Tuesday, January 08, 2013

ਟਕਸਾਲ ਅਤੇ ਅਖੰਡ ਕੀਰਤਨੀ ਜਥਾ:ਸਾਂਝੇ ਯਤਨਾਂ ਤੇ ਆਮ ਸਹਿਮਤੀ ਪ੍ਰਗਟ

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋਡ਼ੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥

ਆਪਣੇ ਬਹੁਮੁੱਲੇ ਇਤਹਾਸਕ ਵਿਰਸੇ ਵਲ ਪਰਤ ਰਹੇ ਹਨ—
ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥਾ

Damdami Taksal and AKJ UK Historical Meeting for Panthik Unity!

Head of Damdami Taksaal, Singh Sahib Giani Ram Singh Khalsa Bhindranwale, visits Singh Sabha Gurdwara Derby to meet AKJ UK Executive Committee members to discuss ways forward to work together in uniting the Panth and tackling the following issues:

1) Gurudom
2) Rising Patit-punna (Apostasy)
3) Crime, Drugs and Social Evils in Panjab
4) Hatred and controversy being spread and Maryada differences being manipulated in the youth on Facebook, or media
5) Respecting Sri Akal Takht Sahib Maryada and not opposing it

Baba Ram Singh Ji discussed in the meeting that the historically Damdami Taksaal and AKJ have had a lot pyaar, and the differences on issues like Raagmala and Mool Mantar has never been an issue and nor debated by the early Singhs. Baba Ji was concerned at how youngsters could use these issues to create divide and hate. Baba Ji said AKJ used to come to Mehta to do Keertan and Taksaal Singhs attended Rainsbaayees.

Vahegurooo!
ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਰਾਮ ਸਿੰਘ ਖਾਲਸਾ
ਭਿੰਡਰਾਂਵਾਲੇ ਅਤੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ
ਭਾਈ ਰਘਬੀਰ ਸਿੰਘ ਜੀ ਇਤਹਾਸਕ ਮਿਲਣੀ ਸਮੇਂ
 
ਪਿਛਲੇ ਕੁਝ ਸਮੇ ਤੋਂ ਦਮਦਮੀ ਟਕਸਾਲ ਦਾ ਨਾਮ ਲੈ ਕੇ ਕੁਝ ਲੋਕਾਂ ਵਲੋਂ ਆਪਣੇ ਸੌਡ਼ੇ ਸਿਆਸੀ ਹਿੱਤਾਂ ਲਈ ਜਿਵੇਂ ਨਫਰਤ ਦੀ ਖੇਡ ਖੇਡਣੀ ਸ਼ੁਰੂ ਕੀਤੀ ਗਈ ਸੀ ਉਸ ਨੂੰ ਲੈ ਕੇ ਯੂ ਕੇ ਵਿਚ ਹਰ ਪੰਥਕ ਹਿਰਦਾ ਤਡ਼ਫ ਕੇ ਰਹਿ ਗਿਆ ਸੀ । ਫੇਸ ਬੁੱਕ ਤੇ ਭਾਈ ਰਣਧੀਰ ਸਿੰਘ ਜੀ ਦੀ ਤਸਵੀਰ ਨਾਲ ਨੀਵੇਂ ਦਰਜੇ ਦੀਆਂ ਹਰਕਤਾਂ ਕਰਨ ਅਤੇ ਅਖੰਡ ਕੀਰਤਨੀ ਜਥੇ ਸਬੰਧੀ ਗਲਤ ਬਿਆਨ ਬਾਜ਼ੀ ਨੇ ਨੌਜਵਾਨਾਂ ਨੂੰ ਆਹਮੋ ਸਾਹਮਣੇ ਖਡ਼ੇ ਕਰ ਦਿੱਤਾ ਸੀ ਜੋ ਕਿ ਕੁਝ ਸ਼ਰਾਰਤੀ ਅਨਸਰਾਂ ਅਤੇ ਪੰਥ ਵਿਰੋਧੀ ਪ੍ਰਚਾਰਕਾਂ ਦੀ ਗਿਣੀ ਮਿਥੀ ਸਾਜਸ਼ ਅਧੀਨ ਹੀ ਹੋ ਰਿਹਾ ਸੀ । ਇਸ ਨਾਜ਼ਕ ਮੌਕੇ ਤੇ ਦਮਦਮੀ ਟਕਸਾਲ ਦੇ ਮੌਜੂਦਾ ਜਥੇਦਾਰ ਬਾਬਾ ਰਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਯੂ ਕੇ ਵਿਚ ਆ ਕੇ ਖਾਲਸਾਈ ਅਕੀਦਿਆਂ ਅਨੁਸਾਰ ਦੋਹਾਂ ਪੰਥਕ ਜਥੇਬੰਦੀਆਂ ਵਿਚ ਪ੍ਰਸਪਰ ਏਕਤਾ ਬਣਾਈ ਰੱਖਣ ਲਈ ਪ੍ਰਮੁਖ ਭੂਮਿਕਾ ਅਦਾ ਕੀਤੀ ਹੈ ।
ਯੂ ਕੇ ਵਿਚ ਨੌਜਵਾਨਾਂ ਦਰਮਿਆਨ ਕਸ਼ਿਦਗੀ ਪ੍ਰਤੀ ਬਾਬਾ ਰਾਮ ਸਿੰਘ ਜੀ ਨੇ ਬੇਹੱਦ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਹਨਾਂ ਪੰਥਕ ਦਲਾਂ ਦਰਮਮਿਆਨ ਏਕਤਾ ਦੀ ਲੋਡ਼ ਦੀ ਅਹਿਮੀਅਤ ਬਾਬਤ ਸੰਗਤਾ ਨੂੰ ਜਾਣੂ ਕਰਵਾਇਆ । ਐਤਵਾਰ 6 ਜਨਵਰੀ 2013 ਦੀ ਸ਼ਾਮ ਨੂੰ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਅਖੰਡ ਕੀਰਤਨੀ ਜਥੇ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਪੁਰੇਵਾਲ ਵਲੋਂ ਬੁਲਾਏ ਇਕੱਠ ਵਿਚ ਦੋਹਾਂ ਜਥੇਬੰਦੀਆਂ ਦੇ ਜਥੇਦਾਰਾਂ ਤੋਂ ਇਲਾਵਾ ਅਨੇਕਾਂ ਹੀ ਹੋਰ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਿਆਂ ਦੇ ਸੇਵਾਦਾਰ ਹਾਜ਼ਰ ਸਨ । ਇਸ ਇਕੱਠ ਦੀ ਕਵਰੇਜ ਸੰਗਤ ਟੈਲੀਵੀਯਨ ਤੇ ਲਾਈਵ ਕੀਤੀ ਗਈ । ਜਿਓਂ ਹੀ ਇਹ ਪ੍ਰੋਗ੍ਰਾਮ ਸ਼ੁਰੂ ਹੋਇਆ ਤਾਂ ਸਾਰੇ ਹੀ ਯੂਰਪ ਤੋਂ ਵਧਾਈ ਸੰਦੇਸ਼ਾਂ ਦਾ ਤਾਂਤਾ ਲੱਗ ਗਿਆ । ਇਸ ਪ੍ਰੋਗ੍ਰਾਮ ਵਿਚ ਕਾਹਲੀ ਨਾਲ ਅਨੇਕਾਂ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਮ ਪਡ਼੍ਹ ਕੇ ਸੁਣਾਏ ਗਏ । ਆਉਂਦੇ ਐਤਵਾਰ 13 ਜਨਵਰੀ ਸ਼ਾਮ ਚਾਰ ਵਜੇ ਸਿੰਘ ਸਭਾ ਡਰਬੀ ਤੋਂ ਸੰਗਤ ਟੀ ਵੀ ਦੇ ਗੁਰਮਤ ਸਵਾਲ ਜਵਾਬ ਦੇ ਪ੍ਰੋਗ੍ਰਾਮ ਵਿਚ ਬਾਕੀ ਦੇ ਸਾਰੇ ਨਾਮ ਵੀ ਪਡ਼੍ਹ ਕੇ ਸੁਣਾਏ ਜਾਣੇ ਹਨ ।
ਇਸ ਇਕੱਠ ਵਿਚ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੀ ਇਤਹਾਸਕ ਸਾਂਝ ਅਤੇ ਪ੍ਰੇਮ ਪਿਆਰ ਬਾਬਤ ਸੰਗਤਾਂ ਨੂੰ ਜਾਣੂ ਕਰਵਾਇਆ ਕਿ ਕਿਵੇਂ ਰਾਗ ਮਾਲਾ ਦੇ ਮੁੱਦੇ ਤੇ ਮਤ ਭੇਦ ਹੁੰਦੇ ਹੋਏ ਵੀ ਦਮਦਮੀ ਟਕਸਾਲ ਨੇ ਹਮੇਸ਼ਾਂ ਹੀ ਅਖੰਡ ਕੀਰਤਨੀ ਜਥੇ ਨਾਲ ਨੇਡ਼ਤਾ ਬਣਾਈ ਰੱਖੀ ; ਜਥੇ ਵਲੋਂ ਅਯੋਜਤ ਰੈਣਸਬਾਈਆਂ ਦੇ ਲਾਹੇ ਸਾਂਝੇ ਤੌਰ ਤੇ ਲਏ ਜਾਂਦੇ ਰਹੇ; 1978 ਦੇ ਨਿਰੰਕਾਰੀ ਕਾਂਡ ਵਿਚ ਦੋਵਾਂ ਦਲਾਂ ਨੇ ਬਗਲਗੀਰ ਹੋ ਕੇ ਹਾਲਾਤਾਂ ਦਾ ਸਾਹਮਣਾਂ ਕੀਤਾ ਅਤੇ ਧਰਮ ਯੁੱਧ ਮੋਰਚੇ ਅਥਵਾ 1984 ਦੇ ਦਰਬਾਰ ਸਾਹਿਬ ਦੇ ਹਮਲੇ ਸਮੇਂ ਵੀ ਦੋਹਾਂ ਦਲਾਂ ਦੇ ਆਗੂ ਸਾਂਝੇ ਤੌਰ ਤੇ ਰਣ ਵਿਚ ਜੂਝੇ । 
ਅੱਜ ਦੇ ਸਮੇ ਪੰਜਾਬ ਦੇ ਹਾਲਾਤਾਂ ਅਤੇ ਕੌਮਾਂਤਰੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੋਹਾਂ ਜਥੇਬੰਦੀਆਂ ਦੇ ਆਗੁਆਂ ਵਲੋਂ ਹੇਠ ਲਿਖੇ ਮੁੱਦਿਆਂ ਤੇ ਪਹਿਰਾ ਦੇਣ ਲਈ ਮੁਕੰਮਲ ਏਕਤਾ ਦਾ ਐਲਾਨ ਕੀਤਾ ਗਿਆ-
1) ਪੰਥ ਦੀਆਂ ਬਹੁਤੀਆਂ ਸੰਸਥਾਵਾਂ ਵਿਚ ਮਰਿਯਾਦਾ ਅਤੇ ਕੁਝ ਪੰਥਕ ਮੁੱਦਿਆਂ ( ਜਿਹਨਾਂ ਬਾਰੇ ਅਜੇ ਪੰਥ ਵਿਚ ਸਹਿਮਤੀ ਨਹੀਂ ਹੈ ) ਬਾਰੇ ਬੇਸ਼ੱਕ ਦੀ ਇੱਕ ਰਾਏ ਨਹੀਂ ਹੈ, ਉਹਨਾਂ ਮੁੱਦਿਆਂ ਨੂੰ ਲੈ ਕੇ ਪੰਥ ਵਿਚ ਫੁੱਟ ਨਾਂ ਪਾਈ ਜਾਵੇ, ਜਿਸ ਨਾਲ ਸਮੁੱਚੀ ਸਿੱਖ ਕੌਮ ਦਾ ਨੁਕਸਾਨ ਹੁੰਦਾ ਹੈ । ਆਪਸ ਵਿਚ ਪੰਥਕ ਪਿਆਰ ਦੀ ਭਾਵਨਾਂ ਬਣਾਈ ਰੱਖੀ ਜਾਵੇ ।
2) ਪੰਥਕ ਸੰਸਥਾਵਾਂ ਜਿਵੇਂ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਸਿੱਖ ਮਿਸ਼ਨਰੀ, ਨਿਹੰਗਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੱਖੀ ਦਾ ਪ੍ਰਚਾਰ ਕਰਦੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਕੌਮ ਨੂੰ ਜੋਡ਼ਦੀਆਂ ਹਨ, ਉਹਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਦਾ ਸਤਿਕਾਰ ਕੀਤਾ ਜਾਵੇ ।
3) ਪੰਥ ਦੀ ਸੇਵਾ ਕਰਨ ਵਾਲੇ ਪੁਰਾਤਨ ਗੁਰਸਿੱਖਾਂ, ਸਿੱਖ ਸੰਸਥਾਵਾਂ, ਸਿੱਖ ਆਗੂਆਂ ਜਿਹਨਾਂ ਨੇ ਪੰਥ ਦੀ ਵੱਡਮੁੱਲੀ ਸੇਵਾ ਕੀਤੀੈ, ਉਹਨਾਂ ਨੂੰ ਪੂਰਨ ਸਤਿਕਾਰ ਦਿੱਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਕੋਈ ਨਿੰਦਿਆਂ ਵਾਲਾ ਲਫਜ਼ ਨਾਂ ਵਰਤਿਆ ਜਾਵੇ ।
4) ਹਰ ਗੁਰਸਿੱਖ ਨਿਤਨੇਮ (ਪੰਜ ਬਾਣੀਆਂ) ਤੋਂ ਇਲਾਵਾ ਹੋਰ ਗੁਰਬਾਣੀ ਸ਼ਰਧਾ ਮੁਤਾਬਿਕ ਪਡ਼੍ਹਦਾ ਹੈ, ਇਸ ਵਿਸ਼ੇ ਨੂੰ ਲੈ ਕੇ ਆਪਸ ਵਿਚ ਬਹਿੰਸ ਨਾਂ ਕੀਤੀ ਜਾਵੇ ।
੫) ਦੇਸ਼ ਅਤੇ ਵਿਦੇਸ਼ ਦੇ ਸਿੱਖ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪੰਥ ਦੇ ਇਹਨਾਂ ਮੁੱਦਿਆਂ ਨੂੰ ਲੈ ਕੇ ਇੰਟਰਨੈਟ, ਫੇਸਬੁੱਕ ਅਤੇ ਕਿਸੇ ਵੀ ਮੀਡੀਏ ਰਾਹੀਂ ਇੱਕ ਦੂਜੇ ਦਾ ਵਿਰੋਧ ਨਾਂ ਕੀਤਾ ਜਾਵੇ ਸਗੋਂ ਸਮੁੱਚੇ ਪੰਥ ਦੀ ਚਡ਼੍ਹਦੀ ਕਲਾ ਲਈ ਇੱਕ ਦੂਸਰੇ ਦਾ ਸਾਥ ਦੇ ਕੇ ਕੌਮ ਦੀ ਸੇਵਾ ਕੀਤੀ ਜਾਵੇ ।
6) ਜਿਹਡ਼ੇ ਸ਼ਰਾਰਤੀ ਅਨਸਰ ਸਿੱਖੀ ਦੇ ਭੇਸ ਵਿਚ ਗੁਰਸਿੱਖਾਂ ਲਈ ਅਪਮਾਨਿਤ ਸ਼ਬਦ ਜਿਵੇਂ ਗੁਰ ਨਿੰਦਕ, ਨਾਸਤਕ, ਬੇਮੁੱਖ, ਮਸੰਦ, ਗਦਾਰ ਆਦਿ ਸ਼ਬਦ ਵਰਤਦੇ ਹਨ ਉਹਨਾਂ ਪ੍ਰਤੀ ਸਮੂਹ ਪੰਥਕ ਜਥੇਬੰਦੀਆਂ ਦੇ ਨੌਜਵਾਨ ਸੁਚੇਤ ਰਹਿਣ ।
ਇਸ ਤੋਂ ਇਲਾਵਾ ਦੋਹਾਂ ਜਥੇਬੰਦੀਆਂ ਦਰਮਿਆਨ ਪੰਜਾਬ ਦੇ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਦੇਹ ਧਾਰੀ ਗੁਰੂ ਡਮ, ਪਤਿਤ ਪੁਣਾਂ, ਸ਼ਰਾਬ, ਡਰੱਗ, ਜ਼ੁਰਮ ਅਤੇ ਸਮਾਜਿਕ ਬੁਰਾਈਆਂ ਦੀ ਰੋਕ ਥਾਮ ਲਈ ਸਾਂਝੇ ਯਤਨਾਂ ਤੇ ਆਮ ਸਹਿਮਤੀ ਪ੍ਰਗਟ ਕੀਤੀ ਗਈ । 
ਦਮਦਮੀ ਟਕਸਾਲ ਦੀ ਜਥੇਦਾਰੀ ਦੇ ਮੁੱਦੇ ਤੇ ਬਾਬਾ ਰਾਮ ਸਿੰਘ ਜੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਬਾਬਾ ਠਾਕੁਰ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੌਰਾਨ 17) ਜੂਨ 2003 ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ, ਅਮਰੀਕਾ ਵਿਖੇ ਉਹਨਾਂ ਨੂੰ ਦਮਦਮੀ ਟਕਸਾਲ ਦੀਆਂ ਸਮੁੱਚੀਆਂ ਸੇਵਾਵਾਂ ਲਿਖਤੀ ਰੂਪ ਵਿਚ ਬਖਸ਼ਿਸ਼ ਕੀਤੀਆਂ ਸਨ । ਦੁਸਹਿਰੇ ਮੌਕੇ 2 ਜਨਵਰੀ 2005 ਨੂੰ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਪੰਜਾਬ ਦੇ ਨਗਰ ‘ਸੰਗਰਾਵਾਂ’ ਵਿਖੇ ਬਾਬਾ ਠਾਕੁਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਬਾਬਾ ਰਾਮ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਪੰਦਰਵੇਂ ਜਥੇਦਾਰ ਵਜੋਂ ਮਾਨਤਾ ਦਿੱਤੀ । 1978 ਤੋਂ ਲੈ ਕੇ ਹੁਣ ਤਕ ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਲਈ ਦਮਦਮੀ ਟਕਸਾਲ ਦੇ ਨਵੇਂ ਹੈਡਕੁਾਰਟਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ।
ਇਸ ਇਕੱਠ ਵਿਚ ਬਾਬਾ ਰਾਮ ਸਿੰਘ ਜੀ ਤੋਂ ਇਲਾਵਾ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਰਘਬੀਰ ਸਿੰਘ ਜੀ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ , ਕਾਰ ਸੇਵਾ ਪਾਕਿਸਤਾਨ ਗੁਰਧਾਮ ਸੇਵਾ ਦੇ ਆਗੂ ਭਾਈ ਅਵਤਾਰ ਸਿੰਘ ਸੰਘੇਡ਼ਾ, ਸਿੰਘ ਸਭਾ ਗੁਰਦੁਆਰਾ ਕਾਵੈਂਟਰੀ ਦੇ ਮੁਖ ਸੇਵਾਦਾਰ ਭਾਈ ਕੁਲਵੰਤ ਸਿੰਘ ਢੇਸੀ, ਸਿੰਘ ਸਭਾ ਡਰਬੀ ਦੇ ਡਾ: ਦਲਜੀਤ ਸਿੰਘ ਵਿਰਕ, ਬ੍ਰਮਿੰਘਮ ਗੁਰਦੁਆਰਾ ਦੇ ਭਾਈ ਹਰਭਜਨ ਸਿੰਘ ਦਈਆ, ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਦੇ ਸਾਬਕਾ ਮੁਖ ਸੇਵਾਦਾਰ ਭਾਈ ਰਵਿੰਦਰ ਸਿੰਘ, ਖਾਲਸਾ ਕੌਂਸਲ ਦੇ ਬਾਬਾ ਦਿਲਬਾਗ ਸਿੰਘ, ਅਖੰਡ ਕੀਰਤਨੀ ਜਥੇ ਦੇ ਭਾਈ ਜੋਗਿੰਦਰ ਸਿੰਘ, ਬ੍ਰਿਟਿਸ਼ ਸਿੱਖ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਬੀਰ ਸਿੰਘ ਅਤੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਓਲ ਤੋਂ ਇਲਾਵਾ ਅਨੇਕਾਂ ਹੋਰ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਆਪਣੇ ਵਿਚਾਰ ਦਿੱਤੇ ।  
ਜਾਰੀ ਕਰਤਾ – ਭਾਈ ਕੁਲਵੰਤ ਸਿੰਘ ਢੇਸੀ- ਕਾਵੈਂਟਰੀ- ਯੂ ਕੇ
kulwantsinghdhesi@hotmail.com   

No comments: