Thursday, February 14, 2013

ਫਿਲਮ ਜਾਗਤੇ ਰਹੋ ਦੀ ਯਾਦ ਤਾਜ਼ਾ ਕਰਦੀ ਪੁਸਤਕ

ਡਾਇਰੈਕਟ ਦਿਲ ਸੇਪ੍ਰੋਫੈਸਰ ਵਿੰਮੀ ਭਾਟੀਆ ਦਾ ਚਾਨਣ ਮੁਨਾਰਾ
ਕਈ ਦਹਾਕੇ ਪਹਿਲਾਂ ਇੱਕ ਫਿਲਮ ਆਈ ਸੀ- ਜਾਗਤੇ ਰਹੋ। ਤਕਰੀਬਨ ਤਕਰੀਬਨ ਇਹ ਸਾਰੀ ਫਿਲਮ ਪਿਆਸ ਬੁਝਾਉਣ ਲਈ ਦੋ ਘੁੱਟ ਪਾਣੀ ਲਭ ਰਹੇ ਨਾਇਕ ਦੁਆਲੇ ਘੁੰਮਦੀ ਹੈ। ਦੋ ਘੁੱਟ ਪਾਣੀ ਦੀ ਭਾਲ ਵਿੱਚ ਭਟਕਦਾ ਹੀਰੋ ਕਦੇ ਕਿਤੇ ਪਹੁੰਚ ਜਾਂਦਾ ਹੈ ਅਤੇ ਕਦੇ ਕਿਤੇ। ਸਾਰੀ ਰਾਤ ਦੀ ਭਟਕਣਾ ਵਿੱਚ ਉਸ ਸ਼ਰੀਫ਼, ਪਿਆਸੇ ਅਤੇ ਮਾਸੂਮ ਬੰਦੇ ਮਤਲਬ ਰਾਜ ਕਪੂਰ ਨੂੰ ਸਮਾਜ ਦੀਆਂ ਕਰਤੂਤਾਂ ਦੀ ਸ਼ਰਮਨਾਕ ਤਸਵੀਰ ਨਜ਼ਰ ਆਉਂਦੀ ਹੈ। ਸਮਾਜ ਦੀ ਸਾਰੀ ਕਰੂਪਤਾ ਅਤੇ ਦੋਗਲੇਪਨ ਨੂੰ ਬੇਨਕਾਬ ਕਰਦੀ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਈ ਸੀ ਅਤੇ ਅੱਖਾਂ ਵੀ ਖੋਹ੍ਲਦੀ ਸੀ। ਇਸਦਾ ਗੀਤ ਸੰਗੀਤ ਵੀ ਦਿਲ ਨੂੰ ਛੂਹੰਦਾ ਸੀ।  ਅੱਜ ਅਚਾਨਕ ਇਸਦੀ ਯਾਦ ਆਈ ਪ੍ਰੋਫੈਸਰ ਵਿੰਮੀ ਭਾਟੀਆ  ਦੇ ਕਾਵਿ ਸੰਗ੍ਰਹਿ ਚਾਨਣ ਮੁਨਾਰਾ ਵਿਚਲੀ ਇੱਕ ਕਵਿਤਾ ਸੈਰਗਾਹ ਪੜ੍ਹਕੇ। ਕਵਿਤਾ ਇੱਕ ਤਸਵੀਰ ਖਿਚਦੀ ਹੈ ਮਾਡਲ ਟਾਊਨ ਦੇ ਇੱਕ ਪਾਰਕ ਵਿੱਚ ਲੱਗੇ ਫੁਹਾਰੇ ਦੀ। ਫੁਹਾਰਾ ਰਾਤ ਦੀ ਖਮੋਸ਼ੀ ਵਿੱਚ ਇੱਕਲਾ ਖੜਾ ਸੋਚਦਾ ਹੈ ਕਿ  ਅੱਜ ਕੌਣ ਕੌਣ ਨਹੀਂ ਆਇਆ। ਫਿਰ ਉਹ ਯਾਦ ਕਰਦਾ ਹੈ ਇੱਕ ਬਜੁਰਗ ਬੀਬੀ ਜਿਸਦੀ ਨੂੰਹ ਸਾਰੇ ਟੱਬਰ ਸਮੇਤ ਅਨ੍ਰੀਕਾ ਘੁੰਮਣ ਗਈ ਹੈ  ਆਖ ਗਈ ਹੈ--ਘਰ ਦਾ ਖਿਆਲ ਰੱਖਿਓ। ਇਸੇ ਤਰਾਂ ਇਹ ਫੁਹਾਰਾ ਇੱਕ ਇੱਕ ਵਿਅਕਤੀ ਨੂੰ ਗਿਣਦਾ ਹੋਇਆ ਸਾਰੇ ਸਮਾਜ ਦੀ ਹਕੀਕੀ ਤਸਵੀਰ ਪਾਠਕਾਂ ਸਾਹਮਣੇ ਬੜੇ ਹੀ ਸਲੀਕੇ ਨਾਲ  ਕਰਦਾ ਹੈ। ਇਸੇ ਤਰਾਂ ਪਰੀ ਨਾਮੀ ਕਵਿਤਾ ਵਿੱਚ ਦਾਜ ਦੀ ਮੰਗ ਕਰਨ ਵਾਲੀਆਂ ਹਥੋਂ ਮਰਦਿਆ  ਦੀ  ਹੈ। ਸ਼ਾਇਰਾ ਸੁਆਲ ਵੀ ਕਰਦੀ ਹੈ: 
ਜੇ ਚਲਦਾ ਰਿਹਾ ਸਿਲਸਿਲਾ 
ਇਹ ਪੁਰਾਣਾ   
ਤਾਂ ਧੀਆਂ ਦਾ ਜਗ ਤੋਂ 
ਨਿਸ਼ਾਨ ਮਿਟ ਹੈ ਜਾਣਾ 
ਚੱਲੇਗੀ ਕਿਵੇਂ ਬ੍ਰਹਮਾ ਵਿਸ਼ਨੂੰ ਦੀ  ਸ੍ਰਿਸ਼ਟੀ 
ਆਓ ਬਦਲ ਦੇਈਏ 
ਆਪਣੀ ਇਹ ਦ੍ਰਿਸ਼ਟੀ। 
ਕੰਪਿਊਟਰੀਕਰਨ ਕਵਿਤਾ ਵਿੱਚ ਉਹ ਚਿੰਤਾ ਪ੍ਰਗਟ ਕਰਦਿਆਂ ਆਖਦੀ ਹੈ:
ਬੱਚੇ ਦੇ ਦਿਮਾਗ ਦਾ ਕੰਪਿਊਟਰੀਕਰਨ ਹੋ ਰਿਹਾ ਹੈ 
ਜਿਸ ਵਿੱਚ ਇਕ ਹਾਰਡ ਡਿਸਕ 
ਫਿਟ ਕਰ ਰਹੇ ਨੇ 
ਤੇ ਗਿਆਨ ਦਾ ਸੋਫਟ ਵੇਅਰ 
ਤੁੰਨ ਤੁੰਨ ਕੇ ਭਰ ਰਹੇ ਨੇ। 
ਨੌਕਰੀਆ ਚ ਹੁੰਦੇ ਸ਼ੋਸ਼ਣ ਦੀ ਗੱਲ ਕਰਦਿਆਂ ਉਹ ਕਿਰਤ ਨਾਮ ਦੀ ਕਵਿਤਾ ਵਿੱਚ ਇੱਕ ਨੌਜਵਾਨ ਪੁੱਤ ਕੋਲੋਂ ਮਨ ਨੂੰ ਅਖਵਾਉਂਦੀ ਹੈ: 
ਕੀ ਲੈਣਾ ਨੌਕਰੀਆਂ ਚੋਂ  
ਇਹਨਾਂ ਲੁੱਟ ਦੀਆਂ ਟੋਕਰੀਆਂ  ਚੋਂ...
---
ਮੈਂ ਬਣਕੇ ਕਾਬਲ ਕਿਰਤੀ 
ਕੋਈ ਚੰਗੀ ਕਰਤ ਕਰਾਂਗਾ 
ਬਸ ਰੁੱਖੀ ਮਿੱਸੀ ਖਾ ਕੇ 
ਪ੍ਰਭੁ ਭਾਣੇ ਨੂੰ ਜਰਾਂਗਾ।
ਥਾਂ ਥਾਂ ਹੁੰਦੇ ਕਤਲਾਂ ਵਾਲੀ ਅਣਮਨੁੱਖੀ ਸਥਿਤੀ ਅਤੇ ਅਸੁਰਖਿਅਤ ਸਮਾਜ ਵੱਲ ਇਸ਼ਾਰਾ ਕਰਦਿਆਂ ਉਹ ਇੱਕ ਬੱਚੇ ਕੋਲੋਂ ਸੁਆਲ ਦੇ  ਵਿੱਚ ਅਖਵਾਉਂਦੀ ਹੈ;
ਪੁੱਛਿਆ ਪਿਤਾ ਜੀ ਪਾਸੋਂ ਫਿਰ ਇਕ ਸੁਆਲ- 
ਭਲਾ ਕੁੱਤਾ ਤਾਂ ਸੀਗਾ ਕੁੱਤੇ ਦਾ ਵੈਰੀ।
ਕੀ ਬੰਦਾ ਵੀ ਹੁੰਦਾ ਹੈ ਬੰਦੇ ਦਾ ਵੈਰੀ? 
ਸ਼ਿਵਲਿੰਗ ਤੇ ਦੁਧ ਚੜ੍ਹਾਉਣ ਦੀ ਪਰੰਪਰਾ ਕਾਫੀ ਪੁਰਾਣੀ ਹੈ। ਸ਼ਾਇਰਾ ਇਸਨੂੰ ਆਪਣੇ ਨਜ਼ਰੀਏ ਨਾਲ  ਕਹਿੰਦੀ ਹੈ:
ਕੈਲਾਸ਼ ਪਰਵਤ ਤੇ 
ਪਾਰਵਤੀ ਸੰਗ ਬੈਠੇ 
ਬੇਚੈਨ ਸ਼ਿਵਜੀ 
ਬੋਲ ਰਹੇ ਸਨ 
ਕਿਓਂ ਮੇਰੇ ਭਗਤ 
ਮਹਿੰਗਾਈ ਦੇ ਇਸ ਦੌਰ 
ਐਨਾ ਦੁਧ ਮੇਰੇ ਉੱਤੇ ਡੋਲ੍ਹ ਰਹੇ ਨੇ?
ਕੀ ਇਸ ਮੰਦਰ ਦੇ ਬਾਹਰ 
 ਮਾਂਵਾਂ ਦੇ ਸੀਨਿਆਂ ਨਾਲ ਚਿੰਬੜੇ 
ਤੇ ਦੁਧ ਦੇ ਘੁੱਟ ਨੂੰ ਤਰਸਦੇ 
ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ 
ਇਹਨਾਂ ਦੇ ਕਨੀਂ ਨਹੀਂ ਪੈ ਰਹੀਆਂ ?
ਏਸੇ ਪੁਸਤਕ ਵਿੱਚ ਲਾਫਿੰਗ ਬੁਧਾ, ਸ਼ੀਸ਼ਾ, ਬੋਝ, ਹੁਸ਼ਿਆਰੀ, ਗਿਰਗਟਾਂ,ਰਾਵਣ ਦਹਿਣ  ਕਵਿਤਾਵਾਂ ਵਿੱਚ ਵੀ ਸਮਾਜ ਦਾ ਅਸਲੀ ਚਿਹਰਾ ਦਿਖਾਇਆ ਗਿਆ ਹੈ।ਸ਼ਾਇਰਾ ਨੇ ਪੰਜਾਬ ਦੇ ਨਾਲ ਨਾਲ ਮੈਲਬੋਰਨ (ਆਸਟਰੇਲੀਆ) ਵਿੱਚ ਵੀ ਕੁਝ ਸਮਾਂ ਬਿਤਾਇਆ ਹੈ ਸੋ ਉਸਦਾ ਜਿੰਦਗੀ ਨੂੰ ਦੇਖਣ ਦਾ  ਨਜ਼ਰੀਆ ਵੀ ਬਹੁਤ ਵਿਸ਼ਾਲ ਹੋ ਗਿਆ ਹੈ। ਪਰ ਇਸ ਵਿਸ਼ਾਲਤਾ ਦੇ ਬਾਵਜੂਦ ਉਸਦਾ  ਪੰਜਾਬ ਨਾਲ  ਭੰਗ ਨਹੀਂ ਹੋਇਆ। ਉਸਨੇ ਆਕਾਸ਼ ਦੀਆਂ ਉਡਾਰੀਆਂ ਲਾ ਕੇ ਵੀ  ਧਰਤੀ ਵਿਚਲੀਆਂ ਜੜ੍ਹਾਂ ਨਹੀਂ ਛੱਡੀਆਂ। ਇਸ ਲਈ ਇਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ ਪਾਠਕ ਵੀ ਜਮੀਨ ਤੋਂ ਅਸਮਾਨ ਤੱਕ ਦੀ ਵਿਸ਼ਾਲਤਾ ਦੇ ਅਨੁਭਵ ਨੂੰ ਮਹਿਸੂਸ ਕਰਨ ਲੱਗ ਪੈਂਦਾ ਹੈ। ਜੇ ਤੁਸੀਂ  ਯਕੀਨ ਨਹੀਂ ਕਰਦੇ ਤਾਂ ਖੁਦ ਤਜਰਬਾ ਕਰਕੇ ਦੇਖ ਲਓ।
ਇਸ ਪੁਸਤਕ ਨੂੰ ਬਹੁਤ ਹੀ ਖੂਬਸੂਰਤ ਸਰਵਰਕ ਨਾਲ ਪ੍ਰਕਾਸ਼ਿਤ ਕੀਤਾ ਹੈ-ਲਾਹੌਰ ਬੁੱਕ ਸ਼ਾਪ ਨੇ। ਇਹਨਾਂ 60 ਕੁ ਸਫਿਆਂ ਵਿੱਚ 30 ਕਵਿਤਾਵਾਂ ਹਨ ਅਤੇ ਕੀਮਤ ਹੈ ਸਿਰਫ 100 ਰੁਪਏ। ਇਸ ਪੁਸਤਕ ਨੂੰ ਪੜ੍ਹਕੇ ਕੇ ਹੀ ਪਤਾ ਲੱਗਦਾ ਹੈ ਕਿ ਇਹ ਸਿਧਾ ਦਿਲ ਚੋਂ ਨਿਕਲੀਆਂ ਕਵਿਤਾਵਾਂ ਹਨ। ਪੂਰੇ ਵੇਗ ਨਾਲ ਆਪਣੀ ਗੱਲ ਆਖਦਿਆਂ ਹਨ ਸਮਾਜ ਦੀਆਂ ਖੋਖਲੀਆਂ ਰਸਮਾਂ ਅਤੇ ਕਵਿਤਾ ਦੀਆਂ ਤਕਨੀਕੀ ਉਲਝਣਾਂ ਵੀ ਇਸ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣ ਸਕੀਆਂ। ਕਿਤੇ ਕਿਤੇ ਬਹੁਤ ਹੀ ਜ਼ਿਆਦਾ ਰਿਦਮ ਹੈ।ਬਹੁਤ ਹੀ ਜਿਆਦਾ ਸੰਗੀਤ ਪਰ ਕਿਤੇ ਕਿਤੇ ਇਸਦੀ ਕਮੀ ਕਾਫੀ ਖਟਕਦੀ ਵੀ ਹੈ ਪਰ ਕੁੱਲ ਮਿਲਾ ਕੇ ਪੁਸਤਕ ਦਿਲ ਨੂੰ ਹਲੂਣਦੀ  ਵੀ ਹੈ ਅੱਖਾਂ ਚੋਂ ਹੰਝੂ ਵੀ ਲਿਆਉਂਦੀ ਹੈ।--ਰੈਕਟਰ ਕਥੂਰੀਆ 

ਡਾਇਰੈਕਟ ਦਿਲ ਸੇ- ਵਿੰਮੀ  ਭਾਟੀਆ ਦਾ ਚਾਨਣ ਮੁਨਾਰਾ 

No comments: