Friday, February 22, 2013

ਅਜਾਇਬ ਚਿੱਤਰਕਾਰ//-ਡਾ. ਜੇ.ਐਸ. ਭਾਟੀਆ

Posted On February - 16 - 2013
ਅਜਾਇਬ ਦੀ ਸ਼ਾਇਰੀ ਜ਼ਿੰਦਗੀ ਦੀ ਚਿੱਤਰਕਾਰੀ ਹੈ-ਪ੍ਰੋ. ਮਹਿੰਦਰਦੀਪ ਗਰੇਵਾਲ
ਪੰਜਾਬ ਦੀ ਧਰਤੀ, ਜ਼ਿਲ੍ਹਾ ਲੁਧਿਆਣੇ ਦੇ ਪਿੰਡ ਘਵੱਦੀ ਵਿਖੇ ਜਨਮੇ ਸ. ਅਜਾਇਬ ਚਿੱਤਰਕਾਰ ਵਰਗੀ ਸ਼ਖਸੀਅਤ ਨੇ ਸਾਹਿਤ ਅਤੇ ਚਿੱਤਰਕਾਰੀ ’ਚ ਮੱਲਾਂ ਮਾਰਦੇ ਹੋਏ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਕੋਲੋਂ ਸਾਹਿਤ ਸ਼੍ਰੋਮਣੀ ਪੁਰਸਕਾਰ ਅਤੇ ਕਲਾ ਦੇ ਖੇਤਰ ਵਿਚ ਡਾ. ਐਮ.ਐਸ. ਰੰਧਾਵਾ ਤੋਂ ਲੈ ਕੇ ਸ਼ਿਵ ਸਿੰਘ ਤੱਕ ਦੇ ਲਮੇਰੇ ਪ੍ਰਸ਼ਾਸਨਿਕਾਂ ਕੋਲੋਂ ਵਾਹ-ਵਾਹ ਖੱਟਦੇ ਹੋਏ ਆਪਣੇ ਆਪ ਨੂੰ ਸਦਾ ਲਈ ਉਨ੍ਹਾਂ ਦੇ ਹਿਰਦਿਆਂ ਵਿਚ ਵਾਸਾ ਕਰ ਗਏ।
ਉਨ੍ਹਾਂ ਦੀ ਉਨੱਨਵੀਂ ਜਨਮ ਸ਼ਤਾਬਦੀ ’ਤੇ ਉਨ੍ਹਾਂ ਦੇ ਚਹੇਤਿਆਂ ਵੱਲੋਂ ਯਾਦ ਕਰਦੇ ਹੋਏ ਉਨ੍ਹਾਂ ਦੀ ਕਲਾ ਨਾਲ ਸਾਂਝ ਪਾਉਣਾ ਆਪਣਾ ਫਰਜ਼ ਸਮਝਦੇ ਹਾਂ ਜਿੱਥੇ ਸਾਹਿਤ ਦੇ ਖੇਤਰ ਵਿਚ ਸੰਨ 1946 ਤੋਂ ਲੈ ਕੇ 2008 ਤੱਕ ਆਪਣੀਆਂ ਰਚਨਾਵਾਂ ਅਤੇ ਪੰਜਾਬੀ ਗ਼ਜ਼ਲਾਂ ਨਾਲ ਸਾਹਿਰ ਲੁਧਿਆਣਵੀ, ਸ਼ਿਵ ਕੁਮਾਰ ਬਟਾਲਵੀ ਅਤੇ ਕ੍ਰਿਸ਼ਨ ਅਦੀਬ ਵਰਗੇ ਮਸ਼ਹੂਰ ਸ਼ਾਇਰਾਂ ਨਾਲ ਸਾਂਝ ਪਾਈ। ਉਥੇ ਕਲਾ ਦੇ ਖੇਤਰ ਵਿਚ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੀ ਕਲਾ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਕਲਾਕਾਰਾਂ ਅਤੇ ਦਰਸ਼ਕਾਂ ਦੇ ਮਨ ਅੰਦਰ ਆਪਣੀ ਤਸਵੀਰ ਬਣਾ ਲਈ ਹੈ।
ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਕੁਦਰਤੀ ਸੁਹੱਪਣ ਨੂੰ ਸ਼ਿੱਦਤ ਨਾਲ ਮਾਣਦਾ ਹੋਇਆ ਪਹਾਡ਼ਾਂ, ਦਰੱਖਤ, ਨਦੀਆਂ, ਨਾਲਿਆਂ ਤੇ ਬੱਦਲਾਂ ਵਿਚੋਂ ਇਨਸਾਨੀ ਚਿਹਰੇ ਭਾਪ ਕੇ ਚਿੱਤਰ-ਚਿੱਤਰਦਾ ਸੀ ਜਿਸ ਨਾਲ ਉਹ ਕੁਦਰਤੀ ਰਿਸ਼ਤੇ ਅਤੇ ਮਨੁੱਖ ਦੇ ਅਟੁੱਟ ਰਿਸ਼ਤੇ ਨੂੰ ਮੂਰਤੀ-ਮਾਨ ਕਰਦਾ ਹੋਇਆ ਵਿਲਿਅਮ ਵਰਡਸਵਰਥ ਵਾਂਗ ਕੁਦਰਤ ਅਤੇ ਮਨੁੱਖੀ ਸੁਭਾਅ ਦੇ ਸੁਮੇਲ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਮਾਨਵਤਾ ਦੇ ਉਦਾਸ ਤੇ ਮੂਲ ਸੰਗੀਤ ਨੂੰ ਮਹਿਸੂਸ ਵੀ ਕਰਦਾ ਹੈ। ਉਸ ਦੀਆਂ ਪੇਂਟਿੰਗਾਂ ਵਿਚ ਪਹਾਡ਼ਾਂ ਅਤੇ ਕੁਦਰਤੀ ਨਜ਼ਾਰਿਆਂ ਤੋਂ ਨਿਕਲੀ ਝਲਕ ਤੇ ਸਵਰ ਦੂਸਰੇ ਕਲਾਕਾਰਾਂ ਤੋਂ ਅਲੱਗ ਜਾਪਦੀ ਹੈ। ਉਹ ਆਪਣੀਆਂ ਬੁਰਸ਼ ਦੀਆਂ ਛੋਹਾਂ ਦੀ ਸਰਲ ਤੇ ਸਪਸ਼ਟ ਬੋਲੀ ਰਾਹੀਂ ਆਪਣੇ ਅਨੁਭਵੀ ਕੁਦਰਤੀ ਦ੍ਰਿਸ਼ ਦੇ ਜਜ਼ਬੇ ਨੂੰ ਉਜਾਗਰ ਕਰਦਾ ਹੈ ਤੇ ਲੋਕਾਂ ਦਾ ਧਿਆਨ ਖਿੱਚਣ ਵਿਚ ਕਾਮਯਾਬ ਹੋਇਆ।
ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਸੇਵਾ ਦੇ ਦੌਰਾਨ ਜੋ ਉਨ੍ਹਾਂ ਨੇ ਚਿੱਤਰ ਬਣਾਏ ਉਨ੍ਹਾਂ ਵਿਚ ਪੰਜਾਬ ਦੇ ਕੰਟੈਂਪਰੇਰੀ ਆਰਟਿਸਟ ਪ੍ਰਾਣ ਨਾਥ ਮਾਗੋ ਦੇ ਚਿੱਤਰ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਜਿਥੇ ਮਾਗੋ ਨੇ ਪੰਜਾਬ ਦੀਆਂ ਔਰਤਾਂ ਨੂੰ ਵੈਣ ਪਾਉਂਦੇ ਹੋਏ ਚਿੱਤਰੇ ਹਨ। ਉਥੇ ਅਜਾਇਬ ਨੇ ਆਪਣੀਆਂ ਪੇਂਟਿੰਗਾਂ ਵਿਚ ਕੁਡ਼ੀਆਂ ਨੂੰ ਗੀਟੇ ਖੇਡਦੇ ਹੋਏ ਦਿਖਾਇਆ ਹੈ। ਦੋਨਾਂ ਕਲਾਕਾਰਾਂ ਦੀ ਕੰਪੋਜੀਸ਼ਨ ਅਤੇ ਕੰਮ ਕਰਨ ਦੀ ਸ਼ੈਲੀ ਭਾਵੇਂ ਇਕ ਹੈ ਪਰ ਦੁੱਖ-ਸੁੱਖ ਦਾ ਵਿਖਾਵਾ ਅਲੱਗ-ਅਲੱਗ ਹੈ। ਇਕ ਹੋਰ ਚਿੱਤਰ ਵਿਚ ਜਿਥੇ ਮਾਗੋ ਨੇ ਕੁਝ ਆਦਮੀਆਂ ਨੂੰ ਪਾਣੀ ਵਿੱਚੋਂ ਮੱਛੀਆਂ ਫਡ਼ਦੇ ਦਿਖਾਇਆ ਹੈ। ਉਥੇ ਅਜਾਇਬ ਨੇ ਔਰਤਾਂ ਨੂੰ ਸਿਰਾਂ ’ਤੇ ਘਾਹ ਦੀਆਂ ਪੰਡਾਂ ਚੁੱਕੀ ਦਿਖਾ ਕੇ ਪੰਜਾਬੀ ਸੱਭਿਆਚਾਰ ਦਾ ਰੰਗ ਬੰਨ੍ਹਿਆ ਹੈ। ਦੋਵਾਂ ਕਲਾਕਾਰਾਂ ਦੀਆਂ ਕ੍ਰਿਤਾਂ ਵਿਚ ਲਾਈਨਾਂ ਅਤੇ ਰੰਗਾਂ ਦੇ ਸੁਮੇਲ ਮਿਲਦੇ- ਜੁਲਦੇ ਹਨ ਪਰ ਵਿਸ਼ੇ ਅਲੱਗ-2 ਹੋਣ ਕਾਰਨ ਪਛਾਣ ਵੀ ਅਲੱਗ ਬਣਾਈ ਹੈ। ਪ੍ਰੋ. ਮਹਿੰਦਰਦੀਪ ਗਰੇਵਾਲ ਲਿਖਦੇ ਹਨ ‘‘ਅਜਾਇਬ ਦੀ ਸ਼ਾਇਰੀ ਜ਼ਿੰਦਗੀ ਦੀ ਚਿੱਤਰਕਾਰੀ ਹੈ ਅਤੇ ਚਿੱਤਰਕਾਰੀ ਵਿਚ ਉਸ ਦੀ ਸ਼ਾਇਰੀ ਝਲਕਦੀ ਹੈ। ਉਹ ਰੰਗਾਂ-ਰੌਸ਼ਨੀਆਂ ਦਾ ਸ਼ੈਦਾਈ ਹੈ। ਉਹ ਸ਼ਾਇਰੀ ਵਿਚ ਰੰਗ ਭਰਦਾ ਹੈ ਅਤੇ ਰੰਗਾਂ ਅਤੇ ਰੌਸ਼ਨੀਆਂ ਨੂੰ ਸ਼ਾਇਰੀ, ਮੈਂ ਉਸ ਦੇ ਕਰਮ ਅਤੇ ਕਲਮ ਅੱਗੇ ਸਜਦਾ ਕਰਦਾ ਹਾਂ।’’
ਅਜਾਇਬ ਨੇ ਆਪਣੀ ਜ਼ਿੰਦਗੀ ਦੇ ਅਖੀਰੀ ਦਹਾਕਿਆਂ ਵਿਚ ਸੰਘਰਸ਼ ਅਤੇ ਮਿਹਨਤ-ਮਜ਼ਦੂਰਾਂ ਦੀ ਥਕਾਨ ਨੂੰ ਸਮਝਦੇ ਹੋਏ ਨਵੇਂ ਤੇ ਐਬਸਟ੍ਰੈਕਟ ਸ਼ੈਲੀ ਵਿਚ ਡਰਾਇੰਗਾਂ ਕਰਕੇ ਚਿੱਤਰ ਪੇਂਟ ਕਰਨ ਵਿਚ ਰੁਚੀ ਦਿਖਾਈ। ਇਕ ਪੇਂਟਿੰਗ ਵਿਚ ਥੱਕੇ ਹੋਏ ਮਜ਼ਦੂਰਾਂ ਨੂੰ ਬੋਹਡ਼ ਦੇ ਦਰੱਖਤ ਹੇਠਾਂ ਆਰਾਮ ਕਰਦੇ ਹੋਏ ਦਿਖਾ ਕੇ ਇਕ ਆਧੁਨਿਕ ਸ਼ੈਲੀ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਇਕ ਹੋਰ ਸਕੈਚ ਵਿਚ ਸੰਘਰਸ਼ ਕਰਦੇ ਹੋਏ ਮਜ਼ਦੂਰਾਂ ਦੇ ਹੱਥਾਂ ਨੂੰ ਅਸਮਾਨ ਨਾਲ ਛੂੰਹਦੇ ਹੋਏ ਦਿਖਾ ਕੇ ਲੀ-ਕਾਰਬੁਜੀਏ ਅਤੇ ਪਿਕਾਸੋ ਵਰਗੇ ਮਹਾਨ ਕਲਾਕਾਰਾਂ ਦੇ ਪਰਛਾਵੇਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਅਜਾਇਬ ਦੀ ਚਿੱਤਰਕਾਰੀ ਭਾਵੇਂ ਵੱਖ-ਵੱਖ ਸਮੇਂ ਦੇ ਕਲਾਕਾਰਾਂ ਨੂੰ ਦੁਹਰਾਉਂਦੀ ਹੈ। ਪਰ ਜ਼ਿੰਦਗੀ ਦੇ ਸਫਰ ਵਿਚ ਪੰਜਾਬ ਦੇ ਕਲਾਕਾਰਾਂ ਨੂੰ ਸਾਹਿਤ ਵਿਚ ਤੇ ਸਾਹਿਤ ਨੂੰ ਪੇਂਟਿੰਗਾਂ ਵਿਚ ਦਿਖਾ ਕੇ ਆਪਣਾ ਜਨਮ ਸਫਲ ਕੀਤਾ ਹੈ, ਸ਼ਿਵ ਸਿੰਘ ਇਨ੍ਹਾਂ ਵੱਲੋਂ ਲਗਾਈ ਪ੍ਰਦਰਸ਼ਨੀ ਚੰਡੀਗਡ਼੍ਹ ਵਿਖੇ ਦੇਖ ਕੇ ਕਹਿੰਦੇ ਹਨ ‘‘ਅਜਾਇਬ ਜ਼ਨਾਨੀਆਂ ਦੇ ਅਲੱਗ-ਅਲੱਗ ਚਿਹਰਿਆਂ ਦੀ ਮਨੋ ਦਿਸ਼ਾ ਨੂੰ ਦੇਖਦੇ ਹੋਏ ਚਿੱਤਰਦਾ ਹੈ। ਜਿਸ ਵਿਚ ਇਕ ਪਾਸੇ ਤਾਂ ਗੁੱਸਾ, ਖੁਸ਼ੀ ਅਤੇ ਜੋਸ਼ ਦੇਖਣ ਨੂੰ ਮਿਲਦਾ ਹੈ। ਦੂਸਰੇ ਪਾਸੇ ਭੋਲੇ ਅਤੇ ਦਿਆਲੂ ਚਿਹਰੇ ਨੂੰ ਉਸ ਨੇ ਐਬਸਟ੍ਰੈਕਟ ਆਰਟ ਵਿਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।’’
ਪੰਜਾਬ ਆਰਟਿਸਟ ਸੁਸਾਇਟੀ ਦੇ ਕਲਾਕਾਰ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਉਂਦੇ ਹੋਏ ਉਨ੍ਹਾਂ ਦੀਆਂ ਕਲਾ-ਕ੍ਰਿਤਾਂ ਅਤੇ ਸਾਹਿਤ ਨੂੰ ਦਿੱਤੀ ਦੇਣ ਤੇ ਉਨ੍ਹਾਂ ਦੇ ਧੰਨਵਾਦੀ ਅਤੇ ਮਾਣ ਮਹਿਸੂਸ ਕਰਦੇ ਹਨ।(
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ )
-ਡਾ. ਜੇ.ਐਸ. ਭਾਟੀਆ
ਮੋਬਾਈਲ: 99880-90711

No comments: