀਂ---ਮਹਿਲਾਂ ਦੀ ਹੈ,--ਢੋਕਾਂ ਦੀ ਹੈ,---ਲੋਕਾਂ ਦੀ ਹੈ,---ਜੋਕਾਂ ਦੀ ਹੈ----ਗੱਲ ਉਹਨਾਂ ਅਨਸਰਾਂ ਦੀ ਹੈ ਜਿਹਡ਼ੇ ਨਹੀਂ ਚਾਹੁੰਦੇ ਕਿ ਜਨਤਾ ਨੂੰ ਇਹ ਹਕੀਕਤ ਸਮਝ ਆਵੇ। ਇਸ ਹਕੀਕਤ ਦੇ ਸੁਨੇਹੇ ਨੂੰ ਫੈਲਾਉਣ ਵਾਲੇ ਕਾਫ਼ਿਲੇ ਵੀ ਚੱਲਦੇ ਰਹਿਣਗੇ ਅਤੇ ਇਸ ਕਾਫ਼ਿਲੇ ਤੇ ਹਮਲੇ ਕਰਨ ਵਾਲੇ ਵੀ ਏਨੀ ਜਲਦੀ ਬਾਜ਼ ਆਉਂਦੇ ਨਹੀਉਂ ਲੱਗਦੇ। ਇਹਨਾਂ ਦੇ ਰੂਪ-ਸਰੂਪ ਨਹੀਂ ਇਹਨਾਂ ਦੇ ਇਰਾਦਿਆਂ ਨੂੰ ਸਮਝਣ ਦੀ ਲੋਡ਼ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਿੱਖੀ ਹੈ।  ਲੋਕਾਂ ਦੇ ਦੋਸਤਾਂ ਅਤੇ ਦੁਸ਼ਮਣਾਂ--ਦੋਹਾਂ ਵਿੱਚ ਹੀ ਹਿੰਦੂ-ਮੁਸਲਿਮ-ਸਿੱਖ-ਇਸਾਈ ਸਾਰੇ ਮਿਲਣਗੇ। ਉਹਨਾਂ ਦੇ ਮਨੁੱਖੀ  ਹੋਣ ਦਾ ਪਤਾ ਉਹਨਾਂ ਦੇ ਅਮਲਾਂ ਤੋਂ ਹੀ ਲੱਗਣਾ ਹੈ।--ਰੈਕਟਰ ਕਥੂਰੀਆ

ਹੌਦ ਚਿੱਲਡ਼ ਦੀ ਸੁਲਘਦੀ ਚੰਗਿਆਡ਼ੀ ਵੱਡਾ ਭਾਂਬਡ਼ ਬਣਨ ਦਾ ਖਤਰਾ

ਸਚ ਲਈ ਲਡ਼ਨ ਵਾਲੇ  ਨੂੰ ਸਿਰਫ ਮੌਤ ਨਾਲ ਹੀ ਰੋਕਿਆ ਜਾ ਸਕਦਾ ਹੈ--ਚਾਣਕਿਆ

Punjab Screen Blog TV


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ

No comments: