Sunday, November 25, 2012

ਜਿੰਦਗੀ ਸੇ ਬੜੀ ਸਜ਼ਾ ਹੀ ਨਹੀਂ,

ਔਰ ਕਿਆ ਜੁਰਮ ਹੈ ਪਤਾ ਹੀ ਨਹੀਂ।
      ਜਗ ਬਾਣੀ ਚੋਂ ਧੰਨਵਾਦ ਸਹਿਤ 
ਤਬੀਅਤ ਕਾਫੀ ਖਰਾਬ ਹੈ। ਕਈ ਦਵਾਈਆਂ ਲਈਆਂ ਪਰ ਕੋਈ  ਖਾਸ ਫਰਕ ਨਹੀ ਪੈ ਰਿਹਾ ਅਸਲ ਵਿਚ ਮਕਾਨ ਦੀ ਸ਼ਿਫਟਿੰਗ ਦੌਰਾਨ ਹੀ ਨਜ਼ਲਾ, ਜੁਕਾਮ, ਖਾਂਸੀ ਅਤੇ ਗਲੇ ਦੇ ਦਰਦ ਨੇ ਜੋਰ ਫੜ ਲਿਆ ਸੀ। ਦਵਾਈ ਦੀ ਡੋਜ਼ ਨਾਲ ਦੋ ਚਾਰ ਘੰਟੇ ਆਰਾਮ ਤੇ ਉਸਤੋਂ ਬਾਅਦ ਫਿਰ ਉਹੀ ਸਿਲਸਿਲਾ। ਇੱਕ ਮਿੱਤਰ ਨੇ ਦੱਸਿਆ ਇਹ ਸਿਓੰਕੀ ਮਿੱਟੀ ਚੜ੍ਹ ਗਈ ਹੈ। ਕਿਤਾਬਾਂ ਲਿਆਉਣ ਵੇਲੇ ਕਈ ਕਿਤਾਬਾਂ ਨੂੰ ਸਿਓਂਕ ਲੱਗੀ ਹੋਈ ਸੀ। ਪੁਰਾਣੇ ਮਕਾਨ ਦੀਆਂ ਜਰਜਰੀਆਂ  ਕੰਧਾਂ ਨੇ ਸਭ ਤੋਂ ਵਧ ਮਾਰ ਸ਼ਾਇਦ ਕਿਤਾਬਾਂ ਨੂੰ ਮਾਰੀ ਸੀ। ਕਈ ਵਾਰ ਅਹਿਸਾਸ ਹੋਇਆ ਕਿ ਜੇ ਕਿਤਾਬਾਂ ਨੂੰ ਸਾਂਭਣ ਜੋਗੀਆਂ ਮਹਿੰਗੀਆਂ ਅਲਮਾਰੀਆਂ ਖਰੀਦਣ ਦੀ ਹਿੰਮਤ ਨਾ ਹੋਵੇ ਤਾਂ ਕਿਤਾਬਾਂ ਨੂੰ ਪੜ੍ਹਨ  ਮਗਰੋਂ ਕਿਸੇ ਲਾਇਬ੍ਰੇਰੀ ਵਿੱਚ ਦੇ ਦੇਣਾ ਚਾਹੀਦਾ ਹੈ।  ਨਾਨਕਸ਼ਾਹੀ ਕੰਧਾਂ ਵਾਲੀ ਮਿੱਟੀ ਵੀ ਕਾਫੀ ਪੁਰਾਣੀ ਸੀ।  ਮਿੱਟੀ, ਘੱਟਾ, ਧੂੜ, ਧੂਆਂ ਤੇ ਫਿਰ ਭਰੀਆਂ ਭਰੀਆਂ ਪੰਡਾਂ। ਸੋ ਸਿਹਤ ਤੇ ਮਾੜਾ ਅਸਰ ਪੈਣਾ ਹੀ ਸੀ। ਕੁਲ ਮਿਲਾਕੇ  ਦਰਦ ਹੀ ਦਰਦ। ਥਕਾਵਟ ਹੀ ਥਕਾਵਟ। ਸ਼ਿਫਟਿੰਗ ਤੋਂ ਦੋ ਕੁ ਦਿਨ ਮਗਰੋਂ ਆਈ ਦੀਵਾਲੀ ਵੀ ਕੋਈ ਨਵਾਂ ਉਤਸ਼ਾਹ ਜਾਂ ਖੇੜਾ ਨਾ ਲਿਆ ਸਕੀ। ਕਈ ਦਿਨਾਂ ਤੋਂ ਇਹੀ ਸੋਚ ਕਿ ਆਖਿਰ ਜਿੰਦਗੀ ਕੀ ਹੈ? ਜਨਮ,  ਦਾਲ ਰੋਟੀ ਦੀ ਚਿੰਤਾ, ਲਗਾਤਾਰ ਸੰਘਰਸ਼ ਅਤੇ ਫਿਰ ਇੱਕ ਦਿਨ ਮੌਤ! ਕਲ ਦੇਰ ਰਾਤ ਕ੍ਰਿਸ਼ਨ ਬਿਹਾਰੀ ਨੂਰ ਦੀ ਇੱਕ ਗਜ਼ਲ ਸਾਹਮਣੇ ਆ ਗਈ। ਨੂਰ ਸਾਹਿਬ ਆਖਦੇ ਨੇ:
ਜਿੰਦਗੀ ਸੇ ਬੜੀ ਸਜ਼ਾ ਹੀ ਨਹੀਂ,
ਔਰ ਕਿਆ ਜੁਰਮ ਹੈ ਪਤਾ ਹੀ ਨਹੀਂ।
ਫਿਰ ਕਿਸੇ ਅਗਲੇ ਸ਼ਿਅਰ 'ਚ ਕਹਿੰਦੇ ਹਨ: 
ਜਿੰਦਗੀ! ਮੌਤ ਤੇਰੀ ਮੰਜ਼ਿਲ ਹੈ;
ਦੂਸਰਾ ਕੋਈ ਰਾਸਤਾ ਹੀ ਨਹੀਂ।
ਇਸੇ ਸ਼ਾਨਦਾਰ ਅਤੇ ਜਾਨਦਾਰ ਗਜ਼ਲ ਦਾ ਹੀ ਇੱਕ ਹੋਰ ਸ਼ਿਅਰ ਹੈ:
ਜਿੰਦਗੀ!ਅਬ ਬਤਾ ਕਹਾਂ ਜਾਏਂ ?
ਜ਼ਹਰ ਬਾਜ਼ਾਰ ਮੇਂ ਮਿਲਾ ਹੀ ਨਹੀਂ।
ਦੋ ਹੋਰ ਸ਼ਿਅਰ ਮੁਲਾਹਜ਼ਾ ਫਰਮਾਓ :
ਧਨ ਕੇ ਹਥੋਂ ਬਿਕੇ ਹੈਂ ਸਬ ਕਾਨੂੰਨ;
ਅਬ ਕਿਸੀ ਜੁਰਮ ਕੀ ਸਜ਼ਾ ਹੀ ਨਹੀਂ!
ਕੈਸੇ ਅਵਤਾਰ ਕੈਸੇ ਪੈਗੰਬਰ;
ਐਸਾ ਲਗਤਾ ਹੈ ਅਬ ਖੁਦਾ ਹੀ ਨਹੀਂ!
ਇਹ ਪੂਰੀ ਗਜਲ ਹੀ ਦਿਲ ਚ  ਉਤਰਦੀ ਹੈ। ਹਰ ਸ਼ਿਅਰ ਬੜੀ ਹੀ ਸਾਦਗੀ ਨਾਲ ਹਕੀਕਤ ਬਿਆਨ ਕਰਦਾ ਹੈ। ਸ਼ੁਧ ਹਕੀਕਤ। ਸ਼ੁਧ ਹਕੀਕਤ ਬਾਰੇ ਵੀ ਨੂਰ ਸਾਹਿਬ ਇਸੇ ਗਜਲ 'ਚ ਆਖਦੇ ਨੇ:
ਸਚ ਘਟੇ ਯਾ ਬੜੇ ਤੋ ਸਚ ਨ ਰਹੇ;
ਝੂਠ ਕੀ ਕੋਈ ਇੰਤਹਾ ਹੀ ਨਹੀਂ।
ਇਹਨਾਂ ਸ਼ਿਅਰਾਂ 'ਚ ਬਿਆਨ ਕੀਤੀ ਜਿੰਦਗੀ ਦੀ ਹਕੀਕਤ ਇੱਕ ਵਾਰ ਫਿਰ ਆਪਣੀ ਆਪਣੀ ਜਾਪੀ। ਬੁਖਾਰ ਅਤੇ ਜਿਸਮ ਦ ਦਰਦ ਨਾਲ ਇਹਨਾਂ ਸਹਿਰਾਂ ਨੂੰ ਪੜ੍ਹਕੇ ਦਿਲ ਅਤੇ ਦਿਮਾਗ ਦਾ ਦਰਦ ਵੀ ਸ਼ਾਮਿਲ ਹੋ ਗਿਆ। ਅਧੀ ਰਾਤ ਤੋਂ ਬਾਅਦ ਕਦੋਂ ਇੱਕ ਵੱਜੀ, ਫਿਰ ਦੋ ਤੇ ਫਿਰ ਕਦੋਂ ਨੀਂਦ ਆਈ ਕੁਝ ਪਤਾ ਨਹੀਂ ਸਵੇਰੇ ਉਠਕੇ ਸਾਹਮਣੇ ਆਇਆ ਖੁਸ਼ਵੰਤ ਸਿੰਘ ਆਰਟੀਕਲ। ਇਸ ਉਮਰ ਵਿੱਚ ਵੀ ਜਿਊਣਾ ਅਤੇ ਫਿਰ ਲਗਾਤਾਰ ਲਿਖਣਾ ਕੋਈ ਆਸਾਨ ਕੰਮ ਨਹੀਂ। ਮੈਨੂੰ ਆਪਣੇ ਆਪ ਤੇ ਸ਼ਰਮ ਆਈ ਕੀ ਬਸ ਪੰਜਾਹ ਸਾਲ ਦੀ ਉਮਰ ਵਿੱਚ ਆ ਕੇ ਹੀ ਬੁਢਾਪੇ ਸਾਹਮਣੇ ਹਾਰ ਮੰਨ ਲਈ ! ਦੇਖ ਖੁਸ਼ਵੰਤ ਸਿੰਘ ਇਸ ਉਮਰ ਵਿੱਚ ਵੀ ਕਿੰਨਾ ਜਵਾਨ ਹੈ ਲਗਾਤਾਰ ਕਲਮ ਦੀ ਸਾਧਨਾ ਕਰ ਰਿਹਾ ਹੈ। ਪੂਰਾ ਲੇਖ ਪੜ੍ਹਿਆ ਤਾਂ ਕੁਝ ਹੋਰ ਨਿਰਾਸ਼ਾ ਹੋਈ। ਖੁਸ਼ਵੰਤ ਸਿੰਘ ਆਖਦੇ ਨੇ ਮੈਂ ਕਿਓਂ ਜੀ ਰਿਹਾ ਹਾਂ ? ਕੀ  ਤੋਂ ਆਖਿਰੀ ਵਿਦਾਈ ਲੈਣ  ਸਮਾਂ ਨਹੀਂ ਆ ਗਿਆ?  ਜਨਾਬ ਦਾਗ ਦੀਆਂ ਕੁਝ ਲਾਈਨਾਂ ਵੀ ਦਿੱਤੀਆਂ:
ਜੀਸਤ ਸੇ ਤੰਗ ਹੋ ਐ ਦਾਗ ਤੋ ਜੀਤੇ ਕਿਓਂ ਹੋ?
 ਸੁਆਲ ਦਾ ਜੁਆਬ ਵੀ ਦਿੱਤਾ ਗਿਆ ਹੈ:
ਜਾਨ ਪਿਆਰੀ ਭੀ ਨਹੀਂ ਜਾਨ ਸੇ ਜਾਤੇ ਭੀ ਨਹੀਂ!
ਹਰ ਵਾਰ ਦੀ ਤਰਾਂ ਇਸ ਵਾਰ ਵੀ ਇਹ ਪੂਰਾ ਲੇਖ ਦਿਲਚਸਪ ਹੈ। ਖੁਸ਼ਵੰਤ ਸਿੰਘ ਜੀ ਦੀ  ਤੁਹਾਨੂੰ ਇਸ ਉਮਰ ਵਿੱਚ ਵੀ ਕੀਲ ਲੈਣ ਦੀ ਸਮਰਥਾ ਰੱਖਦੀ ਹੈ। ਇਸ ਲੇਖ ਦੀ ਤਸਵੀਰ ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ ਇਥੇ ਵੀ ਪ੍ਰਕਾਸ਼ਿਤ  ਕੀਤੀ ਜਾ ਰਹੀ ਹੈ। ਇਸ ਨੂੰ ਵੱਡਿਆਂ ਕਰਕੇ ਪੜ੍ਹਨ ਲਈ ਤੁਸੀਂ ਇਸਤੇ ਕਲਿੱਕ ਕਰ ਸਕਦੇ ਹੋ। ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਬਣੀ ਹੀ ਰਹੇਗੀ। -ਰੈਕਟਰ ਕਥੂਰੀਆ           ਜਿੰਦਗੀ ਸੇ ਬੜੀ ਸਜ਼ਾ ਹੀ ਨਹੀਂ,

No comments: