Friday, February 01, 2013

ਛਿਟੀਆਂ ਦੀ ਅੱਗ ਨਾ ਬਲੇ//ਰਣਜੀਤ ਸਿੰਘ ਪ੍ਰੀਤ

ਇਹਨਾਂ ਚੁਲ੍ਹਿਆਂ ਨਾਲ ਧੂਆਂ ਸਿੱਧਾ ਅੱਖਾਂ ਵੱਲ ਹੀ ਆਇਆ ਕਰਦਾ ਸੀ
ਜਦ ਚੁਲ੍ਹੇ ਮੂਹਰੇ ਬੈਠਿਆਂ ਫੂਕਾਂ ਮਾਰ ਮਾਰ ਧੂੰਏ ਨਾਲ ਬੁਰਾ ਹਾਲ ਹੋ ਜਾਂਦਾ ਸੀ Courtesy Photo:The Better India
ਪੰਜਾਬਣਾਂ ਲਈ ਚੁੱਲੇ-ਚੌਂਕੇ ਦਾ ਕੰਮ ਅਤੇ ਘਰ ਦੀ ਚਾਰ ਦੀਵਾਰੀ ਵਿੱਚ ਰੋਜ਼ਾਨਾ ਹੀ ਕਈ ਕਿਲੋਮੀਟਰ ਸਫ਼ਰ ਤੈਅ ਕਰਨਾ ਪੈਂਦਾ ਏ। ਰਸੋਈ ਦਾ ਕੰਮ ਉਸ ਲਈ ਖ਼ਾਸ ਅਹਿਮੀਅਤ ਰਖਦਾ ਹੈ। ਕਿਓਂਕਿ ਉਹਦੇ ਸੁਚੱਜੇ-ਕੁਚੱਜੇ ਹੋਣ ਦੀ ਪਰਖ਼ ਪਾਰਖੂ ਅੱਖ ਰਸੋਈ ਵੱਲ ਝਾਤੀ ਮਾਰਕੇ ਹੀ ਕਰ ਲੈਂਦੀ ਹੈ। 
                         ਪਹਿਲੋਂ ਪਹਿਲ ਮਿੱਟੀ ਦੇ ਚੁਲ੍ਹੇ ਤੋਂ ਇਹ ਪਰਖ਼ ਹੋ ਜਾਇਆ ਕਰਦੀ ਸੀ। ਇਸ ਚੁਲ੍ਹੇ ਨੂੰ ਔਰਤਾਂ ਧੁੱਪੇ ਰੱਖ ਅਤੇ ਰੋਜ਼ਾਨਾ ਵਾਰ ਦੇ ਦੇ ਕਿ ਤਿਆਰ ਕਰਿਆ ਕਰਦੀਆਂ ਸਨ। ਫਿਰ ਚੌਂਕੇ ਵਿੱਚ ਲਿਜਾ ਕੇ ਜੜ ਲਿਆ ਜਾਂਦਾ ਸੀ। ਚੰਗੀ ਤਰ੍ਹਾਂ ਗੁਨ੍ਹੀ ਹੋਈ ਮਿੱਟੀ ਨਾਲ ਚੁਲ੍ਹੇ ਦੇ ਦੋਹਾਂ ਬੱਟਿਆਂ ਉੱਤੇ ਮੋਰਨੀਆਂ, ਘੁੱਗੀਆਂ,ਗਟਾਰਾਂ,ਫੁੱਲ-ਬੂਟੇ ਅਤੇ ਹੋਰ ਅਕ੍ਰਿਤੀਆਂ ਬਣਾਈਆਂ ਜਾਂਦੀਆਂ ਸਨ। ਫਿਰ ਚੁਲ੍ਹੇ ਦੇ ਪਿਛੇ ਅਤੇ ਅੱਗੇ ਖੜੋਕੇ ਇਹ ਵੇਖਿਆ ਜਾਂਦਾ ਸੀ ਕਿ ਕੋਈ ਪਾਸਾ ਵੱਡਾ-ਛੋਟਾ ਤਾਂ ਨਹੀਂ ਜਾਂ ਚੁਲ੍ਹਾ ਟੇਡਾ-ਮੇਢਾ ਤਾਂ ਨਹੀਂ। ਇਸ ਨਵੇਂ ਤਿਆਰ ਕੀਤੇ ਚੁਲ੍ਹੇ ਨੂੰ ਛੱਪੜ ਦੀ ਚਿਕਣੀ ਮਿੱਟੀ ਦਾ ਪੋਚਾ ਫੇਰ ਕਿ ਦਿਨ-ਵਾਰ ਵਿਚਾਰ ਕੇ ਚਾਲੂ ਕੀਤਾ ਜਾਂਦਾ ਸੀ। ਕਈ ਘਰਾਂ ਵਿੱਚ ਇਸ ਮੌਕੇ ਕੋਈ ਮਿੱਠੀ ਚੀਜ਼ ਖੀਰ,ਪ੍ਰਸ਼ਾਦ,ਸੇਵੀਆਂ ਆਦਿ ਵੀ ਬਣਾਈਆਂ ਜਾਂਦੀਆਂ ਸਨ। ਇਸ ਤੋਂ ਬਾਅਦ ਘੜੇ ਦੇ ਉਪਰਲੇ ਅੱਧ (ਟੁੱਟੇ ਘੜੇ) ਵਿੱਚ ਚੁਲ੍ਹਾ ਬਨਾਉਣ ਦਾ ਰਿਵਾਜ਼ ਪਿਆ। ਜਿਸ ਨੂੰ ਚੱਕਵਾਂ ਚੁਲ੍ਹਾ ਕਿਹਾ ਕਰਦੇ ਸਨ। ਇਸ ਨੂੰ ਮੀਹ-ਕਣੀ ਮੌਕੇ ਚੁੱਕ ਕੇ ਸੰਭਾਲਣਾ ਸੌਖਾ ਸੀ। ਇਸ ਸਮੇ ਹੀ ਇਹ ਬੋਲੀ ਬਣੀ ;
“ਸੰਤੀ ਚੱਕਵਾਂ ਚੁਲ੍ਹਾ ਕਿਸੇ ਯਾਰ ਨੂੰ ਭਿੜਾ ਕੇ ਮਾਰੂ”
                ਇਹਨਾਂ ਪੁਰਾਤਨ ਚੁਲ੍ਹਿਆਂ ਨਾਲ ਧੂਆਂ ਸਿੱਧਾ ਅੱਖਾਂ ਵੱਲ ਹੀ ਆਇਆ ਕਰਦਾ ਸੀ। ਕਈ ਐਵੇਂ ਬੈਠੇ ਬੈਠੇ ਧੂੰਏ ਨਾਲ ਅੱਖਾਂ ਲਾਲ ਕਰ ਲਿਆ ਕਰਦੇ ਸਨ। ਬਈ ਕੋਈ ਇਹ ਆਖ ਦੇਵੇ ਕਿ “ਇਹ ਤਾਂ ਸੱਸ ਨੂੰ ਬਹੁਤ ਪਿਆਰਾ ਏ। ਤਾਂ ਹੀ ਧੂਆਂ ਇਹਦੇ ਵੱਲ ਜਾਂਦਾ ਏ। ਉਂਜ ਇਸ ਨਾਲ ਕਈਆਂ ਦਾ ਪੁਛਾਂ ਵਾਲਾ ਸੁਰਮਾਂ ਵੀ ਗੱਲ੍ਹਾਂ ਤੋਂ ਵੱਗ ਜਾਇਆ ਕਰਦਾ ਸੀ। ਜਿਵੇਂ ਛੱਤ ਕੰਧ ਦੇ ਨਾਲੋਂ ਚਿਉਂਦੀ ਹੋਵੇ ਅਤੇ ਘਰਾਲਾਂ ਵਗ ਗਈਆਂ ਹੋਣ। ਪਰ ਕੰਮ ਤਾਂ ਮਜ਼ਬੂਰੀ ਵੱਸ ਕਰਨਾ ਹੀ ਪਿਆ ਕਰਦਾ ਸੀ। 
                        ਇਸ ਚੁਲ੍ਹੇ ਮਗਰੋਂ ਪਾਈਪ ਵਾਲਾ ਧੂਆਂ ਰਹਿਤ ਚੁਲ੍ਹਾ ਬਣਿਆਂ,ਇਹ ਦੇ ਹੇਠਾਂ ਕਿੱਲ ਜਾਂ ਜਾਲ ਪਾ ਕੇ ਖਾਲੀ ਥਾਂ ਛੱਡਿਆ ਜਾਂਦਾ ਸੀ,ਤਾਂ ਜੋ ਹਵਾ ਪੈ ਸਕੇ। ਚਲ੍ਹੇ ਦੇ ਪਿਛਾੜੀ ਤੋਂ ਇੱਕ ਪਾਈਪ ਲਾਈ ਜਾਂਦੀ ਸੀ। ਜਿਸ ਨਾਲ ਧੂਆਂ ਉਪਰ ਚਲਿਆ ਜਾਇਆ ਕਰਦਾ ਸੀ। ਅੱਖਾਂ ਨਾਲ ਸਾਂਝ ਘੱਟ ਪਾਇਆ ਕਰਦਾ ਸੀ। ਇਸ ਸਮੇ ਸ਼ਹਿਰੀ ਜੀਵਨ ਵਿੱਚ ਪੱਥਰ ਦੇ ਕੋਲਿਆਂ ਜਾਂ ਲੱਕੜੀ ਦੇ ਬੂਰੇ ਵਾਲੀਆਂ ਅੰਗੀਠੀਆਂ ਵੀ ਪ੍ਰਚੱਲਤ ਹੋਈਆਂ।।ਬਹੁਤੀ ਮਾਤਰਾ ਵਿੱਚ ਹੁਣ ਇਹਨਾਂ ਦੀ ਕਿਧਰੇ ਵਰਤੋਂ ਨਹੀਂ ਹੁੰਦੀ ਹੈ। 
                    ਇਸ ਦਾ ਵਿਕਸਤ ਰੂਪ ਰੂਪ ਗੋਬਰ ਗੈਸ ਪਲਾਂਟ ਹੋਂਦ ਵਿੱਚ ਆਏ। ਪਰ ਇਹ ਵੀ ਸਿਰਫ਼ ਪਸ਼ੂਆਂ ਵਾਲੇ ਘਰਾਂ ਵਿੱਚ ਹੀ ਹੋ ਸਕਦੇ ਸਨ। ਏਨੇ ਮਹਿੰਗੇ ਇਸ ਪਲਾਂਟ ਦਾ ਲਾਹਾ ਪਿੰਡਾਂ ਵਿੱਚ ਕਿਸਾਨਾਂ ਤੱਕ ਹੀ ਸੀਮਤ ਰਿਹਾ। ਗਰੀਬਾਂ ਦੀ ਪਹੁੰਚ ਵਿੱਚ ਇਹ ਨਹੀਂ ਸਨ। ਕੁੱਝ ਥਾਵਾਂ ਉੱਤੇ ਬੱਤੀਆਂ ਵਾਲੇ ਅਤੇ ਕੁੱਝ ਘਰਾਂ ਵਿੱਚ ਬਰਨਰ ਵਾਲੇ ਸਟੋਵ ਵੀ ਵਰਤੇ ਜਾਣ ਲੱਗੇ। ਇਹ ਵੱਡੇ ਪਰਿਵਾਰਾਂ ਨੂੰ ਰਾਸ ਨਾ ਆਏ। ਉਂਜ ਇਹਨਾਂ ਨੇ ਨੂੰਹ –ਸੱਸ ਦੀ ਲੜਾਈ ਵਿੱਚ ਸੱਸ ਨੂੰ ਹੀ ਵੋਟਾਂ ਪਾਈਆਂ। 
               ਅੱਜ ਕਲ੍ਹ ਇਹਨਾਂ ਸਾਰੇ ਚੁਲਿਆਂ ਤੋਂ ਉਲਟ ਗੈਸੀ ਚੁਲ੍ਹੇ ਆ ਗਏ ਹਨ। ਪਰ ਸਿਲੈਂਡਰਾਂ ਦੀ ਕੀਮਤ ਵਧਾਉਂਣ ਅਤੇ ਗਿਣਤੀ ਘਟਾਉਂਣ ਨਾਲ ਸੰਕਟ ਵਾਲੀ ਸਥਿੱਤੀ ਬਣ ਗਈ ਏ। ਬਹੁਤੇ ਘਰਾਂ ਵਿੱਚ ਜਾਨ ਜੋਖ਼ਮ ਵਿੱਚ ਪਾ ਕੇ ਬਿਜਲੀ ਚੋਰੀ ਕਰਦਿਆਂ ਬਿਜਲੀ ਚੁਲ੍ਹੇ ਵੀ ਮਿਲਣ ਲੱਗੇ ਹਨ। ਪਰ ਇਹਦਾ ਬਦਲ ਵੀ ਹੋਣਾ ਹੀ ਹੋਣਾ ਹੈ। ਪੂਛਾਂ ਵਾਲਾ ਸੁਰਮਾਂ ਹੁਣ ਕੱਲਰਾਂ ਦੇ ਸੱਪ ਨਹੀਂ ਬਣਦਾ। ਭਾਵੇਂ ਇਹਦੇ ਰੱਖ-ਰਖਾਵ,ਬੱਚਿਆਂ ਤੋਂ ਦੂਰ ਰੱਖਣ ਵਰਗੀਆਂ ਗੱਲਾਂ ਨੂੰ ਹਰ ਸਮੇ ਦਿਮਾਗ ਵਿੱਚ ਰੱਖਣਾਂ ਪੈਂਦਾ ਏ।।
        ਸ਼ਹਿਰਾਂ ਦੀ ਕੰਨੀ ਤੋਂ ਦੂਰ ਵਸੀ ਪੇਂਡੂ ਪੰਜਾਬਣ ਨੂੰ ਅੱਜ ਵੀ ਚੁੰਨੀ ਨਾਲ ਅੱਖਾਂ ਪੂੰਝਦੀ ਵੇਖਿਆ ਜਾ ਸਕਦਾ ਏ। ਉਹ ਅੱਗ ਬਾਲਣ ਲਈ ਉਵੇਂ ਹੀ ਚੁਲ੍ਹੇ ਵਿੱਚ ਫੂਕਣੀ ਨਾਲ ਫੂਕਾਂ ਮਾਰਦੀ ਹੈ, ਨਰਮੇ ਜਾਂ ਕਪਾਹ ਦੀਆਂ ਗਿੱਲੀਆਂ ਛਿਟੀਆਂ ਨਾਲ ਅੱਗ ਬਾਲਦੀ ਹੈ।।ਇਸ ਕੰਮ ਲਈ ਪਿੰਡਾਂ ਵਿੱਚ ਛਿਟੀਆਂ ਦੇ ਵੱਡੇ ਵੱਡੇ ਕਿੰਨੂ ਅੱਜ ਵੀ ਵੇਖੇ ਜਾ ਸਕਦੇ ਹਨ। ਛਿਟੀਆਂ ਦੀ ਅੱਗ ਬਾਲਣ ਲਈ ਹਾਜ਼ਰ ਰਹਿਣਾ ਪੈਂਦਾ ਏ,ਵਾਰ ਵਾਰ ਇਹਨਾਂ ਨੂੰ ਫੂਕਾਂ ਮਾਰਨੀਆਂ ਅਤੇ ਚੁਲ੍ਹੇ ਦੇ ਅੰਦਰ ਕਰਨਾ ਪੈਂਦਾ ਏ। ਪਰ ਫਿਰ ਵੀ ਬਹੁਤੀ ਵਾਰੀ ਅੱਗ ਨਹੀਂ ਬਲਦੀ,ਧੂਆਂ ਧੁਖਦਾ ਰਹਿੰਦਾ ਏ,ਅੱਕੀ,ਥੱਕੀ,ਚੁੰਨੀ ਨਾਲ ਅੱਖਾਂ ਪੂੰਝਦੀ ਉਹ ਗੁੱਸੇ ਦੀ ਭਰੀ ਪੀਤੀ ਇਹ ਆਖੇ ਬਿਨਾਂ ਨਹੀਂ ਰਹਿ ਸਕਦੀ;- ;
““ਛਿਟੀਆਂ ਦੀ ਅੱਗ ਨਾ ਬਲੇ,ਫੂਕਾਂ ਮਾਰੇ ਨੀ ਲਿਆਓ ਛੜਾ ਫੜਕੇ ”

ਰਣਜੀਤ ਸਿੰਘ ਪ੍ਰੀਤ (ਬੇ-ਤਾਰ:98157-02732)
ਭਗਤਾ (ਬਠਿੰਡਾ)-151206     

No comments: