Courtesy Photo |
ਏਸ਼ੀਆ ਦੀ ਏਨੀ ਦੱਬੀ-ਕੁਚਲੀ ਜਮਾਤ ਵਿੱਚ ਪੈਦਾ ਹੋਏ ਬਾਲਕ ਬਾਰੇ ਕੀ ਕੋਈ ਜੋਤਸ਼ੀ ਵੀ ਅਜਿਹੇ ਰੁਤਬੇ ਦੀ ਭਵਿੱਖਬਾਣੀ ਕਰ ਸਕਦਾ ਸੀ, ਜਿਸ ਮਰਤਬੇ ਨੂੰ ਇਸ ਬਾਲਕ ਨੇ ਪਹੁੰਚਣਾ ਸੀ? ਇੱਕ ਏਸ਼ੀਆਈ ਚਮਾਰ ਦਾ ਲਡ਼ਕਾ ਕਿਸੇ ਦਿਨ ਦੁਨੀਆਂ ਦਾ ਬੇਜੋਡ਼ ਆਗੂ ਅਤੇ ਰੱਬ ਵਰਗਾ ਉਸਤਾਦ ਹੋ ਗੁਜ਼ਰੇਗਾ, ਇਸ ਦੀ ਆਸ ਏਕਾਤੇਰਨਾ ਅਤੇ ਬਿਸਾਰਿਓਨ ਵੀ ਕਦੋਂ ਕਰ ਸਕਦੇ ਸਨ? ਬਿਸਾਰਿਓਨ ਜਾਰਜੀਆ ਦੀ ਉਸ ਵੇਲੇ ਦੀ ਰਾਜਧਾਨੀ ਤਿਫਲਿਸ ਦੀ ਬੂਟ ਫੈਕਟਰੀ ਵਿੱਚ ਕੰਮ ਕਰਦਾ ਸੀ। ਗੋਰੀ ਕਸਬੇ ਦੀ ਇੱਕ ਬਸਤੀ ਵਿੱਚ ਹੀ ਉਹ ਛੋਟਾ ਜਿਹਾ ਪਿਤਰੀ ਘਰ ਸੀ, ਜਿਸ ਦੇ ਬਾਰੇ ਸਟਾਲਿਨ ਦੇ ਸਹਿਪਾਠੀ ਦ. ਗਾਗੋਕੀਆ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ: ''ਜਿਸ ਘਰ ਵਿੱਚ ਪਰਿਵਾਰ ਰਹਿੰਦਾ ਸੀ, ਉਹ ਪੰਜ ਵਰਗ ਗਜ਼ ਤੋਂ ਜ਼ਿਆਦਾ ਵੱਡਾ ਨਹੀਂ ਸੀ। ਘਰ ਦੇ ਨਾਲ ਰਸੋਈ ਦੀ ਕੋਠਡ਼ੀ ਵੀ ਸੀ। ਵਿਹਡ਼ਾ ਸਿੱਧਾ ਦਰਵਾਜ਼ੇ ਤੋਂ ਸ਼ੁਰੂ ਹੁੰਦਾ ਸੀ, ਕੋਈ ਦੇਹਲੀ ਨਹੀਂ ਸੀ। ਫਰਸ਼ ਇੱਟਾਂ ਦਾ ਸੀ। ਇੱਕ ਛੋਟਾ ਜਿਹਾ ਝਰੋਖਾ, ਜਿਸ 'ਚੋਂ ਛਣ ਕੇ ਰੌਸ਼ਨੀ ਆਉਂਦੀ ਸੀ। ਘਰ 'ਚ ਕੁੱਲ ਫਰਨੀਚਰ ਇਹ ਸੀ: ਇੱਕ ਨਿੱਕਾ ਜਿਹਾ ਮੇਜ਼, ਇੱਕ ਸਟੂਲ, ਇੱਕ ਲੰਬਾ ਸੋਫਾ, ਜੋ ਨਿੱਕ-ਸੁੱਕ ਭਰ ਕੇ ਮਾਮੂਲੀ ਕੱਪਡ਼ੇ ਨਾਲ ਬਣਾਇਆ ਹੋਇਆ ਸੀ।'' ਬਿਸਾਰਿਓਨ ਜੁਗਸ਼ਵਿਲੀ ਦੇ ਕੰਮ ਦੇ ਔਜ਼ਾਰ ਸਨ- ਇੱਕ ਪੁਰਾਣਾ ਸਡ਼ਿਆ ਜਿਹਾ ਮੂਹਡ਼ਾ, ਹਥੌਡ਼ਾ ਅਤੇ ਚਮਡ਼ਾ ਸਿਓਣ ਦੀ ਸੂਈ, ਜੋ ਅਜਾਇਬ ਘਰ ਵਿੱਚ ਅੱਜ ਵੀ ਮੌਜੂਦ ਹਨ। ਇਸੇ ਘਰ ਵਿੱਚ 18 ਦਸੰਬਰ 1879 ਨੂੰ ਬਿਸਾਰਿਓਨ ਅਤੇ ਏਕਾਤੇਰਨਾ ਦੇ ਘਰ ਇੱਕ ਪੁੱਤਰ ਪੈਦਾ ਹੋਇਆ। ਰਾਤ ਦਿਨ ਘਰ ਦਾ ਕੰਮ ਕਰਕੇ ਵੀ ਗੁਜ਼ਾਰਾ ਨਾ ਹੁੰਦਾ ਦੇਖ ਕੇ ਏਕਾਤੇਰਨਾ ਹੋਰਨਾਂ ਘਰਾਂ ਵਿੱਚ ਕੱਪਡ਼ੇ ਧੋਣ ਦਾ ਕੰਮ ਕਰਦੀ ਸੀ। ਇਉਂ ਸਟਾਲਿਨ ਨੂੰ ਆਪਣੇ ਬਚਪਨ ਤੋਂ ਹੀ ਅਨੁਭਵ ਸੀ ਕਿ ਗਰੀਬੀ ਕਿਹੋ ਜਿਹੀ ਹੁੰਦੀ ਹੈ।...ਪਿਤਾ ਬਹੁਤੇ ਦਿਨਾਂ ਤੱਕ ਜਿਉਂਦਾ ਨਾ ਰਹਿ ਸਕਿਆ।
(ਰਾਹੁਲ ਸੰਕਰਤਾਇਨ ਵੱਲੋਂ ਲਿਖੀ ਜੀਵਨ-ਗਾਥਾ 'ਚੋਂ)
ਅਜਿਹੀ ਸੀ ਉਸ ਮਹਾਨ ਵਿਅਕਤੀ ਦੇ ਜੀਵਨ ਦੀ ਸ਼ੁਰੂਆਤ ਜਿਸ ਬਾਰੇ 20 ਦਸੰਬਰ 1939 ਨੂੰ ਇੱਕ ਹੋਰ ਮਹਾਨ ਇਨਕਲਾਬੀ ਹਸਤੀ ਮਾਓ-ਜ਼ੇ-ਤੁੰਗ ਨੇ ਇਹ ਟਿੱਪਣੀ ਕੀਤੀ: ''ਸਟਾਲਿਨ ਨੂੰ ਵਧਾਈ ਦੇਣਾ ਕੋਈ ਰਸਮੀ ਗੱਲ ਨਹੀਂ ਹੈ। ਸਟਾਲਿਨ ਨੂੰ ਵਧਾਈ ਦੇਣ ਦਾ ਮਤਲਬ ਹੈ, ਉਹਨਾਂ ਦਾ ਅਤੇ ਉਹਨਾਂ ਦੇ ਕਾਰਜ ਦਾ ਸਮਰਥਨ ਕਰਨਾ, ਸਮਾਜਵਾਦ ਦੀ ਜਿੱਤ ਦਾ ਸਮਰਥਨ ਕਰਨਾ ਅਤੇ ਉਹਨਾਂ ਦੁਆਰਾ ਮਨੁੱਖ ਜਾਤੀ ਨੂੰ ਦਿਖਾਏ ਗਏ ਰਸਤੇ ਦਾ ਸਮਰਥਨ ਕਰਨਾ, ਇਸਦਾ ਅਰਥ ਹੈ, ਇੱਕ ਪਰਮ-ਪਿਆਰੇ ਮਿੱਤਰ ਦਾ ਸਮਰਥਨ ਕਰਨਾ। ਕਾਰਨ, ਮਾਨਵ ਜਾਤੀ ਭਾਰੀ ਬਹੁਗਿਣਤੀ ਅੱਜ ਦੱਬੀ-ਕੁਚਲੀ ਹੈ ਅਤੇ ਮਨੁੱਖ ਜਾਤੀ ਸਿਰਫ ਸਟਾਲਿਨ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਅਤੇ ਉਹਨਾਂ ਦੀ ਸਹਾਇਤਾ ਨਾਲ ਹੀ ਦਾਬੇ ਤੋਂ ਮੁਕਤੀ ਪ੍ਰਾਪਤ ਕਰ ਸਕਦੀ ਹੈ।''
No comments:
Post a Comment