Saturday, December 22, 2012

ਭੈਣ ਨਾਲ ਛੇਡ਼ਛਾਡ਼ ਤੋਂ ਰੋਕਣ ਵਾਲੇ ਭਰਾ ਨੂੰ ਗੋਲੀ ਮਾਰੀ

ਕਥਿਤ ਦੋਸ਼ੀ ਵਿਕੀ ਵਿਰੁੱਧ ਮਾਮਲਾ ਦਰਜ/ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ
ਧੀਆਂ ਭੈਣਾਂ ਨਾਲ ਲਗਾਤਾਰ ਵਧ ਰਹੀ ਛੇੜਖਾਨੀ ਅਤੇ ਇਸ ਨੂੰ ਰੋਕਣ ਵਾਲੇ 'ਤੇ ਹਮਲਾ ਹੁਣ ਉਸ ਪੰਜਾਬ  ਵਿੱਚ ਵੀ ਆਮ ਜਹੀ ਗੱਲ ਬਣਦੀ ਜਾ ਰਹੀ ਹੈ ਜਿਸ ਪੰਜਾਬ ਦਾ ਇਤਿਹਾਸ ਬੜਾ ਸ਼ਾਨਾਮੱਤਾ ਰਿਹਾ। ਉਹੀ ਪੰਜਾਬ ਜਿਸ ਵਿੱਚ ਪਹੁੰਚ ਕੇ ਕੱਲੀਆਂ ਕਾਰੀਆਂ ਕੁੜੀਆਂ ਵੀ ਸੁਰਖਿਅਤ ਮਹਿਸੂਸ ਕਰਦੀਆਂ ਸਨ। ਅੰਮ੍ਰਿਤਸਰ ਵਿੱਚ ਇੱਕ ਏ ਐਸ ਆਈ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਜੇ ਸਚਮੁਚ ਸਖਤੀ ਵਰਤੀ ਜਾਂਦੀ ਤਾਂ ਨਿਸਚੇ ਹੀ ਅਜਿਹੇ ਅਨਸਰਾਂ ਨੂੰ ਅਕਲ ਆ ਜਾਣੀ ਸੀ ਪਰ ਉਸ ਘਟਨਾ ਤੋਂ ਬਾਅਦ ਇਸ ਤਰਾਂ ਦੀਆਂ ਘਟਨਾਵਾਂ ਦਾ ਜਾਰੀ ਰਹਿਣਾ ਇਹ ਸਾਬਿਤ ਕਰਦਾ ਹੈ ਕਿ ਅਜਿਹੇ ਅਨਸਰਾਂ ਨੂੰ ਸਰਕਾਰ ਜਾਂ ਕਾਨੂੰਨ ਦਾ ਹੁਣ ਬਿਲਕੁਲ ਹੀ ਕੋਈ ਡਰ ਨਹੀਂ ਰਿਹਾ।  ਅੰਮ੍ਰਿਤਸਰ ਤੋਂ ਬਾਅਦ ਮਾਹਿਲਪੁਰ ਦੇ ਨੇੜੇ ਪਿੰਡ ਜੰਡਿਆਲਾ ਵਿੱਚ  ਵਾਪਰੀ ਇਸੇ ਕਿਸਮ ਦੀ ਘਟਨਾ ਘਟੋਘਟ ਇਹੀ ਸਾਬਿਤ ਕਰਦੀ ਹੈ। ਰੋਜ਼ਾਨਾ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਇਸ ਖਬਰ ਨੇ ਸਰਕਾਰ ਦੀਆਂ ਨਾਕਾਮੀਆਂ ਅਤੇ ਨੀਤੀਆਂ ਬਾਰੇ ਇੱਕ ਵਾਰ ਫਿਰ ਕਈ ਖਿਆਲ ਖੜੇ ਕਰ ਦਿੱਤੇ ਹਨ। ਜਦੋਂ ਸਰਕਾਰੀ ਪ੍ਰਭੂਆਂ ਨੇ ਅੰਮ੍ਰਿਤਸਰ ਦੀ ਘਟਨਾ ਤੋਂ ਬਾਅਦ ਪੈਦਾ ਹੋਏ ਲੋਕ ਰੋਹ ਨੂੰ ਰਾਜਨੀਤੀ ਆਖਦਿਆਂ ਇਸ ਤਰਾਂ ਦੀਆਂ ਘਟਨਾਵਾਂ ਨੂੰ ਛੋਟੀਆਂ ਮੋਟੀਆਂ ਘਟਨਾਵਾਂ ਦੱਸਿਆ ਸੀ ਉਦੋਂ ਵੀ ਇਹੀ ਲੱਗਦਾ ਸੀ ਕਿ ਸਰਕਾਰ ਇਹਨਾਂ ਘਟਨਾਵਾਂ ਲਈ ਜਿੰਮੇਵਾਰ ਅਨਸਰਾਂ ਨੂੰ ਨਥ ਪਾਉਣ ਲਈ ਗੰਭੀਰ ਹੋਈ ਨਹੀਂ ਜਾਪਦੀ। ਭੈਣ ਨਾਲ ਛੇਡ਼ਛਾਡ਼ ਤੋਂ ਰੋਕਣ ਵਾਲੇ ਭਰਾ ਨੂੰ ਗੋਲੀ ਮਾਰੀ
ਰੋਜ਼ਾਨਾ ਪੰਜਾਬੀ ਟ੍ਰਿਬਿਊਨ  ਨੇ ਮਾਹਿਲਪੁਰ ਡੇਟ ਲਾਈਨ ਨਾਲ 21 ਦਸੰਬਰ ਨੂੰ ਪੋਸਟ ਕੀਤੀ ਖਬਰ ਵਿੱਚ ਪੱਤਰ ਪ੍ਰੇਰਕ ਦੇ ਹਵਾਲੇ ਨਾਲ ਦੱਸਿਆ ਹੈ ਕਿ ਇੱਥੋਂ ਨੇਡ਼ਲੇ ਪਿੰਡ ਜੰਡਿਆਲਾ ਵਿਖੇ ਜੰਗਲੀ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਵੱਲੋਂ ਦੋ ਸਾਈਕਲ  ਸਵਾਰ ਮਸੇਰੇ ਭਰਾਵਾਂ ਵਿੱਚੋਂ ਇੱਕ ਨੂੰ ਗੋਲੀ ਮਾਰਕੇ ਜ਼ਖ਼ਮੀ ਕਰ ਦਿੱਤਾ ਗਿਆ।
ਜ਼ਖ਼ਮੀ ਹੋਏ ਕੇਹਰ ਸਿੰਘ ਵਾਸੀ ਖੁਸ਼ੀ ਪੱਦੀ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਡੇਢ ਵਜੇ ਉਹ ਅਤੇ ਉਸਦਾ ਮਸੇਰਾ ਭਰਾ ਮੰਗਾ ਸਾਈਕਲਾਂ ’ਤੇ ਸਵਾਰ ਹੋ ਕੇ ਡੇਰੇ ਵੱਲ ਸੇਵਾ ਕਰਨ ਲਈ ਆ ਰਹੇ ਸਨ। ਜਦ ਉਹ ਪਿੰਡ ਜੰਡਿਆਲਾ ਲਾਗੇ ਝਾਡ਼ੀਆਂ ਕੋਲ ਪੁੱਜੇ ਤਾਂ ਵਿੱਕੀ ਵਾਸੀ ਕੀਰਤੀ ਨਗਰ, ਹੁਸ਼ਿਆਰਪੁਰ ਨੇ ਉਨ੍ਹਾਂ ਨੂੰ ਘੇਰਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ’ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਇਹ ਗੋਲੀ ਉਸਦੇ ਪੇਟ ਨਾਲ ਖਹਿ ਕੇ ਲੰਘ ਗਈ ਅਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਉਸਨੇ ਦੋਸ਼ ਲਾਇਆ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਉਸਦੀ ਵਿਆਹੁਤਾ ਭੈਣ ਨੂੰ ਰੋਜ਼ਾਨਾ ਫੋਨ ਕਰਕੇ ਜਾਂ ਗਲੀ ਵਿੱਚ ਛੇਡ਼ਛਾਡ਼ ਕਰਕੇ ਤੰਗ ਪ੍ਰੇਸ਼ਾਨ ਕਰਦਾ ਸੀ। ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਨੇ ਹਮਲਾਵਰ ਨੌਜਵਾਨ ਨੂੰ ਉਸਦੀ ਭੈਣ ਨਾਲ ਛੇਡ਼ਛਾਡ਼ ਕਰਨ ਤੋਂ ਰੋਕਿਆ ਸੀ।
ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਹਰ ਸਿੰਘ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਵਿਕੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ। 
ਇਸ ਘਟਨਾ ਨੇ ਇਹ ਗੱਲ ਜਰੂਰ ਸਾਫ਼ ਕਰ ਦਿੱਤੀ ਹੈ ਕਿ ਜੇ ਅੰਮ੍ਰਿਤਸਰ ਦੀ ਘਟਨਾ ਤੋਂ ਬਾਅਦ ਕੋਈ ਸਬਕ ਸਿਖਾਉਣ ਵਾਲੀ ਕਾਰਵਾਈ ਗੰਭੀਰਤਾ ਨਾਲ ਹੋਈ ਹੁੰਦੀ ਤਾਂ ਇਹਨਾਂ ਗੂੰਡਾ ਅਨਸਰਾਂ ਨੇ ਵੀ ਸਬਕ ਜਰੂਰ ਸਿੱਖ ਲੈਣਾ ਸੀ। ਲਗਾਤਾਰ ਖੁੱਲ ਖੇਡ ਰਹੇ ਅਨਸਰ ਅਸਲ ਵਿੱਚ ਇਹੀ ਦੱਸ ਰਹੇ ਹਨ ਕਿ ਰਾਜ ਸਦਾ ਹੈ ਸਾਨੂੰ ਕੌਣ ਪੁੱਛ ਸਕਦੈ !

No comments: