Sunday, December 09, 2012

ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਕਨਵੈਨਸ਼ਨ

ਕਾਮਰੇਡ ਬੰਤ ਸਿੰਘ ਬਰਾੜ ਪੁੱਜੇ ਮੁੱਖ ਬੁਲਾਰੇ ਵੱਜੋਂ
                                                        Courtesy Photo
ਲੁਧਿਆਣਾ 9 ਦਸੰਬਰ (ਰੈਕਟਰ ਕਥੂਰੀਆ) ਇਮਾਰਤ ਭਾਵੇਂ ਕਾਰੋਬਾਰੀ ਹੋਵੇ ਤੇ ਭਾਵੇਂ ਰਿਹਾਇਸ਼ੀ ਪਰ ਇਸਦੀ ਉਸਾਰੀ ਮਜਦੂਰਾਂ ਬਿਨਾ ਨਹੀਂ ਹੋ ਸਕਦੀ। ਅਫਸੋਸ ਹੈ ਕਿ ਭਗਵਾਨ ਵਿਸ਼ਵਕਰਮਾ ਦੀ ਪੂਜਾ ਵਾਲੇ ਇਸ ਦੇਸ਼ ਵਿੱਚ  ਉਹਨਾਂ ਮਜਦੂਰਾਂ ਦਦੇ ਹੱਕਾਂ ਨੂੰ ਹੀ ਨਜਰ ਅੰਦਾਜ਼ ਕਰ ਦਿੱਤਾ ਹੈ ਜਿਹੜੇ ਹਰ ਰੋਜ਼ ਕਿਸੇ ਨਾ ਕਿਸੇ ਲਈ ਉਸਾਰੀਆਂ ਦਾ ਕੰਮ ਕਰਕੇ ਉਹਨਾਂ ਨੂੰ ਨਵਾਂ ਰੂਪ ਦੇਂਦੇ ਹਨ। ਇਹਨਾਂ ਮਜਦੂਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ ਹੈ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਮਜਦੂਰ ਸੰਗਠਨ ਏਟਕ ਦੀ ਸਥਾਨਕ ਇਕਾਈ ਨੇ। ਉਸਾਰੀ ਨਾਲ ਸਬੰਧਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਉਜਾਗਰ ਕਰਨ ਦੇ ਲਈ ਏਟਕ ਨਾਲ ਸਬੰਧਤ ਬਿਲਡਿੰਗ ਮਿਸਤਰੀ ਮਜ਼ਦੂਰ ਯੂਨੀਅਨ ਜ਼ਿਲਾ ਲੁਧਿਆਣਾ ਦੀ ਕਨਵੈਨਸ਼ਨ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਵਿੱਚ ਸਮਾਜਿਕ ਸੁਰੱਖਿਆ ਕਾਨੂੰਨ ਦੇ ਤਹਿਤ ਮਜ਼ਦੂਰਾਂ ਦੇ ਲਈ ਪੈਨਸ਼ਨ, ਗਰੈਚੁਟੀ, ਪ੍ਰਾਵੀਡੈਂਟ ਫ਼ੰਡ, ਰਹਿਣ ਦੇ ਲਈ ਜਗ੍ਹਾਂ, ਪੀਣ ਦੇ ਲਈ ਸਾਫ਼ ਪਾਣੀ, ਮੈਡੀਕਲ ਸੇਵਾਵਾਂ  ਅਤੇ ਚੰਗੀ ਖੁਰਾਕ ਦਾ ਜਨਤਕ ਵੰਡ ਪਰਣਾਲੀ ਦੇ ਰਾਹੀਂ  ਇੰਤਜ਼ਾਮ ਕੀਤਾ ਜਾਏ। ਇਸ ਕਨਵੈਨਸ਼ਨ ਦਾ ਉਦਘਾਟਨ ਏਟਕ ਲੁਧਿਆਣਾ ਦੇ ਜਨਰਲ ਸਕੱਤਰ ਕਾਮਰੇਡ ਓ ਪੀ ਮਹਿਤਾ ਜਨਰਲ ਸਕੱਤਰ ਏਟਕ ਲੁਧਿਆਣਾ ਨੇ ਕੀਤਾ। ਪਰਮੁੱਖ ਬੁਲਾਰੇ ਕਾਮਰੇਡ ਬੰਤ ਸਿੰਘ ਬਰਾੜ ਜਨਰਲ ਸਕੱਤਰ ਏਟਕ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸਾਰੀ ਮਜ਼ਦੂਰਾਂ ਦੇ ਲਈ ਮਿਲੇ ਵਿਸ਼ੇਸ਼ ਫ਼ੰਡ 400 ਕਰੋੜ ਵਿੱਚੋਂ 300 ਕਰੋੜ ਰੁਪਏ ਨਾ ਵਰਤ ਕੇ ਵਾਪਸ ਕਰ ਦਿੱਤੇ ਹਨ। ਉਹਨਾਂ ਨੇ ਮੰਗ ਕੀਤੀ ਇਹ ਪੈਸਾ ਵਾਪਸ ਲੈ ਕੇ ਇਹਨਾ ਮਜ਼ਦੂਰਾਂ ਦੀ ਭਲਾਈ ਲਈ ਵਰਤਿਆ ਜਾਏ। ਨਾਲ ਹੀ ਇਹਨਾ ਦੇ ਲਈ ਵੋਟਰ ਕਾਰਡ ਤੇ ਰਾਸ਼ਨ ਕਾਰਡ ਪਹਿਲ ਦੇ ਅਧਾਰ ਤੇ ਬਣਾਏ ਜਾਣ। ਹੋਰਨਾਂ ਤੋਂ ਇਲਾਵਾ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਸੀ ਪੀ ਆਈ ਜ਼ਿਲਾ ਲੁਧਿਆਣਾ ਦੇ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਡੀ ਪੀ ਮੌੜ ਜਨਰਲ ਸਕੱਤਰ ਟ੍ਰੇਡ ਯੂਨੀਅਨ ਕੌਂਸਲ ਲੁਧਿਆਣਾ, ਬੈਕ ਮੁਲਾਜ਼ਮ ਆਗੂ ਕਾਮਰੇਡ ਐਮ ਐਸ ਭਾਟੀਆ , ਕਾਮਰੇਡ ਟੁਨਟੁਨ ਯਾਦਵ, ਕਾਮਰੇਡ ਕਾਮੇਸ਼ਵਰ, ਕਾਮਰੇਡ ਲੱਡੂ ਸ਼ਾਹ ਅਤੇ ਕਾਮਰੇਡ ਰਾਮ ਸਿੰਘ। ਕਨਵੈਨਸ਼ਨ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ - ਕਾਮਰੇਡ ਲੱਡੂ ਸ਼ਾਹ - ਪਰਧਾਨ,  ਕਾਮਰੇਡ ਕਾਮੇਸ਼ਵਰ ਯਾਦਵ - ਜਨਰਲ ਸਕੱਤਰ, ਕਾਮਰੇਡ ਟੁਨ ਟੁਨ ਯਾਦਵ- ਸਹਾਇਕ ਜਨਰਲ ਸਕੱਤਰ, ਕਾਮਰੇਡ ਰਾਮ ਚੰਦਰ ਯਾਦਵ-ਉਪ ਪਰਧਾਨ, ਅਤੇ ਕਾਮਰੇਡ  ਮੇਘ ਰਾਜ-ਖਜ਼ਾਨਚੀ। ਇਹਨਾ ਤੋਂ ਇਲਾਵਾ ਪੰਜ ਉਪ ਪਰਧਾਨ ਅਤੇ 9 ਸਕੱਤਰ ਚੁਣੇ ਗਏ। ਕਾਮਰੇਡ ਡੀ ਪੀ ਮੌੜ, ਕਾਮਰੇਡ ਉ ਪੀ ਮਹਿਤਾ, ਕਾਮਰੇਡ ਐਮ ਐਸ ਭਾਟੀਆ ਅਤੇ ਕਾਮਰੇਡ ਕਰਤਾਰ ਸਿੰਘ ਬੁਆਣੀ  ਸਲਾਹਕਾਰ ਦੇ ਤੌਰ ਤੇ ਚੁਣੇ ਗਏ।

No comments: