Sunday, February 10, 2013

ਅਫਜਲ ਗੁਰੂ ਨੂੰ ਫਾਂਸੀ ਤੋਂ ਬਾਅਦ

ਅਫਜਲ ਨੂੰ ਫਾਂਸੀ-ਕੀ ਹੋਵੇਗਾ ਬਾਕੀਆਂ ਤੇ ਅਸਰ 
ਅਫਜਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਮਗਰੋਂ  ਮਿਲੇ ਜੁਲੇ ਪ੍ਰਤੀਕਰਮ ਜਾਰੀ ਹਨ। ਮਹਾਤਮਾ ਗਾਂਧੀ ਦੇ ਪੋਤੇ ਤੁਸ਼ਾਰ ਗਾਂਧੀ ਨੇ ਵੀ ਫਾਂਸੀ ਦੀ ਵਿਰੋਧਤਾ ਕੀਤੀ ਹੈ। ਕਈ ਹੋਰ ਸੰਗਠਨਾਂ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਕਈਆਂ ਨੇ ਇਸ ਖਬਰ ਤੋਂ ਬਾਅਦ ਖੁਸ਼ੀਆਂ ਮਨਾਈਆਂ ਹਨ ਅਤੇ ਮਠਿਆਈ ਵੀ ਵੰਡੀ ਹੈ।ਹੋਲੀ ਖੇਡੇ ਜਾਣ ਦਾ ਵੀ ਪਤਾ ਲੱਗਿਆ ਹੈ। ਵਿਰੋਧ ਅਤੇ ਸੁਆਗਤ ਦੀਆਂ ਇਹਨਾਂ  ਸਾਰੀਆਂ ਆਵਾਜ਼ਾਂ ਤੋਂ ਹਟ ਕੇ ਪੰਜਾਬੀ ਟ੍ਰਿਬਿਊਨ ਨੇ ਇੱਕ ਵਾਰ ਫਿਰ ਭਵਿੱਖ ਵਿੱਚ ਦੇਖਣ ਅਤੇ ਭਾਂਪਣ ਵਾਲੀ ਖਬਰ ਪ੍ਰਕਾਸ਼ਿਤ ਕੀਤੀ ਹੈ। ਅਖਬਾਰ ਦੇ ਇੱਕ ਸੀਨੀਅਰ ਪੱਤਰਕਾਰ  ਜਗਤਾਰ ਸਿੰਘ ਲਾਂਬਾ ਨੇ ਆਪਣੀ ਇੱਕ ਖਬਰ ਲਿਖਤ ਵਿੱਚ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੇ  ਭਵਿਖ ਦੀ ਚਰਚਾ  ਕੀਤੀ ਹੈ  ਬਹੁਤ ਹੀ ਸੰਖੇਪ ਅਤੇ ਸੰਤੁਲਿਤ ਸ਼ਬਦਾਂ ਵਿੱਚ।                --ਰੈਕਟਰ ਕਥੂਰੀਆ 
ਅਫ਼ਜ਼ਲ ਦੀ ਫਾਂਸੀ ਮਗਰੋਂ ਰਾਜੋਆਣਾ ਤੇ ਭੁੱਲਰ ‘ਤੇ ਲਟਕੀ ਖਤਰੇ ਦੀ ਤਲਵਾਰ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਬਲਵੰਤ ਸਿੰਘ, ਦਵਿੰਦਰਪਾਲ ਸਿੰਘ, ਸਰਬਜੀਤ ਸਿੰਘ
ਅੰਮ੍ਰਿਤਸਰ, 9 ਫਰਵਰੀ:26/11 ਮੁੰਬਈ ਹਮਲੇ ਅਤੇ 2001 ‘ਚ ਸੰਸਦ ‘ਤੇ ਹੋਏ ਹਮਲੇ ਦੇ ਵੱਖ-ਵੱਖ ਮਾਮਲਿਆਂ ‘ਚ ਲਗਪਗ ਤਿੰਨ ਮਹੀਨਿਆਂ ਵਿਚ ਉਤੋਡ਼ਿਤੀ ਪਹਿਲਾਂ ਅਜਮਲ ਅਮੀਰ ਕਸਾਬ ਅਤੇ ਹੁਣ ਅਫਜ਼ਲ ਗੁਰੂ ਨੂੰ ਸਰਕਾਰ ਵਲੋਂ ਚੁੱਪ ਚਪੀਤੇ ਫਾਂਸੀ ਦਿੱਤੇ ਜਾਣ ਤੋਂ ਬਾਅਦ ਹੁਣ ਖ਼ਤਰੇ ਦੀ ਤਲਵਾਰ ਬਲਵੰਤ ਸਿੰਘ ਰਾਜੋਆਣਾ ਤੇ ਦਵਿੰਦਰ ਸਿੰਘ ਭੁੱਲਰ ‘ਤੇ ਵੀ ਲਟਕ ਗਈ ਹੈ। ਇਸ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਅਤੇ ਸਿੱਖ ਹਲਕਿਆਂ ਵਿਚ ਚਿੰਤਾ ਹੈ। ਇਸੇ ਤਰ੍ਹਾਂ ਲਾਹੌਰ ਵਿਖੇ ਕੋਟ ਲੱਖਪਤ ਜੇਲ੍ਹ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਅਤੇ ਕ੍ਰਿਪਾਲ ਸਿੰਘ ਦੇ ਸਮਰਥਕ ਵੀ ਇਸ ਕਾਰਵਾਈ ਨੂੰ ਖ਼ਤਰੇ ਦੀ ਘੰਟੀ ਵਜੋਂ ਦੇਖ ਰਹੇ ਹਨ।
ਬਲਵੰਤ ਸਿੰਘ ਰਾਜੋਆਣਾ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦੀ ਯੋਜਨਾ ‘ਚ ਸ਼ਾਮਲ ਹੋਣ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਿਸ ਖ਼ਿਲਾਫ਼ ਉਸ ਵਲੋਂ ਉਪਰਲੀ ਅਦਾਲਤ ਵਿਚ ਅਪੀਲ ਦਾਇਰ ਕਰਨ ਤੋਂ ਨਾਂਹ ਕਰ ਦਿੱਤੀ ਗਈ ਸੀ। ਪਿਛਲੇ ਵਰ੍ਹੇ ਮਾਰਚ ਮਹੀਨੇ ਵਿਚ ਜਦੋਂ ਅਦਾਲਤ ਨੇ ਉਸਨੂੰ ਫਾਂਸੀ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ ਤਾਂ ਉਸ ਵੇਲੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਫਾਂਸੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਸ ਵੇਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨ ਅਤੇ ਸ਼ੋ੍ਰਮਣੀ ਕਮੇਟੀ ਨੇ ਵੀ ਫਾਂਸੀ ਦੀ ਸਜ਼ਾ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਪੰਜ ਸਿੰਘ ਸਾਹਿਬਾਨਾਂ ਨੇ ਭਾਈ ਰਾਜੋਆਣਾ ਨੂੰ ਜ਼ਿੰਦਾ ਸ਼ਹੀਦ ਦਾ ਖ਼ਿਤਾਬ ਵੀ ਦਿੱਤਾ ਸੀ।ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਉਸਦੇ ਹੱਕ ਵਿਚ ਰਾਸ਼ਟਰਪਤੀ ਅੱਗੇ ਰਹਿਮ ਦੀ ਅਪੀਲ ਵੀ ਦਾਇਰ ਕੀਤੀ ਗਈ ਸੀ, ਜਿਸ ਦੇ ਸਿੱਟੇ ਵਜੋਂ ਉਸਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਗਈ ਸੀ। ਇਸੇ ਤਰ੍ਹਾਂ ਦਿੱਲੀ ਦੀ ਤਿਹਾਡ਼ ਜੇਲ੍ਹ ਵਿਚ ਬੰਦ ਦਵਿੰਦਰ ਪਾਲ ਸਿੰਘ ਭੁੱਲਰ, ਜਿਸ ਨੂੰ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਤੇ ਬੰਬ ਧਮਾਕੇ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਸੁਣਾਈ ਹੋਈ ਹੈ, ਦੀ ਰਹਿਮ ਸਬੰਧੀ ਅਪੀਲ ਸਾਬਕਾ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਵਲੋਂ 26 ਮਈ, 2011 ਨੂੰ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਉਸਨੂੰ ਬਚਾਉਣ ਲਈ ਉਸ ਵੇਲੇ ਸ਼ੋ੍ਰਮਣੀ ਕਮੇਟੀ ਵਲੋਂ ਮੁਡ਼ ਰਹਿਮ ਦੀ ਅਪੀਲ ਦਾਇਰ ਕੀਤੀ ਗਈ ਸੀ। ਕਸਾਬ ਅਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ  ਬਾਅਦ ਸਿੱਖ ਹਲਕਿਆਂ ਨੇ  ਰਾਜੋਆਣਾ ਨੂੰ ਵੀ ਚੁੱਪ ਚਪੀਤੇ ਅਚਨਚੇਤੀ ਫਾਂਸੀ ਦਿੱਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ।  ਉਨ੍ਹਾਂ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਆਖਿਆ ਕਿ ਫਾਂਸੀ ਦੇਣਾ ਇਕ ਅਣਮਨੁੱਖੀ ਕਾਰਾ ਹੈ। ਅਫ਼ਜਲ ਗੁਰੂ ਨੂੰ ਫਾਂਸੀ ਦੇਣ ਦਾ ਫੈਸਲਾ ਨਿਰੋਲ ਰਾਜਨੀਤਕ ਹੈ, ਜੋ 2014 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮੌਕੇ ਇਕ ਫਿਰਕੇ ਦੀ ਵੋਟ ਬੈਂਕ ਨੂੰ ਆਪਣੇ ਹੱਕ ਵਿਚ ਭੁਗਤਾਉਣ ਦੀ ਸੋਚ ਵਿਚੋਂ ਨਿਕਲਿਆ ਜਾਪਦਾ ਹੈ।
ਸ਼ੋ੍ਰਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਰਾਜੋਆਣਾ ਨੂੰ ਬਚਾਉਣ ਲਈ ਕਾਨੂੰਨੀ ਚਾਰਾਜੋਈ ਤੋਂ ਇਲਾਵਾ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਹੋਈ ਹੈ। ਇਸ ਸਬੰਧੀ ਫੈਸਲਾ ਹੁਣ ਕੇਂਦਰ ਸਰਕਾਰ ਨੇ ਕਰਨਾ ਹੈ। ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਕਸਾਬ ਅਤੇ ਅਫਜ਼ਲ ਗੁਰੂ ਦਾ ਮਾਮਲਾ ਰਾਜੋਆਣਾ ਨਾਲ ਜੋਡ਼ ਕੇ ਨਹੀਂ ਦੇਖਿਆ ਜਾ ਸਕਦਾ।
ਸਰਬਜੀਤ ਸਿੰਘ ਦੇ ਕੇਸ ਦੀ ਪਾਕਿਸਤਾਨ ਵਿਚ ਪੈਰਵਾਈ ਕਰ ਰਹੇ ਉਸਦੇ ਵਕੀਲ ਅਵੈਸ਼ ਸ਼ੇਖ ਨੇ ਗੱਲਬਾਤ ਕਰਦਿਆਂ ਆਖਿਆ ਕਿ ਅਫਜ਼ਲ ਗੁਰੂ ਦੇ ਮਾਮਲੇ ਨੂੰ ਸਰਬਜੀਤ ਨਾਲ ਨਹੀਂ ਜੋਡ਼ਿਆ ਜਾ ਸਕਦਾ। ਉਨ੍ਹਾਂ ਆਖਿਆ ਕਿ ਸਰਬਜੀਤ ਦਾ ਕੇਸ ਗਲਤ ਸ਼ਨਾਖਤ ਨਾਲ ਜੁਡ਼ਿਆ ਹੋਇਆ ਹੈ। ਉਸਦਾ ਨਾਂ ਐਫ.ਆਈ.ਆਰ. ਵਿਚ ਦਰਜ ਨਹੀਂ ਹੈ। ਇਸੇ ਤਰ੍ਹਾਂ ਉਥੇ ਇਕ ਹੋਰ ਕਿਰਪਾਲ ਸਿੰਘ, ਜੋ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ, ਦੇ ਸਮਰਥਕਾਂ ਵਲੋਂ ਵੀ ਇਸ ਕਾਰਵਾਈ ਨੂੰ ਖ਼ਤਰੇ ਦੀ ਘੰਟੀ ਵਜੋਂ ਦੇਖਿਆ ਜਾ ਰਿਹਾ ਹੈ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

No comments: