Saturday, December 08, 2012

ਲਾਲਸਾ ’ਚ ਅੰਨ੍ਹੇ ਹਾਕਮ, ਕਦੇ ਵੀ ਪ੍ਰਵਾਨ ਨਹੀਂ ਹੋ ਸਕਦੇ

ਇਹ ਇਸ ਪਾਰਟੀ ਦੀ ਸੋਚ ਤੇ ਸਰੂਪ ’ਚ ਆਈ ਤਬਦੀਲੀ ਦਾ ਨਤੀਜਾ 
ਜਸਪਾਲ ਸਿੰਘ ਹੇਰਾਂ ਨੇ ਜ਼ਮੀਨੀ ਪਧਰ ਤੋਂ  ਪੱਤਰਕਾਰੀ ਸ਼ੁਰੂ ਕਰਕੇ ਉੱਚੇ ਅਸਮਾਨਾਂ ਦੀਆਂ ਉਡਾਰੀਆਂ ਲਾਈਆਂ ਹਨ ਪਰ ਇਸ ਸਾਰੇ ਸਫਰ ਦੌਰਾਨ ਕਦੇ  ਵੀ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ। ਨਾ ਮਜਬੂਰੀਆਂ ਅੱਗੇ ਕਦੇ ਹਾਰ ਮੰਨੀ ਤੇ ਨਾ ਹੀ ਦਬਾਵਾਂ ਸਾਹਮਣੇ ਕਦੇ ਸਿਰ ਝੁਕਾਇਆ। ਸਾਜਿਸ਼ਾਂ ਦੇ ਜਬਰ ਦਾ ਸਾਹਮਣਾ ਵੀ ਸਬਰ ਨਾਲ ਕੀਤਾ। ਰੋਜ਼ਾਨਾ ਅਖਬਾਰ ਪਹਿਰੇਦਾਰ ਦੀ ਸਫਲਤਾ ਪਿੱਛੇ ਸੰਘਰਸ਼ ਦੀ ਇੱਕ ਲੰਮੀ ਕਹਾਣੀ ਹੈ। ਅੰਮ੍ਰਿਤਸਰ 'ਚ ਹੋਏ ਏ ਐਸ ਆਈ ਦੇ ਕਤਲ ਨੂੰ ਉਹਨਾਂ ਨੇ ਵੀ ਗੰਭੀਰਤਾ ਲਿਆ ਹੈ। ਉਹਨਾਂ ਦੀ ਲਿਖੀ ਇੱਕ ਲਿਖਤ ਫੇਸਬੁਕ ਤੇ ਵੀ ਪੋਸਟ ਹੋਈ ਹੈ। ਉਹ ਲਿਖਦੇ ਹਨ: ਪੰਜਾਬ ਗੁਰੂਆਂ ਦੇ ਨਾਮ ਤੇ ਜਿਊਣ ਵਾਲਾ ਦੇਸ਼ ਹੈ, ਇਥੇ ਲਾਲਸਾ ’ਚ ਅੰਨ੍ਹੇ ਹਾਕਮ, ਕਦੇ ਵੀ ਪ੍ਰਵਾਨ ਨਹੀਂ ਹੋ ਸਕਦੇ। ਉਹਨਾਂ ਇਹ ਵੀ ਕਿਹਾ ਹੈ: ਇਕ ਯੂਥ ਅਕਾਲੀ ਆਗੂ, ਵੱਲੋਂ ਜਿਸ ਤਰ੍ਹਾਂ ਪਵਿੱਤਰ ਧਰਤੀ ਤੇ ਇਸ ਪਾਰਟੀ ਦੇ ਮੱਥੇ ਕਾਲਾ ਟਿੱਕਾ ਲਾਇਆ ਹੈ, ਉਹ ਅਚਾਨਕ ਵਾਪਰਿਆ ਵਰਤਾਰਾ ਨਹੀਂ, ਸਗੋਂ ਇਸ ਪਾਰਟੀ ਦੀ ਸੋਚ ਤੇ ਸਰੂਪ ’ਚ ਆਈ ਤਬਦੀਲੀ ਦਾ ਨਤੀਜਾ ਹੈ। ਇਸ ਲਿਖਤ ਨੂੰ ਇਥੇ ਵੀ ਧੰਨਵਾਦ ਸਹਿਤ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਲਿਖਤ ਸੱਤਾਧਾਰੀ ਅਕਾਲੀ ਪਾਰਟੀ ਦੇ ਆਗੂਆਂ ਲਈ ਇੱਕ ਦੂਰਅੰਦੇਸ਼ੀ ਵਾਲਾ ਦੋਸਤਾਨਾ ਸੁਨੇਹਾ ਵੀ ਹੈ ਅਤੇ ਇੱਕ ਸ਼ੁਭਚਿੰਤਕ ਬੁਧੀਜੀਵੀ ਦੇ ਦਿਲ ਚੋਂ ਉਠਿਆ ਦਰਦ ਵੀ।  -- ਰੈਕਟਰ ਕਥੂਰੀਆ 
‘ਅਕਾਲੀ’ ਸ਼ਬਦ ਸ਼ਰਮਸਾਰ ਹੋਇਆ    -ਜਸਪਾਲ ਸਿੰਘ ਹੇਰਾਂ
ਅਸੀਂ ਸ਼ਹੀਦਾਂ ਦੀ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਤੇ ਬਾਹਰੀ ਸਰੂਪ ’ਚ ਆਈ ਤਬਦੀਲੀ ਤੇ ਹਮੇਸ਼ਾ ਚਿੰਤਾ ਪ੍ਰਗਟਾਈ ਹੈ, ਅਤੇ ਇਸਦੇ ਵਰਤਮਾਨ, ਆਗੂਆਂ ਸਮੇਤ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਹੈ ਕਿ ਇਹ ਤਬਦੀਲੀ, ਪੰਜਾਬ ਤੇ ਸਿੱਖੀ ਲਈ ਘਾਤਕ ਸਿੱਧ ਹੋਵੇਗੀ।ਸੇਵਾ ਤੋਂ ਅਯਾਸ਼ੀ ਤੱਕ ਦੇ ਸਫ਼ਰ ਨੇ ਜਿਥੇ ਇਸ ਜਥੇਬੰਦੀ ’ਚ ਸੱਤਾ ਦੀ ਹਊਮੈ ਵਾਲੇ ਸਾਰੇ, ਔਗਣ ਪੈਦਾ ਕਰ ਦਿੱਤੇ ਹਨ, ਉਥੇ ਨੈਤਿਕ ਕਦਰਾਂ-ਕੀਮਤਾਂ ਦਾ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਹੈ। ਪੰਜਾਬ ਗੁਰੂਆਂ ਦੇ ਨਾਮ ਤੇ ਜਿਊਣ ਵਾਲਾ ਦੇਸ਼ ਹੈ, ਇਥੇ ਸੱਤਾ ਹਊਮੈ ’ਚ ਗ੍ਰੱਸੇ ਹੋਏ ਅਤੇ ਲਾਲਸਾ ’ਚ ਅੰਨ੍ਹੇ ਹਾਕਮ, ਕਦੇ ਵੀ ਪ੍ਰਵਾਨ ਨਹੀਂ ਹੋ ਸਕਦੇ। ਇਕ ਯੂਥ ਅਕਾਲੀ ਆਗੂ, ਵੱਲੋਂ ਜਿਸ ਤਰ੍ਹਾਂ ਪਵਿੱਤਰ ਧਰਤੀ ਤੇ ਇਸ ਪਾਰਟੀ ਦੇ ਮੱਥੇ ਕਾਲਾ ਟਿੱਕਾ ਲਾਇਆ ਹੈ, ਉਹ ਅਚਾਨਕ ਵਾਪਰਿਆ ਵਰਤਾਰਾ ਨਹੀਂ, ਸਗੋਂ ਇਸ ਪਾਰਟੀ ਦੀ ਸੋਚ ਤੇ ਸਰੂਪ ’ਚ ਆਈ ਤਬਦੀਲੀ ਦਾ ਨਤੀਜਾ ਹੈ। ਪਾਰਟੀ ਦੇ ਨਵੇਂ ਹਾਕਮਾਂ ਨੇ ਪੰਜਾਬ ਦੀ ਜੁਆਨੀ ਜਿਹਡ਼ੀ ਪਹਿਲਾ ਹੀ ਨਸ਼ਿਆ ਤੇ ਲੱਚਰਤਾ ਦਾ ਸ਼ਿਕਾਰ ਹੈ, ਉਸਨੂੰ ਹੱਲਾਸ਼ੇਰੀ ਤੇ ਥਾਪਡ਼ਾ ਦੇ ਕੇ, ਉਸਨੂੰ ਆਪਣੀ ਵਿਗਡ਼ੈਲ ਬ੍ਰਿਗੇਡ ਦਾ ਰੂਪ ਦੇ ਲਿਆ ਹੈ।
ਯੂਥ ਅਕਾਲੀ ਦਲ ਦੇ ਨਾਲ-ਨਾਲ ਬਣਾਈ ਐਸ. ਓ. ਆਈ ਜਿਸਦਾ ਨਾਮ ਪੰਜਾਬ ਦੇ ਲੋਕਾਂ ਨੇ ਵਿਗਾਡ਼ ਕੇ ‘ਸਮੈਕ ਆਰਗੇਨਾਈਜੇਸ਼ਨ ਆਫ਼ ਇੰਡੀਆ’ ਲੈਣਾ ਸ਼ੁਰੂ ਕਰ ਦਿੱਤਾ ਸੀ, ਉਸ ਤੋਂ ਬਾਅਦ ਸੱਤਾਧਾਰੀ ਧਿਰ ਦੇ ਵੱਡੇ ਆਗੂਆਂ ਦੇ ਥਾਪਡ਼ੇ ਨਾਲ ਥਾਂ-ਥਾਂ ਅਜਿਹੇ ਆਗੂ ਪੈਦਾ ਹੋ ਗਏ ਹਨ, ਜਿਹਡ਼ੇ ਸੱਤਾਧਾਰੀ ਧਿਰ ਦੇ ਸੁਰੱਖਿਆ ਛੱਤਰੀ ਥੱਲੇ ਨਸ਼ਿਆਂ, ਨਜ਼ਾਇਜ ਕਬਜ਼ਿਆਂ ਤੇ ਹੋਰ ਦੋ ਨੰਬਰੀ ਧੰਦਿਆਂ ਲਈ ਮਾਫ਼ੀਏ ਦੇ ਰੂਪ ’ਚ ਸਥਾਪਿਤ ਹੋ ਗਏ। ਪੰਜਾਬ ’ਚ ਦਹਿਸ਼ਤ ਦਾ ਇਕ ਨਵੇਂ ਰੂਪ ’ਚ ਮਾਹੌਲ ਪੈਦਾ ਹੋ ਗਿਆ। ਇਸ ਸੱਤਾ ਮਾਫ਼ੀਏ ਦੀ ਦਹਿਸ਼ਤ ’ਚ ਆਮ ਲੋਕਾਂ ਤੋਂ ਇਲਾਵਾ ਲੋਕਾਂ ਦੇ ਜਾਨ-ਨਾਲ ਦੀ ਰਾਖ਼ੀ ਕਰਨ ਵਾਲੀ ਪੰਜਾਬ ਪੁਲਿਸ ਵੀ ਸ਼ਾਮਲ ਹੈ। ਉਹ ਸੱਤਾ ਦੇ ਡੰਡੇ ਤੋਂ ਕੰਬਦੀ, ਇਨ੍ਹਾਂ ਦੇ ਹਰ ਜਾਇਜ਼-ਨਜਾਇਜ਼ ਹੁਕਮ ਦੀ ਹੂ-ਬ-ਹੂ ਪਾਲਣਾ ਕਰੀ ਜਾ ਰਹੀ ਹੈ। ਪੰਜਾਬ ’ਚ ਧੀਆਂ-ਭੈਣਾਂ ਦੀ ਇੱਜ਼ਤ ਨਾਲ ਅੱਜ ਤੋਂ ਪਹਿਲਾ ਵੀ ਕਦੇ ਵੀ ਕਿਸੇ ਨੇ ਸ਼ਰੇਆਮ ਖਿਲਵਾਡ਼ ਕਰਨ ਦੀ ਜੁਰੱਅਤ ਨਹੀਂ ਸੀ ਕੀਤੀ, ਪ੍ਰੰਤੂ ਅੱਜ ਜੋ ਹਾਲਾਤ ਪੈਦਾ ਹੋ ਗਏ ਹਨ, ਉਸ ਤੋਂ ਹਰ ਜੁਆਨ ਹੁੰਦੀ ਧੀ ਦਾ ਮਾਪਾ ਕੰਬ ਰਿਹਾ ਹੈ। ਦੇਰ-ਸਵੇਰ ਘਰੋਂ ਬਾਹਰ ਨਿਕਲਣ ਦੀ ਜੁਰੱਅਤ ਹੁਣ ਸ਼ਾਇਦ ਹੀ ਕੋਈ ਔਰਤ ਕਰ ਸਕਦੀ ਹੋਵੇ।
ਅੱਜ ਦੇ ਅਕਾਲੀ ਦਲ ਦੇ ਕਰਤਿਆਂ-ਧਰਤਿਆਂ ਨੂੰ ਸੋਚਣ ਪਵੇਗਾ ਕਿ, ‘‘ਆ ਗਏ ਨਿਹੰਗ, ਬੂਹੇ ਖੋਲ੍ਹ ਦਿਓ ਨਿਸੰਗ’’, ਕਦੇ ਅਕਾਲੀਆਂ ਲਈ ਵਰਤਿਆ ਜਾਂਦਾ ਸੀ, ਪ੍ਰੰਤੂ ਅੱਜ ਦੇ ਪੰਜਾਬ ਦੀਆਂ ਧੀਆਂ-ਭੈਣਾਂ ਇਨ੍ਹਾਂ ਦੇ ਡਰੋਂ ਘਰ ਅੰਦਰ ਤਡ਼੍ਹ ਕੇ ਬੈਠਣ ਲਈ ਮਜ਼ਬੂਰ ਹੋ ਜਾਣ ’ਤੇ ਇਹ ਤਬਦੀਲੀ ਇਸ ਜਥੇਬੰਦੀ ਦੇ ਆਗੂਆਂ ਨੂੰ ਡੂੰਘਾ ਸੋਚਣ ਲਈ ਮਜ਼ਬੂਰ ਵੀ ਨਾ ਕਰੇ, ਫਿਰ ਅਕਾਲੀ ਦਲ ਅਤੇ ਪੰਥ ਦਾ ਤਾਂ ਰੱਬ ਹੀ ਰਾਖਾ ਹੋਵੇਗਾ, ਅਕਾਲੀ ਦਲ ’ਚ ਪਹਿਲਾ ਘੋਨੇ-ਮੋਨਿਆਂ ਦਾ ਖੁੱਲ੍ਹਾ ਦਾਖ਼ਲਾ ਸ਼ੁਰੂ ਕੀਤਾ ਗਿਆ, ਫਿਰ ਵਿਗਡ਼ੈਲ ਨਸ਼ੇਡ਼ੀ ਟੋਲੇ ਨੂੰ ਵੱਡੀਆਂ-ਵੱਡੀਆਂ ਪੱਦਵੀਆਂ ਦੇ ਖੁੱਲ੍ਹੇ ਗੱਫ਼ੇ ਵੰਡੇ ਗਏ ਅਤੇ ਉਨ੍ਹਾਂ ਨੂੰ ਧਡ਼ਾ-ਧਡ਼ ਹਥਿਆਰਾਂ ਦੇ ਲਾਇਸੈਂਸ ਦਿੱਤੇ ਗਏ ਤਾਂ ਕਿ ਇਹ ਖੁੱਲ੍ਹ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰ ਸਕਣ। ਅਕਾਲੀ ਆਕਿਆਂ ਵੱਲੋਂ ਖ਼ੁਦ ਅਕਾਲੀ ਦਲ ’ਚ ਸਿੱਖ ਪ੍ਰੰਪਰਾਵਾਂ ਦਾ ਖ਼ਾਤਮਾ ਕਰ ਦਿੱਤਾ ਗਿਆ ਅਤੇ ਅਕਾਲੀ ਦਲ ਨੂੰ ਕਾਂਗਰਸੀ ਕਲਚਰ ’ਚ ਰੰਗਿਆ ਹੀ ਨਹੀਂ ਸਗੋਂ ਉਸਤੋਂ ਵੀ ਦੋ ਕਦਮ ਅੱਗੇ ਜਾਂਦੇ ਹੋਏ, ਪੰਜਾਬ ਦੀ ਜੁਆਨੀ ਨੂੰ ਗ਼ਲਤ ਰਾਹ ਤੋਰ ਦਿੱਤਾ। ਪੰਜਾਬ ਦੀ ਹਾਕਮ ਧਿਰ ਨੇ ਆਪਣੇ ਘਰ ਦੀ ਬੀਬੀ ਨੂੰ ਰਾਜਸੀ ਖੇਤਰ ’ਚ ਚਮਕਾਉਣ ਲਈ ‘ਨੰਨ੍ਹੀ ਛਾਂ’ ਦੇ ਨਾਮ ਥੱਲੇ ਧੀ ਪੱਖੀ ਲਹਿਰ ਪੰਜਾਬ ’ਚ ਚਮਕਾਈ, ਪ੍ਰੰਤੂ ਇਸ ਲਹਿਰ ਦੀ ਛਾਂ ਪੰਜਾਬ ਦੀਆਂ ਧੀਆਂ ਨੂੰ ਸੁਰੱਖਿਆ ਦੇਣ ’ਚ ਬੁਰੀ ਤਰ੍ਹਾਂ ਫੇਲ੍ਹ ਰਹੀ। ਸ਼ਰੂਤੀ ਕਾਂਡ ’ਤੇ ‘ਨੰਨੀਂ ਛਾਂ’ ਦੀ ਚੁੱਪ ਅਤੇ ਵਿਗਡ਼ੈਲ ਅਕਾਲੀ ਮੁੰਡਿਆਂ ਦੀ ਵੱਧਦੀ ਗੁੰਡਾਗਰਦੀ ਨੂੰ ਖ਼ਾਮੋਸ਼ ਪ੍ਰਵਾਨਗੀ ਦੇ ਕੇ ਨੰਨ੍ਹੀ ਛਾਂ ਧੀਆਂ ਦੀ ਸੁਰੱਖਿਆ ਛੱਤਰੀ ਨਹੀਂ ਬਣ ਸਕੀ।
ਅਸੀਂ ਪਹਿਲਾਂ ਵੀ ਵਾਰ-ਵਾਰ ਲਿਖਿਆ ਹੈ ਕਿ ਅਕਾਲੀ ਦਲ ਦੇ ਬਦਲੇ ਇਸ ਸਰੂਪ ਤੇ ਸੋਚ ਵਿਰੁੱਧ ਪੰਥ ਦਰਦੀ ਟਕਸਾਲੀ ਆਗੂਆਂ ਨੂੰ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ। ਨਹੀਂ ਤਾਂ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਇੱਕ ਅਕਾਲੀ ਆਗੂ ਨੇ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਲਈ ਬਾਪ ਦਾ, ਉਹ ਵੀ ਪੁਲਿਸ ਵਾਲੇ ਦਾ ਸ਼ਰੇਆਮ ਵਹਿਸ਼ੀਆਨਾ ਕਤਲ ਕੀਤਾ ਹੈ, ਉਸ ਨੇ ਅਕਾਲੀ ਤੇ ਟਕਸਾਲੀ ਸੋਚ ਦੇ ਮੱਥੇ ’ਤੇ ਜਿਹਡ਼ਾ ਕਲੰਕ ਲਾਇਆ ਹੈ, ਉਹ ਵੀ ਕੱਲ੍ਹ ਨੂੰ ਬੇਮਾਅਨੇ ਹੋ ਜਾਵੇਗਾ ਤੇ ਅਜਿਹੀ ਕਾਲੀਆਂ ਕਰਤੂਤਾਂ ਨੂੰ ਕਾਲੀ ਆਮ ਸਮਝਣ ਲੱਗ ਪੈਣਗੇ ਅਤੇ ਇੰਨ੍ਹਾਂ ਦੀ ਮੁੰਡੀਰ ਬ੍ਰਿਗੇਡ ਇਸਨੂੰ ਆਪਣਾ ਹੱਕ ਮੰਨਣ ਲੱਗ ਪਵੇਗੀ ਫਿਰ ਅਣਖ਼ ਵਾਲਿਆਂ ਨੂੰ ਪੰਜਾਬ ਤੋਂ ਬੋਰੀਆ-ਬਿਸਤਰਾ ਗੋਲ ਕਰਨਾ ਪਵੇਗਾ।

No comments: