Friday, January 18, 2013

ਸਰਬਲੋਹ ਦੀ ਆਰਤੀ//ਹਰਫਾਂ ਦੇ ਆਰ-ਪਾਰ//ਵਰਿੰਦਰ ਵਾਲੀਆ

ਲਹਿਜ਼ਾ ਹੋਰ ਹੁੰਦਾ ਏ ਨਿਰ੍ਹੇ ਮਿਸਰੀ ਦੇ ਪਾਣੀ ਵਿੱਚ
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ

ਸਿੱਖ ਇਤਿਹਾਸ ਵਿੱਚ 16 ਤੋਂ 31 ਦਸੰਬਰ ਤਕ ‘ਸ਼ਹੀਦੀ ਪੰਦਰਵਾਡ਼ਾ’ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦਾ ਇਹ ਪੰਦਰਵਾਡ਼ਾ ਕਹਿਰ ਦਾ ਮਹੀਨਾ ਸੀ ਜਦੋਂ ਸਰਹਿੰਦ, ਚਮਕੌਰ ਅਤੇ ਮਾਛੀਵਾਡ਼ੇ ਦੀ ਸਰਜ਼ਮੀਨ ’ਤੇ ਲੋਕ-ਕਥਾ ਲਿਖੀ ਗਈ। ਪੰਜਾਬ, ਖ਼ਾਸ ਤੌਰ ’ਤੇ ਸਿੱਖ ਪੰਥ ਵਿੱਚ ‘ਲੋਹ’ (ਗੁਰ ਪਾਰਸ, ਹਮ ਲੋਹ), ‘ਲੋਹ ਲੰਗਰ’, ‘ਲੋਹਾ ਖਡ਼ਕਾਉਣਾ’ (ਜੰਗ ਕਰਨਾ), ‘ਲੋਹਕਲਮ’, ‘ਲੋਹਾ ਘਸਾਉਣਾ’ (ਕਡ਼ਾਹ-ਪ੍ਰਸ਼ਾਦ ਤਿਆਰ ਕਰਨਾ), ‘ਲੋਹਪੁਰਸ਼’ ਅਤੇ ‘ਸਰਬਲੋਹ’ ਸ਼ਬਦਾਂ ਦਾ ਖ਼ਾਸ ਮਹੱਤਵ ਹੈ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡਣ ਪਿੱਛੋਂ 7 ਪੋਹ ਸੰਮਤ 1761 ਵਿੱਚ ਬਾਦਸ਼ਾਹੀ ਫ਼ੌਜਾਂ ਦਾ ਟਾਕਰਾ ਕਰਦੇ ਹੋਏ ਚਮਕੌਰ ਸਾਹਿਬ ਦੀ ਗਡ਼੍ਹੀ ਵਿੱਚ ਪਧਾਰੇ ਸਨ। ਇਸੇ ਧਰਤੀ ’ਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਲੌਕਿਕ ਵੀਰਤਾ ਦਿਖਾਉਂਦੇ ਹੋਏ ਸ਼ਹੀਦ ਹੋਏ ਸਨ। ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਛੀਵਾਡ਼ੇ ਦੇ ਘਣੇ ਜੰਗਲ ਵਿੱਚ ਪਹੁੰਚਣ ਵਾਲੇ ਸਰਬੰਸਦਾਨੀ ਦੇ ਸਾਹਸ ਨੂੰ ਅਣਗਿਣਤ ਕਵੀਆਂ ਨੇ ਭਾਵਪੂਰਤ ਸ਼ਬਦਾਂ ਵਿੱਚ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਪੋਹ ਦੀਆਂ ਰਾਤਾਂ ਦਾ ਕਹਿਰ ਵਰਣਨ ਕਰਨ ਲਈ ਕੋਈ ਵੀ ਬਹਿਰ ਅਧੂਰੀ ਹੈ। ਨੀਲੇ ਘੋਡ਼ੇ ਦੇ ਅਸਵਾਰ ਨੇ ਆਪਣੇ ਸ਼ਸਤਰਾਂ ਨੂੰ ਪਾਸੇ ਰੱਖਿਆ ਤੇ ਅੰਬਰ ਵੱਲ ਤੱਕਦਿਆਂ ਰੱਬ ਨੂੰ ਮਿੱਠਾ ਜਿਹਾ ਨਿਹੋਰਾ ਮਾਰਿਆ। ਲੋਹਕਲਮ ਸੁਤੇਸਿੱਧ ਬੋਲ ਪਈ:
ਮਿੱਤਰ ਪਿਆਰੇ ਨੂੰ
ਹਾਲੁ ਮੁਰੀਦਾ ਦਾ ਕਹਣਾ…

ਉਰਦੂ ਜ਼ਬਾਨ ਵਿੱਚ ਲਗਪਗ ਇੱਕ ਸਦੀ ਪਹਿਲਾਂ ਲਿਖੀਆਂ ਦੋ ਨਜ਼ਮਾਂ ਵਿੱਚ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਸਰਹਿੰਦ ਅਤੇ ਚਮਕੌਰ ਸਾਹਿਬ ਦੇ ਖ਼ੂਨੀ ਸਾਕਿਆਂ ਨੂੰ ਕਲਮਬੱਧ ਕਰਕੇ ਕਬਰਾਂ ਵਿੱਚ ਸੌਂ  ਰਹੇ ਜ਼ਾਲਮਾਂ ਦੀਆਂ ਰੂਹਾਂ ਤਕ ਨੂੰ ਕੰਬਣੀ ਛੇਡ਼ ਦਿੱਤੀ ਸੀ। ਚਮਕੌਰ ਸਾਹਿਬ ਦੀ ਅਸਾਵੀਂ ਜੰਗ ਵਿੱਚ ਕੁੱਦਣ ਤੋਂ ਪਹਿਲਾਂ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਆਪਣੇ ਗੁਰੂ-ਪਿਤਾ ਤੋਂ ਆਗਿਆ ਮੰਗਦਾ ਹੈ:
ਲਡ਼ਨਾ ਨਹੀਂ ਆਤਾ ਮੁਝੇ
ਮਰਨਾ ਤੋ ਹੈ ਆਤਾ
ਖ਼ੁਦ ਬਡ਼ ਕੇ ਗਲਾ
ਤੇਗ ਪੇ ਧਰਨਾ ਤੋ ਹੈ ਆਤਾ

ਸਰਬੰਸ ਦਾਨ ਕਰਨ ਤੋਂ ਬਾਅਦ ਵੀ ਜੇ ਕੋਈ ਸਾਬਤ ਰਹਿੰਦਾ ਹੈ ਤਾਂ ਉਹ ਸੱਚਮੁੱਚ ਹੀ ‘ਸਾਹਿਬੇ ਕਮਾਲ’ ਹੋਣ ਦਾ ਸਬੂਤ ਹੈ। ਦੌਲਤ ਰਾਏ ਆਪਣੀ ਪੁਸਤਕ ਵਿੱਚ ਅੱਲ੍ਹਾ ਯਾਰ ਖਾਂ ਜੋਗੀ ਦੀ ਨਜ਼ਮ ਦਾ ਹਵਾਲਾ ਦਿੰਦਾ ਹੈ:
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।
ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ, ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਅਤੇ ‘ਬਿਰਹਾ ਦਾ ਸੁਲਤਾਨ’ ਵਜੋਂ ਮਕਬੂਲ ਸ਼ਿਵ ਕੁਮਾਰ ਬਟਾਲਵੀ ਨੇ ਵੀ ਕੁਝ ਨਜ਼ਮਾਂ ਲਿਖੀਆਂ ਹਨ। ਵਿਦਵਾਨ ਲੇਖਕ ਇਕਬਾਲ ਸਿੰਘ ਲਾਲਪੁਰਾ ਨੂੰ ਸ਼ਿਕਵਾ ਹੈ ਕਿ ਆਲੋਚਕਾਂ ਨੇ ਸ਼ਿਵ ਕੁਮਾਰ ਦੀ ਗੁਰੂ ਗੋਬਿੰਦ ਸਿੰਘ ਬਾਰੇ ਲਿਖੀ ਨਜ਼ਮ ‘ਆਰਤੀ’ ਨੂੰ ਬਹੁਤ ਘੱਟ ਮਹੱਤਵ ਦਿੱਤਾ ਹੈ। ‘ਆਰਤੀ’ ਵਿੱਚ ਸ਼ਿਵ ਦੀ ਕਾਵਿ-ਉਡਾਰੀ ਭਾਵੇਂ ਕਮਾਲ ਦੀ ਹੈ, ਫਿਰ ਵੀ ਉਹ ਆਪਣੀ ਕਲਮ ਨੂੰ ਬੌਣਾ ਸਮਝਦਾ ਹੈ। ਆਪਣੀ ਨਜ਼ਮ ਵਿੱਚ ਉਹ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਨਹੀਂ ਕਰਦਾ ਪਰ ਸ਼ਬਦ-ਚਿੱਤਰ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ  ਸੁਤੇਸਿੱਧ ਡਲ੍ਹਕਾਂ ਮਾਰਦੀ ਹੈ:
ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
  …     …
ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿੱਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੁਹਲ ਛਿੰਦੇ ਬੋਲ
ਨੀਂਹਾਂ ਵਿੱਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁਡ਼ ਵੀ
ਯਾਰਡ਼ੇ ਦੇ ਸੱਥਰੀਂ ਗਾਵੇ
ਚਿਡ਼ੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹਡ਼ਾ ਗੀਤ ਅੱਜ ਗਾਵਾਂ
ਮੈਂ ਕਿਹਡ਼ੇ ਬੋਲ ਦੀ ਭੇਟਾ
ਲੈ ਕੇ ਤੇਰੇ ਦੁਆਰ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ ’ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ ’ਤੇ
ਤੇਰੇ ਸਾਹਵੇਂ ਖਡ਼ਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖ਼ੂਨ ਵਿੱਚ ਧੋਵੇ
ਕਿ ਜਿਸ ਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਏ
ਕਿ ਜਿਸ ਨੂੰ ਪੀਡ਼ ਤਾਂ ਕੀਹ
ਪੀਡ਼ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿੱਥੋਂ ਲੈ ਕੇ ਮੈਂ ਆਵਾਂ
   …      …
ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ ’ਚ ਰੋਹ ਹੋਵੇ…

ਸ਼ਿਵ ਕੁਮਾਰ ਬਟਾਲਵੀ ਢੁੱਕਵੇਂ ਬਿੰਬਾਂ ਦੀ ਵਰਤੋਂ ਕਰਕੇ ਸਰਬਲੋਹ ਨਾਲ ਬਣੇ ਖੰਡੇ-ਬਾਟੇ ਦੀ ਗੱਲ ਕਹਿ ਜਾਂਦਾ ਹੈ। ਖੰਡੇ ਦੀ ਹਰਕਤ ਨਾਲ ਹੀ ਤਾਂ ਅੰਮ੍ਰਿਤ ਤਿਆਰ ਹੁੰਦਾ ਹੈ। ਸੱਥਰ ਦੇ ਜ਼ਿਕਰ ਨਾਲ, ‘ਯਾਰਡ਼ੇ ਦਾ ਸਾਨੂੰ ਸਥਰ ਚੰਗਾ, ਭਠ ਖੇਡ਼ਿਆ ਦਾ ਰਹਣਾ’ ਵੱਲ ਇਸ਼ਾਰਾ ਕਰਦਾ ਹੈ। ਸ਼ਿਵ ਦੀ ‘ਆਰਤੀ’ ਨਾਲ ਗੁਰੂ ਗੋਬਿੰਦ ਸਿੰਘ ਵੱਲੋਂ ਜਨ-ਸਾਧਾਰਨ ਖਾਤਰ ਵਿੱਢਿਆ ਸੰਘਰਸ਼ ਅਤੇ ਲਾਸਾਨੀ ਕੁਰਬਾਨੀਆਂ ਸਨਮੁੱਖ ਆ ਜਾਂਦੀਆਂ ਹਨ। ਸੰਨ 1960 ਵਿੱਚ ਪ੍ਰਕਾਸ਼ਤ ਹੋਈ ਸ਼ਿਵ ਦੀ ਪਹਿਲੀ ਪੁਸਤਕ ‘ਪੀਡ਼ਾਂ ਦਾ ਪਰਾਗਾ’ ਅਤੇ 1964 ਵਿੱਚ ਛਪੀ ‘ਬਿਰਹਾ ਤੂ ਸੁਲਤਾਨ’ ਤੋਂ ਬਾਅਦ, ਬਿਰਹਾ ਨੇ ਉਸ ਦਾ ਮਰਨ ਤਕ ਸਾਥ ਨਹੀਂ ਛੱਡਿਆ ਜਿਸ ਕਰਕੇ ‘ਆਰਤੀ’ ਵਰਗੀਆਂ ਮਹਾਨ ਰਚਨਾਵਾਂ ਬਾਰੇ ਬਹੁਤੀ ਚਰਚਾ ਹੀ ਨਾ ਹੋ ਸਕੀ। ‘ਸਿੱਖ ਪੰਥ ਵਿਸ਼ਵਕੋਸ਼’ (ਡਾ.ਰਤਨ ਸਿੰਘ ਜੱਗੀ) ਵਿੱਚ ‘ਆਰਤੀ’ ਸ਼ਬਦ ਦੀ ਵਿਸਤ੍ਰਿਤ ਵਿਆਖਿਆ ਦਿੱਤੀ  ਗਈ ਹੈ। ਇੱਕ ਮਤ ਅਨੁਸਾਰ ‘ਆਰਤੀ’ ਸੰਸਕ੍ਰਿਤ ਦੇ ‘ਆਰਾਤ੍ਰਿਕ’ ਸ਼ਬਦ ਦਾ ਅਪਭ੍ਰੰਸ਼ ਰੂਪ ਹੈ, ਭਾਵ ਉਹ ਜੋਤਿ ਜੋ ਰਾਤ ਤੋਂ ਬਿਨਾਂ ਵੀ ਜਗਾਈ ਜਾਏ। ਦੂਜੇ ਮਤ ਅਨੁਸਾਰ ਇਹ ਸੰਸਕ੍ਰਿਤ ਦੇ ‘ਆਰੁਤ’ ਸ਼ਬਦ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ ਦੁਖ-ਪੂਰਣ ਜਾਂ ਆਜਿਜ਼ੀ ਦੇ ਸੁਰ ਵਿੱਚ ਇਸ਼ਟ-ਦੇਵ ਤੋਂ ਮੰਗਲ-ਕਾਮਨਾ ਕਰਨੀ… ਮੱਧ-ਯੁਗ ਦੇ ਵੈਸ਼ਣਵ ਭਗਤਾਂ ਵਿੱਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ। ਨਿਰਗੁਣ ਉਪਾਸ਼ਕ ਭਗਤਾਂ ਨੇ ਇਸ ਦਿਖਾਵੇ ਦੇ ਆਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥਾਂ ਵਿੱਚ ਸਹਿਜ-ਸੁਭਾਵਿਕ ਆਰਤੀ ਕਰਨ ਉੱਤੇ ਬਲ ਦਿੱਤਾ ਹੈ। ਗੁਰੂ ਨਾਨਕ ਦੇਵ ਨੇ ਧਨਾਸਰੀ ਰਾਗ ਵਿੱਚ ਪਰਮਾਤਮਾ ਦੇ ਵਿਰਾਟ ਰੂਪ ਵਾਲੀ ਸਹਿਜ ਆਰਤੀ ਦਾ ਸਰੂਪ ਸਪਸ਼ਟ ਕੀਤਾ ਹੈ ਜਿਸ ਵਿੱਚ ਬ੍ਰਹਿਮੰਡ ਦੀ ਹਰ ਵਸਤੂ ਆਪਣੀ ਸ਼ਕਤੀ ਅਤੇ ਸਮਰੱਥਾ ਅਨੁਸਾਰ ਜੁਟੀ ਹੋਈ ਹੈ- ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ (ਅੰਬਰ ਦੀ ਥਾਲੀ ਵਿੱਚ ਸੂਰਜ-ਚੰਨ ਦੀਵੇ ਹਨ। ਤਾਰੇ ਆਪਣੇ ਚੱਕਰਾਂ ਸਣੇ ਜਡ਼ੇ ਹੋਏ ਹਨ।)
ਸੰਤ ਰਾਮ ਉਦਾਸੀ ਨੇ ‘ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਦੇ ਨਾਂ ਅੰਤਿਮ ਸੁਨੇਹਾ’ ਅਨੁਵਾਨ ਹੇਠ ਲਿਖੀ ਲੰਮੀ ਕਵਿਤਾ ਵਿੱਚ ਸੰਤ-ਸਿਪਾਹੀ ਦੇ ਮਹਾਨ ਮਿਸ਼ਨ ਨੂੰ ਇੰਜ ਉਲੀਕਿਆ ਹੈ:
ਮੈਂ ਆਪਣੇ ਪੁੱਤ ਨੂੰ ਪਾਣੀ ਦੀ ਨਾ ਸੀ ਬੂੰਦ ਵੀ ਦਿੱਤੀ
ਮਕਸਦ ਹੋਰ ਸੀ ਘਨੱਈਏ ਦੇ ਪਾਣੀ ਪਿਲਾਵਣ ਦਾ
ਲਹਿਜ਼ਾ ਹੋਰ ਹੁੰਦਾ ਏ ਨਿਰ੍ਹੇ ਮਿਸਰੀ ਦੇ ਪਾਣੀ ਵਿੱਚ
ਤੇ ਮਕਸਦ ਹੋਰ ਹੁੰਦਾ ਸੀ ਮੇਰੇ ਅੰਮ੍ਰਿਤ ਛਕਾਵਣ ਦਾ

ਜ਼ਾਲਮ ਮੁਗ਼ਲ ਸਾਮਰਾਜ ਨਾਲ ਲੋਹਾ ਲੈ ਕੇ ਪੰਜਾਬ ਨਹੀਂ ਸਗੋਂ ਸਮੁੱਚੇ ਦੇਸ਼ ਦਾ ਇਤਿਹਾਸ ਬਦਲਣ ਵਾਲਿਆਂ ਦੀ ਲੋਹਕਲਮ ਨਾਲ ਲਿਖੀ ਲੋਹ-ਕਥਾ ਆਉਣ ਵਾਲੀਆਂ ਪੀਡ਼੍ਹੀਆਂ ਦੇ ਕਵੀਆਂ ਨੂੰ ਵੀ ਟੁੰਬਦੀ ਰਹੇਗੀ।

ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ//ਹਰਫ਼ਾਂ ਦੇ ਆਰ-ਪਾਰ 

No comments: