Friday, February 08, 2013

ਸੁਖਿੰਦਰ ਨਾਲ ਮਿਲਣੀ 17 ਨੂੰ ਬਰਨਾਲਾ ਵਿਖੇ

ਕਿਤਾਬਾਂ ਵੀ ਰਲੀਜ਼ ਹੋਣਗੀਆਂ ਅਤੇ ਵਿਚਾਰ ਵਟਾਂਦਰੇ ਵੀ ਚੱਲਣਗੇ
ਕਲਮਕਾਰ ਸੁਖਿੰਦਰ, ਕਾਮਰੇਡ ਸੁਖਿੰਦਰ, ਸੰਪਾਦਕ ਸੁਖਿੰਦਰ, ਸ਼ਾਇਰ ਸੁਖਿੰਦਰ----ਅਰੇ ਪਤਾ ਨੀ ਕਿੰਨਾ ਕੁਝ ਹੋਰ ਵੀ।  ਲੋਕ ਉਸ ਨਾਲ ਬਹਿਸਦੇ ਵੀ ਹਨ ਪਰ ਉਸ ਨਾਲ ਪਿਆਰ ਵੀ ਕਰਦੇ ਹਨ। ਉਹ ਨਿਸ਼ਾਨਾ ਬਣਦਾ ਵੀ ਹੈ ਅਤੇ ਬੇਲਿਹਾਜ਼ ਹੋ ਕੇ ਬਣਾਉਦਾ ਵੀ ਹੈ ਪਰ ਇਸ ਸਾਰੇ ਵਰਤਾਰੇ ਨਾਲ ਉਸ ਦੀਆਂ ਦੋਸਤੀਆਂ ਹੋਰ ਪੱਕੀਆਂ ਹੁੰਦੀਆਂ ਜਾਂਦੀਆਂ ਹਨ। ਉਹ ਦਾਰੂ ਪੀਣ ਦੀ ਗੱਲ ਸਾਰਿਆਂ ਸਾਹਮਣੇ ਕਬੂਲ ਕਰਦਿਆਂ ਦਾਰੂ ਦਾ ਸਮਰਥਨ ਵੀ ਕਰ ਸਕਦਾ ਹੈ ਪਰ ਨਾਲ ਹੀ ਇਹ ਉਪਦੇਸ਼ ਵੀ ਕਿ ਜੇ ਘਰ ਰੋਟੀ ਦੇ ਲਾਲੇ ਪਏ ਹੋਣ ਤਾਂ ਦਾਰੂ ਕੋਈ ਚੰਗੀ ਚੀਜ਼ ਨਹੀਂ। ਕੁਲ ਮਿਲਾ ਕੇ ਉਹ ਤੁਹਾਨੂੰ ਸੋਚਣ ਲਈ ਮਜਬੂਰ ਕਰਦਾ ਹੈ---ਬਈ ਸੋਚੋ--ਜਰੂਰ ਸੋਚੋ ਤੇ ਫਿਰ ਕੁਝ ਕਰੋ ਵੀ ਭਾਵੇਂ ਆਪਣੀ ਮਰਜ਼ੀ ਕਰ ਲਿਓ ਉਹ ਆਪਣੇ ਵਿਚਾਰਾਂ ਦਾ ਇਸ਼ਾਰਾ ਜਰੂਰ ਦੇਂਦਾ ਹੈ ਪਰ ਆਪਣੀ ਮਰਜ਼ੀ ਕਦੇ ਥੋਪਦਾ  । ਉਹ ਸੁਖਿੰਦਰ ਅੱਜਕਲ੍ਹ  ਫਿਰ ਪੰਜਾਬ ਵਿੱਚ ਹੈ। ਪਿਛਲੇ ਦਿਨੀਂ ਰੇਡੀਓ ਸਟੇਸ਼ਨ ਵਿਖੇ ਚਾਰ ਕੁ ਘੰਟਿਆਂ ਦੇ ਫਰਕ ਅਤੇ ਪੂਰਵ ਨਿਸਚਿਤ ਰੁਝੇਵਿਆਂ ਕਾਰਣ ਸਾਡੀ ਮੁਲਾਕਾਤ ਨਹੀਂ ਹੋ ਸਕੀ। ਹੁਣ ਸੁਖਿੰਦਰ ਨੇ ਸਭ ਸੱਜਣਾਂ ਮਿੱਤਰਾਂ ਅਤੇ 'ਵਿਰੋਧੀਆਂ'  ਨੂੰ ਮਿਲਣਾ ਹੈ ਬਰਨਾਲਾ ਵਿਖੇ 17 ਫਰਵਰੀ ਨੂੰ। ਇਸ ਸਾਹਿਤਿਕ ਮਿਲਣੀ ਵਿੱਚ ਕਿਤਾਬਾਂ ਵੀ ਰਲੀਜ਼ ਹੋਣੀਆਂ ਹਨ ਅਤੇ ਕਵਿਤਾ ਦਰਬਾਰ ਦੇ ਨਾਲ ਕਈ ਹੋਰ ਵਿਚਾਰਾਂ ਵੀ। ਪੂਰਾ ਪ੍ਰੋਗਰਾਮ ਤੁਸੀਂ ਪੜ੍ਹ ਸਕਦੇ ਹੋ ਸੱਦਾ ਪੱਤਰ ਤੋਂ ਜਿਸਦੀ ਤਸਵੀਰ ਇਥੇ ਨਾਲ ਹੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।
ਮਾਲਵਾ ਸਾਹਿਤ ਸਭਾ ਬਰਨਾਲਾ ਅਤੇ ਲਿਖਾਰੀ ਸਭਾ ਬਰਨਾਲਾ ਦੇ ਸਾਂਝੇ ਸਹਿਯੋਗ ਨਾਲ ਹੋ ਰਹੇ ਇਸ ਆਯੋਜਨ ਵਿੱਚ ਵਿਸ਼ਵ ਭਾਰਤੀ ਪ੍ਰਕਾਸ਼ਨ ਅਤੇ ਸੰਵਾਦ ਕਨੇਡਾ ਦਾ ਉੱਦਮ ਉਪਰਾਲਾ ਵੀ ਸ਼ਾਮਿਲ ਹੈ। ਉਮੀਦ ਕਰਨੀ ਬਣਦੀ ਹੈ ਕਿ ਇਸ ਸਾਂਝੀ ਕਲਮੀ ਇਕੱਤਰਤਾ ਨਾਲ ਸਾਹਿਤ ਅਤੇ ਭਾਸ਼ਾ ਬਾਰੇ ਕਈ ਹੋਰ ਨਵੀਆਂ ਅਤੇ ਠੋਸ ਯੋਜਨਾਵਾਂ ਦੇ ਰਾਹ ਵੀ ਉਲੀਕੇ ਜਾਣਗੇ। -- ਰੈਕਟਰ ਕਥੂਰੀਆ 

No comments: