Thursday, January 10, 2013

10 ਜਨਵਰੀ ਬਰਸੀ 'ਤੇ ਵਿਸ਼ੇਸ਼

 ਸ਼੍ਰੋਮਣੀ ਸਾਹਿਤਕਾਰ:ਪ੍ਰਿੰਸੀਪਲ ਤੇਜਾ ਸਿੰਘ      -ਰਣਜੀਤ ਸਿੰਘ ਪ੍ਰੀਤ 
ਫੋਟੋ ਧੰਨਵਾਦ ਸਹਿਤ ਰੋਜ਼ਾਨਾ ਅਜੀਤ 
ਗੁਰਬਾਣੀ ਦੇ ਨਾਮੀ ਵਿਆਖਿਆਕਾਰ ਅਤੇ ਸੁਹਿਰਦ ਸਿੱਖ ਵਿਦਵਾਨ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 2 ਜੂਨ 1894 ਨੂੰ ਜ਼ਿਲਾ ਰਾਵਲਪਿੰਡੀ ਦੇ ਪਿੰਡ ਅਡਿਆਲਾ ਵਿਖੇ ਪਿਤਾ ਸ ਭਲਾਕਰ ਸਿੰਘ ਅਤੇ ਮਾਤਾ ਸਰੁਸਤੀ ਦੇ ਘਰ ਇੱਕ ਗਰੀਬ ਪਰਿਵਾਰ ਵਿੱਚ  ਹੋਇਆ। ਇਹਨਾਂ ਦਾ ਮੁਢਲਾ ਨਾਂਅ ਤੇਜ ਰਾਮ ਸੀ। ਇਹਨਾ ਨੇ ਆਰੰਭਕ ਪੜ੍ਹਾਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਤੇ ਫ਼ਾਰਸੀ ਦੀ ਪੜ੍ਹਾਈ ਮਸਜਿਦ ਵਿੱਚੋਂ ਹਾਸਲ ਕੀਤੀ। ਬਚਪਨ ਵਿੱਚ ਹੀ ਬਾਬਾ ਖੇਮ ਸਿੰਘ ਤੋਂ ਅਮ੍ਰਿਤ ਪਾਨ ਕਰਕੇ ਤੇਜ ਰਾਮ ਤੋਂ ਤੇਜਾ ਸਿੰਘ ਬਣੇ। ਤੇਜਾ ਸਿੰਘ ਜੀ ਉਹਨਾਂ ਸਾਹਿਤਕਾਰਾਂ ਦੀ ਕਤਾਰ ਵਿੱਚੋਂ ਇੱਕ ਸਨ,ਜਿਨ੍ਹਾਂ ਨੇ 19 ਵੀਂ ਸਦੀ ਦੀ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ,ਸਮਾਜਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਖ਼ਣ ਸਮਝਣ ਦੀ ਦਲੇਰੀ ਕੀਤੀ। ਇਹੀ ਦਲੇਰੀ ਮੁੱਖ ਤੌਰ'ਤੇ ਉਹਨਾਂ ਦੀਆਂ ਰਚਨਾਵਾਂ ਦਾ ਅਧਾਰ ਰਹੀ। ਆਪਨੇ ਪੱਛਮੀ ਕਲਾਕਾਰਾਂ ਰਸਕਿਨ,ਅਤੇ ਪੇਂਟਰ ਦੀ ਸ਼ੈਲੀ ਤੋਂ ਪ੍ਰਭਾਵ ਕਬੂਲਿਆ। ਪੇਂਟਰ ਵਰਗੀ ਸਪੱਸ਼ਟਤਾ-ਸ਼ੁਧਤਾ ਅਤੇ ਰਸਕਿਨ ਦੀ ਸ਼ਬਦ ਚਿਤ੍ਰਾਵਲੀ ਨੂੰ ਬਾਖ਼ੂਬੀ ਪ੍ਰਵਾਨ ਕਰਦਿਆਂ ਨਿਭਾਇਆ।
                 ਘਰ ਦੀ ਹਾਲਤ ਅਨੁਸਾਰ ਮਾਪੇ ਉਹਨਾ ਨੂੰ ਪੜ੍ਹਾਉਣਾ ਨਹੀਂ ਸਨ ਚਾਹੁੰਦੇ,ਪਰ ਉਹਨਾਂ ਦਾ ਧਿਆਨ ਪੜ੍ਹਾਈ ਵੱਲ ਸੀ। ਇਸ ਲਗਨ ਸਦਕਾ ਹੀ ਪਹਿਲਾਂ ਰਾਵਲਪਿੰਡੀ ਤੋਂ,ਅਤੇ ਫਿਰ ਸਰਗੋਧੇ ਤੋਂ ਪੜ੍ਹਨ, ਮਗਰੋਂ 1910 ਵਿੱਚ ਖ਼ਾਲਸਾ ਕਾਲਜੀਏਟ ਸਕੂਲ ਤੋਂ ਦਸਵੀਂ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਫ਼ ਏ ਪਾਸ ਕੀਤੀ। ਬੀ ਏ ਗਾਰਡਨ ਕਾਲਜ ਰਾਵਲਪਿੰਡੀ ਤੋਂ ਕਰਨ ਉਪਰੰਤ ਉੱਥੇ ਹੀ ਅਧਿਆਪਕ ਲਗ ਗਏ। ਇਸ ਉਤਸ਼ਾਹ ਨਾਲ ਹੀ 1916 ਵਿੱਚ ਅੰਗਰੇਜ਼ੀ ਦੀ ਐਮ ਏ ਵੀ ਕਰ ਲਈ। ਇਸ ਉੱਚ ਯੋਗਤਾ ਅਨੁਸਾਰ ਹੀ ਮਾਰਚ 1919 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਲੈਕਚਰਾਰ ਹਾਜ਼ਰ ਹੋਏ। ਇਥੇ 1945 ਤੱਕ ਰਹਿੰਦਿਆਂ ,ਕਾਲਜ  ਦੀ ਪ੍ਰਬੰਧਕੀ ਕਮੇਟੀ ਨੂੰ ਅੰਗਰੇਜ਼ ਸਰਕਾਰ ਦੇ ਦਬਾਅ ਤੋਂ ਨਿਜ਼ਾਤ ਪਾਉਣ ਲਈ ਕਹਿਣ ਵਾਸਤੇ 13 ਹੋਰਨਾਂ ਸਾਥੀਆਂ ਸਮੇਤ ਅਸਤੀਫ਼ ਵੀ ਦੇ ਦਿੱਤਾ।। ਜਦ ਮੰਗ ਪੂਰੀ ਹੋ ਗਈ ਤਾਂ ਫਿਰ ਤੋਂ ਕਾਲਜ ਦੀ ਨੌਕਰੀ ਸੰਭਾਲ ਲਈ। ਇਥੋਂ ਦੀ ਸੇਵਾ ਅਧੀਨ ਹੀ ਜਦ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ 1923 ਵਿੱਚ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹਨਾਂ ਹਾਲਾਤਾਂ ਵਿੱਚ ਸਿਹਤ ਦੀ ਖ਼ਰਾਬੀ ਕਾਰਣ 1925 ਵਿੱਚ ਨੌਕਰੀ ਛੱਡ ਦਿੱਤੀ। ਪਰ 1945 ਵਿੱਚ ਮੁਬਈ ਦੇ ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਜਾ ਲੱਗੇ। ਸਨ 1948 ਵਿੱਚ ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਓਰੋ ਵਜੋਂ ਅਤੇ 1949 ਵਿੱਚ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵਜੋਂ ਨਿਯੁਕਤ ਹੋਣ ਦੇ ਨਾਲ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਅਤੇ ਫਿਰ ਡਾਇਰੈਕਟਰ ਵਜੋਂ ਵੀ ਕਾਰਜ ਕੀਤਾ। ਪੈਪਸੂ ਸਰਕਾਰ ਨੇ 1951 ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਅਤੇ ਸੇਵਾ ਮੁਕਤੀ ਮਗਰੋਂ ਉਹਨਾਂ ਨੇ ਅੰਮ੍ਰਿਤਸਰ ਰਿਹਾਇਸ਼ ਰੱਖ ਲਈ। ਇਹਨਾਂ ਨੂੰ 1956 ਵਿੱਚ ਅਭਿਨੰਦਨ ਗ੍ਰੰਥ ਵੀ ਭੇਂਟਾ ਕੀਤਾ ਗਿਆ। 
ਟਕਸਾਲੀ ਨਿਬੰਧ ਲਿਖਣ ਦੀ ਪਿਰਤ ਦੇ ਪਿਤਾਮਾ ਪ੍ਰਿੰਸੀਪਲ ਤੇਜਾ ਸਿੰਘ ਨੇ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਦੇਸਾਂ-ਵੇਦੇਸਾਂ ਵਿੱਚ ਪਹੁੰਚਾਉਣ ਖ਼ਾਤਰ ਅੰਗਰੇਜ਼ੀ ਵਿੱਚ ਸਿੱਖ ਧਰਮ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਣਵੀਆਂ ਰਚਨਾਵਾਂ ਨੂੰ ਵੀ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੜ੍ਹੇ ਲਿਖੇ ਵਰਗ ਵਿੱਚ ਹਰਮਨ ਪਿਆਰਾ ਹੋਣ ਦਾ ਨਾਮਣਾ ਖੱਟਿਆ ।, ਬਹੁਤ ਸਾਰੇ ਪੁੰਗਰ ਰਹੇ ਲੇਖਕਾਂ ਦੀ ਸਮੇ ਸਮੇ ਸਿਰ ਲੋੜ ਅਨੁਸਾਰ ਹੌਂਸਲਾ ਅਫ਼ਜਾਈ ਵੀ ਕੀਤੀ। ਉਹਨਾਂ ਦੀਆਂ ਲਿਖਤਾਂ ਅਤੇ ਲਿਖਣ ਸ਼ੈਲੀ ਨੂੰ ਮਾਂਜਣ-ਸੰਵਾਰਨ ਦਾ ਕੰਮ ਵੀ ਕੀਤਾ। ਜਿਸ ਨਾਲ ਪੰਜਾਬੀ ਜਗਤ ਨੂੰ ਨਵੇਂ ਲੇਖਕ ਵੀ ਮਿਲੇ ਅਤੇ ਪੰਜਾਬੀ ਸਾਹਿਤ ਖੇਤਰ ਦਾ ਘੇਰਾ ਵੀ ਵਿਸ਼ਾਲ ਹੋਇਆ।
                         ਆਪ ਕਿਸੇ ਸਥਾਨ ਵਸਤੂ ਜਾਂ ਮਾਮੂਲੀ ਘਟਨਾਂ ਨੂੰ ਵੀ ਆਪਣੀ ਵਿਚਾਰਧਾਰਾ ਦਾ ਮੈਦਾਨ ਬਣਾ ਕੇ ਸਮਾਜਿਕ ਜਾਂ ਭਾਈਚਾਰਕ ਅਧਿਐਨ ਕਰਨ ਵਿੱਚ ਪੂਰਨ ਤੌਰ'ਤੇ ਸਫ਼ਲ ਹੋਏ। ਆਪ ਨੇ “ਨਵੀਆਂ ਸੋਚਾਂ ਅਤੇ “ਸਹਿਜ ਸੁਭਾਅ”,”ਸਾਹਿਤ ਦਰਸ਼ਨ”,'ਘਰ ਦਾ ਪਿਆਰ' ਆਦਿ  ਪੁਸਤਕ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ। 'ਸਹਿਜ ਸੁਭਾਅ' ਵਿੱਚ ਪੰਜਾਬੀ ਕਵਿਤਾ ਅਤੇ “ਚਿੱਟਾ ਲਹੂ”” ਪੰਜਾਬੀ ਸਾਹਿਤਕ ਖੇਤਰ ਦੇ ਉੱਚ ਪਾਇ ਦੀ ਪੜਚੋਲ ਦੇ ਆਦਰਸ਼ ਨਮੂਨੇ ਹਨ। ਕਿਤਾਬਾਂ ਤੋਂ ਇਲਾਵਾ ਮਿਆਰੀ ਰਸਾਲਿਆਂ,ਅਤੇ ਅਖ਼ਬਾਰਾਂ ਵਿੱਚ ਵੀ ਆਪ ਜੀ ਦੀਆਂ ਅਨੇਕਾਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। 
                    1952 ਵਿੱਚ ਲਿਖੀ  ““ਆਰਸੀ””ਆਪ ਜੀ ਦੀ ਸਵੈ-ਜੀਵਨੀ ਹੈ,ਇਸ ਪੁਸਤਕ ਬਾਰੇ ਪ੍ਰੌ: ਮੋਹਣ ਸਿੰਘ ਨੇ ਕਿਹਾ ਸੀ”ਕਿ “ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ”। “ ਸਵੈ –ਜੀਵਨੀ ਸਾਹਿਤ ਵਿੱਚ ਬਹੁਤ ਘੱਟ ਅਜਿਹੇ ਲੇਖਕ ਹਨ ,ਜਿਨ੍ਹਾਂ ਨੇ ਸਹੀ ਗੱਲ ਕੀਤੀ ਹੋਵੇ।। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂਤਿਕ ਲਗਾਂ-ਮਾਤਰਾਂ ਦੇ ਗੁੱਝੇ ਭੇਦ,'ਪੰਜਾਬੀ ਕਿਵੇਂ ਲਿਖੀਏ','ਅੰਗਰੇਜ਼ੀ ਪੰਜਾਬੀ ਡਿਕਸ਼ਨਰੀ' ਵਰਗੀਆਂ ਰਚਨਾਵਾਂ ਨਾਲ ਮਾਂ ਬੋਲੀ ਦੀ ਭਰਪੂਰ ਸੇਵਾ ਕੀਤੀ। 
               ਮਿੱਠੀ,ਗੰਭੀਰ,ਰੁਮਾਂਟਿਕ ਸ਼ੈਲੀ,ਦੇ ਮਾਲਕ,ਪ੍ਰਿੰਸੀਪਲ ਤੇਜਾ ਸਿੰਘ ਅੰਮ੍ਰਿਤਸਰ ਵਿੱਚ 10 ਜਨਵਰੀ 1958 ਨੂੰ ਸਾਥੋਂ ਸਦਾ ਸਦਾ ਲਈ ਵਿਛੜ ਗਏ ।। ਉੱਚੇ-ਸੁੱਚੇ,ਪਵਿੱਤਰ ਅਤੇ ਨਿਰਸ਼ਲ,ਵਿਅਕਤੀਤਵ ਦੇ ਸਵੈ – ਪ੍ਰਗਟਾਅ ਵਜੋਂ ਉਹ ਹਮੇਸ਼ਾਂ ਜਿਊਂਦੇ-ਜਾਗਦੇ ਮਹਿਸੂਸ ਹੁੰਦੇ ਰਹਿਣਗੇ,ਕਿਉਂਕਿ ਉਹ ਇਸ ਸੱਚ 'ਤੇ ਖ਼ਰੇ ਉਤਰਦੇ ਹਨ “ਕਿ “ਲੋਕਾਂ ਲਈ ਲਿਖਣ ਵਾਲਾ ਸਾਹਿਤਕਾਰ ਸਦਾ ਜੀਵਤ ਰਹਿੰਦਾ ਹੈ”।  
********************** ਸੰਪਰਕ:
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ) 
ਬੇ-ਤਾਰ: 98157-07232       
----------------------------

No comments: