Friday, December 07, 2012

ਸ਼ਲਾਘਾਯੋਗ

ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਡ਼ੇ ਅਨਸਰਾਂ ਦੀ ਛਾਂਟੀ ਦਾ ਫੈਸਲਾ
Posted On December-6-2012
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 6 ਦਸੰਬਰ
ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਦੀ ਘਟਨਾ ਤੋਂ ਸਬਕ ਲੈਂਦਿਆਂ ਪਾਰਟੀ ਵਿਚਲੇ ਮਾਡ਼ੇ ਅਨਸਰਾਂ ਦੀ ਛਾਂਟੀ ਦਾ ਫ਼ੈਸਲਾ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੂੰ ਅਜਿਹੇ ਅਨਸਰਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ।
ਅੰਮ੍ਰਿਤਸਰ ਦੀ ਘਟਨਾ ’ਚ ਪਾਰਟੀ ਆਗੂ ਦੀ ਸ਼ਮੂਲੀਅਤ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਹਰ ਬੰਦੇ ਦੀ ਗਤੀਵਿਧੀ ਬਾਰੇ ਪੈਡ਼ ਨੱਪਣੀ ਸੌਖਾ ਨਹੀਂ, ਪਰ ਕਿਸੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਿਸੇ ਹੋਰ ਅਕਾਲੀ ਆਗੂ ਬਾਰੇ ਸ਼ਿਕਾਇਤ ਹੋਈ ਤਾਂ 8 ਦਸੰਬਰ ਨੂੰ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਵਿਚਾਰਿਆ ਜਾਵੇਗਾ।
ਪਾਰਟੀ ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਅੰਮ੍ਰਿਤਸਰ ਵਿੱਚ ਪਾਰਟੀ ਦੇ ਇੱਕ ਸੀਨੀਅਰ ਆਗੂ ਵੱਲੋਂ ਏ.ਐਸ.ਆਈ. ਦੀ ਬੇਰਹਿਮੀ ਨਾਲ ਕੀਤੀ ਹੱਤਿਆ ਅਤੇ ਹੋਰਨਾਂ ਕਈ ਸੀਨੀਅਰ ਅਕਾਲੀ ਆਗੂਆਂ ਦੀਆਂ ‘ਸ਼ੱਕੀ ਗਤੀਵਿਧੀਆਂ’ ਬਾਰੇ ਚਰਚਾ ਹੋਵੇਗੀ। ਕੋਰ ਕਮੇਟੀ ਦੀ ਮੀਟਿੰਗ ਕਈ ਮਹੀਨਿਆਂ ਬਾਅਦ ਹੋ ਰਹੀ ਹੈ।
ਪਾਰਟੀ ਹਲਕਿਆਂ ਮੁਤਾਬਕ ਇਸ ਮੀਟਿੰਗ ਦੌਰਾਨ ਸ਼ਰੁਤੀ ਅਗਵਾ ਕਾਂਡ, ਖਾਲਡ਼ਾ ਪੁਲੀਸ ਥਾਣੇ ਵਿੱਚ ਦਰਜ ਹੋਏ ਫਰਜ਼ੀ ਕੇਸ ਅਤੇ ਅਕਾਲੀ ਆਗੂਆਂ ਦੇ ਜ਼ਮੀਨਾਂ ’ਤੇ ਕਬਜ਼ਿਆਂ ਦੀਆਂ ਸ਼ਿਕਾਇਤਾਂ ਭਾਰੀ ਰਹਿਣ ਦੀ ਸੰਭਾਵਨਾ ਹੈ। ਦਲ ਦੇ ਆਗੂਆਂ ਨੇ ਦੱਸਿਆ ਕਿ ਮੁਹਾਲੀ ਵਿੱਚ ਸਰਗਰਮ ਇੱਕ ਸੀਨਅਰ ਅਕਾਲੀ ਆਗੂ ਵੱਲੋਂ ਪਲਾਟਾਂ ’ਤੇ ਨਜਾਇਜ਼ ਕਬਜ਼ਿਆਂ ਸਬੰਧੀ ਸ਼ਿਕਾਇਤਾਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਚੁੱਕੀਆਂ ਹਨ।  ਪਾਰਟੀ ਇਸ ਅਕਾਲੀ ਆਗੂਆਂ ਦੀਆਂ ਗਤੀਵਿਧੀਆਂ ਤੋਂ ਬੇਹੱਦ ਪ੍ਰੇਸ਼ਾਨ ਹੈ।
ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਤਾਂ ਪਾਰਟੀ ਦੇ ‘ਅਕਸ’ ਨੂੰ ਲੱਗੀ ਵੱਡੀ ਢਾਅ ਤੋਂ ਬਾਅਦ ਪਾਰਟੀ ਦੀ ਲੀਡਰਸ਼ਿਪ ਕਾਫ਼ੀ ਚਿੰਤਤ ਦਿਖਾਈ ਦੇ ਰਹੀ ਹੈ। ਦਲ ਦੇ ਕਈ ਸੀਨੀਅਰ ਆਗੂਆਂ ਨੇ ਅੱਜ ਇਸ ਮਾਮਲੇ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਦਿਆਂ ਸੁਚੇਤ ਰਹਿਣ ਦੀ ਤਾਕੀਦ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੀ ਘਟਨਾ ਨਾਲ ਬਿਨਾਂ ਸ਼ੱਕ ਪਾਰਟੀ ਦੇ ਅਕਸ ਨੂੰ ਢਾਅ ਲੱਗੀ ਹੈ ਕਿਉਂਕਿ ਹਮਲਾਵਰ ਪਾਰਟੀ ਨਾਲ ਸਬੰਧਤ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਦੋਸ਼ੀ ਨਾਲ ਕਿਸੇ ਕਿਸਮ ਦਾ ਨਰਮਾਈ ਨਹੀਂ ਵਰਤੀ ਜਾਵੇਗੀ ਤੇ ਇਸ ਸਬੰਧੀ ਅੱਜ ਸੁਖਬੀਰ ਸਿੰਘ ਬਾਦਲ ਨਾਲ ਵੀ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਈ ਮਸਲੇ ਹਨ ਜਿਨ੍ਹਾਂ ਬਾਰੇ ਪਾਰਟੀ ਦੀ ਕੋਰ ਕਮੇਟੀ ਵਿੱਚ ਚਰਚਾ ਕੀਤੀ ਜਾਵੇਗੀ। ਸ੍ਰੀ ਢੀਂਡਸਾ ਦਾ ਕਹਿਣਾ ਹੈ ਕਿ ਪਾਰਟੀ ਦੇ ਜਿਸ ਕਿਸੇ ਹੋਰ ਆਗੂ ਬਾਰੇ ਸ਼ਿਕਾਇਤ ਹੋਵੇਗੀ ਉਸ ਦੀਆਂ ਗਤੀਵਿਧੀਆਂ ਬਾਰੇ ਵੀ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਦੋਸ਼ੀ ਵਿਰੁਧ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਉਪਰ ਕੋਈ ਨਹੀਂ ਤੇ ਪਾਰਟੀ ਅਜਿਹੇ ਮਾਮਲਿਆਂ ਪ੍ਰਤੀ ਗੰਭੀਰ ਹੈ। ਪੰਜਾਬ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੁਕਮਰਾਨ ਪਾਰਟੀ ਨੂੰ ਪਿਛਲੇ ਕੁੱਝ ਮਹੀਨਿਆਂ ਦੌਰਾਨ ਸੂਬੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਫਰੀਦਕੋਟ ਦੇ ਸ਼ਰੁਤੀ ਅਗਵਾ ਕਾਂਡ ਨੇ ਪਾਰਟੀ ਦੀ ਸੂਬਾ ਪੱਧਰ ’ਤੇ ਬਦਨਾਮੀ ਹੀ ਨਹੀਂ ਕਰਵਾਈ ਸਗੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਅਜੇ ਤੱਕ ਇਸ ਸ਼ਹਿਰ ਦਾ ਦੌਰਾ ਕਰਨ ਦਾ ਹੌਸਲਾ ਨਹੀਂ ਕਰ ਰਹੇ। ਤਰਨ ਤਾਰਨ ਜ਼ਿਲ੍ਹੇ ਦੇ ਖਾਲਡ਼ਾ ਪੁਲੀਸ ਥਾਣੇ ਦੀ ਪੁਲੀਸ ਵੱਲੋਂ ਕਤਲ ਦੇ ਦੋਸ਼ੀਆਂ ਨੂੰ ਬਚਾਉਣ ਦਾ ਮਾਮਲਾ ਠੰਢਾ ਵੀ ਨਹੀਂ ਸੀ ਪਿਆ ਕਿ ਤਰਨ ਤਾਰਨ ਵਿੱਚ ਅਕਾਲੀ ਦਲ ਦੇ ਹੀ ਇੱਕ ਆਗੂ ਨੇ ਏ.ਐਸ.ਆਈ. ਦਾ ਕਤਲ ਕਰ ਦਿੱਤਾ। ਖੰਨਾ ਪੁਲੀਸ ਜ਼ਿਲ੍ਹੇ ਦੇ ਮਾਛੀਵਾਡ਼ਾ ਵਿੱਚ ਰੇਤ ਮਾਫੀਆ ਨੇ ਇੱਕ ਮੋਹਤਵਬਰ ਵਿਅਕਤੀ ਨੂੰ ਪੁਲੀਸ ਦੀ ਕਥਿਤ ਸ਼ਹਿ ’ਤੇ ਸ਼ਰੇਆਮ ਕੁੱਟਿਆ। ਉਸ ਤੋਂ ਬਾਅਦ ਕੁੱਝ ਪੁਲੀਸ ਅਫਸਰ ਮੁਅੱਤਲ ਵੀ ਕੀਤੇ ਗਏ। ਰਾਜਧਾਨੀ ਦੀ ਬੁੱਕਲ ਵਿੱਚ ਖਰਡ਼ ਵਿਖੇ ਵੀ ਕੁੱਝ ਦਿਨ ਪਹਿਲਾਂ ਲਡ਼ਕੀਆਂ ਨਾਲ ਛੇਡ਼ਛਾਡ਼ ਕਰਨ ਵਾਲੇ ਬਦਮਾਸ਼ਾਂ ਨੂੰ ਰੋਕਣਾ ਚਾਹਿਆ ਤਾਂ ਆਮ ਬੰਦਿਆਂ ਦੀ ਭਾਰੀ ਕੁੱਟਮਾਰ ਕੀਤੀ ਗਈ।  ਪ੍ਰਸ਼ਾਸਕੀ, ਸਿਵਲ ਤੇ ਰਾਜਨੀਤਕ ਹਲਕਿਆਂ ਵਿੱਚ ਅੱਜ ਦਿਨ ਭਰ ਇਹੀ ਚਰਚਾ ਰਹੀ ਕਿ ਇਸ ਸੂਬੇ ਵਿੱਚ ਜੇਕਰ ਵਰਦੀਧਾਰੀ ਵੀ ਸੁਰੱਖਿਅਤ ਨਹੀਂ ਤਾਂ ਆਮ ਬੰਦੇ ਨਾਲ ਕੀ ਬੀਤਦੀ ਹੋਵੇਗੀ।(
ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

1 comment:

N.K.Jeet said...

It is just an eye wash. Akalis as well as Congress party needs gundas and musclemen during election times. They are utilized even to crush agitating students, youth and employees etc.