Friday, February 15, 2013

ਨਹੀਂ ਰਹੇ ਸ਼ਾਇਰ ਤਰਲੋਕ ਜੱਜ

......ਤੇ ਸ਼ਾਮੀ ਸਚਮੁਚ ਅੱਗ ਦੇ ਵਸਤਰਾਂ ਵਿੱਚ
ਆਖਦੇ ਨੇ ਸਤਯ ਯੋਗ ਦੇ ਮੁਤਾਬਿਕ ਜੇ ਕੋਈ ਵਿਅਕਤੀ ਹਰ ਵੇਲੇ ਹਰ ਮਾਮਲੇ ਵਿੱਚ ਜੇ ਬੋਲੇ ਤਾਂ ਸਿਰਫ ਸਚ ਹੀ ਬੋਲੇ ਤਾਂ ਉਸਨੂੰ ਬਹੁਤ ਕਸ਼ਟ ਆਉਂਦੇ ਨੇ---ਪਰ ਸਾਧਨਾ ਦਾ ਸਮਾਂ ਪੂਰਾ ਹੁੰਦਿਆਂ ਹੀ ਉਸਨੂੰ ਇਸਦਾ ਫਲ ਵੀ ਮਿਲਦਾ ਹੈ---ਉਸਦੀ ਜ਼ੁਬਾਨ ਤੇ ਸਰਸਵਤੀ ਬਿਰਾਜਮਾਨ ਹੋਣ ਲੱਗ ਪੈਂਦੀ ਹੈ---ਉਹ ਸਹਿਜ ਸੁਭਾ ਵੀ ਜੋ ਆਖਦਾ ਹੈ ਉਹ ਸਚ ਹੋਣ ਲੱਗ ਪੈਂਦਾ ਹੈ---
ਪਤਾ ਨਹੀਂ ਤਰਲੋਕ ਜੱਜ ਵੀ ਕੋਈ ਮਹਾਤਮਾ ਸੀ, ਜਾਂ ਫਿਰ ਯੋਧਾ ਜਾਂ ਫਿਰ ਹੋਰ ਵੀ ਬਹੁਤ ਕੁਝ---ਉਸਨੇ ਆਖਿਆ ਸੀ---
ਅਸੀਂ ਅੱਗ  ਦੇ ਵਸਤਰ ਪਾਉਣੇ ਨੇ ਨਜਦੀਕ ਨਾ ਹੋ...ਗੱਲ ਆਈ ਗਈ ਹੋ ਗਈ---ਸਭਨੇ ਕਿਹਾ ਬਹੁਤ ਵਧੀਆ ਰਚਨਾ... ਤੇ  ਸ਼ਾਮੀ ਉਹ ਸਚਮੁਚ ਅੱਗ ਦੇ ਵਸਤਰਾਂ ਵਿੱਚ ਸੀ। 
ਦੁਪਹਿਰ ਦੋ ਕੁ ਵਜੇ ਜਦੋਂ ਮੈਂ ਪੁਲਿਸ ਵਿਭਾਗ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਸੀ ਉਸ ਵੇਲੇ ਫੋਨ ਖੜਕਿਆ....! ਨਜਰ ਦੀ ਕਮਜ਼ੋਰੀ ਅਤੇ ਆਲੇ ਦੁਆਲੇ ਦੇ ਮਾਹੌਲ ਕਾਰਨ ਨੰਬਰ ਨਹੀਂ ਦੇਖ ਸਕਿਆ...ਫੋਨ ਜੇਬ ਚੋ ਕਢਿਆ ਤੇ ਅਛੋਪਲੇ ਜਹੇ ਸਿਧਾ ਕੰਨ ਨੂੰ ਲਾ ਲਿਆ....ਅੱਗਿਓਂ ਹਰਮੀਤ ਵਿਦਿਆਰਥੀ ਸੀ...ਮੈਂ  ਉਂਝ ਹੀ ਆਖ ਦਿੱਤਾ ਜਨਾਬ ਈਦ ਦਾ ਚੰਨ ਹੋ ਗਏ ਤੁਸੀਂ--ਜਵਾਬ ਵਿਚ ਆਵਾਜ਼ ਬੜੀ ਉਦਾਸ ਸੀ...ਉਦੋਂ ਪਤਾ ਲੱਗਿਆ ਮਿੱਤਰ ਤਰਲੋਕ ਜਜ ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਅੰਤਿਮ ਸੰਸਕਾਰ ਬਾਰੇ ਪੁਛਿਆ ਤਾਂ ਆਖਣ ਲੱਗਿਆ ਤੁਸੀਂ ਪਹੁੰਚ ਨਹੀਂ ਸਕਣਾ---ਉਂਝ ਸ਼ਾਮੀ ਚਾਰ ਵਜੇ ਹੈ....ਆਵਾਜਾਈ ਦੇ ਮਾਮਲੇ ਵਿੱਚ ਸਰਕਾਰੀ ਬਸਾਂ ਅਤੇ ਟਰੇਨਾਂ ਤੇ ਆਪਣੀ ਨਿਰਭਰਤਾ ਅੱਜ ਫਿਰ ਬਹੁਤ ਦੁਖਦਾਈ ਲੱਗੀ। ਇੱਕ ਮਿੱਤਰ ਦੇ ਅੰਤਿਮ ਦਰਸ਼ਨ---ਵਿਅਕਤੀ ਸਿਹਤ ਅਤੇ ਪੈਸੇ ਖੁਣੋ ਕਿੰਨਾ ਅਪਾਹਜ ਜਿਹਾ ਹੋ ਜਾਂਦਾ ਹੈ----ਤਰਲੋਕ ਦਾ ਜਾਣਾ--ਕੁਝ ਲਿਖਣਾ ਤਾਂ ਦੂਰ ਸੋਚਣਾ ਵੀ ਬੜਾ ਔਖਾ  ਲੱਗ ਰਿਹਾ ਹੈ। ਤਿੰਨ ਕੁ ਮਹੀਨੇ ਪਹਿਲਾਂ ਫੋਨ ਤੇ ਹੋਈ ਗੱਲਬਾਤ ਵਿੱਚ ਤਰਲੋਕ ਨੇ ਦੱਸਿਆ ਸੀ ਕੀ ਉਸਨੇ ਅੰਮ੍ਰਿਤਸਰੋਂ ਚੈਕਅਪ ਕਰਾਇਆ ਸੀ ਤੇ ਡਾਕਟਰ ਉਸੇ ਵੇਲੇ ਦਾਖਿਲ ਹੋਣ ਲਈ ਆਖ ਰਿਹਾ ਸੀ। ਫਿਰ ਫਿਰੋਜਪੁਰ ਤੋਂ ਦੁਬਾਰਾ ਜਾਂਚ ਕਰਾਈ ਤਾਂ ਮਾਮਲਾ ਕੁਝ ਠੀਕ ਨਿਕਲਿਆ। ਬੜਾ ਭਰੋਸੇ ਅਤੇ ਹਿੰਮਤ ਵਾਲਾ ਅੰਦਾਜ਼ ਸੀ----ਉਸ ਪੂਰੇ ਵਿਸ਼ਵਾਸ  ਆਖਿਆ----ਜਲਦੀ ਹੀ ਪੂਰਾ ਠੀਕ ਹੋ ਜਾਵਾਂਗਾ।  ਕੁਝ ਦਿਨ ਪਹਿਲਾਂ ਫਿਰ ਤਰਲੋਕ ਦੇ ਢਿੱਲੇ ਹੋਣ ਦੀ ਖਬਰ ਫੇਸਬੁਕ ਤੇ ਸੀ। ਸੋਚਿਆ ਖੁਦ ਜਾ ਕੇ ਆਉਂਦਾ ਹਾਂ। ਦੇਰ ਸ਼ਾਮ ਨੂੰ ਆਪਣੇ ਮਿੱਤਰ ਅਤੇ ਕਜ਼ਨ ਇੰਦਰਜੀਤ ਕਾਲੜਾ ਅਬੋਹਰ ਨੂੰ ਫੋਨ ਤੇ ਆਖਿਆ ਕਿ  ਮੈਂ ਸਵੇਰੇ ਆ ਰਿਹਾ ਹਾਂ ਕੁਝ ਸਮਾਂ ਫਿਰੋਜਪੁਰ ਰੁਕ ਕੇ---...ਪਰ ਸ਼ਾਇਦ ਇਹ ਸਭ ਨਹੀਂ ਸੀ ਹੋ ਸਕਣਾ। ਸਵੇਰ ਦਾ ਪ੍ਰੋਗਰਾਮ  ਕਿਸੇ ਕਾਰਨ ਅਜਿਹਾ ਕੈਂਸਲ ਹੋਇਆ  ਕਿ ਮੁੜਕੇ ਨਹੀਂ ਬਣਿਆ। ਕਦੇ ਕੋਈ ਰਿਕਾਰਡਿੰਗ ਅਤੇ ਕਦੇ ਕੁਝ ਹੋਰ। ਨਾਲ ਸਿਹਤ ਦੀ ਖਰਾਬੀ। ਕੁਲ ਮਿਲਾ ਕੇ ਤਰਲੋਕ ਨਾਲ ਇੱਕ ਵਾਰ ਫਿਰ ਮਿਲ ਸਕਣ ਦੀ ਗੱਲ ਅਧੂਰੀ ਰਹਿ ਗਈ। ਓਹ ਸਾਰੀਆਂ ਗੱਲਾਂ ਮਨ ਵਿੱਚ ਰਹਿ ਗਈਆਂ ਜਿਹੜੀਆਂ ਉਸ ਨਾਲ ਕਰਨੀਆਂ ਸਨ।ਹੁਣ ਅਸੀਂ ਕਦੇ ਵੀ ਨਾ ਤਾਂ  ਇੱਕ ਦੂਜੇ ਨੂੰ ਕੋਈ ਸੁਆਲ ਕਰ ਸਕਾਂਗੇ ਅਤੇ ਨਾ ਹੀ ਕਦੇ ਜੁਆਬ ਮਿਲੇਗਾ। ਨਾ ਗਿਲਾ-ਸ਼ਿਕਵਾ, ਨਾ ਹੀ ਕੁਝ ਹੋਰ। ਫਿਰੋਜਪੁਰ ਡਾਕਟਰ ਹਰਜਿੰਦਰ  ਸਿੰਘ ਲਾਲ ਦੀ ਡਿਸਪੈਂਸਰੀ....ਡਾਕਟਰ ਲਾਲ ਦੇ ਉੱਦਮ ਨਾਲ ਹੀ ਆਏ ਦਿਨ ਕੋਈ ਨ ਕੋਈ ਕਲਮੀ ਉਪਰਾਲਾ---ਮਤਭੇਦਾਂ ਦੇ ਬਾਵਜੂਦ ਇੱਕ ਹੋ ਕੇ ਵਿਚਰਦੇ ਵਿਰੋਧੀ ਧੜੇ---ਹਰ ਰੋਜ਼---ਜੱਜ ਅਤੇ ਹੋਰਨਾਂ ਲਿਖਾਰੀਆਂ ਨਾਲ ਮਿਲਣੀਆਂ----ਲਿਖਾਰੀ ਸਭਾਵਾਂ ਦੀਆਂ ਸਰਗਰਮੀਆਂ----ਕੇਂਦਰੀ ਯੁਵਕ ਲਿਖਾਰੀ ਸਭਾ  ਦਾ ਗਠਨ---ਗਜ਼ਲਾਂ ਦੇ ਮੁਕਾਬਲੇ----ਜੇਤੂਆਂ ਨੂੰ ਸੋਨੇ ਦੇ ਮੈਡਲ----ਹਰਦਿਆਲ ਕੇਸ਼ੀ, ਸ਼ਿਵ ਕੁਮਾਰ ਸ਼ਰਮਾ, ਗਿਆਨੀ ਰਾਜਿੰਦਰ ਸਿੰਘ ਛਾਬੜਾ, ਦਲੀਪ ਸਿੰਘ ਭੁਪਾਲ ਅਤੇ ਹੋਰ ਕਿੰਨਾ ਈ ਕੁਝ---ਬਹੁਤ ਕੁਝ ਯਾਦ ਆਰਿਹਾ ਹੈ-----ਓਹ ਦਿਨ ਆਰਥਿਕ ਅਤੇ ਕਈ ਹੋਰ ਪੱਖਾਂ ਤੋਂ ਬੜੇ ਈ ਔਖੇ ਸਨ---ਪਰ ਫਿਰ ਵੀ ਇੰਝ ਲੱਗਦਾ ਸੀ ਕਿ ਅਸਮਾਨ ਸਾਡੇ ਪੈਰਾਂ ਹੇਠ ਹੈ---ਤੇ ਤਾਰੇ ਇਸ ਆਕਾਸ਼ ਵਿੱਚ ਅਸੀਂ ਈ ਟੁੰਗਣੇ ਹਨ-----ਹੁਣ ਲੱਗਦੈ  ਹੇਠਲੀ ਉੱਤੇ ਹੋ ਗਈ ਹੈ---ਦੁੱਖ ਅਤੇ ਗਮ ਦਾ ਕੋਈ ਜਵਾਲਾਮੁਖੀ ਸਾਡੇ ਸਿਰਾਂ ਤੇ ਆ ਪਿਆ ਹੈ----ਨਾ ਸਾਡੇ ਵਿੱਚ ਹਿੰਮਤ ਹੈ ਤੇ ਨਾ ਹੀ ਸਾਡੀ ਮਰਜ਼ੀ--ਪਰ ਕਹਿਣਾ ਹੀ ਪੈਣਾ ਹੈ------
ਅਸਾਂ ਅੱਗ ਦੇ ਵਸਤਰ ਪਾਉਣੇ ਨੇ ,ਨਜ਼ਦੀਕ ਨਾ ਹੋ
ਅਸਾਂ ਧਰਤ ਆਕਾਸ਼ ਜਲਾਉਣੇ ਨੇ ਨਜ਼ਦੀਕ ਨਾ ਹੋ
ਮੈਨੂੰ ਸ਼ੀਸ਼ੇ ਨੇ ਠੁਕਰਾ ਕੇ ਪਥਰ ਕੀਤਾ ਹੈ
ਹੁਣ ਮੈਂ ਸ਼ੀਸ਼ੇ ਤਿਡ਼ਕਾਓਨੇ ਨੇ, ਨਜ਼ਦੀਕ ਨਾ ਹੋ.....
(ਤਰਲੋਕ ਜੱਜ)
ਜਿਸਮਾਨੀ ਤੌਰ ਤੇ ਤੁਰ ਗਿਆ ਤਰਲੋਕ ਜੱਜ ਸਾਡੇ ਸਾਰਿਆਂ ਦੇ ਦਿਲਾਂ ਵਿਚ ਬਣਿਆ ਰਹੇਗਾ ਪਰ ਫਿਰ ਵੀ ਉਸਦੀ ਯਾਦ ਨੂੰ ਹਰ ਪਾਲ ਕਾਇਮ ਰੱਖਨ ਲਈ ਕੋਈ ਉਪਰਾਲਾ ਜਰੂਰੀ ਹੈ। --ਰੈਕਟਰ ਕਥੂਰੀਆ 

No comments: