Thursday, January 31, 2013

ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ:ਸੁਰੱਈਆ

31 ਜਨਵਰੀ ਬਰਸੀ 'ਤੇ                                                      ਰਣਜੀਤ ਸਿੰਘ ਪ੍ਰੀਤ  
ਸਿਨੇ-ਜਗਤ ਨੂੰ ਆਪਣੀ ਕਲਾ,ਸੀਰਤ-ਸੂਰਤ,ਅਤੇ ਸੁਰੀਲੇ ਸੁਰ-ਸੰਗੀਤ ਨਾਲ ਮੰਤਰ-ਮੁਗਧ ਕਰਨ ਵਾਲੀ,ਕਲਾਸਿਕ ਬਦਾਮੀ ਅੱਖਾਂ,ਫ਼ਿਲਮੀ ਨਾਅ ਸੁਰੱਈਆ ਦਾ ਜਨਮ 15 ਜੂਨ 1929 ਨੂੰ ਗੁਜਰਾਂਵਾਲਾ ਵਿਖੇ ਮਾਪਿਆਂ ਦੀ ਇਕਲੌਤੀ ਔਲਾਦ ਵਜੋਂ ਹੋਇਆ। ਸੁਰੱਈਆ ਦੇ ਅੱਬੂ ਜਾਨ ਨੇ ਫ਼ਰਨੀਚਰ ਦੀ ਛੋਟੀ ਜਿਹੀ ਦੁਕਾਨ ਗੁਜਰਾਂਵਾਲਾ ਤੋਂ ਲਾਹੌਰ ਲੈ ਆਂਦੀ। ਅੱਬੂ ਵੱਲੋਂ ਵਿਰੋਧ ਦੇ ਬਾਵਜੂਦ ਸੁਰੱਈਆ ਆਪਣੀ ਅੰਮੀ ਜਾਨ, ਮਾਮੂੰ ਅਤੇ ਨਾਨੀ ਨਾਲ ਮੁੰਬਈ ਆ ਪਹੁੰਚੀ।
                          ਸੁਰੱਈਆ ਨੇ ਸਿਰਫ਼ 9 ਸਾਲ ਦੀ ਉਮਰ ਵਿੱਚ ਹੀ 1937 ਨੂੰ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਬੱਚਿਆਂ ਲਈ ਪ੍ਰੋਗਰਾਮ ““ਉਸਨੇ ਕਿਆ ਸੋਚਾ”” ਵਿੱਚ ਆਪਣੇ ਮਾਮੂੰ ਜ਼ਹੂਰ ਐਕਟਰ ਦੀ ਮਦਦ ਨਾਲ ਭਾਗ ਲਿਆ। ਫਿਰ 1941 ਦੀਆਂ ਸਕੂਲੀ ਛੁਟੀਆਂ ਦੌਰਾਂਨ ਉਹ ਮਾਮੂੰ ਨਾਲ ਹੀ ਮੋਹਨ ਫ਼ਿਲਮ ਸਟੁਡੀਓਜ਼ ਗਈ ਤਾਂ ਫ਼ਿਲਮ ਦੇ ਡਾਇਰੈਕਟਰ ਨਾਨੂਭਾਈ ਵਕੀਲ ਨੇ ਉਸਨੂੰ ਮੁਟਿਆਰ ਹੁੰਦੀ ਮੁਮਤਾਜ ਮਹੱਲ ਦੇ ਰੋਲ ਲਈ ਸਹਿਮਤ ਕਰ ਲਿਆ। ਉਸ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ “ਪੰਛੀ ਜਾਹ ਪੀਛੇ ਰਹਾ ਹੈ ਬਚਪਨ ਮੇਰਾ”” ਸਟੂਲ 'ਤੇ ਖੜਕੇ ਗਾਇਆ। “ਹਮਾਰੀ ਬਾਤ” (1943) ਤੋਂ ਪਹਿਚਾਣ ਬਣੀ ਅਤੇ “ਪਰਵਾਨਾ” (1947) ਦੇ ਚਾਰ ਸੋਲੋ ਗੀਤਾਂ ਨੇ ਪ੍ਰਸਿੱਧ ਕੀਤਾ।
           ਉਹਨੂੰ ਬਰੇਕ ਕੇ ਐਲ ਸਹਿਗਲ ਦੀ ਸ਼ਿਫ਼ਾਰਸ਼ ਨਾਲ ਪਹਿਲੀ ਵਾਰ ਬਤੌਰ ਨਾਇਕਾ 1945 ਨੂੰ ਬਣੀ ਫ਼ਿਲਮ ““ਤਦਬੀਰ”” ਵਿੱਚ ਰੋਲ ਕਰਨ ਤੋਂ ਮਿਲੀ। ਉਹਨੇ ਕੇ ਐਲ ਸਹਿਗਲ ਨਾਲ ਕੋ-ਸਟਾਰ ਵਜੋਂ ਵੀ ਫ਼ਿਲਮਾਂ ਕੀਤੀਆਂ। ਗਾਇਕਾ ਅਤੇ ਨਾਇਕਾ ਵਜੋਂ ਸੁਰੱਈਆ ਨੇ ਮਹਿਬੂਬ ਖ਼ਾਨ ਦੀ ਫ਼ਿਲਮ “ਅਨਮੋਲ ਘੜੀ”, ਅਤੇ “ਦਰਦ” ਵਿੱਚ ਵੀ ਰੋਲ ਕੀਤੇ। “ਪਿਆਰ ਕੀ ਜੀਤ””“ਬੜੀ ਬਹਿਨ””,ਅਤੇ ““ਦਿਲਲਗੀ” (1948-49),ਦੇ ਦੌਰ ਵਿੱਚ ਸੱਭ ਤੋਂ ਮਹਿੰਗੀ ਰਹੀ ਅਦਾਕਾਰਾ,ਦੀਆਂ ਕੁੱਝ ਫ਼ਿਲਮਾਂ ਫਲਾਪ ਰਹਿਣ ਮਗਰੋਂ ““ਵਾਰਿਸ””,”“ਮਿਰਜ਼ਾ ਗਾਲਿਬ”” (1954),ਰਾਹੀਂ ਵਧੀਆ ਕਾਰਜ ਕੀਤਾ। “ਰੁਸਤਮ ਸੋਹਰਾਬ” (1963) ਉਸਦੀ ਆਖ਼ਰੀ ਫ਼ਿਲਮ ਰਹੀ ਅਤੇ ਏਸੇ ਫ਼ਿਲਮ ਦਾ ਗੀਤ “ਯੇਹ ਕੈਸੀ ਅਜਬ ਦਾਸਤਾਨ” ਆਖ਼ਰੀ ਗੀਤ ਰਿਹਾ। ।                             
                       ਫ਼ਿਲਮ ““ਵਿਦਿਆ” (1948) ਦੇ ਗੀਤ “ਕਿਨਾਰੇ ਕਿਨਾਰੇ ਚਲੇ ਜਾਏਂਗ”ਦੀ ਸ਼ੂਟਿੰਗ ਦੌਰਾਨ ਕਿਸ਼ਤੀ ਹਾਦਸੇ ਵਿੱਚੋਂ,ਦੇਵ ਆਨੰਦ ਨੇ ਉਸ ਨੂੰ ਬਚਾਇਆ। ਫ਼ਿਲਮ ““ਜੀਤ” (1949) ਦੇ ਸੈੱਟ 'ਤੇ ਦੇਵ ਨੇ ਉਸ ਨੂੰ ਪਰਪੋਜ਼ ਕਰਦਿਆਂ ਡਾਇਮੰਡ ਦੀ 3000 ਰੁਪਏ ਵਾਲੀ ਅੰਗੂਠੀ ਵੀ ਪਹਿਨਾ ਦਿੱਤੀ। ਦੋਹਾਂ ਦੀਆਂ 6 ਫ਼ਿਲਮਾਂ ਵਿੱਚੋਂ ਆਖ਼ਰੀ ਫਿਲਮ 1951 ਵਿੱਚ “ਦੋ ਸਿਤਾਰ”ੇ ਰਹੀ। । ਸੁਰੱਈਆ ਦੀ ਨਾਨੀ ਦੇ ਵਿਰੋਧ ਸਦਕਾ ਉਸਨੇ ਦੇਵ ਤੋਂ ਬਿਨਾਂ ਨਿਕਾਹ ਨਾ ਕਰਵਾਉਣ ਦਾ ਹੱਠ ਆਖ਼ਰੀ ਦਮ ਤੱਕ ਕਾਇਮ ਰੱਖਿਆ। ।                                            ਸੈਂਸਰ ਬੋਰਡ ਵੱਲੋਂ ਰੋਕੀ ਫ਼ਿਲਮ “ਮਿਰਜ਼ਾ ਗਾਲਿਬ”” (1954) ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਵੇਖੀ ਅਤੇ ਰਿਲੀਜ਼ ਕਰਵਾਈ।। ਸੁਰੱਈਆ ਦੀ ਫ਼ਿਲਮ ““ਦਿਲਲਗੀ”” ਐਕਟਰ ਧਰਮਿੰਦਰ ਨੇ 40 ਵਾਰ ਵੇਖੀ। ਸੁਰੱਈਆ 66 ਫ਼ਿਲਮਾਂ 'ਚ ਅਦਾਕਾਰਾ ਅਤੇ 47 ਫ਼ਿਲਮਾਂ ਵਿੱਚ ਪਿਠਵਰਤੀ ਗਾਇਕਾ ਰਹੀ। ਸਕਰੀਨ ਵੀਕਲੀ ਐਵਾਰਡ ਅਤੇ 1998 ਵਿੱਚ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਵਿੰਨਰ, ਸੁਰੱਈਆ ਨੇ ਸੁਰੱਈਆ ਮੁਬਿਨ  ਦੇ ਨਾਂਅ ਨਾਲ ਪ੍ਰੋਡਿਊਸਰ ਵਜੋਂ 1964 ਵਿੱਚ ਫ਼ਿਲਮ ਸ਼ਗੁਨ ਵੀ ਬਣਾਈ।
        ਸਿਰਫ਼ 34 ਸਾਲ ਦੀ ਉਮਰ ਵਿੱਚ ਰੂ-ਪੋਸ਼ ਹੋਣ ਵਾਲੀ ਸੁਰੱਈਆ ਨੇ ਕਈ ਬਿਮਾਰੀਆਂ ਤੋਂ ਪੀੜਤ ਹੁੰਦਿਆਂ ਆਪਣਾ ਆਖ਼ਰੀ ਜੀਵਨ ਸਮਾਂ ਆਪਣੇ ਅਪਾਰਟਮੈਂਟ ਮੈਰਿਨ ਡਰਾਈਵ ਮੁੰਬਈ ਵਿੱਚ ਬਿਤਾਇਆ। ਸੁਰੱਈਆ ਨੂੰ 16 ਜਨਵਰੀ ਵਾਲੇ ਦਿਨ ਮੁੰਬਈ ਦੇ ਹਰਕਿਸ਼ੰਦਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਸ ਸੁਰਾਂ ਦੀ ਸ਼ਹਿਜ਼ਾਦੀ ਨੇ 31 ਜਨਵਰੀ 2004 ਨੂੰ ਸਵੇਰੇ 9.25 ਵਜੇ ਆਖ਼ਰੀ ਸਾਹ ਲਿਆ। ਉਸ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਮੈਰਿਨ ਲਾਈਨਜ਼ ਬਾਦਾ ਕਬਰਸਤਾਨ  ਵਿੱਚ ਸਪੁਰਦ-ਇ -ਖ਼ਾਕ ਕਰ ਦਿਤਾ ਗਿਆ। ਅੱਜ ਭਾਵੇਂ ਉਹ ਜਿਸਮਾਨੀ ਤੌਰ 'ਤੇ ਸਦਾ ਸਦਾ ਲਈ ਰੁਖ਼ਸਤ ਹੋ ਚੁੱਕੀ ਹੈ। ਪਰ ਆਪਣੀ ਸਾਰਥਕ ਕਲਾ ਸਹਾਰੇ, ਉਹ ਫ਼ਿਲਮਾਂ ,ਗੀਤਾਂ ਦੇ ਰੂਪ ਵਿੱਚ ਜੀਵਤ ਹੈ ਅਤੇ ਜੀਵਤ ਰਹੇਗੀ।                                              

 ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232

No comments: