Friday, December 14, 2012

ਸਤਿਗੁਰੂ ਜਗਜੀਤ ਸਿੰਘ ਵੱਲੋਂ ਦੇਹ ਦਾ ਓਹਲਾ

ਧਰਮ ਅਤੇ ਸਿੱਖੀ ਅਸੂਲਾਂ ਦੀ ਪਾਲਣਾ ਦੇ ਨਾਲ ਨਾਲ ਜਬਰ ਅਤੇ ਹਕੂਮਤ ਨਾਲ ਟੱਕਰ ਦੇ ਮਾਮਲੇ ਵਿੱਚ ਵੀ ਨਵੇਂ ਰਿਕਾਰਡ ਬਣਾਉਣ ਵਾਲੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।ਸੰਗੀਤ ਸਮਰਾਟ ਰਵੀਸ਼ੰਕਰ ਜੀ ਦੇ ਵਿਛੋੜੇ ਦਾ ਦਰਦ ਅਜੇ ਤਾਜ਼ਾ ਹੀ ਸੀ ਕਿ ਇੱਕ ਹੋਰ ਸੋਗੀ ਖਬਰ ਨੇ ਉਦਾਸ ਕਰ ਦਿੱਤਾ। ਸੰਗੀਤ ਦੀ ਦੁਨੀਆ ਨਾਲ ਸਤਿਗੁਰੂ ਜਗਜੀਤ ਸਿੰਘ ਅਤੇ ਨਾਮਧਾਰੀ ਸੰਪਰਦਾ ਦਾ ਵੀ ਅਟੁੱਟ ਸੰਬੰਧ ਸੀ। ਮਨੁੱਖਾਂ ਦੇ ਨਾਲ ਨਾਲ ਪਸ਼ੂ ਪੰਛੀਆਂ ਪ੍ਰਤੀ ਵੀ ਸੰਵੇਦਨਾ ਰੱਖਨ ਵਾਲੇ ਇਸ ਮਹਾਂਪੁਰਸ਼ ਦੇ ਤੁਰ ਜਾਣ ਤੇ ਹਰ ਪਾਸੇ ਉਦਾਸੀ ਪਾਈ ਜਾ ਰਹੀ ਹੈ।ਮੀਡੀਆ ਨੇ ਵੀ ਇਸ ਖਬਰ ਨੂੰ ਬਣਦੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।ਹੇਠਾਂ ਦੋ ਪ੍ਰਮੁੱਖ ਪੰਜਾਬੀ 'ਚ ਛਪੀ ਇਸ ਸੋਗੀ ਖਬਰ ਨੂੰ ਇਥੇ ਵੀ ਧੰਨਵਾਦ ਸਹਿਤ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। --ਰੈਕਟਰ ਕਥੂਰੀਆ  
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ ਚੱਲ ਵਸੇ
Posted On December - 13 - 2012
ਰੋਜ਼ਾਨਾ ਜਗ ਬਾਣੀ 'ਚ 
ਹਰਜੋਤ ਅਰੋਡ਼ਾ/ਗੁਰਦੀਪ ਟੱਕਰ
ਲੁਧਿਆਣਾ/ਮਾਛੀਵਾਡ਼ਾ, 13 ਦਸੰਬਰ
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਜਗਜੀਤ ਸਿੰਘ (92) ਦਾ ਅੱਜ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਸ਼ਾਮ 6.28 ਵਜੇ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਇੱਥੋਂ ਕੁੱਝ ਦੂਰ ਸਥਿਤ ਨਾਮਧਾਰੀ ਸੰਪਰਦਾ ਦੇ ਸਦਰ ਮੁਕਾਮ ਸ੍ਰੀ ਭੈਣੀ ਸਾਹਿਬ ਵਿਖੇ ਸੋਗ ਪਸਰ ਗਿਆ। ਨਾਮਧਾਰੀ ਮੁਖੀ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਭਤੀਜੇ ਠਾਕੁਰ ਉਧੇ ਸਿੰਘ ਅਤੇ ਦਮਾਦ ਸੰਤ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਪੇਟ ਦੀ ਇਨਫ਼ੈਕਸ਼ਨ ਕਾਰਨ ਐਸ.ਪੀ.ਐਸ. ਅਪੋਲੋ ਹਸਪਤਾਲ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ। ਉਨ੍ਹਾਂ ਦਾ ਅੰਤਮ ਸੰਸਕਾਰ 14 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਸ੍ਰੀ ਭੈਣੀ ਸਾਹਿਬ ਵਿਖੇ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਧਰਮ ਪਤਨੀ ਮਾਤਾ ਚੰਦ ਕੌਰ,ਧੀ ਸਾਹਿਬ ਕੌਰ ਅਤੇ ਦਾਮਾਦ ਸੰਤ ਜਗਤਾਰ ਸਿੰਘ ਛੱਡ ਗਏ ਹਨ। 20 ਨਵੰਬਰ 1920 ਨੂੰ ਜਨਮੇ ਸਤਿਗੁਰੂ ਜਗਜੀਤ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਆਪਣੇ ਪਿਤਾ ਤੇ ਸਤਿਗੁਰੂ ਸ੍ਰੀ ਪ੍ਰਤਾਪ ਸਿੰਘ ਦੇ ਦੇਹਾਂਤ ਬਾਅਦ 1959 ਵਿੱਚ ਗੱਦੀ ਸੰਭਾਲੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਜਿੱਥੇ ਸ੍ਰੀ ਭੈਣੀ ਸਾਹਿਬ ਅੰਤਰਰਾਸ਼ਟਰੀ ਮੁਕਾਮ ’ਤੇ ਪੁੱਜਾ ਉੱਥੇ ਇਸ ਪਵਿੱਤਰ ਨਗਰ ਦੇ ਵਿਕਾਸ ਦਾ ਸਿਹਰਾ ਵੀ ਉਨ੍ਹਾਂ ਸਿਰ ਬੱਝਦਾ ਹੈ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਾਮਧਾਰੀ ਸ਼ਹੀਦਾਂ ਨਾਲ ਸਬੰਧਤ ਯਾਦਗਾਰਾਂ ਮਲੇਰਕੋਟਲਾ, ਪੁਰਾਣੀ ਜੇਲ੍ਹ ਲੁਧਿਆਣਾ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਉਸਾਰੀਆਂ ਗਈਆਂ। ਲੁਧਿਆਣਾ ਦਾ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਸਥਾਪਿਤ ਹੋਇਆ। ਜੰਗ-ਏ-ਅਜ਼ਾਦੀ ਦੇ ਮਹੱਤਵਪੂਰਣ ਅਧਿਆਇ ਅਤੇ ਨਾਮਧਾਰੀ ਮੁਖੀ ਸਤਿਗੁਰੂ ਰਾਮ ਸਿੰਘ ਦੀ ਅਗਵਾਈ ਵਿੱਚ ਚਲਾਏ ਗਏ ‘ਕੂਕਾ ਅੰਦੋਲਨ’ ਦਾ ਸਾਲ 2007 ਵਿੱਚ 150 ਸਾਲਾ ਵੀ ਉਨ੍ਹਾਂ ਦੀ ਅਗਵਾਈ ਵਿੱਚ ਮਨਾਇਆ ਗਿਆ, ਜਿਸ ਦੌਰਾਨ ਸਿੱਕੇ, ਡਾਕ ਟਿਕਟ ਜਾਰੀ ਕਰਨ ਤੋਂ ਇਲਾਵਾ ਪੰਜਾਬ ਭਰ ਵਿੱਚ ਸਰਕਾਰ ਵੱਲੋਂ ਨਾਮਧਾਰੀ ਸ਼ਹੀਦਾਂ ਦੇ ਨਾਂ ’ਤੇ ਵੱਖ-ਵੱਖ ਥਾਂਵਾਂ,ਸਡ਼੍ਹਕਾਂ ਤੇ ਚੌਕਾਂ ਦਾ ਨਾਮਕਰਣ ਕੀਤਾ ਗਿਆ। ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਜੀ ਦੀ ਸੰਸਦ ਵਿੱਚ ਤਸਵੀਰ ਵੀ ਉਨ੍ਹਾਂ ਦੇ ਯਤਨਾਂ ਨਾਲ ਲੱਗੀ।
ਸੰਗੀਤ ਦੇ ਬਹੁਤ ਹੀ ਜ਼ਿਆਦਾ ਉਪਾਸਕ ਹੋਣ ਕਾਰਨ ਉਨ੍ਹਾਂ ਨੇ ਬਹੁਤ ਸਾਰੇ ਸੰਗੀਤਕਾਰ ਭੈਣੀ ਸਾਹਿਬ ਦੀ ਧਰਤੀ ਤੋਂ ਪੈਦਾ ਕੀਤੇ ਅਤੇ ਵੱਡੇ-ਵੱਡੇ ਸੰਗੀਤ ਸੰਮੇਲਨ ਕਰਵਾਏ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸੰਗੀਤਕਾਰ ਸ਼ਿਰਕਤ ਕਰਦੇ ਰਹੇ। ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਭੈਣੀ ਸਾਹਿਬ ਵਿਖੇ ਨਿਰਧਾਰਤ ਰਾਗਾਂ ਵਿੱਚ ਤੰਤੀ ਸਾਜ਼ਾਂ ਨਾਲ ਗੁਰਬਾਣੀ ਦੇ ਕੀਰਤਨ ਦੀ ਰਵਾਇਤ ਸ਼ੁਰੂ ਹੋਈ ਜੋ ਅੱਜ ਵੀ ਜਾਰੀ ਹੈ।
ਖੇਡਾਂ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਉਂਦਿਆਂ ਉਨ੍ਹਾਂ ਨੇ ਨਾਮਧਾਰੀ ਹਾਕੀ ਟੀਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ ਅਤੇ ਭੈਣੀ ਸਾਹਿਬ ਵਿਖੇ ਨਾਮਧਾਰੀ ਖੇਡ ਅਕਾਡਮੀ ਸਥਾਪਤ ਕਰਕੇ ਹਾਕੀ ਐਸਟਰੋਟਰਫ਼, ਆਊਟਡੋਰ ਤੇ ਇੰਨਡੋਰ ਸਟੇਡੀਅਮ ਵੀ ਬਣਵਾਏ। ਇਸ ਤੋਂ ਇਲਾਵਾ ਖੇਤੀ ਵਿੱਚ ਫ਼ਸਲੀ ਵਿਭਿੰਨਤਾ ਨੂੰ ਬਾਗ਼ਬਾਨੀ ਰਾਹੀਂ ਬਹੁਤ ਪਹਿਲਾਂ ਲਾਗੂ ਕਰਕੇ, ਦੇਸ਼ਾਂ-ਵਿਦੇਸ਼ਾਂ ਵਿੱਚ ਨਾਮਧਾਰੀ ਸੀਡ ਅਤੇ ਨਾਮਧਾਰੀ ਸੀਡ ਦੁਆਰਾ ਤਿਆਰ ਕੀਤੀਆਂ ਫ਼ਲ ਅਤੇ ਸਬਜ਼ੀਆਂ ਦੀ ਵੱਡੀ ਪੱਧਰ ’ਤੇ ਬਰਾਮਦ ਕਰਵਾਈ।
ਨਾਮਧਾਰੀ ਸਤਿਗੁਰੂ ਸ੍ਰੀ ਰਾਮ ਸਿੰਘ ਦੁਆਰਾ ਸੰਨ 1863 ਵਿੱਚ ਪਿੰਡ ਖੋਟੇ ਤੋਂ ਸ਼ੁਰੂ ਕੀਤੀ ਸਵਾ ਰੁਪਈਏ ਨਾਲ ਸਮੂਹਿਕ ਆਨੰਦ ਕਾਰਜ ਦੀ ਰੀਤ ਨੂੰ ਉਨ੍ਹਾਂ ਹੁਣ ਤੱਕ ਬਾਦਸਤੂਰ ਜਾਰੀ ਰੱਖਿਆ। ਪਸ਼ੂ ਧਨ ਦੀ ਸੰਭਾਲ ਵਿੱਚ ਗਊਆਂ ਦੇ ਦੁੱਧ ਅਤੇ ਸੁੰਦਰਤਾ ਦੇ ਅਨੇਕਾਂ ਹੀ ਮੁਕਾਬਲੇ ਜਿੱਤਣ ਪਿੱਛੋਂ  ਉਨ੍ਹਾਂ ਨੂੰ ਗੋਪਾਲ ਰਤਨ ਦੀ ਉਪਾਧੀ ਨਾਲ ਸਨਮਾਨਤ ਵੀ ਕੀਤਾ ਗਿਆ। ਸ੍ਰੀ ਭੈਣੀ ਸਾਹਿਬ ਵਿਖੇ ਹਰ ਸਾਲ ਸਵਾ ਮਹੀਨੇ ਦਾ ਜਪੁ ਪ੍ਰਯੋਗ, ਹੋਲੇ ਮਹੱਲੇ ਦੇ ਸਮਾਗਮ ਕਰਵਾਉਣ ਵਾਲੇ ਅਤੇ ਕੌਮਾਂਤਰੀ ਪੱਧਰ ’ਤੇ ਵਿਦਿਅਕ ਕਾਨਫ਼ਰੰਸਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਸਤਿਗੁਰੂ ਜਗਜੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਬਹੁਤ ਯੋਗਦਾਨ ਪਾਇਆ।
ਪੰਜਾਬੀ ਸਹਿਤ ਅਕਾਦਮੀ ਵੱਲੋਂ ਦੁੱਖ ਦਾ ਪ੍ਰਗਟਾਵਾ
ਲੁਧਿਆਣਾ, (ਟ੍ਰਿਬਿਊਨ ਨਿਊਜ਼ ਸਰਵਿਸ) -  ਪੰਜਾਬੀ ਸਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਅਕਾਦਮੀ ਦੇ ਵਿਕਾਸ ਵਿੱਚ ਉਨ੍ਹਾਂ ਦੀ ਵੱਡੀ ਦੇਣ ਸੀ।
ਮੁੱਖ ਮੱਤਰੀ ਤੇ ਉਪ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 13 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਤਿਗੁਰੂ ਜਗਜੀਤ ਸਿੰਘ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁਖੀ ਪਰਿਵਾਰ ਅਤੇ ਨਾਮਧਾਰੀ ਦਰਬਾਰ ਨੂੰ ਆਪਣੇ ਦੁੱਖ ਭਰੇ ਸੰਦੇਸ਼ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੇ ਦੇਹਾਂਤ ਨਾਲ ਪੂਰੀ ਮਨੁੱਖਤਾ ਨੂੰ ਘਾਟਾ ਪਿਆ ਹੈ। ਉਨ੍ਹਾਂ ਨੇ ਨਾ ਸਿਰਫ ਨਾਮਧਾਰੀ ਦਰਬਾਰ, ਬਲਕਿ ਪੂਰੀ ਮਨੁੱਖਤਾ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ  ਅਜਿਹਾ ਘਾਟਾ ਹੈ, ਜਿਸਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ। ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਤਿਗੁਰੂ ਜਗਜੀਤ ਸਿੰਘ ਦੇ ਅਕਾਲ ਚਲਾਣੇ ਨਾਲ ਮਨੁੱਖਤਾ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

(ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments: