Wednesday, January 30, 2013

ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼ਾਨਦਾਰ ਜਿੱਤ

ਪੰਜਾਬ ਵਿੱਚ ਵੀ ਬਾਦਲ ਸਮਰਥਕਾਂ ਨੇ ਮਨਾਏ ਜਸ਼ਨ 
ਆਖਿਰਕਾਰ ਦਿੱਲੀ ਦੀ ਸਿੱਖ ਸਿਆਸਤ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਕਡ਼ ਹੇਠ ਆ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਰਨਾ ਗਰੁੱਪ ਦੀ ਹਾਰ ਨੇ ਪੰਜਾਬ ਦੀ ਸਿੱਖ ਸਿਆਸਤ ਨੂੰ ਵੀ ਇੱਕ ਨਵਾਂ ਮੋਡ਼ ਦੇਣਾ ਹੈ। ਇਹਨਾਂ ਚੋਣਾਂ ਦੇ ਨਤੀਜਿਆਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕਡ਼ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਲੀ ਦੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਨਾਲ  ਉਹਨਾਂ ਕਿਹਾ ਕੀ ਇਸ ਸ਼ਾਨਦਾਰ ਜਿੱਤ ਲੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ ਵਧਾਈ ਦੀ ਪਾਤਰ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਂਡਸਾ ਨੇ ਵੀ ਕਿਹਾ ਹੈ ਕਿ  ਅਕਾਲੀ ਪਾਰਟੀ ਦਿੱਲੀ ਦੇ ਸਿੱਖ ਜਗਤ ਦੀ ਸਦਾ ਰਿਣੀ ਰਹੇਗੀ। ਉਹਨਾਂ ਨੇ ਇਸ ਜਿੱਤ ਲੈ ਸਰਗਰਮੀ ਨਾਲ ਕੰਮ ਕਰਨ ਵਾਲੇ ਸਾਰੇ ਵਰਕਰਾਂ ਨੂੰ ਵੀ ਮੁਬਾਰਕਬਾਦ ਦਿੱਤੀ।ਪੰਜਾਬ ਦੇ  ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਰੱਖਡ਼ਾ ਅਤੇ ਪਰਮਿੰਦਰ ਸਿੰਘ ਢੀਂਡਸਾ ਸਮੇਤ ਕਈ ਹੋਰ ਆਗੂਆਂ ਨੇ ਵੀ ਅਕਾਲੀ ਵਰਕਰਾਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਦਿੱਲੀ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ। ਅਕਾਲੀ ਦਲ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਨੇ ਵੀ ਇਸ ਮੌਕੇ ਤੇ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕੀਤਾ। 
 ਇਸੇ ਦੌਰਾਨ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਸਰਨਾ ਗਰੁੱਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਮਹਿੰਗੀ ਪਈ ਹੈ। ਉਹਨਾਂ ਕਿਹਾ  ਕਿ ਜਿਸ ਜਿਸ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲਈ  ਉਸ ਦਾ ਖਾਤਮਾ ਹੀ ਹੋਇਆ ਹੈ।

No comments: