Tuesday, January 22, 2013

ਕ੍ਰਾਂਤੀ ਦੀ ਇਬਾਦਤ ਵਿੱਚ ਪਲਸ ਮੰਚ

25 ਜਨਵਰੀ ਦੀ ਸ਼ਾਮ ਨੂੰ ਹੋਵੇਗਾ ਇੰਨਕ਼ਲਾਬੀ ਗੀਤ ਸੰਗੀਤ ਸੰਮੇਲਨ
Courtesy photo
ਗੁਰਸ਼ਰਨ ਭਾਅ ਜੀ ਦੇ ਰੁਖਸਤ ਹੋ ਜਾਣ ਮਗਰੋਂ ਕਈਆਂ ਨੂੰ ਇੰਝ ਲੱਗਦਾ ਸੀ ਕਿ ਬਸ ਹੁਣ ਸ਼ਾਇਦ ਸਚਮੁਚ ਬਸ ਹੋ ਗਈ ਹੈ। ਹੁਣ ਲੋਕਾਂ ਦੀ ਗੱਲ ਹੋਰ ਕਿਸ ਨੇ ਕਰਨੀ ਹੈ। ਹੁਣ ਕਿਥੋਂ ਆਏਗਾ ਕੋਈ ਹੋਰ ਗੁਰਸ਼ਰਨ ਸਿੰਘ ? ਪਰ ਸਮੇਂ ਨੇ ਦਿਖਾ ਦਿੱਤਾ ਹੈ ਕਿ ਗੁਰਸ਼ਰਨ ਭਾ ਜੀ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਦੀ ਮੌਜੂਦਗੀ ਜਿਆਦਾ ਸ਼ਿੱਦਤ ਨਾਲ ਸਾਹਮਣੇ ਆ ਰਹੀ ਹੈ। ਉਹਨਾਂ ਦੇ ਸ਼ਗਿਰਦ ਉਹਨਾਂ ਦੇ ਤੁਰ ਜਾਣ ਮਗਰੋ ਸਚਮੁਚ ਹੋਰ ਵੀ ਜਿੰਮੇਵਾਰ ਹੋ ਗਏ ਹਨ। ਉਹ ਇਸਤਰਾਂ ਤੇਜ਼ੀ ਨਾਲ ਕੰਮ ਕਰ ਰਹੇ ਹਨ ਜਿਵੇਂ ਉਹਨਾਂ ਨੂੰ ਗੁਰਸ਼ਰਨ ਭਾ ਜੀ ਹਰ ਵੇਲੇ ਦੇਖ ਰਹੇ ਹੋਣ, ਤਾੜ ਰਹੇ ਹੋਣ ਅਤੇ ਅਗਾਹ ਕਰ ਰਹੇ ਹੋਣ ਕਿ ਦੇਖਿਓ ਮੇਰੇ ਮਗਰੋਂ ਕੀਤੇ ਲੋਕ ਦੋਖੀ ਹਵਾਵਾਂ ਨਾਲ ਨਾ ਹੀ ਤੁਰਿਓ।  

ਲੋਕਾਂ ਲਈ  ਉਮਰਾਂ ਅਤ ਜ਼ਿੰਦਗੀਆਂ ਲੇਖੇ ਲਾ ਰਹੇ ਕਾਫ਼ਿਲੇ ਦੇ ਇੱਕ ਉਘੇ ਮੈਂਬਰ ਅਮੋਲਕ ਸਿੰਘ ਹੁਰਾਂ ਨੇ ਗੁਰਸ਼ਰਨ ਸਿੰਘ ਬਾਰੇ ਲਿਖਦਿਆਂ ਇੱਕ ਥਾਂ ਕਿਹਾ ਹੈ ,"ਜੀਵਨ-ਸਫ਼ਰ ਦੇ 82 ਵਰ੍ਹਿਆਂ  ਤੱਕ, ਅੱਧੀ ਸਦੀ ਨਾਟ-ਸਫ਼ਰ ਦੇ ਲੇਖੇ ਲਾਉਣ ਵਾਲਾ, 185 ਦੇ ਕਰੀਬ ਨਾਟਕਾਂ ਦਾ ਰਚੇਤਾ, 12000 ਤੋਂ ਵੱਧ ਪੇਸ਼ਕਾਰੀਆਂ ਕਰਨ ਵਾਲਾ ਗੁਰਸ਼ਰਨ ਸਿੰਘ ਨਾਟ ਅਤੇ ਸਾਹਿਤ ਜਗਤ ਦਾ ਯੁੱਗ-ਪੁਰਸ਼ ਹੈ। ਉਸਨੇ ਪ੍ਰਤੀਬੱਧਤ ਰੰਗ ਮੰਚ ਦਾ ਰੌਸ਼ਨ ਮਿਨਾਰ ਆਪਣਾ ਖ਼ੂਨ ਬਾਲ਼ ਕੇ ਉਸਾਰਿਆਂ ਹੈ।

ਗੁਰਸ਼ਰਨ ਸਿੰਘ ਨੇ ਬੌਧਿਕਤਾ ਦੀ ਬਾਲਕੋਨੀ ਵਿੱਚ ਖਡ਼੍ਹ ਕੇ ਨਹੀਂ ਸਗੋਂ ਸਮਾਜ ਦੇ ਧੁਰ ਅੰਦਰ ਉਤਰ ਕੇ ਉਸ ਨੂੰ ਜਾਣਿਆਂ ਹੈ। ਉਸਦੀ ਨਾਟ-ਧਾਰਾ, ਸਮਾਜਕ ਸਰੋਕਾਰਾਂ ਦੀ ਮਹਿਜ਼ ਫੋਟੋਗ੍ਰਾਫੀ ਨਹੀਂ ਕਰਦੀ ਸਗੋਂ ਉਹਨਾਂ ਨਾਲ ਹੱਥ ਮਿਲਾ ਕੇ, ਨਵੇਂ ਅਤੇ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਕਰਨ ਲਈ ਚਾਨਣ ਦਾ ਛੱਟਾ ਦਿੰਦੀ ਹੈ। ਉਹ ਆਖਰੀ ਦਮ ਤੱਕ ਭਾਈ ਲਾਲੋਆਂ ਨੂੰ ਜਗਾਉਣ ਅਤੇ ਮਲਕ ਭਾਗੋਆਂ ਤੋਂ ਮੁਕਤੀ ਪਾਉਣ ਲਈ ਉੱਠ ਖਡ਼ੇ ਹੋਣ ਦਾ ਹੋਕਾ ਨਗਾਰੇ ਚੋਟ ਲਗਾ ਕੇ ਦਿੰਦਾ ਰਿਹਾ ਹੈ। 'ਕਲਾ ਲੋਕਾਂ ਲਈ' ਅਤੇ 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਅਰਥਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਦਾ ਕੋਈ ਸਾਨੀ ਨਹੀਂ। ਸਦਾ ਸਫ਼ਰ 'ਤੇ ਰਹਿਣ ਵਾਲਾ ਗੁਰਸ਼ਰਨ ਸਿੰਘ ਇਕ ਸੰਸਥਾ ਹੀ ਨਹੀਂ, ਇਕ ਲਹਿਰ ਹੀ ਨਹੀਂ ਸਗੋਂ ਸਦਾ ਜਿਉਂਦਾ ਜਾਗਦਾ ਜਜ਼ਬਾ ਹੈ। ਪ੍ਰੇਰਨਾ-ਸਰੋਤ ਹੈ। ਚਾਨਣ ਮੁਨਾਰਾ ਹੈ। ਕਲਾ ਅਤੇ ਕਰਾਂਤੀ ਦਾ ਭਰ ਵਗਦਾ ਸ਼ੂਕਦਾ ਦਰਿਆ ਹੈ।
ਗੁਰਸ਼ਰਨ ਸਿੰਘ ਕੋਲ ਉਹ ਸਰਵੋਤਮ ਕਿਹਡ਼ੀ ਸ਼ਕਤੀ ਹੈ ਜਿਸ ਸਦਕਾ ਉਹ ਸੁਖਾਂਤ ਅਤੇ ਦੁਖਾਂਤ ਦੇ ਕਿਸੇ ਦੌਰ ਅੰਦਰ ਵੀ ਆਪਣੇ ਲੋਕਾਂ ਪ੍ਰਤੀ ਫਰਜ਼ਾਂ ਤੋਂ ਅਵੇਸਲਾ ਨਹੀਂ ਹੋਇਆ। ਉਸ ਨੂੰ ਸੁਖਾਂਤਮਈ ਪਰਿਵਾਰਕ ਪਿਛੋਕਡ਼, ਆਰਾਮਾਦਾਇਕ ਜ਼ਿੰਦਗੀ ਜੀਣ ਲਈ ਬਾਂਹ ਫਡ਼ ਕੇ ਘਰੇ ਨਹੀਂ ਬਿਠਾ ਸਕਿਆ। ਨਾ ਹੀ ਅਗਨ-ਪ੍ਰੀਖਿਆ ਦੇ ਅਨੇਕਾਂ ਦੌਰ ਉਸਦੇ ਕਦਮਾਂ ਨੂੰ ਥਿਡ਼ਕਾ ਸਕੇ।"

ਖੁਦ ਗੁਰਸ਼ਰਨ ਭਾ ਜੀ ਦੀ ਬੇਟੀ ਵੀ ਇਸ ਮਿਸ਼ਨ ਲਈ  ਸਰਗਰਮ ਹੈ। ਇਸ ਤਸਵੀਰ ਵਿੱਚ   ਭਾ ਜੀ ਦੀ ਬੇਟੀ, ਉਹਨਾਂ ਦੇ ਪਤੀ ਡਾਕਟਰ ਅਤੁਲ ਅਤੇ ਅਮੋਲਕ ਸਿੰਘ ਵੀ ਨਜਰ ਆ ਰਹੇ ਹਨ।
ਅਮੋਲਕ ਸਿੰਘ ਨੇ ਡਾਕਟਰ ਪਾਤਰ ਦੀ ਇਕ ਲੰਮੀ ਨਜ਼ਮ ਦੇ ਹਵਾਲੇ ਨਾਲ ਇੱਕ ਬਡ਼ਾ ਡੂੰਘਾ ਇਸ਼ਾਰਾ ਵੀ ਕੀਤਾ ਹੈ। ਆਪਣੀ ਲਿਖਤ ਵਿੱਚ ਉਹ ਆਖਦੇ ਹਨ, "ਗੁਰਸ਼ਰਨ ਸਿੰਘ ਆਪਣੇ ਸੰਗਰਾਮੀ ਜੀਵਨ-ਸਫ਼ਰ ਅੰਦਰ ਬੇਦਾਗ਼, ਨਿਧੱਡ਼ਕ, ਪ੍ਰਤੀਬੱਧਤ ਨਿਹਚਾਵਾਨ ਲੋਕ-ਨਾਟਕਕਾਰ, ਲੇਖਕ, ਸਾਹਿਤ-ਸੰਪਾਦਕ, ਨਰੋਏ, ਸਿਹਤਮੰਦ, ਅਗਾਂਹਵਧੂ, ਇਨਕਲਾਬੀ ਸਾਹਿਤ ਦਾ ਪ੍ਰਕਾਸ਼ਕ, ਮਾਰਕਸਵਾਦੀ ਵਿਚਾਰਧਾਰਾ ਲਈ ਸਮਰਪਿਤ ਕਾਮਾ, ਲੋਕ-ਹੱਕਾਂ ਅਤੇ ਲੋਕ-ਮੁਕਤੀ ਲਈ ਲਡ਼ੀ ਜਾ ਰਹੀ ਜਦੋ ਜਹਿਦ ਦਾ ਸੰਗੀ-ਸਾਥੀ ਬਣ ਕੇ ਆਪਣੇ ਅਰੁਕ  ਅਤੇ ਅਮੁਕ ਸਫ਼ਰ 'ਤੇ ਤੁਰਦਾ ਰਿਹਾ। ਡਾ. ਸੁਰਜੀਤ ਪਾਤਰ ਦੀ ਨਜ਼ਮ 'ਬੁੱਢੀ ਜਾਦੂਗਰਨੀ' ਜਿਹਨਾਂ ਤਿਲਕਣਾ, ਵਲ-ਵਲੇਵਿਆਂ,  ਪਲੇਚਿਆਂ ਅਤੇ ਸਥਾਪਤੀ ਦੀਆਂ ਸ਼ੈਤਾਨੀਆਂ ਵੱਲ ਸ਼ੈਨਤ ਕਰਦੀ ਹੈ ਗੁਰਸ਼ਰਨ ਸਿੰਘ ਉਹਨਾਂ ਵਿਚੋਂ ਖ਼ਰਾ ਉਤਰਿਆ ਹੈ।

ਮੈਂ ਜਿਸ ਬੰਦੇ ਦੇ ਗਲ਼ ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹਡ਼ੀ ਹਿੱਕ ਤੇ ਤਮਗ਼ਾ ਸਜਾਇਆ ਹੈ
ਉਹ ਇਕ ਘਡ਼ੀ ਬਣ ਕੇ ਰਹਿ ਗਿਆ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ


ਗੁਰਸ਼ਰਨ ਸਿੰਘ ਨੂੰ ਅੰਤਲੇ ਦਮ ਤੱਕ, ਨਾਂ ਆਪਣੀ ਮਾਂ ਦਾ ਨਾਂ ਭੁੱਲਿਆ, ਨਾ ਧਰਤੀ ਮਾਂ ਦਾ, ਨਾ ਬੁਧੂਆਂ ਦਾ ਜਿਹਡ਼ਾ ਉਸ ਦਾ ਜਮਾਤੀ ਸੀ ਜਿਹਡ਼ਾ ਬੁਧੂਆ ਮੋਤੀਆਂ ਵਰਗੀ ਲਿਖਾਈ ਨਾਲ ਫੱਟੀ ਲਿਖਦਾ ਸੀ। ਜੀਹਦੇ ਹੱਥੋਂ ਗਰੀਬੀ ਨੇ ਫੱਟੀ ਬਸਤਾ ਖੋਹ ਕੇ ਉਮਰ ਭਰ ਲਈ ਝਾਡ਼ੂ ਫਡ਼ਾ ਦਿੱਤਾ ਸੀ। ਉਹ ਬੁਧੂਆ ਉਹਦੇ ਬੋਲਾਂ 'ਚ ਗਰਜ਼ਦਾ ਹੈ। ਵਿਹਡ਼ੇ ਵਾਲੇ ਕਿਰਤੀਆਂ, ਗਲ਼ ਫਾਹੀ ਪਾ ਰਹੇ ਕਰਜ਼ਿਆਂ ਦੇ ਭੰਨੇ ਕਿਸਾਨਾਂ ਅਤੇ ਜੁਆਨੀ ਨੂੰ ਵੰਗਾਰਦਾ ਲੋਕਾਂ ਦਾ 'ਭਾਅ ਜੀ' ਲੋਕਾਂ ਦੇ ਸਾਹੀਂ ਵਸਦਾ ਹੈ।"

                                                                                      Courtesy photo
ਅਮੋਲਕ ਸਿੰਘ ਨੇ ਗੱਲ ਵੀ ਬਡ਼ੇ ਹੀ ਸਪਸ਼ਟ ਢੰਗ ਨਾਲ ਨਿਬੇਡ਼ੀ ਹੈ, " ਉਹ ਔਰਤ ਦੀ ਮੁਕਤੀ ਲਈ ਕਲਮ ਵਾਹੁੰਦਾ ਰਿਹਾ ਹੈ। ਭਰੇ ਪੰਡਾਲਾਂ ਵਿੱਚ ਹਿੱਕ ਥਾਪਡ਼ਕੇ ਕਹਿੰਦਾ ਰਿਹਾ ਹੈ ਕਿ ਕੋਈ ਸਾਹਿਤਕ/ਸਭਿਆਚਾਰਕ, ਜਮਹੂਰੀ ਅਤੇ ਲੋਕ-ਲਹਿਰ, ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਅਤੇ ਉਹਨਾਂ ਵੱਲੋਂ ਅਗਵਾਈ ਵਾਲੀ ਕਤਾਰ 'ਚ ਅੱਗੇ ਖਡ਼੍ਹਨ  ਬਿਨਾਂ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਪੁਲਾਂਘਾ ਨਹੀਂ ਭਰ ਸਕਦੀ। ਗੁਰਸ਼ਰਨ ਭਾਅ ਜੀ ਵੱਲੋਂ ਅਕਸਰ ਬੁਲੰਦ ਕੀਤਾ ਜਾਂਦਾ ਤਿੰਨ-ਨੁਕਾਤੀ ਹੋਕਾ, ਅੱਜ ਅਤੇ ਭਲ਼ਕ ਦੇ ਸੁਆਲਾਂ ਲਈ ਬੇਹੱਦ ਪ੍ਰਸੰਗਕ ਹੈ :

1.  ਆਜ਼ਾਦੀ : ਸਾਡੀ ਵਿਰਾਸਤ ਹੈ
2.  ਸਮਾਜਵਾਦ ਲਈ ਸੰਘਰਸ਼: ਸਾਡੀ ਸਿਆਸਤ ਹੈ
3.  ਕਰਾਂਤੀ : ਸਾਡੀ ਇਬਾਦਤ ਹੈ"


ਪਲਸ ਮੰਚ ਅਤੇ ਹੋਰ ਲੋਕ ਪੱਖੀ ਸੰਗਠਨ ਲਗਾਤਾਰ ਕ੍ਰਾਂਤੀ ਦੀ ਇਹ 
ਇਬਾਦਤ ਹੀ ਤਾਂ ਕਰ ਰਹੇ ਹਨ।
ਇਸੇ ਭਾਵਨਾ ਅਧੀਨ ਸਰਗਰਮ ਹੈ ਪਲਸ ਮੰਚ। ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਇੰਨਕ਼ਲਾਬੀ ਗੀਤ ਸੰਗੀਤ ਸੰਮੇਲਨ ਬਠਿੰਡਾ ਵਿਖੇ ਆਯੋਜਿਤ ਕਰਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 25 ਜਨਵਰੀ 2013 ਦੀ ਸ਼ਾਮ ਨੂੰ 5:30 ਵਜੇ ਸ਼ੁਰੂ ਹੋ ਕੇ ਰਾਤ ਦੇ 9:30 ਵਜੇ ਤੱਕ ਚੱਲੇਗਾ। ਬਦਲਵੇਂ ਸਭਿਆਚਾਰ ਲਈ ਸੁਨੇਹਾ  ਅਤੇ ਸੱਦਾ ਦੇਣ ਵਾਲੇ ਇਸ ਸਮੇਲਨ ਵਿੱਚ ਪਲਸ ਮੰਚ ਦੀਆਂ ਸੰਗੀਤਕ ਮੰਡਲੀਆਂ ਤਾਂ ਆਪਣੇ ਪ੍ਰੋਗਰਾਮ ਪੇਸ਼ ਕਰਨਗੀਆਂ ਹੀ ਪਰ ਵਿਨੇ-ਚਾਰੁਲ ਦੀ ਪੇਸ਼ਕਾਰੀ ਲੋਕ-ਨਾਦ ਅਹਿਮਦਾਬਾਦ ਵਿਸ਼ੇਸ਼ ਖਿਚ ਦਾ ਕੇਂਦਰ ਹੋਵੇਗੀ। ਇਸ ਪ੍ਰੋਗਰਾਮ ਦੀ ਕਵਰੇਜ ਲੈ ਲਈ ਲੋਕ ਪੱਖੀ ਮੀਡੀਆ ਵੀ ਉਚੇਚੇ ਤੌਰ ਤੇ ਪੁੱਜੇਗਾ। ਕਿੰਨਾ ਚੰਗਾ ਹੋਵੇ ਜੇ ਤੁਸੀਂ ਵੀ ਜਰੂਰ ਆਓ ਅਤੇ ਸਮੇਂ ਦੇ ਸਚ ਦੀ ਗਵਾਹੀ ਆਪੋ ਆਪਣੀ ਕਲਮ ਨਾਲ ਦਿਓ।   -ਰੈਕਟਰ ਕਥੂਰੀਆ 


ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


No comments: