Saturday, November 03, 2012

ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ-ਜਤਿੰਦਰ ਪਨੂੰ

ਮੈਨੂੰ ਅਪਣੀ ਪੱਤਰਕਾਰੀ ਤੇ ਸ਼ਰਮ ਆਈ...ਓਏ ਮੈਂ ਓਸ ਮੁਲਕ 'ਚ ਰਹਿੰਦਾਂ!
ਜਗਜੀਤ ਸਿੰਘ ਆਨੰਦ ਦੇ ਸਪੁੱਤਰ ਸੁਕੀਰਤ ਅਤੇ ਜਤਿੰਦਰ ਪਨੂੰ ਲੁਧਿਆਣਾ ਦੇ ਪੰਜਾਬੀ ਭਵਨ 'ਚ ਕਿਸੇ ਡੂੰਘੀ ਵਿਚਾਰ ਦੌਰਾਨ(ਫੋਟੋ:ਰੈਕਟਰ ਕਥੂਰੀਆ )
ਸੁਰਜੀਤ ਗਗ ਪੰਜਾਬੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਵਿੱਚ ਲਗਾਤਾਰ ਗੰਭੀਰ ਮੁੱਦਿਆਂ ਨੂੰ ਉਠਾਉਣ ਵਾਲਾ ਕਲਮਕਾਰ ਹੈ। ਇਸ ਵਾਰ ਉਸਨੇ ਸਾਹਮਣੇ ਲਿਆਂਦਾ ਹੈ ਪ੍ਰਸਿਧ ਪੱਤਰਕਾਰ ਜਤਿੰਦਰ ਪਨੂੰ ਦੇ ਵਿਚਾਰਾਂ ਨੂੰ। ਕਾਬਿਲੇ ਜ਼ਿਕਰ ਹੈ ਕਿ ਪੰਜਾਬ ਦੇ ਨਾਜ਼ੁਕ ਹਾਲਾਤ ਵਿੱਚ ਜਦੋਂ ਕੱਚੇ ਪਿੱਲੇ ਲੋਕ ਪੱਤਰਕਾਰੀ ਛੱਡ ਰਹੇ ਸਨ ਜਤਿੰਦਰ ਪਨੂੰ ਉਸ ਵੇਲੇ ਪੱਤਰਕਾਰੀ ਦੇ ਮੈਦਾਨ ਵਿੱਚ ਨਿੱਤਰਿਆ ਸੀ। ਜਤਿੰਦਰ ਪਨੂੰ ਨਾਲ ਵਿਚਾਰਧਾਰਕ ਵਖਰੇਵੇਂ ਤਾਂ ਕਈਆਂ ਨੂੰ ਹੋ ਸਕਦੇ ਹਨ ਪਰ ਉਸਦੀ ਪ੍ਰਤੀਬਧਤਾ ਹਮੇਸ਼ਾਂ ਮਿਸਾਲੀ ਰਹੀ ਹੈ। ਉਸਦੀ ਕਲਮ ਦਾ ਅੰਦਾਜ਼ ਹਮੇਸ਼ਾਂ ਦਿਲਕਸ਼ ਰਿਹਾ। ਰੇਡੀਓ ਵਾਰਤਾਵਾਂ ਦੌਰਾਨ ਵੀ ਬਿਨਾ ਕਾਗਜ਼ਾਂ ਤੇ ਲਿਖਿਆਂ ਸਿਧਾ ਦਿਲ ਚੋਂ ਆਈ ਆਵਾਜ਼ ਨਾਲ ਬੋਲਣ ਵਾਲਾ ਅੰਦਾਜ਼ ਹਮੇਸ਼ਾਂ ਕਾਇਲ ਕਰਦਾ ਰਿਹਾ ਹੈ। ਇਸ ਵਾਰ ਵੀ ਜਤਿੰਦਰ ਪਨੂੰ ਦੇ ਵਿਚਾਰ ਦਿਲ ਤੱਕ ਉਤਰਦੇ ਹਨ। ਕਿਸੇ ਇੱਕਠ ਵਿੱਚ ਕੀਤੀ ਗਈ ਤਕਰੀਰ ਵਿਚਲੇ ਇਹ ਸ਼ਬਦ ਸ਼ਾਇਦ ਗੁਆਚ ਗਏ ਹੁੰਦੇ ਪਰ ਇਹਨਾਂ ਨੂੰ ਸੰਭਾਲਣ ਦੀ ਜਿੰਮੇਦਾਰੀ ਨਿਭਾਈ ਸੁਰਜੀਤ ਗਗ ਨੇ। ਇਸ੍ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ  
ਸ਼੍ਰੋਮਣੀ ਪੱਤਰਕਾਰ ਜਤਿੰਦਰ ਪਨੂੰ ਦੀ ਤਕਰੀਰ/ਪੇਸ਼ਕਾਰੀ:ਸੁਰਜੀਤ ਗਗ
Fri, Nov 2, 2012 at 10:29 AM
"ਸ਼੍ਰੋਮਣੀ ਪੱਤਰਕਾਰ ਜਤਿੰਦਰ ਪਨੂੰ ਦੀ ਤਕਰੀਰ ਗੋਰਮਿੰਟ ਟੀਚਰ ਯੂਨੀਅਨ 
ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਵਲੋਂ ਨੂਰਪੁਰਬੇਦੀ ਜਿਲਾ ਰੋਪਡ਼ ਵਿਖੇ ਮਿਤੀ 10 ਅਪ੍ਰੈਲ 2010 ਨੂੰ ਚੌਥਾ ਸ਼ਹੀਦ-ਏ-ਆਜ਼ਮ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਪੱਤਰਕਾਰ ਸ਼੍ਰੀ ਜਤਿੰਦਰ ਪਨੂੰ ਜੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਏਸ ਮੋਕੇ ਸ਼੍ਰੀ ਜਤਿੰਦਰ ਪਨੂੰ ਵਲੋਂ ਕੀਤੀ ਗਈ ਤਕਰੀਰ ਹੂ-ਬ-ਹੂ ਸ਼ਾਬਦਿਕ ਰੂਪ ਵਿੱਚ ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ। (ਸ਼ਾਬਦਿਕ ਅਨੁਵਾਦ-ਸੁਰਜੀਤ ਗੱਗ) ਮੇਰੇ ਵਾਸਤੇ ਕੁਰਸੀਆਂ ਤੋਂ ਲੈ ਕੇ ਦਰੀਆਂ ਤੇ ਬੈਠਿਆਂ ਤੱਕ ਤੁਸੀਂ ਸਾਰੇ ਵੀ ਆਈ ਪੀ ਹੋ। ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਨੀ ਚਾਹੁੰਨਾਂ, ਦੋਸਤੋ, ਭਰਾਓ, ਬਜ਼ੁਰਗੋ ਤੇ ਬੱਚਿਓ! ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ, ਇੱਕ ਅਖਬਾਰ ਦਾ ਐਡੀਟਰ ਹਾਂ। ਮੈਂ ਉਨ੍ਹਾਂ ਲੋਕਾਂ ਵਿੱਚੋਂ ਹਾਂ, ਜਿਨ੍ਹਾਂ ਵਾਸਤੇ ਭਗਤ ਸਿੰਘ ਨੇ ਜਾਨ ਦਿੱਤੀ ਸੀ। ਮੈਂ ਉਨ੍ਹਾਂ ਵਿੱਚੋਂ ਨਹੀਂ ਜਿਹੜੇ ਇਸ ਗੱਲ ਤੇ ਲੜੀ ਜਾਂਦੇ ਐ ਕਿ ਭਗਤ ਸਿੰਘ ਸਿੱਖ ਸੀ ਜਾਂ ਆਰੀਆ ਸਮਾਜੀ ਸੀ। ਮੈਂ ਉਨ੍ਹਾਂ ਵਿੱਚੋਂ ਵੀ ਨਹੀਂ ਜਿਹੜੇ ਭਗਤ ਸਿੰਘ ਦੀ ਫੋਟੋ ਗੱਡੀ ਪਿੱਛੇ ਲਾ ਕੇ ਲਿਖ ਦਿੰਦੇ ਐ ਕਿ 'ਖੰਘਿਆ ਨਹੀਂ ਤੇ ਟੰਗਿਆ ਨਹੀਂ।' ਇਹ ਭਗਤ ਸਿੰਘ ਦੀ ਵਿਚਾਰਧਾਰਾ ਨਹੀਂ ਸੀ। ਮੇਰੇ ਲਈ ਭਗਤ ਸਿੰਘ ਦਾ ਮਤਲਬ ਹੋਰ ਐ। ਪਿਛਲੇ ਸਾਲ ਭਗਤ ਸਿੰਘ ਦਾ ਇੱਕ ਬੁੱਤ ਲੱਗਣਾ ਸੀ, ਤਸਵੀਰ ਲੱਗਣੀ ਸੀ (ਪਾਰਲੀਆਮੈਂਟ ਅੰਦਰ), ਉਸ ਗੱਲ ਤੇ ਬਹਿਸ ਹੋ ਗਈ ਕਿ ਭਗਤ ਸਿੰਘ ਦੇ ਸਿਰ ਤੇ ਪੱਗ ਹੋਵੇ ਜਾਂ ਟੋਪੀ ਹੋਵੇ। ਚਲਦੀ ਬਹਿਸ ਵਿੱਚ ਮੇਰੇ ਤੋਂ ਵੀ ਪੁੱਛਿਆ ਗਿਆ ਅਤੇ ਟੀ ਵੀ ਦੇ ਪ੍ਰੋਗਰਾਮ ਵਿੱਚ ਪੁੱਛਿਆ ਗਿਆ ਕਿ ਭਗਤ ਸਿੰਘ ਦੇ ਸਿਰ ਤੇ ਪੱਗ ਚਾਹੀਦੀ ਏ ਕਿ ਟੋਪੀ ਚਾਹੀਦੀ ਏ। 
ਮੈਂ ਉਨ੍ਹਾਂ ਨੂੰ ਏਨਾ ਹੀ ਕਿਹਾ "ਜੀ ਤਸਵੀਰ ਵੀ ਨਾ ਛਾਪੋ, ਇੱਕ ਰੱਸਾ ਲਿਆ ਕੇ ਸਿਰਫ ਟੰਗ ਦਿਓ, ਫਾਂਸੀ ਬਣਾ ਦਿਓ, ਲੋਕਾਂ ਨੂੰ ਉਦ੍ਹੇ ਵਿੱਚੋਂ ਵੀ ਭਗਤ ਸਿੰਘ ਦਿਸ ਪੈਣਾ ਏ।" ਲੋਕੀਂ ਭਗਤ ਸਿੰਘ ਨੂੰ ਭਗਤ ਸਿੰਘ ਦੇ ਤੋਰ ਤੇ ਸਤਿਕਾਰ ਦਿੰਦੇ ਐ। ਭਗਤ ਸਿੰਘ ਦੀ ਇੱਕ ਵਿਚਾਰਧਾਰਾ ਸੀ। ਉਹ ਸਿਰਫ ਗੋਲ਼ੀਆਂ ਚਲਾਉਣ ਵਾਲਾ ਨਹੀਂ ਸੀ, ਗੋਲ਼ੀਆਂ ਚਲਾਉਣ ਵਾਲੇ ਹੁਣ ਬਣੇ ਫਿਰਦੇ ਐ। ੧੦-੧੫ ਸਾਲ ਪਹਿਲਾਂ ਪੰਜਾਬ 'ਚ ਗੋਲ਼ੀਆਂ ਦਾ ਬਜ਼ਾਰ ਗਰਮ ਸੀ। ਓਥੇ ਤੁਰੇ ਜਾਂਦੇ ਬਰਫ ਦੇ ਗੋਲ਼ੇ ਵੇਚਣ ਵਾਲੇ ਨੂੰ ਗੋਲ਼ੀ ਮਾਰ ਦਿੱਤੀ, ਕਹਿੰਦੇ ਭਗਤ ਸਿੰਘ ਨੇ ਗੋਲ਼ੀ ਚਲਾਈ ਸੀ, ਲਓ ਅਸੀਂ ਵੀ ਚਲਾ ਦਿੱਤੀ। ਭਗਤ ਸਿੰਘ ਨੇ ਬਰਫ ਦੇ ਗੋਲ਼ੇ ਵੇਚਣ ਵਾਲਾ, ਕੁਲਫੀਆਂ ਵੇਚਣ ਵਾਲਾ ਨਹੀਂ ਸੀ ਮਾਰਿਆ। ਉਸ ਨੇ ਓਸ ਅੰਗ੍ਰੇਜ਼ ਦੀ ਸਰਕਾਰ ਦਾ ਅਫਸਰ ਮਾਰਿਆ ਸੀ, ਜਿਸ ਦੇ ਰਾਜ ਵਿੱਚ ਕਹਿੰਦੇ ਸੀ ਕਿ ਸੂਰਜ ਨਹੀਂ ਡੁੱਬਦਾ। ਉਹਨੇ ਕੁੱਝ ਕਰਕੇ ਵਿਖਾਇਆ ਸੀ। ਇੰਝ ਨਹੀਂ ਕਿ ਬੰਬ ਮਾਰ ਕੇ ਭੀਡ਼ ਦੇ ਵਿੱਚ, ਬੰਦੇ ਮਾਰ ਦਿਓ, ਕਿ ਲਓ ਭਗਤ ਸਿੰਘ ਨੇ ਬੰਬ ਮਾਰਿਆ ਸੀ ਤੇ ਅਸੀਂ ਵੀ ਮਾਰਤਾ। ਭਗਤ ਸਿੰਘ ਨੇ ਏਦਾਂ ਬੰਬ ਨਹੀਂ ਸੀ ਮਾਰਿਆ, ਉਹਨੇ ਪਾਰਲੀਆਮੈਂਟ ਦੇ ਵਿੱਚ ਬੰਬ ਮਾਰਿਆ ਸੀ। ਜੇ ਉਹ ਚਾਹੁੰਦਾ ਉਸ ਦਿਨ ਦੀ ਸਾਰੀ ਪਾਰਲੀਆਮੈਂਟ ਫੂਕ ਸਕਦਾ ਸੀ। ਪਰ ਜਾਣ-ਬੁੱਝ ਕੇ ਖਾਲੀ ਪਟਾਕੇ ਵਾਲਾ ਬੰਬ ਚਲਾਇਆ ਸੀ, ਤੇ ਦੱਸਿਆ ਸੀ ਕਿ ਮੈਂ ਤੁਹਾਡੇ ਬੋਲ਼ੇ ਕੰਨ ਹੀ ਖੋਲ੍ਹਣੇ ਚਾਹੁੰਦਾਂ, ਬੰਦਾ ਮੈਂ ਕੋਈ ਨ੍ਹੀਂ ਮਾਰਨਾ । ਭਗਤ ਸਿੰਘ, ਭਗਤ ਸਿੰਘ ਸੀ। ਉਸ ਦਾ ਮੁਕਾਬਲਾ ਜਣਾ-ਖਣਾ ਨਹੀਂ ਕਰ ਸਕਦਾ। ਪਰ ਉਹ ਕਿਹੜੇ ਹਾਲਾਤ 'ਚੋਂ ਪੈਦਾ ਹੋਇਆ ਸੀ? ਉਹਦਾ ਬਾਪ ਕਿਸ਼ਨ ਸਿੰਘ ਇਨਕਲਾਬੀ ਸੀ, ਉਹਦਾ ਚਾਚਾ ਅਜੀਤ ਸਿੰਘ ਇਨਕਲਾਬੀ ਸੀ। ਪਰ ਹਾਲਾਤ ਓਦੋਂ ਕਿਹੜੇ ਸਨ ਹਿੰਦੋਸਤਾਨ ਦੇ? ਲੋਕੀਂ ਚਿੱਟੀ ਚਮੜੀ ਵਾਲਿਆਂ ਨੂੰ ਵੇਖਕੇ, ਗੋਡਿਆਂ ਪਰਨੇ ਹੋ ਕੇ ਸਲੂਟ ਮਾਰੀ ਜਾਂਦੇ ਸੀ, ਮੱਥਾ ਟੇਕੀ ਜਾਂਦੇ ਸੀ। ਸਾਡੇ ਏਥਿਓਂ ਮੁੰਡੇ ਅੱਜਕਲ ਇੰਗਲੈਂਡ, ਕਨੇਡਾ, ਅਮਰੀਕਾ ਜਾਂਦੇ ਐ, ਓਦੋਂ ਵੀ ਗਏ ਸੀ। ਜਾ ਕੇ ਲੋਹੇ ਦੀਆਂ ਭੱਠੀਆਂ 'ਚ ਕੰਮ ਕੀਤਾ, ਲੱਕਡ਼ਾਂ ਵੱਢੀਆਂ-ਢੋਈਆਂ, ਅੱਡੇ-ਗੱਡੇ ਜਮਾ ਲਏ, ਫਿਰ ਏਥੇ ਆਜ਼ਾਦੀ ਲੈਣ ਵਾਸਤੇ ਪਤੈ ਕਿਉਂ ਆਏ? ਪੈਸੇ ਕਮਾ ਲਏ ਸੀ ਇੱਜ਼ਤ ਨਹੀਂ ਸੀ ਬਣੀ। ਇਨ੍ਹਾਂ ਨੂੰ ਕਿਸੇ ਕਲੱਬ 'ਚ ਨਹੀਂ ਸੀ ਵਡ਼ਨ ਦਿੰਦੇ, ਕਿਸੇ ਬਾਜ਼ਾਰ ਵਿੱਚ ਵੀ ਰੋਕ ਦਿੰਦੇ ਸੀ।ਕਹਿੰਦੇ ਸੀ ਤੁਸੀਂ ਤੇ ਗੁਲਾਮ ਐ। ਗਦਰ ਪਾਰਟੀ ਵਾਲੇ ਬਾਬੇ ਆਏ, ਕਰਤਾਰ ਸਿੰਘ ਸਰਾਭਾ ਆਇਆ, ਪਰ ਉਨ੍ਹਾਂ ਨੇ ਆ ਕੇ ਆਖਿਆ: ਦੇਸੋਂ ਪਏ ਧੱਕੇ, ਪਰਦੇਸ ਮਿਲੀ ਢੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ? ਅਸੀਂ ਅਪਣਾ ਦੇਸ਼ ਆਜ਼ਾਦ ਕਰਾਵਾਂਗੇ। ਕੁਰਬਾਨੀਆਂ ਉਹ ਕਰ ਗਏ........ ਜਿਹਡ਼ੀ ਲੋਅ ਉਹ ਦੇ ਕੇ ਗਏ... ਉਸ ਲੋਅ ਦੇ ਵਿਚੋਂ ਭਗਤ ਸਿੰਘ ਹੁਰਾਂ ਨੇ ਚਾਨਣ ਲਿਆ ਤੇ ਉਹ ਅੱਗੇ ਤੁਰ ਪਏ। ਇਹ ਠੀਕ ਕਿਹਾ ਮੇਰੇ ਵੀਰ ਸੁੱਚਾ ਸਿੰਘ (ਖੱਟਡ਼ਾ) ਹੁਰਾਂ ਨੇ, ਕਿ ਭਗਤ ਸਿੰਘ ਪਹਿਲਾ ਇਨਕਲਾਬੀ ਸੀ, ਹਿੰਦੁਸਤਾਨ ਵਿੱਚ ਫਾਂਸੀ ਲੱਗਣ ਵਾਲਾ ਜਿਸਨੇ ਕਿਹਾ 

ਕਿ ਮੈਨੂੰ ਸਿਰਫ ਦੇਸ਼ ਆਜ਼ਾਦ ਨਹੀਂ ਚਾਹੀਦਾ, ਦੇਸ਼ ਦੇ ਲੋਕ ਆਜ਼ਾਦ ਚਾਹੀਦੇ ਐ... ਇਕ ਬੰਦੇ ਦੇ ਮੋਢਿਆਂ ਤੇ ਦੂਜੇ ਦਾ ਜੂਲ਼ਾ ਨਹੀਂ ਚਾਹੀਦਾ। ਦੇਸ਼ ਤਾਂ ਆਜ਼ਾਦ ਹੋ ਗਿਆ.... ਉਹਦੇ ਤੋਂ ਬਾਅਦ ਮਿਲਿਆ ਕੀ? ਆਹ ਟੈਕਸ ਲੱਗ ਗਏ ਤੁਹਾਡੇ 'ਤੇ... ਕਿੰਨੀ ਕਿਸਮ ਦੇ ਲੱਗੇ ਐ..... ਜਲੰਧਰ ਜਿਲੇ ਦਾ ਇੱਕ ਕਵੀ ਹੁੰਦਾ ਸੀ ਜਮਾਂਦਰੂ ਅੰਨ੍ਹਾ ਸੀ ਤੇ ਗੱਲ ਸੁਜਾਖਿਆਂ ਨਾਲੋਂ ਸਿਆਣੀ ਕਹਿੰਦਾ ਸੀ..... ਉਨ੍ਹੇ ਇੱਕ ਵਾਰੀ ਕਵਿਤਾ ਲਿਖੀ ਕਿ 'ਚੁੱਲ੍ਹੇ ਉੱਤੇ ਟੈਕਸ ਦਿਓ, ਜੁੱਤੀ ਉੱਤੇ ਟੈਕਸ ਦਿਓ, ਰਾਖੀ ਲਈ ਜਿਹਡ਼ੀ ਰੱਖੀਦੀ ਉਸ ਕੁੱਤੀ ਉੱਤੇ ਟੈਕਸ ਦਿਓ'..... ਤੁਹਾਨੂੰ ਕਿਸੇ ਥਾਂ ਤੋਂ ਛੱਡਿਐ? ਟੈਕਸ ਤੁਹਾਡੇ 'ਤੇ ਲਾ'ਤੇ... ਤੇ ਦਿੱਤਾ ਕੀ ਐ? ਬਾਪੂ ਗਾਂਧੀ ਨੇ ਕਿਹਾ ਸੀ ਕਿ ਦੇਸ਼ ਆਜ਼ਾਦ ਹੋ ਲੈਣ ਦਿਓ. ਤੁਹਾਨੂੰ ਕੁੱਲੀ, ਗੁੱਲੀ ਤੇ ਜੁੱਲੀ ਦਿਆਂਗੇ। ਕੁੱਲੀ ਦੇ ਨਾਂ ਤੇ ਚੋਂਦੀਆਂ ਕੁੱਲੀਆਂ ਸਾਡੇ ਕੋਲ ਐ ਤੇ ਮਹਿਲ ਮੁਨਾਰੇ ਉਨ੍ਹਾਂ ਕੋਲ ਐ ਜਿਨ੍ਹਾਂ ਨੇ ਸਿਰਫ ਹੇਰਾਫੇਰੀਆਂ ਕੀਤੀਆਂ..... ਗੁੱਲੀ ਦੇ ਨਾਂ ਤੇ ਸੁੱਕੀਆਂ ਗੁੱਲੀਆਂ ਸਾਡੇ ਜੁਆਕ ਚੱਬਦੇ ਐ ਤੇ ਐਸ਼ ਉਨ੍ਹਾਂ ਦੇ ਕੁੱਤੇ ਕਰਦੇ ਐ।ਮੈਂ ਜਿਸ ਦਿਨ ਪੱਤਰਕਾਰ ਬਣਿਆ..... ਮੈਂ ਪੱਤਰਕਾਰ ਬਣਨਾ ਨਹੀਂ ਸੀ ਚਾਹੁੰਦਾ....... ਮੈਂ ਤਾਂ ਲੋਕਾਂ ਵਿੱਚੋਂ ਸਾਂ.... ਮੈਂ ਤਾਂ ਸੰਘਰਸ਼ ਕਰਨ ਵਾਲਿਆਂ ਨਾਲ ਲੱਗਾ ਸਾਂ...... ਕਦੇ ਮੈਂ ਨੌਜਵਾਨ ਸਭਾ ਨਾਲ ਜੇਲ੍ਹ 'ਚ...... ਕਦੇ ਕਿਸਾਨ ਸਭਾ ਨਾਲ ਜੇਲ੍ਹ 'ਚ...... ਤੇ ਕਦੇ ਰੋਡਵੇਜ਼ ਵਾਲਿਆਂ ਨਾਲ ਜੇਲ 'ਚ। ਪੱਤਰਕਾਰ ਮੈਨੂੰ ਹਾਲਾਤ ਨੇ ਬਣਾ ਦਿੱਤਾ, ਮੈਂ ਕਿਸੇ ਯੂਨਿਵਰਸਿਟੀ ਵਿੱਚ ਪੱਤਰਕਾਰੀ ਪਡ਼੍ਹਨ ਨਹੀਂ ਸੀ ਗਿਆ। ਪਰ ਜਦੋਂ ਮੈਂ ਪੱਤਰਕਾਰ ਬਣਿਆ...... ਆਏ ਨੂੰ ਇੱਕ-ਦੋ ਦਿਨ ਹੀ ਹੋਏ ਸੀ। ਇੱਕ ਦਿਨ ਦੋ ਖਬਰਾਂ ਇਕੱਠੀਆਂ ਆ ਗਈਆਂ, ਦੋਵੇਂ ਗੁੰਮਸ਼ੁਦਾ ਦੀਆਂ ਖਬਰਾਂ ਸਨ। ਇੱਕ ਖਬਰ ਇਹ ਸੀ ਕਿ ਕਿਸੇ ਗਰੀਬ ਦਾ ਮੁੰਡਾ ਗੁਆਚ ਗਿਆ, ਲੱਭਦਾ ਨਹੀਂ.... ਜਿਹਡ਼ਾ ਪੁੱਤਰ ਬਾਰੇ ਸੂਚਨਾ ਦੇਊ.... ਆਉਣ ਜਾਣ ਦੇ ਖਰਚ ਤੋਂ ਇਲਾਵਾ 500 ਰੁਪਏ ਦੇਊਗਾ। ਉਸ ਤੋਂ ਇੱਕ ਘੰਟੇ ਮਗਰੋਂ ਇੱਕ ਹੋਰ ਇਸ਼ਤਿਹਾਰ ਮੇਰੇ ਕੋਲ ਆਇਆ, ਇਸ਼ਤਿਹਾਰ ਕਿਸੇ "ਵੱਡੇ ਆਦਮੀ" ਦਾ ਸੀ ਕਿ ਮੇਰਾ ਵਧੀਆ ਨਸਲ ਦਾ ਕੁੱਤਾ ਗੁਆਚ ਗਿਐ, ਬਡ਼ਾ ਮਹਿੰਗਾ ਕੁੱਤਾ ਸੀ, ਜਿਹਡ਼ਾ ਸੂਚਨਾ ਦੇਊ, ਇੱਕ ਹਜ਼ਾਰ ਰੁਪਿਆ ਦੇਊਗਾ। ਮੈਨੂੰ ਅਪਣੀ ਪੱਤਰਕਾਰੀ ਤੇ ਸ਼ਰਮ ਆਈ.... ਓਏ ਮੈਂ ਓਸ ਮੁਲਕ 'ਚ ਰਹਿੰਦਾਂ ਜਿੱਥੇ ਗਰੀਬ ਦੇ ਪੁੱਤਰ ਦਾ ਮੁੱਲ 500 ਰੁਪਏ ਤੇ ਅਮੀਰ ਦੇ ਕੱਤੇ ਦਾ ਮੁੱਲ ਇੱਕ ਹਜ਼ਾਰ ਰੁਪਏ ਹੈ? ਗਰੀਬ ਦੇ ਪੁੱਤਰ ਨਾਲੋਂ ਅਮੀਰ ਦੇ ਕੁੱਤੇ ਦਾ ਮੁੱਲ ਜਿਆਦਾ ਏ, ਕੀ ਮੈਂ ਓਸ ਮੁਲਕ 'ਚ ਰਹਿੰਦਾਂ? ਭਗਤ ਸਿੰਘ ਨੇ ਸਾਨੂੰ ਇਹੋ ਜਿਹਾ ਮੁਲਕ ਮਾਨਣ ਵਾਸਤੇ ਤਾਂ ਨਹੀਂ ਸੀ ਦਿੱਤਾ। ਅਸੀਂ ਭਗਤ ਸਿੰਘ ਦੇ ਨਾਂ ਉੱਤੇ ਚੱਲਣਾ ਚਾਹੁੰਦੇ ਆਂ। ਸਾਨੂੰ ਏਥੇ ਬਹੁਤ ਕੁੱਝ ਦੱਸਿਆ ਜਾਂਦੈ...... ਮੁਆਫ ਕਰਨਾ ਅਸੀ ਧਰਮ ਦੇ ਕੋਈ ਵਿਰੋਧੀ ਨਹੀਂ। ਪਰ ਧਰਮ ਦੇ ਨਾਂ ਦੇ ਉੱਤੇ ਜਿਹਡ਼ੀ ਧੋਖਾਧਡ਼ੀ ਹੁੰਦੀ ਐ ਓਸ ਦੇ ਵਿਰੋਧੀ ਆਂ। ਧਰਮ ਦੇ ਵਿੱਚ ਗੁਰੂ ਬਾਬੇ ਨੇ ਕਿਹਾ ਸੀ ਕਿ "ਨੀਚੋਂ ਊਚ ਕਰੇ ਮੇਰਾ ਗੋਬਿੰਦ"। ਤੇ ਏਥੇ ਹੋ ਰਿਹੈ ਊਚੋਂ ਊਚ ਕਰੇ ਮੇਰਾ ਗੋਬਿੰਦ। ਕਿ ਨੀਵੇਂ ਨੂੰ ਨੀਵੇਂ ਥਾਂ ਹੀ ਸੁੱਟ ਦਿਓ, ਇਨ੍ਹਾਂ ਨੂੰ ਉੱਠਣ ਹੀ ਨਾ ਦਿਓ। "ਵੱਡੇ" ਗੋਲਕਾਂ ਚੱਟਦੇ ਐ, ਜਿਨ੍ਹਾਂ ਗੋਲਕਾਂ ਚੱਟ ਲਈਆਂ ਉਨ੍ਹਾਂ ਨੂੰ ਕਿੰਨੀ ਕੁ ਸ਼ਰਮ ਆਏਗੀ ਖਜ਼ਾਨਾ ਚੱਟਦਿਆਂ ਨੂੰ? ਉਨ੍ਹਾਂ ਨੂੰ ਕੋਈ ਫਰਕ ਨ੍ਹੀਂ ਪੈਂਦਾ, ਜਿੱਥੋਂ ਜੋ ਮਿਲਦਾ ਏ ਚੱਟੀ ਜਾਂਦੇ ਐ। 10-12 ਸਾਲ ਪਹਿਲਾਂ ਲੁਧਿਆਣੇ ਇੱਕ ਸੈਮੀਨਾਰ ਸੀ। ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਨਾਲ ਮੈਂ ਓਥੇ ਸਟੇਜ 

ਜਤਿੰਦਰ ਪਨੂੰ ਪੰਜਾਬੀ ਭਵਨ ਵਿਖੇ ਫੋਟੋ ਰੈਕਟਰ ਕਥੂਰੀਆ 
ਤੇ ਬੋਲਿਆ।ਗੱਲਾਂ ਸਮਾਜ ਦੀਆਂ ਹੋਈਆਂ.... ਗੱਲਾਂ ਏਥੋਂ ਤੁਰੀਆਂ "ਕੂਡ਼ ਰਾਜਾ ਕੂਡ਼ ਪ੍ਰਜਾ ਕੂਡ਼ ਸਭ ਸੰਸਾਰ, ਕੂਡ਼ ਮੀਆਂ ਕੂਡ਼ ਬੀਵੀ ਕੂਡ਼.....।" ਮੈਂ ਉਹਨੂੰ ਕਿਹਾ ਕਿ ਜੱਥੇਦਾਰ ਜੀ ਜੇ ਕੂਡ਼ ਮੀਆਂ ਕੂਡ਼ ਬੀਵੀ ਐ, ਜੇ ਸਾਰਾ ਕੁੱਝ ਈ ਮਾਡ਼ਾ ਏ ਤਾਂ ਫਿਰ ਤੁਸੀਂ ਵਿਆਹ ਕਾਹਨੂੰ ਕਰਵਾਇਆ ਸੀ। ਗੁਰੂ ਸਾਹਿਬ ਨੇ ਕੂੜ ਮੀਆਂ ਕੂੜ ਬੀਵੀ ਦਾ ਮਤਲਬ ਇਹ ਨਹੀਂ ਦੱਸਿਆ ਸੀ ਕਿ ਤੁਹਾਡੀ ਘਰਵਾਲੀ ਵੀ ਝੂਠੀ ਐ। ਇਸ ਦਾ ਮਤਲਬ ਇਹ ਸੀ ਕਿ ਜਿਸ ਦਿਨ ਅੰਤਲਾ ਸਮਾਂ ਆਉਣਾ ਏ ਉਸ ਦਿਨ ਸਾਰੇ ਈ ਰਿਸ਼ਤੇ ਝੂਠੇ ਪੈ ਜਾਣੇ ਐ ਤੇ ਤੂੰ 'ਕੱਲ੍ਹਾ ਹੀ ਜਾਵੇਗਾ। ਆਹ ਵਿਧਵਾ ਦੀ ਗੱਲ ਹੁਣੇ ਹੀ ਚੱਲ ਕੇ ਹਟੀ ਐ (ਨਾਟਕ ਇੱਕ ਸੀ ਦਰਿਆ ਦੀ ਵਿਧਵਾ ਪਾਤਰ), ਵਿਚਾਰੀ ਵਿਧਵਾ ਦਾ ਸਾਈਂ ਛੱਡ ਕੇ ਤੁਰ ਗਿਐ, ਜੇ ਸਾਈਂ ਛੱਡ ਕੇ ਤੁਰ ਗਿਆ ਤਾਂ ਏਨੀ ਗੱਲ ਤੋਂ ਉਹਨੂੰ ਦੂਜੇ ਦੇ ਘਰ ਬਿਠਾ ਰਹੇ ਨੇ। ਮੈਂ ਉਨ੍ਹਾਂ ਨੂੰ ਕਿਹਾ ਕਿ ਘਰ ਦੇ ਵਿੱਚ ਸਿਰਫ ਔਰਤ ਨੂੰ ਹੀ ਇਸ ਤਰਾਂ ਬਹੁਤ ਕੁੱਝ ਆਖਿਆ ਜਾਂਦੈ। ਇਹ ਧਰਮ-ਕਰਮ ਦੇ ਵਿੱਚ ਜਿਹੜੀਆਂ  ਗੱਲਾਂ ਹੁੰਦੀਆਂ, ਇਨ੍ਹਾਂ ਦੇ ਤੁਸੀ ਅਰਥਾਂ ਦੇ ਅਨਰਥ ਨਾ ਕਰੋ। ਸਮਾਗਮ ਤੋਂ ਬਾਅਦ ਵਿਹਲੇ ਬੈਠੇ ਸਾਂ ਤੇ ਚਾਹ ਦਾ ਕੱਪ ਪੀਣ ਲੱਗੇ ਉਹ ਸਾਬਕਾ ਜੱਥੇਦਾਰ ਮੈਨੂੰ ਕਹਿੰਦਾ ਕਿ ਗੱਲਾਂ ਤਾਂ ਤੂੰ ਕਰਦੈਂ ਸਿਆਣੀਆਂ ਪਰ ਇੱਕ ਗੱਲ ਚੇਤੇ ਰੱਖ ਕਿ ਤੇਰੀਆਂ ਗੱਲਾਂ ਲੋਕਾਂ ਤੱਕ ਪੁੱਜਣੀਆਂ ਨਹੀਂ। ਤੂੰ ਜਿੱਥੇ ਬੈਠਾ ਹੋਵੇਂਗਾ, ਓਥੇ 500 ਲੋਕ ਹੋਣਗੇ, ਜੇ ਬਰਾਬਰ ਤੇ ਮੈਂ ਸਟੇਜ ਲਾ ਲਈ ਤਾਂ ਮੇਰੇ ਕੋਲ 5000 ਲੋਕਾਂ ਦਾ ਇਕੱਠ ਹੋ ਜਾਣਾ ਏ। ਮੈਂ ਹੱਸ ਕੇ ਆਖਿਆ ਜੇ ਬਰਾਬਰ ਤੇ ਸਤਵਿੰਦਰ ਬਿੱਟੀ ਆ ਗਈ ਤੇਰੇ ੫੦ ਵੀ ਨਹੀਂ ਰਹਿਣੇ। ਜੇ ਤੂੰ ਲੋਕਾਂ ਦਾ ਟੇਸਟ ਵੇਖਣੈਂ, ਤਾਂ ਏਥੋਂ ਨਹੀਂ ਪਤਾ ਲੱਗਦਾ, ਮੈਂ ਏਸ ਗੱਲ ਦੀ ਚਿੰਤਾ ਨਹੀਂ ਕਰਦਾ ਕਿ ਮੇਰੇ ਸਾਹਮਣੇ ਪੰਜ ਬੈਠੇ ਜਾਂ ਪੰਜਾਹ ਬੈਠੇ ਜਾਂ ਪੰਜ ਸੋ ਬੈਠਾ। ਮੈਂ ਇਸ ਗੱਲ ਦੀ ਚਿੰਤਾ ਕਰਦਾਂ ਕਿ ਜਿੰਨੇ ਲੋਕ ਮੇਰੇ ਸਾਹਮਣੇ ਬੈਠੇ ਐ, ਉਹ ਮੇਰੀਆਂ ਗੱਲਾਂ ਸੁਣਨ, ਤੇ ਉਨ੍ਹਾਂ ਦੇ ਸੀਨਿਆਂ ਤੱਕ ਇਹ ਗੱਲਾਂ ਜਾਣ। ਜੇ ਮੈਂ ਗੱਲਾਂ ਕਰਦਾਂ ਤਾਂ ਮੈਂ ਇਹ ਦੱਸਣ ਲਈ ਗੱਲਾਂ ਨਹੀਂ ਕਰਦਾ ਕਿ ਮੈਂ ਸਿਆਣਾ ਆਂ, ਮੈਂ ਏਸ ਕਰਕੇ ਕਰਦਾਂ ਕਿ ਜਿਹਡ਼ੀ ਗੱਲ ਮੈਂ ਕਹਿਣੀ ਚਾਹੁੰਦਾਂ, ਉਹ ਸਾਹਮਣੇ ਬੈਠਿਆਂ ਦੀ ਸਮਝ ਵਿੱਚ ਪੈ ਜਾਵੇ। ਇਹ ਗੱਲ ਸਮਝਾਉਣ ਦਾ ਜਿਹਡ਼ਾ ਮਤਲਬ ਐ, ਇਹ ਨਹੀਂ ਕਿ ਇਹਦੇ ਵਿੱਚੋਂ ਅਸੀਂ ਕੋਈ ਲਾਭ ਕੱਢਣਾ ਆ, ਅਸੀਂ ਭਲਕੇ ਕੋਈ ਅਸੰਬਲੀ ਦੀ ਚੋਣ ਨਹੀਂ ਲੜਨ ਲੱਗੇ। ਚੋਣਾਂ ਦੇ ਤੋਰ-ਤਰੀਕੇ ਹੁਣ ਬਦਲੇ ਪਏ ਐ।ਅਸੀਂ ਸਮਾਜ ਦੀ ਗੱਲ ਕਰਨੀ ਆ,ਓਸ ਸਮਾਜ ਦੀ ਜਿਸ ਵਿੱਚ ਦੱਬੇ-ਕੁਚਲੇ ਲੋਕ ਬੈਠੇ ਐ, ਪਰ ਉਨ੍ਹਾਂ ਨੂੰ ਰਿਝਾਇਆ ਜਾ ਰਿਹਾ ਏ। ਆਗੂ ਅੰਨ੍ਹੇ ਐ, ਆਗੂ ਲੁਟੇਰੇ ਐ। ਕਿਸੇ ਇੱਕ ਪਾਰਟੀ ਦੀ ਗੱਲ ਮੈਂ ਨਹੀਂ ਕਰਦਾ। ਆਹ ਜਿਹਡ਼ੀਆਂ ਪਾਰਟੀਆਂ ਗੱਦੀ ਤੋਂ ਲੜਦੀਆਂ ਨੇ (ਉੱਤਰ ਕਾਟੋ ਮੈਂ ਚੜ੍ਹਾਂ ਤੂੰ ਪਾਸੇ ਹਟਜਾ ਹੁਣ ਮੇਰੀ ਵਾਰੀ ਆਉਣ ਦੇ) ਉਨ੍ਹਾਂ ਦੇ ਵਿੱਚ ਆਗੂ ਅੰਨ੍ਹੇ ਵੀ ਐ ਤੇ ਆਗੂ ਲੁਟੇਰੇ ਵੀ ਐ। ਇਨ੍ਹਾਂ ਨੂੰ ਮੂੰਹ ਤੇ ਲੁਟੇਰੇ ਆਖਣਾ ਬੜਾ ਔਖਾ ਹੁੰਦੈ, ਪਰ ਅਸੀਂ ਕਹੇ ਬਿਨਾਂ ਰਹਿ ਨਹੀਂ ਸਕਦੇ। ਸਾਡੀ ਮਜ਼ਬੂਰੀ ਐ, ਅਸੀਂ ਬਹੁਤ ਕੁੱਝ ਅੱਖਾਂ ਸਾਹਮਣੇ ਹੁੰਦਾ ਵੇਖਿਐ। ਇਹ ਜੋ ਕੁੱਝ ਕਰਦੇ ਪਏ ਐ ਉਹਦੇ ਜਵਾਬ ਵਿੱਚ ਅੱਜ ਅਸੀਂ ਚੋਣਾਂ ਨਹੀਂ ਲਡ਼ ਸਕਦੇ। ਉਹ ਲਡ਼ਨੀਆਂ ਜਰੂਰ ਐ। ਪਰ ਓਥੇ ਇੱਕ-੨ ਸੀਟ ਤੇ ਜਦੋਂ ਕਰੋੜ-੨ ਰੁਪਿਆ ਖਰਚਾ ਹੋਣ ਲੱਗ ਪਿਆ ......... ਬਠਿੰਡੇ ਦੀ ਪਾਰਲੀਆਮੈਂਟ ਸੀਟ 'ਤੇ ਦੋ ਰਾਜ ਘਰਾਣੇ ਲੜੇ, ਇੱਕ ਮੁੱਖਮੰਤਰੀ ਦਾ ਟੱਬਰ ਸੀ ਤੇ ਦੂਜਾਂ ਸਾਬਕਾ ਮੁੱਖਮੰਤਰੀ ਦਾ ਟੱਬਰ ਸੀ। ੧੦੦-੧੦੦ ਕਰੋੜ ਰੁਪਿਆ ਫ਼ੂਕਿਆ। ਕੀ ਅਸੀਂ ਇਨ੍ਹਾਂ ਚੋਣਾ ਤੇ ਐਨਾ ਪੈਸਾ ਲਾ ਸਕਦੇ ਆਂ ? ਅਸੀਂ ਉਨ੍ਹਾਂ ਦੀ ਬਜਾਏ ਤੁਹਾਡੇ ਕੋਲ ਜਾਣਾ ਚਾਹੁੰਦੇ ਆਂ। ਓਏ ਲੋਕੋ ਤੁਸੀਂ ਸੋਚੋ ਤੁਹਾਡੇ ਨਾਲ ਕੀ-ਕੀ ਪਿਆ ਹੁੰਦਾ ਏ। ਕਦੇ-ਕਦਾਈਂ ਬੈਠ ਕੇ ਸੋਚਿਆ ਕਰੋ ਤੁਹਾਡੇ ਦੁੱਖਾਂ ਦਾ ਕਾਰਨ ਕੀ ਏ ? ਮੈਂ ਤੁਹਾਡੇ ਆਹ ਪਿੰਡ 'ਚ ਪਹਿਲੀ ਵਾਰ ਆਇਆਂ। ਬਡ਼ੇ ਸੱਜਣ ਕਹਿੰਦੇ ਕਿ ਇਲਾਕਾ ਪੱਛਡ਼ਿਆ ਏ, ਪਰ ਜਿਹਡ਼ੀਆਂ ਗੱਲਾਂ ਮੈਂ ਸੁਣੀਆਂ, ਉਸ ਤੋਂ ਲੱਗਦੈ ਕਿ ਇਹ ਇਲਾਕਾ ਬਾਕੀਆਂ ਤੋਂ ਅੱਗੇਵਧੂ ਐ। ਜੇ ਸਾਰੇ ਪੰਜਾਬ 'ਚ ਸਰਕਾਰੀ ਸਕੂਲਾਂ ਦਾ ਭੱਠਾ ਬੈਠਦਾ ਜਾਂਦਾ ਹੋਵੇ, ਤੇ ਤੁਹਾਡੇ ਸਕੂਲ ਪਹਿਲੇ-ਦੂਜੇ ਨੰਬਰਾਂ ਤੇ ਆਉਣ ਤੇ ਤੁਹਾਡੇ ਬੱਚੇ ਵੀ ਪਹਿਲੀਆਂ ਪੁਜੀਸ਼ਨਾਂ ਲੈਣ ਤਾਂ ਇਲਾਕਾ ਕਾਹਦੇ 
ਤੋਂ ਪੱਛਡ਼ਿਆ ? ਸੋਚ ਦੇ ਪੱਖੋਂ ਤੁਸੀ ਸਾਰੇ ਪੰਜਾਬ ਤੋਂ ਅੱਗੇ ਓਂ।ਮੈਂ ਏਸ ਗੱਲ ਦੀ ਤੁਹਾਨੂੰ ਵਧਾਈ ਦੇਣੀ ਚਾਹੁੰਨਾਂ। ਅੱਜ ਜਦੋਂ ਮੈਂ ਤੁਹਾਡੇ ਕੋਲ ਏਥੇ ਆਇਆ ਤਾਂ ਆਉਂਦਿਆਂ ਹੀ ਸਭ ਤੋਂ ਪਹਿਲੀ ਗੱਲ ਇਹ ਪੁੱਛੀ ਕਿ ਨੂਰਪੁਰ ਬੇਦੀ ਪਿੰਡ ਐ ਜਾਂ ਸਹਿਰ ਐ ? ਕਹਿੰਦੇ ਜੀ ਪੰਚਾਇਤ ਐ ਏਥੇ, ਇਹ ਪਿੰਡ ਐ। ਤੁਸੀਂ ਬੈਠੇ ਓ ਪਿੰਡ ਵਾਲੇ, ਮੈਂ ਵੀ ਪਿੰਡ ਦਾ ਜੰਮਿਆ-ਪਲਿਆਂ। ਕੱਚੇ ਕੋਠਿਆਂ 'ਚੋਂ ਜੰਮ ਕੇ ਆਇਆਂ। ਕੋਈ ਮੀਂਹ ਇਹੋ ਜਿਹਾ ਨਹੀਂ ਸੀ ਜਦੋਂ ਚੋਂਦੀ ਛੱਤ ਦੇ ਉੱਤੇ ਚੋਆ ਮਾਰਨ ਲਈ ਨਾ ਚਡ਼੍ਹੇ ਹੋਈਏ। ਕਿਉਂਕਿ ਮੈਂ ਪਿੰਡ 'ਚੋਂ ਆਇਆਂ, ਇਸ ਲਈ ਮੈਂ ਤੁਹਾਡੇ ਪਿੰਡ ਬਾਰੇ, ਤੁਹਾਡੇ ਪਿੰਡ ਵਿੱਚ ਬਗੈਰ ਘੁੰਮੇ ਇਹ ਗੱਲ ਜਾਣਦਾਂ ਕਿ ਦੱਸੋ ਤੁਹਾਡੇ ਪਿੰਡ ਵਿੱਚ ਕੋਈ ਛੱਪਡ਼ ਹੈਨੀ੍ਹਂ ਗਾ ? ਅਜ ਤੱਕ ਕਦੇ ਤੁਸਾਂ ਪਿੰਡ ਕੋਈ ਵੇਖਿਆ ਜਿੱਥੇ ਛੱਪਡ਼ ਨਾ ਹੋਵੇ..? ਹਰ ਪਿੰਡ ਵਿੱਚ ਛੱਪਡ਼ ਹੁੰਦਾ ਏ, ਪਰ ਤੁਸਾਂ ਕਦੇ ਸੋਚਿਆ ਇਹ ਬਣਿਆ ਕਿੱਦਾਂ ਏ ? ਤੁਹਾਡੇ ਵੱਡੇ-ਵਡੇਰਿਆਂ ਨੇ ਪਿੰਡ ਬਣਾਉਣ ਲੱਗਿਆਂ ਜਿੱਥੇ ਮਿੱਟੀ ਲਾਈ ਓਥੇ ਕੋਠੇ ਪੈ ਗਏ, ਜਿੱਥੋਂ ਮਿੱਟੀ ਪੁੱਟੀ ਸੀ ਓਥੇ ਛੱਪਡ਼ ਬਣ ਗਏ। ਜੇ ਕੋਠੇ ਉੱਚੇ ਹੋਏ ਤਾਂ ਛੱਪਡ਼ ਹੋਰ ਡੂੰਘਾ ਹੋਇਆ। ਬੱਸ ਆਹ ਛੱਪਡ਼ ਨੂੰ ਸਮਝ ਲਓ। ਆਹ ਜਿਹਡ਼ੇ ਟਾਟੇ, ਬਿਰਲੇ, ਅੰਬਾਨੀਏ ਐ........ ਕੋਈ ਕਹਿੰਦਾ ਜੀ ਇੱਕ ਲੱਖ ਪੰਝੱਤਰ ਹਜ਼ਾਰ ਕਰੋਡ਼ ਰੁਪਿਆ ਮੇਰੇ ਕੋਲ 'ਕੱਠਾ ਹੋ ਗਿਆ। ਇਹ ਏਨਾ ਪੈਸਾ ਉਨ੍ਹਾਂ ਕੋਲ ਕਿੱਥੋਂ ਆਇਆ ? ਤੁਹਾਨੂੰ ਛੱਪਡ਼ ਬਣਾ ਕੇ, ਤੁਹਾਡੇ ਸਿਰ ਮੁੰਨ ਕੇ ਤੁਹਾਡੀ ਕਮਾਈ ਓਥੇ ਜਾ ਕੇ ਲੱਗੀ ਐ ਇਹ। ਤੁਸੀਂ ਗਰੀਬੀ ਦੀਆਂ ਗੱਲਾਂ ਕਰਦੇ ਓਂ, ਮੈਂ ਦਾਅਵੇ ਨਾਲ ਕਹਿੰਦਾਂ, ਇਹ ਛੱਪਡ਼ ਓਨਾ ਚਿਰ ਪੂਰੇ ਨਹੀਂ ਜਾਣੇ ਜਿੰਨਾ ਚਿਰ ਦਿੱਲੀ, ਬੰਬਈ, ਕਲਕੱਤੇ ਦੇ ਵੱਡੇ ਚੁਬਾਰਿਆਂ ਦੇ ਬਨੇਰੇ ਨਹੀਂ ਢਾਹੁੰਦੇ, ਓਨਾ ਚਿਰ ਇਹ ਛਪੱਡ਼ ਪੂਰੇ ਈ ਨ੍ਹੀਂ ਜਾਣੇ। ਅਸੀਂ ਲੋਕਾਂ ਨੂੰ ਏਸ ਗੱਲ ਲਈ ਤਿਆਰ ਕਰਦੇ ਆਂ ਕਿ ਛੱਪਡ਼ਾਂ ਨੂੰ ਪੂਰਨ ਦਾ ਚੇਤਾ ਕਰੋ। ਆਹ ਪਿੰਡ-੨ ਵੱਸਦੇ ਛੱਪਡ਼ਾਂ ਵੱਲ ਵੇਖੋ।ਇਸ ਗਰੀਬੀ ਦਾ ਇਲਾਜ ਲੱਭੋ। ਭਗਤ ਸਿੰਘ ਦੀਆਂ ਗੱਲਾਂ ਦਾ ਰਾਜ਼ ਸਮਝੋ। ਤੁਸੀਂ ਜਗਦੇ ਮੱਥਿਆਂ ਵਾਲੇ ਲੋਕ ਓਂ। ਤੁਸੀਂ ਏਥੇ ਏਸ ਗੱਲ ਵਾਸਤੇ ਆਏ ਓ, ਤੇ ਮੈਂ ਤੁਹਾਨੂੰ ਇਹ ਕਹਾਂਗਾ ਕਿ ਮੈਂ ਹੁਣੇ ਇਹ ਗੱਲ ਕੀਤੀ ਐ ਕਿ ਅਸੀਂ ਧਰਮ ਦੇ ਵਿਰੋਧੀ ਨਹੀਂ। ਧਰਮ ਦੇ ਨਾਂ ਤੇ ਧੋਖਾ-ਧਡ਼ੀ ਦੇ ਵਿਰੋਧੀ ਆਂ। ਧੋਖਾ-ਧਡ਼ੀ ਕੀ ਹੁੰਦੀ ਏ ? ਆਹ ਹੁਣੇ ਗੱਲ ਚੱਲਦੀ ਪਈ ਸੀ ਇੱਕ ਧਰਮ ਸਿੰਘ ਸੀ ਜਿਹਡ਼ਾ ਧਰਮਾ ਨੰਦ ਬਣ ਗਿਆ। (ਏਸ ਨਾਟਕ ਮੇਲੇ ਦੋਰਾਨ ਨੇਕੀ ਗਰੁੱਪ ਪਟਿਆਲਾ ਵਲੋਂ ਖੇਡੇ ਗਏ ਨਾਟਕ "ਇੱਕ ਸੀ ਦਰਿਆ" ਦਾ ਇੱਕ ਪਾਤਰ ਧਰਮਾ ਨੰਦ)। ਗੁਰੂ ਨਾਨਕ ਸਾਹਿਬ ਨੇ ਵੀ ਜਾ ਕੇ ਸਿੱਧਾਂ ਨਾਲ ਸਿੱਧੀ ਗੱਲ-ਬਾਤ ਕੀਤੀ ਸੀ। ਸਿੱਧਾਂ ਕੋਲ ਜਾ ਕੇ ਬਾਬੇ ਨੇ ਪੁੱਛਿਆ "ਤੁਸੀਂ ਲੋਕ ਕੀ ਕਰਦੇ ਓਂ?" ਕਹਿੰਦੇ ਭਗਤੀ ਕਰਦੇ ਆਂ। ਫ਼ਾਇਦਾ ਕੀ ਏ ਇਸ ਭਗਤੀ ਦਾ ? ਕਹਿੰਦੇ ਮੋਕਸ਼ ਪ੍ਰਾਪਤ ਹੋਜੂਗਾ, ਮੁਕਤੀ ਪ੍ਰਾਪਤ ਹੋ ਜਾਊਗੀ।ਬਾਬਾ ਜੀ ਨੇ ਕਿਹਾ ਬਈ ਰੋਟੀ ਤੋਂ ਬਗੈਰ ਤਾਂ ਤੁਸੀ ਜਿਉਂਦੇ ਨ੍ਹੀਂ ਰਹਿ ਸਕਦੇ। ਕਬੀਰ ਜੀ ਨੇ ਕਿਹੈ, "ਭੂਖੇ ਭਗਤਿ ਨਾ ਕੀਜੈ, ਜੇ ਮਾਲਾ ਅਪਨੀ ਲੀਜੈ"। ਅਰਥਾਤ ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ। ਭਲਕੇ ਉੱਠ ਕੇ ਤੁਸੀਂ ਮਾਲਾ ਤਾਂ ਹੀ ਫੇਰੋਂਗੇ ਜੇ ਅੱਜ ਰੋਟੀ ਖਾਓਂਗੇ, ਤੁਸੀਂ ਇਹ ਪੇਟ ਦੀ ਪੂਜਾ ਕਿਵੇਂ ਕਰਦੇ ਓ ? ਕਹਿੰਦੇ ਜੀ ਆਸੇ-ਪਾਸੇ ਗ੍ਰਹਿਸਤੀਆਂ ਨੇ, ਪਿੰਡ ਨੇ। ਉਹ ਸਾਨੂੰ ਖਾਣ ਨੂੰ ਦੇ ਜਾਂਦੇ ਨੇ। ਬਾਬੇ ਨੇ ਕਿਹਾ ਫਿਰ ਖਾਣ ਨੂੰ ਤੁਹਾਨੂੰ ਉਹ ਦੇ ਜਾਂਦੇ ਐ, ਮਾਲ਼ਾ ਫੇਰਨ ਜੋਗੇ ਤਾਂ ਤੁਹਾਨੂੰ ਉਹ ਕਰਦੇ ਐ। ਇੱਕ ਹੋਰ ਗੱਲ, ਜਦੋਂ ਮੁਕਤੀ ਪ੍ਰਾਪਤ ਹੋ ਜਾਏਗੀ, ਮੋਕਸ਼ ਪ੍ਰਾਪਤ ਹੋਊਗਾ, ਤੁਸੀਂ ਤਾਂ ਸਵਰਗ ਨੂੰ ਜਾਓਗੇ ਹੀ, ਆਹ ਜਿਹਡ਼ੇ ਪਿੰਡ ਵਾਲੇ ਲੋਕ ਐ, ਕੀ ਉਨ੍ਹਾਂ ਨੂੰ ਵੀ ਨਾਲ ਲੈ ਜਾਓਗੇ ? ਕਹਿੰਦੇ ਨਹੀਂ ਇਨ੍ਹਾਂ ਨੇ ਭਗਤੀ ਨਹੀਂ ਕੀਤੀ, ਅਸੀਂ ਹੀ ਕੀਤੀ ਏ, ਇਸ ਲਈ ਅਸੀਂ ਹੀ ਜਾਵਾਂਗੇ। ਬਾਬਾ ਨਾਨਕ ਜੀ ਕਹਿੰਦੇ ਤੁਸੀਂ ਤਾਂ ਬਡ਼ੇ ਮਤਲਬੀ ਓਂ, ਆਪ ਤਾਂ ਭਗਤੀ ਕਰ ਕੇ ਚਲੇ ਜਾਓਗੇ, ਆਹ ਜਿਨ੍ਹਾਂ ਦਾ ਲੂਣ ਖਾਂਦੇ ਓ, ਜਿਹਡ਼ੇ ਤੁਹਾਨੂੰ ਮਾਲ਼ਾ ਫੇਰਨ ਜੋਗਾ ਕਰਦੇ ਐ, ਜੇ ਇਨ੍ਹਾਂ ਨੂੰ ਏਥੇ ਹੀ ਛੱਡ ਜਾਓਗੇ ਤਾਂ ਤੁਹਾਡੇ ਨਾਲੋਂ ਵੱਡਾ ਬੇਈਮਾਨ ਕੋਣ ਹੋ ਸਕਦਾ ? ਉਸ ਤੋਂ ਬਾਅਦ ਬਾਬੇ ਨੇ ਆ ਕੇ ਕਰਤਾਰ ਪੁਰ 'ਚ ਹਲ਼ ਵਾਹਿਆ। ਅੱਜਕਲ ਉਹ ਤਸਵੀਰਾਂ ਲੱਭਦੀਆਂ ਨਹੀਂ। ਬਾਬੇ ਨਾਨਕ ਦੀਆਂ ਹਲ ਵਾਹੁੰਦੇ ਦੀਆਂ ਪੁਰਾਣੀਆਂ ਤਸਵੀਰਾਂ ਸੀ।ਬਾਬੇ ਨਾਨਕ ਦੇ ਸਿਰ ਉੱਤੇ ਪੱਠਿਆਂ ਦੀ ਪੰਡ ਚੁੱਕੀ ਵਾਲੀਆਂ ਤਸਵੀਰਾਂ ਸੀ। ਅੱਜਕਲ ਨਹੀਂ ਲੱਭਦੀਆਂ ਪਤੈ ਕਿਉ ? ਕਿਉਂਕਿ ਅੱਜਕਲ ਜਿਹਡ਼ੇ ਬਾਬੇ ਨੇ ਕਾਰਾਂ ਤੇ ਲਾਲ ਬੱਤੀਆਂ ਲਾਉਣ ਵਾਲੇ ਜਾਂ ਹੋਰ ਇਹੋ ਜਿਹੇ। ਉਹ ਜੇ ਕਿਸੇ ਘਰ ਪ੍ਰਸ਼ਾਦਾ ਛਕਣ ਜਾਣ ਤੇ ਜਾਂਦਿਆਂ ਨੂੰ ਬਾਬੇ ਨਾਨਕ ਦੀ ਫੋਟੋ ਲੱਗੀ ਹੋਵੇ ਹਲ਼ ਵਾਹੁੰਦੇ ਦੀ ਜਾਂ ਪੱਠੇ ਚੁੱਕੀ ਆਉਂਦੇ ਦੀ, ਤਾਂ ਇਨ੍ਹਾਂ ਨੂੰ ਓਸੇ ਵੇਲੇ ਸੱਪ ਲਡ਼ ਜਾਣੈ ਬਈ ਅਸੀਂ ਕਿੱਥੇ ਆ ਗਏ ? ਜਿਹਡ਼ਾ ਏਥੇ ਬੈਠਾ ਸਾਨੂੰ ਰੋਟੀ ਖਵਾਉਂਦਾ, ਉਹ ਆਖੇਗਾ ਕਿ ਸਾਡਾ ਬਾਬਾ ਤਾਂ ਕਮਾ ਕੇ ਖਾਂਦਾ ਸੀ, ਤੁਸੀਂ ਮੁਫ਼ਤ ਦੀਆਂ ਈ ਖਾਈ ਜਾਂਦੇ ਓ ? ਬਾਬੇ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ। ਇਹ ਕਿਰਤ ਕਰਨ ਤੋਂ ਟਲ਼ ਗਏ ਐ। ਸਾਰੇ ਹੀ ਬਾਬੇ ਅੱਜਕਲ ਕਿਰਤ ਨੂੰ ਛੱਡ ਕੇ ਸਿਰਫ਼ ਨਾਮ ਦੀ ਮਹਿਮਾ ਤੱਕ ਹੀ ਸੀਮਿਤ ਰਹਿ ਗਏ ਨੇ। ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਮਿਹਨਤ ਕਰਨ ਵਾਲੇ ਲੋਕ ਓ, ਤੁਸੀਂ ਕਿਸੇ ਦਾ ਦਿੱਤਾ ਖਾਣ ਵਾਲੇ ਲੋਕ ਨਹੀਂ। ਤੁਸੀਂ ਏਸ ਗੱਲ ਦਾ ਖਿਆਲ ਰੱਖਿਓ ਕਿ ਜਿਹਡ਼ੇ ਅੱਜਕਲ ਬਹੁਤੇ ਕੋਮਲ ਸਰੀਰਾਂ ਵਾਲੇ ਸਾਧ ਤੁਰੇ ਫਿਰਦੇ ਐ, ਇਹ ਬਾਬੇ ਨਾਨਕ ਦੇ ਵੇਲੇ ਦੇ ਸਿੱਧਾਂ ਵਾਲੇ ਐ, ਜਿਨ੍ਹਾਂ ਨੂੰ ਬਾਬੇ ਨੇ ਕਿਹਾ ਸੀ ਕਿ ਨਾਂਓ ਹੀ ਸਿੱਧ ਐ ਕੰਮ ਤਾਂ ਤੁਸੀਂ ਪੁੱਠੇ ਈ ਕਰਨੇ ਐ। ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ, ਕਿ ਧਰਮ ਦੇ ਨਾਂ ਤੇ ਬਹੁਤ ਲਡ਼ਾਇਆ ਜਾਂਦੈ।ਸਾਨੂੰ ਕਿਹਾ ਜਾਂਦੈ ਸਿੱਖ ਧਰਮ ਚੰਗਾ ਏ ਹਿੰਦੂ ਧਰਮ ਮਾਡ਼ਾ ਏ।ਫਲਾਣਾ ਧਰਮ ਚੰਗਾ ਏ ਤੇ ਫਲਾਂ ਮਾਡ਼ਾ ਏ। ਧਰਮ ਕੋਈ ਮਾਡ਼ਾ ਨਹੀਂ ਹੁੰਦਾ, ਤੇ ਕੋਈ ਦੂਜਿਆਂ ਤੋਂ ਵੱਖਰਾ ਚੰਗਾ ਨਹੀਂ ਹੁੰਦਾ।ਮੈਨੂੰ ਇੰਗਲੈਂਡ 'ਚ ਇੱਕ ਸੱਜਣ ਮਿਲਿਆ। ਕਹਿਣ ਲੱਗਾ ਜਦੋਂ ਖਾਲਸਾ ਸਾਜਤਾ ਉਦੋਂ ਗੁਰੂ ਸਾਹਿਬ ਨੇ ਸਾਰੇ ਧਰਮ ਰੱਦ ਕਰ ਦਿੱਤੇ ਸੀ। ਮੈਂ ਕਿਹਾ ਇਹ ਤੇਰੀ ਸੋਚ ਹੋਊ, ਮੇਰੀ ਨਹੀਂ। ਕਿਊਂ ? ਮੈਂ ਕਿਹਾ ਤੂੰ ਪਡ਼੍ਹਿਆ ਥੋਡ਼੍ਹਾ ਏ, ਤੂੰ ਸਿਰਫ਼ ਮੱਥਾ ਟੇਕਿਆ ਏ। ਮੈਂ ਪਡ਼੍ਹਿਆ ਏ, ਮੈਨੂੰ ਪਤੈ ਕਿ ਗੁਰੂ ਗ੍ਰੰਥ ਸਾਹਿਬ 'ਚ ਇਹ ਲਿਖਿਐ ਕਿ "ਵੇਦ ਕੁਤੇਬ ਕਹੈ ਸਭ ਝੂਠੇ, ਝੂਠਾ ਜੋ ਨਾ ਵੀਚਾਰੈ"। ਜੀਹਨੇ ਵੇਦ ਨੂੰ ਪਡ਼੍ਹਿਆ ਨਹੀਂ ਉਹ ਵੇਦ ਨੂੰ ਝੂਠਾ ਆਖੇਗਾ ਤੇ ਜਿਸਨੇ ਕੁਤੇਬ (ਕੁਰਾਨ) ਨੂੰ ਨਹੀਂ ਪਡ਼੍ਹਿਆ ਉਹ ਕੁਤੇਬ ਨੂੰ ਝੂਠਾ ਆਖੇਗਾ।ਪਰ ਮੈਂ ਤੈਨੂੰ ਇੱਕ ਗੱਲ ਦੱਸ ਦੇਵਾਂ, ਕਿ ਬਾਬਾ ਨਾਨਕ ਮੱਕੇ ਗਿਆ ਸੀ, ਬਾਬਾ ਬਗਦਾਦ ਗਿਆ ਸੀ। ਮੱਕੇ ਵਿੱਚ ਹਾਜੀਆਂ ਨੇ ਪੁੱਛਿਆ ਕਿ ਬਾਬਾ! ਬਾਕੀ ਗੱਲਾਂ ਛੱਡ, ਇਹ ਦੱਸ ਕਿ ਹਿੰਦੂ ਵੱਡੈ ਕਿ ਮੁਸਲਮਾਨ ? ਉਦੋਂ ਸਿੱਖ ਧਰਮ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਜਿਹਡ਼ੀ ਗੱਲ ਹੋਈ ਉਹ ਭਾਈ ਗੁਰਦਾਸ ਜੀ ਨੇ ਲਿਖੀ ਐ,"ਪੂਛਨ ਫ਼ੋਲ ਕਿਤਾਬ ਨੋ, ਹਿੰਦੂ ਵਡਾ ਕਿ ਮੁਸਲਮਾਨ ਵਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋ ਰੋਈ"। ਅਰਥਾਤ ਜੇ ਕਰਤੂਤਾਂ ਚੰਗੀਆਂ ਨਹੀਂ ਤਾਂ ਹਿੰਦੂ ਵੀ ਰੋਵੇਗਾ ਤੇ ਮੁਸਲਮਾਨ ਵੀ ਰੋਵੇਗਾ। ਗੱਲ ਕਰਤੂਤਾਂ ਦੀ ਹੋਣੀ ਐ। ਅਮਲਾਂ ਦੀ, ਕਿਰਦਾਰ ਦੀ ਗੱਲ ਹੋਣੀ ਐ ਪਹਿਰਾਵੇ ਦੀ ਗੱਲ ਬਿਲਕੁਲ ਨਹੀਂ ਹੋਣੀ। ਪਰ ਕਿਰਦਾਰ ਦੇ ਪੱਖੋਂ ਬਹੁਤੇ ਸੱਜਣ ਇਹੋ ਜਿਹੇ ਐ ਕਿ "ਗੱਲੀਂ ਅਸੀਂ ਚੰਗੀਆਂ, ਆਚਾਰੀਂ ਬੁਰੀਆਂ......।" ਭਾਵ ਅੰਦਰੋਂ ਅਸੀਂ ਕਾਲੇ, ਕਾਲਖ਼ ਭਰੀ ਹੋਈ ਐ, ਤੇ ਬਾਹਰੋਂ ਅਸੀਂ ਬਡ਼ੇ ਧਰਮੀ-ਕਰਮੀ ਨੇਕ ਬੰਦੇ ਬਣਦੇ ਆਂ। ਇਸ ਗੱਲ ਦਾ ਚੇਤਾ ਭੁੱਲ ਜਾਂਦੈ ਕਿ ਬਾਬੇ ਨਾਨਕ ਨੇ ਇੱਕ ਗੱਲ ਹੋਰ ਵੀ ਕਹੀ ਸੀ ਕਿ, " ਨਾ੍ਹਵਣ ਚੱਲੇ ਤੀਰਥੀਂ, ਮਨ ਖੋਟੇ ਤਨ ਚੋਰ,ਇੱਕ ਭਉ ਲੱਥਾ ਨ੍ਹਾਤਿਆਂ ਦੁਇ ਭਉ ਚਡ਼੍ਹੀਅਸੁ ਹੋਰ, ਬਾਹਰੋਂ ਧੋਤੀ ਤੂੰਬਡ਼ੀ, ਅੰਦਰੋਂ ਵਿੱਸ ਨਕੋਰ।" ਪਰ ਜੇ ਵਿੱਸ ਨਕੋਰ ਨਾ ਹੋਵੇ, ਸਿਰਫ਼ ਤੂੰਬਡ਼ੀ ਵਾਂਗੂੰ ਬਾਹਰੋਂ ਹੀ ਧੋਤੇ ਨਾ ਹੋਣ, ਤਾਂ ਆਹ ਗੋਲਕਾਂ ਦੀਆਂ ਲਡ਼ਾਈਆਂ ਕਾਹਨੂੰ ਪੈਣੀਆਂ ਸਨ ? ਅੱਜ ਕੀ ਨਹੀਂ ਹੋ ਰਿਹਾ ? ਇਹ ਸਾਰਾ ਕੁੱਝ ਇਸ ਲਈ ਹੋ ਰਿਹੈ.......... ਪਰ ਇਹ ਇੱਕ ਧਰਮ 'ਚ ਨਹੀਂ ਸਾਰੇ ਧਰਮਾਂ 'ਚ ਗੋਲਕਾਂ ਦੀ ਲਡ਼ਾਈ ਚੱਲ ਰਹੀ ਹੈ। ਕਿਸੇ ਥਾਂ ਤੋਂ ਜੱਥੇਦਾਰੀਆਂ ਤੋਂ ਲਡ਼ਦੇ ਐ। ਕਿਤੇ ਇੱਕ-ਇੱਕ ਪੀਠ ਦੇ ਤਿੰਨ-੨ ਸ਼ੰਕਰਾਚਾਰੀਆ ਬਣ ਜਾਂਦੇ ਐ। ਅਤੇ ਲੋਕਾਂ ਨੂੰ ਕਹਿੰਦੇ ਐ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੋ। ਪਰ ਏਥੇ ਸੰਤਾਂ ਦੇ ਉੱਤੇ, ਸਵਾਮੀਆਂ ਦੇ ਉੱਤੇ ਕਾਮ ਅਪਣੇ ਪਰਿਵਾਰ 'ਚ ਨਹੀਂ ਹੁੰਦਾ, ਲੋਕਾਂ ਦੀਆਂ ਧੀਆਂ ਭੈਣਾਂ ਖਰਾਬ ਕਰਨ ਵਾਲਾ ਕੰਮ ਸ਼ੁਰੂ ਕੀਤਾ ਪਿਐ। ਤੀਜੇ ਦਿਨ ਬਦਨਾਮੀ ਹੁੰਦੀ ਪਈ ਐ। ਇਹ ਸਾਰਾ ਕੁੱਝ ਕੀ ਹੁੰਦਾ ਪਿਐ ? ਮੈਂ ਇੱਕ ਤੁਹਾਡੇ ਕੋਲ ਬੇਨਤੀ ਕਰਨੀ ਚਾਹੁੰਦਾਂ ਕਿ ਜੇ ਅੱਜ ਭਗਤ ਸਿੰਘ ਹੁੰਦਾ ਤਾਂ ਉਹ ਚੁੱਪ ਕਰਕੇ ਨਾ ਬੈਠਦਾ। ਉਹ ਸਾਰੀ ਕਿਸਮ ਦੇ ਕੂਡ਼-ਕੁਸਪ ਦੇ ਖ਼ਿਲਾਫ਼ ਜਿਸ ਤਰਾਂ ਦੀ ਲਡ਼ਾਈ ਉਨ੍ਹੇ ਉਦੋਂ ਲਡ਼ੀ ਸੀ, ਜਿਵੇਂ ਉਦੋਂ ਉਹਨੇ ਅੰਗਰੇਜ਼ ਦੇ ਤਖ਼ਤ ਨੂੰ ਲਲਕਾਰਿਆ ਸੀ, ਉਹਨੇ ਅੱਜ ਵੀ ਤੁਹਾਡੇ ਨਾਲ ਹੀ ਖਡ਼ੇ ਹੋਣਾ ਸੀ। ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਚਾਹੁੰਨਾਂ ਕਿ ਅੱਜ ਦੇ ਇਸ ਪ੍ਰੋਗਰਾਮ 'ਚ ਜਦੋਂ ਤੁਸੀਂ ਆਏ ਹੋ, ਭਗਤ ਸਿੰਘ ਦੀ ਫੋਟੋ ਵੱਲ ਨਾ ਵੇਖੋ। ਭਗਤ ਸਿੰਘ ਦੀ ਸੋਚ ਨੂੰ ਅਪਣੇ ਮੱਥੇ 'ਚ ਲੈ ਕੇ ਜਾਇਓ। ਫੋਟੋ ਬਾਰੇ ਸਿਰਫ਼ ਇੱਕ ਗੱਲ ਯਾਦ ਰੱਖਿਓ ਜਿਹਡ਼ੀ ਮੈਂ ਪਹਿਲਾਂ ਵੀ ਕਹੀ ਐ ਕਿ ਪੱਗ ਵਾਲਾ ਵੀ ਭਗਤ ਸਿੰਘ ਐ, ਟੋਪੀ ਵਾਲਾ ਵੀ ਭਗਤ ਸਿੰਘ ਐ। ਜੇ ਉਹ ਦੋਵੇਂ ਨਾ ਹੋਣ ਤਾਂ ਖਾਲੀ ਰੱਸੇ ਵਿੱਚੋਂ ਵੀ ਸਾਨੂੰ ਭਗਤ ਸਿੰਘ ਦਿਸਣੈ। ਪਰ ਭਗਤ ਸਿੰਘ ਨਹੀਂ ਭਗਤ ਸਿੰਘ ਦੀ ਸੋਚ ਦਿਸਣੀ ਚਾਹੀਦੀ ਹੈ। ਓਸ ਸੋਚ ਨੂੰ ਲੈ ਕੇ ਜਿੱਥੇ-੨ ਖਡ਼ੇ ਓ, ਏਸ ਸਮਾਜ ਦੇ ਵਿੱਚ ਤੁਹਾਨੂੰ ਕੁਰੱਪਸ਼ਨ ਦੇ ਖਿਲਾਫ਼ ਵੀ ਲ਼ਡ਼ਨਾ ਪੈਣੈ। ਏਸ ਸਮਾਜ ਦੇ ਵਿੱਚ ਤੁਹਾਨੂੰ ਜਾਤ-ਪਾਤ, ਨਸ਼ੇ ਦੇ ਖਿਲਾਫ਼ ਵੀ ਲਡ਼ਨਾ ਪੈਣਾ ਏ। ਨਸ਼ੇ..... ਪਤਾ ਨਹੀਂ ਕਿੰਨੀ ਕਿਸਮ ਦੇ ਨਸ਼ੇ ਐ ਸਮੈਕ ਆਦਿ, ਜਦੋਂ ਕਾਂਗਰਸ ਦਾ ਰਾਜ ਹੁੰਦੈ ਤਾਂ ਕਾਂਗਰਸ ਦੇ ਬੰਦੇ ਨਸ਼ੇ ਵੇਚਦੇ ਐ, ਜਦੋਂ 'ਕਾਲੀ ਭਾਜਪਾ ਦਾ ਰਾਜ ਹੋਵੇ ਤਾਂ 'ਕਾਲੀਆਂ ਦੇ ਬੰਦੇ ਨਸ਼ੇ ਵੇਚਦੇ ਫਡ਼ੇ ਜਾਂਦੇ ਐ। ਤੁਹਾਨੂੰ ਏਹਦੇ ਖਿਲਾਫ਼ ਵੀ ਲਡ਼ਨਾ ਪੈਣੈ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਦੇ ਯੁਗ ਵਿੱਚ ਤੁਹਾਨੂੰ ਧੀ-ਭੈਣ ਦੀ ਇੱਜ਼ਤ ਦੇ ਸਵਾਲ ਦੇ ਉੱਤੇ ਵੀ ਲਡ਼ਨਾ ਪੈਣਾ। ਮੈਂ ਇਹ ਗੱਲ ਏਸ ਕਰਕੇ ਕਹਿਣੀ ਚਾਹੁੰਨਾਂ ਕਿ ਅੱਜ ਕਲਚਰ ਦੇ ਨਾਂ ਦੇ ਉੱਤੇ ਲੱਚਰਪੁਣਾ ਬਹੁਤ ਆ ਗਿਆ। ਲੱਚਰਪੁਣਾ ਏਨਾ ਵਧ ਗਿਆ ਕਿ......... ਕਈ ਸਾਲ ਪਹਿਲਾਂ ਮੈਂ ਇੱਕ ਸੱਭਿਆਚਾਰਕ ਸਮਾਗਮ ਦੇ ਵਿੱਚ ਕੁੱਝ ਕਲਾਕਾਰਾਂ ਨੂੰ ਮਿਲ ਪਿਆ।ਪੰਜਾਬ ਦੇ ਗਾਉਣ ਵਾਲੇ ਮੁੰਡੇ ਸੀ, ਨਿੱਤ ਮੈਨੂੰ ਮਿਲਦੇ ਹੁੰਦੇ ਸੀ। ਮੈਨੂੰ ਕਹਿੰਦੇ ਕਿ ਕਦੇ ਤੁਸੀਂ ਸਾਡੇ ਬਾਰੇ ਵੀ ਕੁੱਝ ਲਿਖ ਦਿਓ। ਮੈਂ ਹੱਸ ਕੇ ਆਖਿਆ ਕਿ ਮੈਂ ਲੀਡਰਾਂ ਬਾਰੇ ਲਿਖਿਆ, ਉਹ ਮੇਰੇ ਨਾਲ ਬੋਲਣੋਂ ਹਟ ਗਏ, ਮੈਂ ਸਾਧਾਂ ਬਾਰੇ ਲਿਖਿਆ ਉਹ ਰੁੱਸ ਗਏ। ਜਿਸ ਦਿਨ ਮੈਂ ਤੁਹਾਡੇ ਬਾਰੇ ਲਿਖਿਆ ਉਸ ਦਿਨ ਤੁਸੀਂ ਵੀ ਮੇਰੇ ਨਾਲ ਬੋਲਣੋਂ ਹਟ ਜਾਣੈ। ਉਹ ਕਹਿੰਦੇ ਨਹੀਂ ਜੀ ਅਸੀਂ ਬੋਲਣੋਂ ਨਹੀਂ ਹਟਦੇ ਤਾਂ ਮੈਂ ਕਿਹਾ ਫਿਰ ਤਿਆਰ ਹੋ ਜਾਓ ਮੈਂ ਅਗਲੇ ਹਫ਼ਤੇ ਲਿਖਾਂਗਾ। ਫਿਰ ਮੈਂ ਲਿਖਿਆ ਕਿ ਪੰਜਾਬ ਦਾ ਕਲਚਰ ਉਹ ਸੀ, ਜਿੱਥੇ ਪਿੰਡਾਂ ਵਿੱਚ ਰਾਤ ਨੂੰ ਬਰਾਤਾਂ ਘੋਡ਼ੀਆਂ ਤੇ ਆਉਂਦੀਆਂ ਸਨ। ਤੇ ਘੋਡ਼ੀਆਂ ਨੂੰ ਕੁਡ਼ੀ ਵਾਲਿਆਂ ਦਾ ਪਰਿਵਾਰ ਨਹੀਂ ਸੀ ਸਾਂਭਦਾ, ਸਾਰੇ ਪਿੰਡ ਦੇ ਲੋਕ ਇੱਕ-ਇੱਕ ਘੋਡ਼ੀ ਲੈ ਜਾਂਦੇ ਸੀ। ਉਨ੍ਹਾਂ ਨੂੰ ਕੁਡ਼ੀ ਵਾਲਿਆਂ ਦਾ ਪਿੰਡ ਸਾਂਭਦਾ ਸੀ। ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ, ਓਸ ਨੂੰ ਸਾਰੇ ਪਿੰਡ ਦੀ ਇੱਜ਼ਤ ਕਹਿੰਦੇ ਸੀ। ਹੁਣ ਸਾਡਾ ਕਲਚਰ ਗਾਉਣ ਵਾਲਿਆਂ ਨੇ ਏਥੇ ਪਹੁੰਚਾ ਦਿੱਤਾ ਕਿ ਗੀਤਾਂ ਵਿੱਚ ਗਾਲ਼ਾਂ ਬੋਲਦੇ ਐ। ਅਖੇ "ਪਿੰਡ ਦਿਓ ਮੁੰਡਿਓ ਹੁਣ ਕੀ ਵੇਖਦੇ ਲੰਘਗੀ ਮਜਾਜਣ ਖਹਿ ਕੇ ਰੰਨ ਬੋਤਲ ਵਰਗੀ, ਚੱਕਲੋ ਵਾਹਿਗੁਰੂ ਕਹਿਕੇ.......।" ਮੈਂ ਉਨ੍ਹਾਂ ਨੂੰ ਕਿਹਾ ਕਿ ਗੱਲ ਸੁਣੋ ਤੁਸਾਂ ਕਲਚਰ ਏਥੇ ਪਹੁੰਚਾ ਦਿੱਤੈ ਕਿ ਵਾਹਿਗੁਰੂ ਕਹਿਕੇ ਕਿਸੇ ਡਿੱਗੇ ਨੂੰ ਨਾ ਚੁੱਕਿਓ, ਵਾਹਿਗੁਰੂ ਕਹਿਕੇ ਕਿਸੇ ਦੇ ਅੱਥਰੂ ਨਾ ਪੂੰਝਿਓ, ਵਾਹਿਗੁਰੂ ਕਹਿਕੇ ਖੂਨਦਾਨ ਕਰਨ ਨਾ ਜਾਇਓ ਪਰ ਵਾਹਿਗੁਰੂ ਕਹਿਕੇ ਗੁਆਂਢੀਆਂ ਦੀ ਕੁਡ਼ੀ ਤੁਰੀ ਜਾਂਦੀ ਉਹਨੂੰ ਚੁੱਕ ਲਓ ? ਪਰ ਇਹ ਕਦੇ ਸੋਚਿਐ ਕਿ ਗੁਆਂਢੀਆਂ ਦੇ ਮੁੰਡੇ ਦਾ ਕਿਹਡ਼ਾ ਮੂੰਹ ਬੱਧਿਆ ਏ, ਵਾਹਿਗੁਰੂ ਉਹਨੂੰ ਵੀ ਕਹਿਣਾ ਆਉਂਦਾ ਏ ਜੇ ਭਲਕੇ ਨੂੰ ਉਹਨੇ ਤੇਰੀ ਭੈਣ ਚੁੱਕ ਲਈ ਵਾਹਿਗੁਰੂ ਕਹਿਕੇ ਫੇਰ ਕੀ ਕਰੇਂਗਾ ? ਇਹ ਲਿਖਣ ਤੋਂ ਬਾਅਦ ਉਹ ਕਲਾਕਾਰ ਬਡ਼ਾ ਚਿਰ ਬੋਲੇ ਨਹੀਂ, ਹੁਣ ਬੋਲਦੇ ਐ ਪਰ ਪਾਸਾ ਜਿਹਾ ਵੱਟ ਕੇ ਬੋਲਦੇ ਐ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਐ ਕਿ ਸਮਾਜ ਦੇ ਵਿੱਚ ਤੁਹਾਨੂੰ ਏਸ ਗੱਲ ਦੇ ਵਾਸਤੇ ਵੀ ਲਡ਼ਨਾ ਪੈਣੈ। ਏਥੇ ਧਰਮ ਕਰਮ ਦੇ ਜਿਹਡ਼ੇ ਲੋਕ ਐ ਉਹ ਵੀ ਇਸਤਰੀ ਨੂੰ ਨੀਵਾਂ ਹੀ ਰੱਖਣਾ ਚਾਹੁੰਦੇ ਐ। ਉੰਝ ਕਹਿੰਦੇ ਨੇ ਬਡ਼ਾ ਸਤਿਕਾਰ ਕਰਦੇ ਨੇ ਪਰ ਜੇ ਸਤਿਕਾਰ ਦੀ ਮੂਰਤੀ ਬਣਾ ਕੇ ਖੂੰਜੇ ਵਿੱਚ ਬਿਠਾਉਣਾ ਏ ਤਾਂ ਇਹ ਸਤਿਕਾਰ ਨਹੀਂ ਹੁੰਦਾ। ਸਤਿਕਾਰ ਤਾਂ ਏ ਜੇ ਉਹਨੂੰ ਬਰਾਬਰ ਦੇ ਹੱਕ ਦਿਓ। ਮੈਂ ਤੁਹਾਡਾ ਕਾਫ਼ੀ ਲੰਮਾ ਸਮਾਂ ਲੈ ਲਿਆ ਏ, ਕੁੱਝ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਏ ਕੁੱਝ ਹੋਰ ਕਰ ਸਕਦਾਂ। ਤੁਸੀਂ ਮੇਰੇ ਅਪਣੇ ਬੈਠੇ ਓ, ਕੁੱਝ ਮੈਥੋਂ ਉਮਰ 'ਚ ਵੱਡੇ ਐ ਮੇਰੇ ਪਿਤਾ ਸਮਾਨ ਐ, ਕੁੱਝ ਬੱਚਿਆਂ ਵਰਗੇ ਵੀ ਐ ਤੇ ਕੁੱਝ ਭਰਾਵਾਂ ਭੈਣਾਂ ਵਰਗੇ ਵੀ ਐ। ਤੁਸੀਂ ਮੇਰੇ ਓ ਮੈਂ ਤੁਹਾਡਾ ਆਂ। ਮੈਂ ਅੱਜ ਪੱਤਰਕਾਰ ਦੇ ਤੋਰ ਤੇ ਨਹੀਂ ਬੋਲ ਰਿਹਾ, ਮੈਂ ਤੁਹਾਡੇ ਅੰਗ ਦੇ ਤੋਰ ਤੇ ਬੋਲ ਰਿਹਾਂ, ਓਸ ਅੰਗ ਦੇ ਤੋਰ ਤੇ ਬੋਲ ਰਿਹਾਂ ਜਿਹਡ਼ਾ ਕਹਿੰਦਾ ਸਮਾਜ ਦੇ ਵਿੱਚ ਗੰਦ ਬਹੁਤ ਪੈ ਗਿਆ। ਗੰਦ ਏਨਾ ਜਿਆਦਾ ਪੈ ਆਿ ਕਿ ਹੁਣ ਸਡ਼੍ਹਾਂਦ ਆਉਂਦੀ ਐ। ਜੇ ਭਗਤ ਸਿੰਘ ਦੇ ਵਾਰਸ ਆਂ ਤਾਂ ਆਪਾਂ ਇਸ ਗੱਲ ਦਾ ਵਾਅਦਾ ਕਰੀਏ ਕਿ ਆਪਾਂ ਗੰਦ ਸਾਫ਼ ਕਰਨ ਦਾ ਯੱਤਨ ਕਰਾਂਗੇ। ਪਰ ਜਿਹਡ਼ੇ ਇਹ ਵਾਅਦਾ ਨਹੀਂ ਕਰ ਸਕਦੇ, ਜਿਹਡ਼ੇ ਕਹਿੰਦੇ ਸਾਡੀ ਸਮਰੱਥਾ ਨਹੀਂ, ਸਾਡੇ ਕੋਲ ਸਮਾਂ ਨਹੀਂ, ਉਹ ਭਗਤ ਸਿੰਘ ਦੀ ਸਹੁੰ ਖਾ ਕੇ ਅਪਣੀ-ਅਪਣੀ ਜ਼ਮੀਰ ਨਾਲ ਇਸ ਗੱਲ ਦਾ ਪ੍ਰਣ ਕਰਕੇ ਜਾਓ ਕਿ ਜੇ ਅਸੀਂ ਗੰਦ ਸਾਫ਼ ਕਰਨ ਜੋਗੇ ਨਹੀਂ ਤਾਂ ਅੱਜ ਤੋਂ ਬਾਅਦ ਸਾਡਾ ਨਾਂ ਗੰਦ ਪਾਉਣ ਵਾਲਿਆਂ ਵਿੱਚ ਵੀ ਕਦੇ ਨਹੀਂ ਆਊਗਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।"

ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ


1 comment:

Unknown said...

Good article:

ਬਾਬੇ ਨੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ। ਇਹ ਕਿਰਤ ਕਰਨ ਤੋਂ ਟਲ਼ ਗਏ ਐ। ਸਾਰੇ ਹੀ ਬਾਬੇ ਅੱਜਕਲ ਕਿਰਤ ਨੂੰ ਛੱਡ ਕੇ ਸਿਰਫ਼ ਨਾਮ ਦੀ ਮਹਿਮਾ ਤੱਕ ਹੀ ਸੀਮਿਤ ਰਹਿ ਗਏ ਨੇ। ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਮਿਹਨਤ ਕਰਨ ਵਾਲੇ ਲੋਕ ਓ, ਤੁਸੀਂ ਕਿਸੇ ਦਾ ਦਿੱਤਾ ਖਾਣ ਵਾਲੇ ਲੋਕ ਨਹੀਂ। ਤੁਸੀਂ ਏਸ ਗੱਲ ਦਾ ਖਿਆਲ ਰੱਖਿਓ ਕਿ ਜਿਹਡ਼ੇ ਅੱਜਕਲ ਬਹੁਤੇ ਕੋਮਲ ਸਰੀਰਾਂ ਵਾਲੇ ਸਾਧ ਤੁਰੇ ਫਿਰਦੇ ਐ, ਇਹ ਬਾਬੇ ਨਾਨਕ ਦੇ ਵੇਲੇ ਦੇ ਸਿੱਧਾਂ ਵਾਲੇ ਐ, ਜਿਨ੍ਹਾਂ ਨੂੰ ਬਾਬੇ ਨੇ ਕਿਹਾ ਸੀ ਕਿ ਨਾਂਓ ਹੀ ਸਿੱਧ ਐ ਕੰਮ ਤਾਂ ਤੁਸੀਂ ਪੁੱਠੇ ਈ ਕਰਨੇ ਐ।

PROFESSOR BHUPINDER SINGH SOLICITOR
WWW.SIKHPARLIAMENT.COM