Thursday, December 13, 2012

ਦਸਤਾਵੇਜ਼ੀ ਫ਼ਿਲਮਾਂ ਦਾ ਨਿਰਮਾਤਾ

ਆਗਿਆਪਾਲ ਸਿੰਘ ਰੰਧਾਵਾ ਦੀ ਦੇਣ ਨਿਰਸੰਦੇਹ ਕਾਬਲ-ਏ-ਜ਼ਿਕਰ 
Posted On December - 8 - 2012
ਏ.ਪੀ.ਐਸ. ਰੰਧਾਵਾ
ਦੂਰਦਰਸ਼ਨ ਕੇਂਦਰ ਜਲੰਧਰ ਦੇ ਤਜਰਬੇਕਾਰ ਨਿਰਮਾਤਾ ਤੇ ਡੀ.ਡੀ. ਪੰਜਾਬੀ ਦੇ ਇੰਚਾਰਜ, ਆਗਿਆਪਾਲ ਸਿੰਘ ਰੰਧਾਵਾ ਨੇ ਅਣਗਿਣਤ ਯਾਦਗਾਰੀ ਅਤੇ ਮਿਆਰੀ ਦਸਤਾਵੇਜ਼ੀ ਫ਼ਿਲਮਾਂ ਦਾ ਨਿਰਮਾਣ ਕਰਕੇ, ਕੌਮੀ ਪੱਧਰ ’ਤੇ ਨਾਂ ਪੈਦਾ ਕੀਤਾ ਹੈ। ਇਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਵਿੱਚੋਂ ਕਈਆਂ ਨੂੰ ਰਾਸ਼ਟਰੀ ਐਵਾਰਡ ਵੀ ਮਿਲੇ। ਮਾਣਮੱਤੀਆਂ ਸ਼ਖ਼ਸੀਅਤਾਂ ਬਾਰੇ ਦਸਤਾਵੇਜ਼ੀ ਫ਼ਿਲਮਾਂ ਤਿਆਰ ਕਰਨ ਵਿੱਚ ਰੰਧਾਵਾ ਨੂੰ ਖਾਸ ਮੁਹਾਰਤ ਹਾਸਲ ਹੈ। ਦੂਰਦਰਸ਼ਨ, ਜਨ ਪ੍ਰਸਾਰਨ ਸੇਵਾ ਦਾ ਮਾਧਿਅਮ, ਧਰਤੀ ਦਾ ਲਾਲ, ਗਿਆਨੀ ਜ਼ੈਲ ਸਿੰਘ, ਛੱਤਬੀਡ਼ ਜੰਗਲੀ ਜੀਵਾਂ ਦੀ ਰੱਖ ਤੇ ਪੰਜਾਬ ਦੀ ਕੋਇਲ ਮਰਹੂਮ ਸੁਰਿੰਦਰ ਕੌਰ ਬਾਰੇ ਉਸ ਵੱਲੋਂ ਬਣਾਈਆਂ ਦਸਤਾਵੇਜ਼ੀ ਫ਼ਿਲਮਾਂ ਨੇ ਕੌਮੀ ਪੱਧਰ ’ਤੇ ਨਾਮਣਾ ਖੱਟਿਆ।
ਤਾਜ਼ਾ ਪਹਿਲਕਦਮੀ ਕਰਦਿਆਂ ਉਸ ਵੱਲੋਂ ਪਹਿਲਵਾਨ ਅਦਾਕਾਰ ਦਾਰਾ ਸਿੰਘ ਬਾਰੇ ਬਡ਼ੀ ਮਿਹਨਤ ਨਾਲ ਤਿਆਰ ਕੀਤੀ ਅਤੇ ਪਿਛਲੇ ਦਿਨੀਂ ਪ੍ਰਸਾਰਤ ਹੋਈ ਦਸਤਾਵੇਜ਼ੀ ਫ਼ਿਲਮ ‘ਦਾਰਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ, ਘਰ-ਘਰ ਪੁੱਤ ਜੰਮਦੇ’, ਨੇ ਦਾਰਾ ਸਿੰਘ ਦੀ ਜ਼ਿੰਦਗੀ, ਪ੍ਰਾਪਤੀਆਂ ਅਤੇ ਦੇਣ ਨੂੰ ਇੱਕ ਅਸਲੋਂ ਨਵੇਂ ਜ਼ਾਵੀਏ ਤੋਂ ਪ੍ਰਸਤੁਤ ਕੀਤਾ ਹੈ। ਦਾਰਾ ਸਿੰਘ ਦੇ ਮੂੰਹੋਂ ਕਢਵਾਈ ਜਾਣਕਾਰੀ ਸੋਨੇ ’ਤੇ ਸੁਹਾਗਾ ਹੋ ਨਿੱਬਡ਼ੀ ਹੈ। ਉਹ ਦੱਸਦਾ ਹੈ, ‘ਧਰਮੂਚੱਕ ਹੈ ਪਿੰਡ ਮੇਰਾ, ਰੰਧਾਵੇ ਜੱਟਾਂ ਦੇ ਗੋਤ ਵਾਲਾ ਮਾਝੇ ਦਾ ਪਿੰਡ, ਜਿੱਥੇ ਬਚਪਨ ਬੀਤਿਆ, ਜਵਾਨ ਹੋਇਆ, ਖੇਤੀ ਕੀਤੀ ਅਤੇ ਏਥੋਂ ਹੀ ਤਾਏ ਦੇ ਸੱਦਣ ’ਤੇ ਸਿੰਗਾਪੁਰ ਚਲਾ ਗਿਆ। ਉੱਥੇ ਕੁਸ਼ਤੀ ਲਡ਼ਨ ਲੱਗਿਆ। ਪੈਰ ਜੰਮਦੇ ਗਏ। ਓਡ਼ਕ ਉਦੋਂ ਕੁੱਲ ਆਲਮ ਵਿੱਚ, ਦਾਰੇ ਦੇ ਨਾਂ ਦੇ ਡੰਕੇ ਵੱਜ ਗਏ ਜਦੋਂ ਉਹਨੇ ਵਿਸ਼ਵ ਜੇਤੂ ਕਿੰਗਕਾਂਗ ਨੂੰ ਢਾਹ ਲਿਆ ਅਤੇ ਵਿਸ਼ਵ ਚੈਂਪੀਅਨ ਬਣ ਗਿਆ।
ਦਸਤਾਵੇਜ਼ੀ ਦਾ ਉਹ ਹਿੱਸਾ ਬਡ਼ਾ ਦਿਲਚਸਪ ਹੈ, ਜਿਸ ਵਿੱਚ ਉਸ ਨੇ ਹਿੰਦੀ ਫ਼ਿਲਮਾਂ ’ਚ ਆਉਣ ਦੀ ਕਹਾਣੀ ਬਿਆਨ ਕੀਤੀ ਹੈ। ਆਪਣੇ ਪਿੰਡ ਧਰਮੂਚੱਕ ਨਾਲ ਉਹਨੂੰ ਅੰਤਾਂ ਦਾ ਮੋਹ ਸੀ। ਜਦੋਂ ਵੀ ਵਿਹਲ ਮਿਲਦੀ, ਪਿੰਡ ਚੱਕਰ ਮਾਰਦਾ ਤੇ ਪੁਰਾਣੇ ਬੇਲੀਆਂ ਨੂੰ ਮਿਲਦਾ। ਉਸ ਦੇ ਜੱਦੀ ਪਿੰਡ ਦੇ ਹਾਣੀਆਂ ਨੇ ਉਸ ਬਾਰੇ ਰੌਚਕ ਜਾਣਕਾਰੀ ਦਿੱਤੀ ਹੈ। ਇੱਕ ਹਾਣੀ ਦੱਸਦੈ ਕਿ ਕੇਰਾਂ ਕਣਕ ਦੀ ਵਾਢੀ ਵੇਲੇ ਇੱਕੋ ਟੱਕ ਪੂਰਾ ਕਿੱਲਾ ਵਾਢੀ ਕਰਕੇ ਸਾਹ ਲਿਆ। ਉਸ ਦੀ ਮਾਣਮੱਤੀ ਪ੍ਰਾਪਤੀ ਹੈ, ਦਸਤਾਵੇਜ਼ੀ ਫ਼ਿਲਮ ‘ਜਗਤ ਤਪੰਦਾ’, ਜਿਹਡ਼ੀ ਵਿਸ਼ਵ ਟੈਲੀਵਿਜ਼ਨ ਐਵਾਰਡ ਲਈ ਭੇਜੀ ਗਈ ਹੈ। ਰੰਧਾਵੇ ਵੱਲੋਂ ਬਣਾਏ ਪ੍ਰੋਗਰਾਮ ‘ਇੰਡੀਆ ਐਟ ਮੈਲਬਰਨ’ ਨੂੰ ਵੀ 2006 ਵਿੱਚ ਕੌਮੀ ਐਵਾਰਡ ਮਿਲਿਆ। ਉਸ ਦੇ ਤਿਆਰ ਕੀਤੇ ਪ੍ਰੋਗਰਾਮਾਂ ‘ਪੁਸ਼ਪਾ ਗੁਜਰਾਲ ਸਾਇੰਸ ਸਿਟੀ’, ‘ਹਾਕੀ ਕਾ ਕਲਾਕਾਰ’, ‘ਡੀ.ਡੀ. ਪੰਜਾਬੀ ਇਨਾਗੂਰੇਸ਼ਨ’ ਵੀ ਇਨਾਮਾਂ ਲਈ ਨਾਮਜ਼ਦ ਹੋਈਆਂ। ਉਹਨੇ ‘ਮਨੋਰੰਜਨ ਗਿਆਨ ਵਿਗਿਆਨ’, ‘ਇੱਕ ਵਿਜੇ ਯਾਤਰੀ’, ‘ਅਪਰੇਸ਼ਨ ਅਲਰਟ’, ‘ਕੁਦਰਤ ਦੀ ਗੋਦ’, ‘ਪੰਜਾਬ ਸ਼ਾਂਤੀ ਕੀ ਓਰ’, ‘ਪੰਜਾਬ ਪ੍ਰਗਤੀ ਕੇ ਪਥ ਪਰ’ ਅਤੇ ‘ਕਲਾ ਮੇਲਾ’ ਵਰਗੇ ਤਾਰੀਖੀ ਪ੍ਰੋਗਰਾਮ ਤਿਆਰ ਕੀਤੇ। ਡੈਨਮਾਰਕ ਦੀ ਪੰਜਾਬੀ ਗਾਇਕਾ ਲਿਆ ਕੇ ਉਸ ਬਾਰੇ ਤਿਆਰ ਕੀਤੇ ਪ੍ਰੋਗਰਾਮ ਦੀ ਬਹੁਤ ਪ੍ਰਸ਼ੰਸਾ ਹੋਈ। ਯਸ਼ ਚੋਪਡ਼ਾ ਤੇ ਰਵੀ ਚੋਪਡ਼ਾ ਬਾਰੇ ਪ੍ਰੋਗਰਾਮ ਵੀ ਮਿਆਰੀ ਦਸਤਾਵੇਜ਼ੀ ਫ਼ਿਲਮਾਂ ਦੇ ਸਫ਼ਲ ਨਿਰਮਾਣ ਵਿੱਚ ਆਗਿਆਪਾਲ ਸਿੰਘ ਰੰਧਾਵਾ ਦੀ ਦੇਣ ਨਿਰਸੰਦੇਹ ਕਾਬਲ-ਏ-ਜ਼ਿਕਰ ਹੈ।-ਤੀਰਥ ਸਿੰਘ ਢਿੱਲੋਂ   (
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ )

No comments: