Monday, December 17, 2012

ਓਸ਼ੋ ਨੂੰ ਯਾਦ ਕਰਦਿਆਂ

Posted On December - 10 - 2012
ਓਸ਼ੋ ਦੀ ਲਹਿਰ ਹੁਣ ਪੂਰੀ ਦੁਨੀਆਂ ‘ਚ ਤੇਜ਼ੀ ਨਾਲ ਫੈਲ ਰਹੀ ਹੈ 

ਕਿਸੇ ਵੇਲੇ ਓਸ਼ੋ ਨੇ ਕਿਹਾ ਸੀ ਕਿ ਮੇਰੀ ਗੈਰ ਮੌਜੂਦਗੀ ਵਿੱਚ ਮੇਰੀ ਮੌਜੂਦਗੀ ਹੋਰ ਵੀ ਮਜਬੂਤ ਹੋ ਜਾਏਗੀ। ਇਹ ਕਥਨ ਅੱਜ ਵੀ ਲਗਾਤਾਰ ਸਚ ਹੋ ਰਿਹਾ ਹੈ। ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਲਿਖੀ ਅਤੇ ਰੋਜ਼ਾਨਾ ਪੰਜਾਬੀ ਟ੍ਰਿਬਿਊਨ 'ਚ ਪ੍ਰਕਾਸ਼ਿਤ ਲਿਖਤ ਇਥੇ ਵੀ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਲਿਖਤ ਵਾਲੇ ਲਿੰਕ ਨੂੰ ਫੇਸਬੁਕ ਤੇ ਪੋਸਟ ਕੀਤਾ ਚਰਨਜੀਤ ਕੌਰ ਚੰਨੀ ਨੇ ਓਸ਼ੋ ਬਾਰੇ ਜੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਤੁਹਾਡੀਆਂ ਲਿਖਤਾਂ ਦੀ ਉਡੀਕ ਬਣੀ ਰਹੇਗੀ।-ਰੈਕਟਰ ਕਥੂਰੀਆ 

ਪਿਛਲੀ ਸਦੀ ਦਾ ਮਹਾਨ ਵਿਚਾਰਕ ਅਤੇ ਅਧਿਆਤਮਕ ਨੇਤਾ ਓਸ਼ੋ, ਭਾਵਨਾਵਾਂ ਦਾ ਇੱਕ ਅਜਿਹਾ ਸੰਗੀਤਕ ਤੇ ਲੈਅਬੱਧ ਆਪਮੁਹਾਰਾ ਪ੍ਰਵਾਹ ਹੈ ਜਿਸ ਵਿੱਚ ਮਾਨਵੀ ਜੀਵਨ ਦੀਆਂ ਮੂਡ਼ਤਾਵਾਂ ਦੀ ਆਲੋਚਨਾ ਵੀ ਹੈ ਅਤੇ ਇੱਕ ਨਵੀਂ ਕ੍ਰਾਂਤੀ ਦੀ ਸੂਚਨਾ ਵੀ। ਉਸ ਦੇ ਵਿਚਾਰਾਂ ਵਿੱਚ ਬੌਧਿਕਤਾ ਅਤੇ ਭਾਵਨਾਵਾਂ ਦੀ ਇੱਕ ਅਜਿਹੀ ਸਮਤਾ ਹੈ, ਜੋ ਸਾਡੇ ਹਿਰਦਿਆਂ ਵਿੱਚ ਜਿੱਥੇ ਆਨੰਦਮਈ ਭਾਵਾਂ ਦਾ ਹਡ਼੍ਹ ਪੈਦਾ ਕਰਦੀ ਹੈ, ਉੱਥੇ ਸਾਨੂੰ ਉਹ ਕੁਝ ਵੀ ਵੇਖਣ ਦੇ ਯੋਗ ਬਣਾਉਂਦੀ ਹੈ ਜਿਸ ਨੂੰ ਅਸੀਂ ਪ੍ਰੰਪਰਾਗਤ ਮਾਨਤਾਵਾਂ ਅਤੇ ਸੰਸਕ੍ਰਿਤੀਆਂ ਦੀ ਗੁਲਾਮੀ ਕਾਰਨ ਵੇਖਣਾ ਨਹੀਂ ਚਾਹੁੰਦੇ। ਮੱਧ ਪ੍ਰਦੇਸ਼ ਦੇ ਕੁਛਵਾਡ਼ਾ ਪਿੰਡ ਵਿੱਚ 11 ਦਸੰਬਰ 1931 ਨੂੰ ਜਨਮੇ ਓਸ਼ੋ (ਰਜਨੀਸ਼ ਚੰਦਰਮੋਹਨ) ਦੇ ਆਗਮਨ ਨਾਲ ਮਾਨਵੀ ਇਤਿਹਾਸ ਦੇ ਇੱਕ ਨਵੇਂ ਅਤੇ ਵੱਖਰੇ ਯੁੱਗ ਦਾ ਆਰੰਭ ਹੋਇਆ, ਜਿਸ ਨੇ ਮਨੁੱਖ ਨੂੰ ਵਿਅਕਤੀਗਤ ਪੱਧਰ ‘ਤੇ ਉਸ ਦੀ ਚਰਮ ਸੀਮਾ ਤਕ ਪਹੁੰਚਣ ਦੀ ਪੂਰੀ ਆਜ਼ਾਦੀ ਦਿੱਤੀ।
ਓਸ਼ੋ ਜੀਵਨ ਨੂੰ ਉਸ ਦੀ ਸੰਪੂਰਨਤਾ ਵਿੱਚ ਸਵੀਕਾਰਦੇ ਹਨ। ਉਹ ਪ੍ਰਿਥਵੀ ਅਤੇ ਸਵਰਗ, ਪਦਾਰਥਵਾਦੀ ਜਗਤ ਅਤੇ ਅਧਿਆਤਮ ਨੂੰ ਜੋਡ਼ਨ ਵਾਲੇ ਪਹਿਲੇ ਪੁਲ ਹਨ। ਬੁੱਧ, ਮਹਾਂਵੀਰ, ਕ੍ਰਿਸ਼ਨ, ਸ਼ਿਵ, ਨਾਰਦ, ਗੋਰਖ, ਕਬੀਰ, ਨਾਨਕ, ਮਲੂਕਦਾਸ, ਦਰਿਆ ਦਾਸ, ਮੀਰਾ ਆਦਿ ਉਪਰ ਆਪ ਦੇ ਹਜ਼ਾਰਾਂ ਪ੍ਰਵਚਨ ਹਨ, ਜੋ ਛੇ ਸੌ ਤੋਂ ਵੀ ਵੱਧ ਪੁਸਤਕਾਂ ਦੇ ਰੂਪ ਵਿੱਚ ਉਪਲਬਧ ਹਨ। ਧਰਮ, ਰਾਜਨੀਤੀ, ਕਲਾ ਅਤੇ ਸਿੱਖਿਆ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਓਸ਼ੋ ਨੇ ਚਰਚਾ ਦਾ ਵਿਸ਼ਾ ਨਾ ਬਣਾਇਆ ਹੋਵੇ।
ਆਧੁਨਿਕ ਯੁੱਗ ਵਿੱਚ ਜਦ ਪੂਰਬ-ਪੱਛਮ ਦੋਵਾਂ ਨੂੰ ਪਦਾਰਥਵਾਦ ਨੇ ਬੁਰੀ ਤਰ੍ਹਾਂ ਆਪਣੀ ਜਕਡ਼ ਵਿੱਚ ਲੈ ਲਿਆ ਹੈ ਅਤੇ ਮਾਨਵਤਾ ਖੰਭ ਲਾ ਕੇ ਉਡਾਰੀਆਂ ਮਾਰਦੀ ਜਾ ਰਹੀ ਹੈ, ਅਜਿਹੇ ਅਧੋਗਤੀ ਦੇ ਦੌਰ ਵਿੱਚ ਓਸ਼ੋ ਨੇ ਮਨੁੱਖ ਨੂੰ ਉਸ ਦੇ ਆਪੇ ਨਾਲ ਸੁਰ ਕਰਨ ਲਈ ਆਪਣੇ ਪ੍ਰਵਚਨਾਂ ਅਤੇ ਧਿਆਨ ਵਿਧੀਆਂ ਰਾਹੀਂ ਕ੍ਰਾਂਤੀ ਦੀ ਇੱਕ ਨਵੀਂ ਲਹਿਰ ਆਰੰਭ ਕੀਤੀ। ਓਸ਼ੋ ਅਨੁਸਾਰ, ਅਖੌਤੀ ਰਾਜਨੇਤਾਵਾਂ ਅਤੇ ਧਾਰਮਿਕ ਆਗੂਆਂ ਦੀਆਂ ਸਵਾਰਥੀ ਰੁਚੀਆਂ ਕਾਰਨ ਮਨੁੱਖ ਦਾ ਭਵਿੱਖ-ਸਰਬਨਾਸ਼, ਪ੍ਰਿਥਵੀ ਦੇ ਸਮੂਹਿਕ ਰੂਪ ਵਿੱਚ ਨਸ਼ਟ ਹੋਣ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ। ਮੈਡੀਟੇਸ਼ਨ, ਪ੍ਰੇਮ ਅਤੇ ਖੁਸ਼ੀ ਅਜਿਹੇ ਵਿਸ਼ੇ ਹਨ, ਜਿਨ੍ਹਾਂ ਉਪਰ ਓਸ਼ੋ ਨੇ ਜੀਵਨ ਭਰ ਸਭ ਤੋਂ ਵੱਧ ਵਿਚਾਰ ਪੇਸ਼ ਕੀਤੇ। ਉਨ੍ਹਾਂ ਅਨੁਸਾਰ, ਅਧਿਆਤਮ ਨੂੰ ਆਤਮਸਾਤ ਕਰਨ ਲਈ ਜਿਵੇਂ ਸੈਂਕਡ਼ੇ ਧਿਆਨ ਵਿਧੀਆਂ ਹਨ, ਉਸੇ ਤਰ੍ਹਾਂ ਪ੍ਰੇਮ ਦੇ ਵੀ ਰੰਗ ਅਣਗਿਣਤ ਹਨ। ਦੁਨਿਆਵੀ ਪ੍ਰੇਮ ਤੋਂ ਦੈਵੀ ਪ੍ਰੇਮ ਵੱਲ ਸੰਕੇਤ ਕਰਨ ਵਾਲੀ ਉਨ੍ਹਾਂ ਦੀ ਪੁਸਤਕ ‘ਸੰਭੋਗ ਸੇ ਸਮਾਧੀ ਕੀ ਔਰ’ ਅੱਜ ਤਕ ਸਭ ਤੋਂ ਵੱਧ ਚਰਚਿਤ ਅਤੇ ਵਿਵਾਦਾਂ ਵਿੱਚ ਘਿਰੀ ਪੁਸਤਕ ਹੈ, ਜਿਸ ਵਿੱਚ ਉਨ੍ਹਾਂ ਪ੍ਰੇਮ ਦੀਆਂ ਕਈ ਪਰਤਾਂ ਦੀ ਵਿਆਖਿਆ ਕਰਦਿਆਂ, ਇਸ ਰਾਹੀਂ ਪਰਮ-ਸੱਤ ਨਾਲ ਜੁਡ਼ਨ ‘ਤੇ ਜ਼ੋਰ ਦਿੱਤਾ ਹੈ।
ਮਨੁੱਖ ਦੀ ਮੂਲ ਪ੍ਰਵਿਰਤੀ ਪ੍ਰੇਮ ਬਾਰੇ ਓਸ਼ੋ ਦਾ ਕਹਿਣਾ ਹੈ ਜਦੋਂ ਪ੍ਰੇਮ, ਅਕਾਰਨ, ਬਿਨਾਂ ਕਿਸੇ ਸ਼ਰਤ ਤੋਂ ਆਪਣੇ ਸ਼ੁੱਧ ਰੂਪ ਵਿੱਚ ਪ੍ਰਗਟ ਹੁੰਦਾ ਹੈ ਤਾਂ ਮੰਦਿਰ ਬਣ ਜਾਂਦਾ ਹੈ, ਜਦ ਪ੍ਰੇਮ ਅਸ਼ੁੱਧ ਰੂਪ ਵਿੱਚ ਵਾਸਨਾ, ਸ਼ੋਸ਼ਣ ਅਤੇ ਕਬਜ਼ੇ ਦੀ ਤਰ੍ਹਾਂ ਪ੍ਰਗਟ ਹੁੰਦਾ ਹੈ ਤਾਂ ਪ੍ਰੇਮ ਕੈਦ ਬਣ ਜਾਂਦਾ ਹੈ। ਫਿਰ ਮਨੁੱਖ ਇਸ ਕੈਦ ਤੋਂ ਮੁਕਤ ਹੋਣ ਦੀ ਇੱਛਾ ਰੱਖਦਾ ਹੋਇਆ ਵੀ ਮੁਕਤ ਨਹੀਂ ਹੋ ਸਕਦਾ। ਓਸ਼ੋ ਅਨੁਸਾਰ, ਸਭ ਤੋਂ ਵੱਡੀ ਕਲਾ ਅਤੇ ਸਭ ਤੋਂ ਵੱਡਾ ਗਿਆਨ ‘ਪ੍ਰੇਮ’ ਹੈ, ਜਿਸ ਦੇ ਕਈ ਰੂਪ ਹਨ। ਅੱਖਾਂ ਖੁੱਲ੍ਹੀਆਂ ਰੱਖ ਕੇ ਜੋ ਪ੍ਰੇਮ ਹੁੰਦਾ ਹੈ, ਉਹ ਰੂਪ ਨਾਲ ਹੈ। ਅੱਖਾਂ ਬੰਦ ਕਰਕੇ ਜੋ ਪ੍ਰੇਮ ਹੁੰਦਾ ਹੈ, ਉਹ ਅਰੂਪ ਨਾਲ ਹੈ। ਕੁਝ ਪਾ ਲੈਣ ਦੀ ਇੱਛਾ ਨਾਲ ਜੋ ਪ੍ਰੇਮ ਹੁੰਦਾ ਹੈ, ਉਹ ਲੋਭ ਹੈ ਅਤੇ ਆਪਣੇ-ਆਪ ਨੂੰ ਸਮਰਪਿਤ ਕਰਨ ਦਾ ਜੋ ਇੱਕ ਪ੍ਰੇਮ ਹੈ, ਉਹ ਭਗਤੀ ਹੈ। ਅਜਿਹਾ ਸ਼ੁੱਧ ਪ੍ਰੇਮ ਹੀ ਇੱਕ ਦਿਨ ਪ੍ਰਮਾਤਮਾ ਦੇ ਦੁਆਰ ਤਕ ਪਹੁੰਚਾ ਦੇਂਦਾ ਹੈ। ਓਸ਼ੋ ਵੱਲੋਂ ਆਰੰਭ ਕੀਤਾ ਗਿਆ ਨਵ-ਸੰਨਿਆਸ ਵੀ ਇੱਥੇ ਵਿਚਾਰਯੋਗ ਹੈ। ਇਸ ਤੋਂ ਪਹਿਲਾਂ ਸੰਸਾਰ ਦੇ ਤਿਆਗ ਨੂੰ ਸੰਨਿਆਸ ਸਮਝਿਆ ਜਾਂਦਾ ਸੀ ਪਰ ਓਸ਼ੋ ਦੀਆਂ ਨਜ਼ਰਾਂ ਵਿੱਚ ਜਿੱਥੇ ਧਿਆਨ ਅਤੇ ਪ੍ਰੇਮ ਦਾ ਮਿਲਨ ਹੁੰਦਾ ਹੈ, ਉਸ ਸੰਗਮ ਦਾ ਨਾਂ ਸੰਨਿਆਸ ਹੈ। ਸੰਨਿਆਸੀ ਉਹ ਹੈ ਜੋ ਆਪਣੇ ਘਰ, ਸੰਸਾਰ, ਪਤਨੀ, ਬੱਚਿਆਂ ਨਾਲ ਰਹਿੰਦਿਆਂ, ਧਿਆਨ ਅਤੇ ਸਤਸੰਗ ਰਾਹੀਂ ਸਚਿਆਰਾ ਬਣੇ। ਇਸ ਨਵੇਂ ਸੰਨਿਆਸ ਵਿੱਚ ਬੁੱਧ ਦਾ ਧਿਆਨ, ਕ੍ਰਿਸ਼ਨ ਦੀ ਬੰਸਰੀ, ਮੀਰਾ ਦੇ ਘੰੁਗਰੂ ਅਤੇ ਕਬੀਰ ਦੀ ਮਸਤੀ ਸ਼ਾਮਲ ਹੈ। ਭਾਰਤ ਵਿੱਚ ਧਰਮ ਅਤੇ ਦਰਸ਼ਨ ਦੇ ਸਮੇਂ-ਸਮੇਂ ਸਿਰ ਅਨੇਕ ਮੱਤ ਵਿਕਸਤ ਹੋਏ, ਜਿਹਡ਼ੇ ਬਾਅਦ ਵਿੱਚ ਅੰਧ-ਵਿਸ਼ਵਾਸੀ ਵਿਆਖਿਆ ਕਾਰਨ ਅਤੇ ਤਰਕ ਤੇ ਵਿਗਿਆਨ ਨੂੰ ਅੱਖੋਂ ਓਹਲੇ ਕਰਨ ਕਾਰਨ ਗੁੰਝਲਦਾਰ ਬਣਦੇ ਗਏ। ਧਰਮ ਬਾਰੇ ਓਸ਼ੋ ਦਾ ਵਿਚਾਰ ਹੈ ਕਿ ਮਨੁੱਖ ਪਾਸ ਜੋ ਵੀ ਥੋਡ਼੍ਹੀ ਬਹੁਤੀ ਚੇਤਨਾ ਹੈ, ਉਹ ਧਰਮ ਕਾਰਨ ਹੈ। ਧਰਮਾਂ ਦੇ ਸੰਸਥਾਗਤ ਰੂਪ ਨੂੰ ਪਕਡ਼ ਕੇ ਬੈਠਣ ਦੀ ਥਾਂ ਇਸ ਦੇ ਡੰੂਘੇਰੇ ਭੇਦ ਜਾਣ ਕੇ ਇਸ ਨੂੰ ਆਚਰਣ ਵਿੱਚ ਸਮੋਣ ਦੀ ਲੋਡ਼ ਹੈ। ਧਰਮਾਂ ਦੀ ਨਹੀਂ, ਸੰਸਾਰ ਨੂੰ ਧਾਰਮਿਕਤਾ ਦੀ ਲੋਡ਼ ਹੈ। ਅਖੰਡਿਤ, ਵਿਗਿਆਨਕ ਤੇ ਸੰਸਾਰਿਕ ਧਰਮ ਦੀ ਲੋਡ਼ ਹੈ। ਪ੍ਰਮਾਤਮਾ ਨੂੰ ਪਾ ਲੈਣਾ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ।
ਕੂਡ਼ ਜਹਾਨ ‘ਚ ਸੱਚ ਦਾ ਹੋਕਾ ਦੇਣ ਕਾਰਨ ਓਸ਼ੋ ਨੂੰ ਆਪਣੇ ਜੀਵਨ ਦੌਰਾਨ ਕਦਮ-ਕਦਮ ‘ਤੇ ਅਨੇਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹਨੇਰੇ ਦੇ ਆਦੀ ਲੋਕਾਂ ਨੇ ਉਨ੍ਹਾਂ ਨੂੰ ਸੈਕਸ ਗੁਰੂ ਵਜੋਂ ਪ੍ਰਚਾਰਿਆ ਤੇ ਕਾਤਲਾਨਾ ਹਮਲੇ ਕੀਤੇ। ਉਨ੍ਹਾਂ ਦੀ ਬੌਧਿਕ ਪ੍ਰਤਿਭਾ ਤੋਂ ਪੱਛਮ ਦੀ ਜਨਤਾ ਇਸ ਕਦਰ ਪ੍ਰਭਾਵਿਤ ਹੋਈ ਕਿ ਭੈਅ ਕਾਰਨ ਅਮਰੀਕਾ ਦੀ ਰੀਗਨ ਸਰਕਾਰ ਨੇ ਓਸ਼ੋ ਨੂੰ ਇੱਕ ਖ਼ਤਰਨਾਕ ਮੁਜਰਿਮ ਦੀ ਤਰ੍ਹਾਂ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਕੇ ਅਤੀ ਘਟੀਆ ਸਲੂਕ ਕੀਤਾ। ਜ਼ਹਿਰ ਬਦਲੇ ਅੰਮ੍ਰਿਤ ਵੰਡਣ ਵਾਲੇ ਪਿਆਰ ਦੇ ਮਸੀਹਾ ਓਸ਼ੋ ਬੇਸ਼ੱਕ 19 ਜਨਵਰੀ 1990 ਦੇ ਦਿਨ ਆਪਣੇ ਆਸ਼ਰਮ ਪੂਨੇ ਵਿਖੇ ਦੇਹ-ਮੁਕਤ ਹੋ ਗਏ ਪਰ ਉਨ੍ਹਾਂ ਵੱਲੋਂ ਚਲਾਈ ਗਈ ਪ੍ਰੇਮ, ਜਾਗਰੂਕਤਾ, ਸਿਰਜਨਾ ਦੀ ਲਹਿਰ ਹੁਣ ਪੂਰੀ ਦੁਨੀਆਂ ‘ਚ ਫੈਲਦੀ ਜਾ ਰਹੀ ਹੈ।
-ਡਾ. ਜਗਮੇਲ ਸਿੰਘ ਭਾਠੂਆਂ

No comments: