Thursday, December 06, 2012

ਇਹ ਹੈ ਪੰਜਾਬ ਵਿਚਲਾ ਅਮਨ ਕਾਨੂੰਨ ?

ਅੰਮ੍ਰਿਤਸਰ ਦੀ ਘਟਨਾ ਮੀਡੀਆ ਦੀ ਨਜਰ ਵਿਚ 
                                                   ਰੋਜ਼ਾਨਾ ਜਗ ਬਾਣੀ  ਦੇ ਮੁੱਖ ਸਫੇ ਤੇ ਪ੍ਰਕਾਸ਼ਿਤ ਖਬਰ 
ਸ਼ਰੁਤੀ ਨਾਲ ਵਾਪਰੇ ਕਹਿਰ ਦੀਆਂ ਸੁਰਖੀਆਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਗੁੰਡਾਗਰਦੀ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰ ਦਿੱਤਾ ਹੈ। ਇਹਨਾਂ ਘਟਨਾਵਾਂ ਨੇ ਜਿੱਥੇ ਨਨ੍ਹੀ ਛਾਂ ਵਰਗੇ ਡਰਾਮਿਆਂ ਦਾ ਖੋਖਲਾਪਨ ਉਜਾਗਰ ਕੀਤਾ ਹੈ ਉਥੇ ਇਸ ਗੱਲ ਤੇ ਵੀ ਮੋਹਰ ਲਾਈ ਹੈ ਕਿ  ਕੁੜੀਆਂ ਦੇ ਜਨਮ ਵੇਲੇ ਭੈਭੀਤ ਹੋਣ  ਵਾਲੀ ਕੁਪ੍ਰਥਾ ਏਨੀ ਛੇਤੀ ਮੁੱਕਣ ਵਾਲੀ ਨਹੀਂ। ਜਿੱਥੇ ਸੱਤਾ ਧਾਰੀ ਪਾਰਟੀ ਦੇ ਲੀਡਰ ਗੁੰਡਾਗਰਦੀ ਕਰਨ, ਜਿੱਥੇ ਖੁਦ ਪੁਲਿਸ ਵਾਲਿਆਂ ਦੀਆਂ ਧੀਆਂ ਵੀ ਅਸੁਰਖਿਅਤ ਹੋਣ ਉੱਥੇ ਆਮ ਆਦਮੀ ਦੀ ਹਾਲਤ ਬਾਰੇ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇਸ ਪੋਸਟ ਦੇ ਨਾਲ ਹੀ ਪੰਜਾਬੀ ਟ੍ਰਿਬਿਊਨ ਅਤੇ ਰੋਜ਼ਾਨਾ ਜਗ ਬਾਣੀ ਵਿੱਚ ਛਪੀਆਂ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ।ਖਬਰ ਮੀਡੀਆ ਤੱਕ ਪਹੁੰਚਣ ਮਗਰੋਂ ਭਾਵੇਂ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਅਕਾਲੀ ਦਲ ਵਿੱਚੋਂ ਕਢ ਦਿੱਤਾ ਗਿਆ ਹੈ ਪਰ ਲੋਕਾਂ ਦੀ ਚਿੰਤਾ ਇਸ ਨਾਲ ਮੁੱਕਦੀ ਨਜਰ ਨਹੀਂ ਆਉਂਦੀ। ਹੁਣ ਪਾਰਟੀ ਦੀ ਪੂਰੀ ਸਕਰੀਨਿੰਗ ਬੇਹੱਦ ਜਰੂਰੀ ਹੋ ਗਈ ਹੈ। ਹੁਣ ਅਜਿਹੇ ਬਾਕੀ ਬਚੇ ਅਨਸਰਾਂ ਬਾਰੇ ਫੌਰੀ ਤੌਰ ਤੇ ਪਤਾ ਲਾਇਆ ਜਾਣਾ ਚਾਹੀਦਾ ਹੈ। ਜੇ ਪਾਰਟੀਆਂ ਅਤੇ ਪ੍ਰਸ਼ਾਸਨ ਨੇ kਹੂੜ ਵੇਲੇ ਸਿਰ ਅਜਿਹਾ ਨਾ ਕੀਤਾ ਤਾਂ ਹਾਲਾਤ ਖਤਰਨਾਕ ਹਾਲਤ ਤੱਕ ਪਹੁੰਚ ਸਕਦੇ ਹਨ। ਉਂਝ ਵੀ ਅਕਾਲੀ ਪਾਰਟੀ ਉਸ ਸਿੱਖ ਇਤਿਹਾਸ ਦਾ ਵਾਰਸ ਬੰਦੀ ਹੈ ਜਿਸ ਇਤਿਹਾਸ ਵਿੱਚ ਸਿੱਖ ਯੋਧੇ ਬਹੂ ਬੇਟੀਆਂ ਦੀ ਇਜ਼ਤ ਬਚਾਉਣ ਲਈ ਜਾਨਾਂ ਦੀ ਬਾਜੀ ਲਾਇਆ ਕਰਦੇ ਸਨ। ਹੁਣ ਦੇਖਣਾ ਹੈ ਕਿ ਮਾਰੇ ਗਏ ਏ ਐਸ ਆਈ ਦੇ ਪਰਿਵਾਰ ਨੂੰ ਇਨਸਾਫ਼ ਕਿੰਨੀ ਜਲਦੀ ਮਿਲਦਾ ਹੈ ! ਕਿਤੇ ਜਨਾਬ ਕ੍ਰਿਸ਼ਨ ਬਿਹਾਰੀ ਨੂਰ  ਦਾ ਸ਼ਿਅਰ ਨਾ ਸਚ ਹੋ ਜਾਵੇ:    
ਧਨ ਕੇ ਹਥੋਂ ਬਿਕੇ ਹੈਂ ਸਬ ਕਾਨੂੰਨ;
ਅਬ ਕਿਸੀ ਜੁਰਮ ਕੀ ਸਜ਼ਾ ਹੀ ਨਹੀਂ!  --ਰੈਕਟਰ ਕਥੂਰੀਆ  
ਧੀ ਨਾਲ ਛੇਡ਼ਖਾਨੀ ਰੋਕਣ ਵਾਲੇ ਥਾਣੇਦਾਰ ਪਿਤਾ ਦੀ ਅਕਾਲੀ ਆਗੂ ਵੱਲੋਂ ਹੱਤਿਆ
Posted On December - 5 - 2012
ਟ੍ਰਿਬਿਊਨ ਨਿਊਜ਼ ਸਰਵਿਸ
ਮ੍ਰਿਤਕ ਥਾਣੇਦਾਰ ਦੀ ਬੇਟੀ ਤੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ (ਫੋਟੋ: ਵਿਸ਼ਾਲ)
ਅੰਮ੍ਰਿਤਸਰ, 5 ਦਸੰਬਰ
ਬੇਟੀ ਨਾਲ ਛੇਡ਼ਖਾਨੀਆਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਰੋਕਣ ਲਈ ਆਏ ਸਹਾਇਕ ਸਬ-ਇੰਸਪੈਕਟਰ ਪਿਤਾ ਨੂੰ ਦਿਨ ਦਿਹਾਡ਼ੇ ਛੇਹਰਟਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।  ਕਤਲ ਕੀਤੇ ਗਏ ਸਹਾਇਕ ਸਬ-ਇੰਸਪੈਕਟਰ ਦੀ ਸ਼ਨਾਖਤ ਦਵਿੰਦਰਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਘਰਿੰਡਾ ਥਾਣੇ ਵਿਖੇ ਤਾਇਨਾਤ ਸੀ। ਇਹ ਘਟਨਾ ਛੇਹਰਟਾ ਥਾਣੇ ਤੋਂ ਕੁਝ ਦੂਰੀ ‘ਤੇ ਵਾਪਰੀ ਹੈ, ਜਿਥੋਂ ਪੁਲੀਸ ਨੇ ਘਟਨਾ ਸਥਾਨ ਤਕ ਪੁੱਜਣ ਵਿਚ ਏਨਾ ਸਮਾਂ ਲਾ ਦਿੱਤਾ ਕਿ ਹਮਲਾਵਰ ਦੂਜੀ ਵਾਰ ਆਏ ਅਤੇ ਜ਼ਖਮੀ ਹੋਏ ਏ.ਐਸ.ਆਈ. ਨੂੰ ਮੁਡ਼ ਗੋਲੀਆਂ ਮਾਰ ਕੇ ਕਤਲ ਕਰ ਗਏ। ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਪੁਲੀਸ ਕਮਿਸ਼ਨਰ ਰਾਮ ਸਿੰਘ ਵੱਲੋਂ ਛੇਹਰਟਾ ਥਾਣੇ ਦੇ ਐਸ.ਐਚ.ਓ. ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।
ਇਸ ਪੁਲੀਸ ਕਰਮਚਾਰੀ ਦੀ ਬੇਟੀ ਇਥੇ ਛੇਹਰਟਾ ਵਿਖੇ ਇਕ ਬੈਂਕ ਵਿਚ ਤਾਇਨਾਤ ਹੈ, ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਰੋਜ਼ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਸਬੰਧ ਵਿਚ ਕੁਡ਼ੀ ਨੇ ਆਪਣੇ ਪਿਤਾ ਨੂੰ ਜਾਣੂੰ ਕਰਵਾਇਆ ਸੀ ਅਤੇ ਕੁਡ਼ੀ ਵੱਲੋਂ ਵਾਹਨ ਦੇ ਦੱਸੇ ਗਏ ਨੰਬਰ ਦੇ ਆਧਾਰ ‘ਤੇ ਰਵਿੰਦਰਪਾਲ ਸਿੰਘ ਵੱਲੋਂ ਵਾਹਨ ਦੇ ਮਾਲਕਾਂ ਦਾ ਪਤਾ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਅੱਜ ਇਹ ਘਟਨਾ ਹੋ ਗਈ। ਅੱਜ ਜਦੋਂ ਇਹ ਨੌਜਵਾਨ ਮੁਡ਼ ਕੁਡ਼ੀ ਨੂੰ ਛੇਡ਼ਨ ਲਈ ਪੁੱਜੇ ਤਾਂ ਉਸ ਨੇ ਤੁਰੰਤ ਆਪਣੇ ਪਿਤਾ ਨੂੰ ਫੋਨ ਕਰ ਦਿੱਤਾ। ਰਵਿੰਦਰ ਪਾਲ ਸਿੰਘ, ਜੋ ਉਸ ਵੇਲੇ ਵਰਦੀ ਵਿਚ ਸੀ, ਮੌਕੇ ‘ਤੇ ਪੁੱਜ ਗਿਆ। ਨੌਜਵਾਨਾਂ ਨਾਲ ਹੋਈ ਤਕਰਾਰ ਝਗਡ਼ੇ ਵਿਚ ਬਦਲ ਗਈ ਅਤੇ ਇਕ ਨੌਜਵਾਨ ਨੇ ਆਪਣੀ ਰਿਵਾਲਵਰ ਨਾਲ ਏਐਸਆਈ ‘ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਲੱਤ ਵਿਚ ਵੱਜੀ। ਇਹ ਨੌਜਵਾਨ ਜ਼ਖਮੀ ਏਐਸਆਈ ਨੂੰ ਛੱਡ ਕੇ ਚਲੇ ਗਏ। ਇਸ ਦੌਰਾਨ ਕੁਡ਼ੀ ਨੇ ਆਪਣੇ ਜ਼ਖਮੀ ਪਿਤਾ ਨੂੰ ਹਸਪਤਾਲ ਲਿਜਾਣ ਲਈ ਵੀ ਯਤਨ ਕੀਤਾ, ਪਰ ਕੁਝ ਸਮੇਂ ਬਾਅਦ ਹੀ ਇਹ ਨੌਜਵਾਨ ਵਾਪਸ ਪਰਤ ਆਏ ਅਤੇ ਮੁਡ਼ ਇਕ ਬੰਦੂਕ ਨਾਲ ਉਸ ‘ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। ਗੋਲੀਆਂ ਚਲਾਉਣ ਵਾਲੇ ਨੌਜਵਾਨ ਦੀ ਸ਼ਨਾਖਤ ਰਣਜੀਤ ਸਿੰਘ ਰਾਣਾ ਵਾਸੀ ਛੇਹਰਟਾ ਵਜੋਂ ਹੋਈ ਹੈ, ਉਹ ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਦਾ ਜਨਰਲ ਸਕੱਤਰ ਹੈ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲਾ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਸਤੰਬਰ ਮਹੀਨੇ ਵਿਚ ਹੀ ਇਹ ਅਹੁਦਾ ਸੌਂਪਿਆ ਗਿਆ ਸੀ। ਅਜਿਹੇ ਅਨਸਰਾਂ ਲਈ ਪਾਰਟੀ ਵਿਚ ਕੋਈ ਥਾਂ ਨਹੀਂ ਹੈ। ਉਨ੍ਹਾਂ ਰਾਣਾ ਨੂੰ ਤੁਰੰਤ ਪਾਰਟੀ ਵਿਚੋਂ ਕੱਢਣ ਦਾ ਐਲਾਨ ਕੀਤਾ ਹੈ ਅਤੇ ਆਖਿਆ ਕਿ ਇਸ ਮਾਮਲੇ ਵਿਚ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਉਨ੍ਹਾਂ ਪੀਡ਼ਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪਰਿਵਾਰ ਦੇ ਜੀਆਂ ਦੇ ਬਿਆਨਾਂ ‘ਤੇ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਛੇਹਰਟਾ ਪੁਲੀਸ ਦੇ ਐਸਐਚਓ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।

No comments: