Sunday, November 25, 2012

ਪੌਂਟੀ ਚੱਢਾ ਕੇਸ: ਨਾਮਧਾਰੀ ਮੁੱਖ ਸਾਜ਼ਿਸ਼ੀ ਕਰਾਰ

Posted On November - 24 - 2012
* ਪੰਜ ਰੋਜ਼ਾ ਪੁਲੀਸ ਰਿਮਾਂਡ * ਕੇਸ ਦੀ ਜਾਂਚ ਅਪਰਾਧ ਸ਼ਾਖਾ ਦੇ ਹਵਾਲੇ
ਦਿੱਲੀ ਪੁਲੀਸ ਦੇ ਦਾਅਵੇ
ਸੁਖਦੇਵ ਸਿੰਘ ਨਾਮਧਾਰੀ ਦੀ ਗੋਲੀ ਨਾਲ ਹੀ ਮਰਿਆ ਹਰਦੀਪ ਸਿੰਘ ਚੱਢਾ
ਨਾਮਧਾਰੀ ਨੇ ਗੋਲੀ ਚਲਾਉਣ ਤੋਂ ਬਾਅਦ ਆਪਣਾ ਪਿਸਤੌਲ ਗਾਇਬ ਕਰ ਦਿੱਤਾ; ਪਿਸਤੌਲ ਬਰਾਮਦ ਕਰਨਾ ਅਜੇ ਬਾਕੀ
ਨਾਮਧਾਰੀ ਨੇ ਹੀ ਪੌਂਟੀ ਦੇ ਬੰਦਿਆਂ ਨੂੰ ਛਤਰਪੁਰ ਫਾਰਮ ਹਾਊਸ ’ਤੇ ਹਮਲੇ ਲਈ ਉਕਸਾਇਆ। ਇਸੇ ਲਈ ਉਸ ਉੱਤੇ ਭੰਨ-ਤੋਡ਼, ਲੁੱਟ-ਖੋਹ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਲਾਈਆਂ ਗਈ
ਆਂ
ਉਤਰਾਖੰਡ ਘੱਟਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੁਖਦੇਵ ਸਿੰਘ ਨਾਮਧਾਰੀ ਨੂੰ ਨਵੀਂ ਦਿੱਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ (ਫੋਟੋ:ਮੁਕੇਸ਼ ਅਗਰਵਾਲ)
ਨਵੀਂ ਦਿੱਲੀ, 24 ਨਵੰਬਰ
ਉੱਤਰਾਖੰਡ ਦੇ ਘੱਟ-ਗਿਣਤੀ ਕਮਿਸ਼ਨ ਦੇ ਅਹੁਦਿਓਂ  ਹਟਾਏ ਚੇਅਰਮੈਨ  ਸੁਖਦੇਵ ਸਿੰਘ ਨਾਮਧਾਰੀ ਨੂੰ  ਅੱਜ ਦਿੱਲੀ ਦੀ ਇਕ ਅਦਾਲਤ ਨੇ ਪੰਜ ਦਿਨਾ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ। ਪੁਲੀਸ ਦਾ ਕਹਿਣਾ ਹੈ ਕਿ ਪੌਂਟੀ ਚੱਢਾ ਤੇ ਉਸ ਦੇ ਭਰਾ ਦੀ ਗੋਲੀਆਂ  ਮਾਰ ਕੇ ਹੱਤਿਆ ਕੀਤੇ ਜਾਣ ਦੇ ਕੇਸ ਵਿਚ ਨਾਮਧਾਰੀ ਮੁੱਖ ਸਾਜ਼ਿਸ਼ਕਾਰ ਹੈ ਜਿਸ ਨੇ ਹਰਦੀਪ ਸਿੰਘ ਦੇ ਕਥਿਤ ਤੌਰ ’ਤੇ ਗੋਲੀਆਂ ਮਾਰੀਆਂ। ਇਸ ਦੇ ਨਾਲ ਹੀ ਚੱਢਾ ਭਰਾਵਾਂ ਦੀਆਂ ਹਤਿਆਵਾਂ ਦਾ  ਮਾਮਲਾ ਜਾਂਚ ਲਈ ਅਪਰਾਧਾ ਸ਼ਾਖਾ ਨੂੰ ਸੌਂਪ ਦਿੱਤਾ ਗਿਆ ਹੈ।

ਰੋਜ਼ਾਨਾ ਜਗ ਬਾਣੀ ਚ ਪ੍ਰਕਾਸ਼ਿਤ ਖਬਰ 
ਮੈਟਰੋਪਾਲੇਟਿਨ ਮੈਜਿਸਟਰੇਟ ਸੰਦੀਪ ਗਰਗ ਨੇ ਇਹ ਕਹਿੰਦਿਆਂ ਨਾਮਧਾਰੀ ਨੂੰ ਪੰਜ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਕਿ ਜਾਂਚ ਏਜੰਸੀਆਂ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਅਪਰਾਧ ਲਈ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਯਤਨ ਕਰ ਸਕਣ।
ਸੁਣਵਾਈ ਦੌਰਾਨ ਪੁਲੀਸ ਨੇ  ਦੋਸ਼ ਲਾਇਆ ਕਿ ਨਾਮਧਾਰੀ ਨੇ ਹੀ ਪੌਂਟੀ ਚੱਢਾ ਦੇ ਭਰਾ ਹਰਦੀਪ ਸਿੰਘ ’ਤੇ ਗੋਲੀ ਚਲਾਈ ਸੀ ਤੇ ਇਹ ਇਕਬਾਲ ਉਸ ਨੇ ਕੀਤਾ ਹੈ। ਪੁਲੀਸ ਅਨੁਸਾਰ ਨਾਮਧਾਰੀ ਨੇ ਮੰਨਿਆ ਸੀ ਕਿ ਬੀਤੇ ਸ਼ਨਿੱਚਰਵਾਰ ਦੱਖਣੀ ਦਿੱਲੀ ਦੇ ਛਤਰਪੁਰ ਫਾਰਮ ਹਾਊਸ ਵਿਚ ਹੋਏ ਗੋਲੀਕਾਂਡ ਦੌਰਾਨ ਜਦੋਂ ਪੌਂਟੀ ਚੱਢਾ ਦੇ ਭਰਾ ਹਰਦੀਪ ਚੱਢਾ ਨੇ ਉਸ ’ਤੇ ਗੰਨ ਤਾਣ ਲਈ ਸੀ ਤਾਂ ਉਸ ਨੇ ਉਸ ’ਤੇ (ਹਰਦੀਪ ’ਤੇ) ਆਪਣੀ ਪਿਸਤੌਲ ਨਾਲ ਗੋਲੀ ਚਲਾਈ ਸੀ।
ਪੁਲੀਸ ਨੇ ਨਾਮਧਾਰੀ ਨੂੰ ਮੁੱਖ ਸਾਜ਼ਿਸ਼ਕਾਰ ਵੀ ਕਿਹਾ ਕਿਉਂਕਿ ਜਦੋਂ ਫਾਰਮਹਾਊਸ ’ਤੇ ਇਸ ਤੋਂ ਪਹਿਲਾਂ ਭੰਨ-ਤੋਡ਼, ਲੁੱਟ-ਖੋਹ ਤੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਸਮੇਂ ਵੀ ਨਾਮਧਾਰੀ ਹਮਲਾਵਰ ਧਿਰ ਨਾਲ ਸੀ। ਜਾਂਚ ਏਜੰਸੀ ਅਨੁਸਾਰ ਨਾਮਧਾਰੀ ਹੀ ਮੁੱਖ ਮੁਲਜ਼ਮ ਹੈ, ਜਿਸ ਨੇ ਪਹਿਲਾਂ ਲਿਖਾਈ ਆਪਣੀ ਐਫਆਈਆਰ ਵਿਚ ਫਾਰਮਹਾਊੁਸ ’ਤੇ ਹੋਈ ਫਾਇਰਿੰਗ ਬਾਰੇ ਕੁਝ ਨਹੀਂ ਦੱਸਿਆ ਸੀ ਤੇ ਉਸ ਨੇ ਆਪਣੀ ਗੰਨ ਵੀ ਲੁਕਾ ਦਿੱਤੀ ਹੈ।
ਰਿਮਾਂਡ ਮਗਰੋਂ ਪੁਲੀਸ ਨਾਲ ਅਦਾਲਤ ਤੋਂ ਬਾਹਰ ਜਾਂਦੇ ਨਾਮਧਾਰੀ ਨੇ ਪੱਤਰਕਾਰਾਂ ਨੂੰ ਇੰਨਾ ਹੀ ਕਿਹਾ ਕਿ ਇਹ ਕਾਂਡ ਇਕ ਹਾਦਸਾ ਸੀ ਤੇ ਉਸ ਨੇ ਹੀ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਵਾਈ ਸੀ। ਇਹ ਕਹਿਣਾ ਗਲਤ ਹੈ ਕਿ ਉਸ ਨੇ ਫਾਇਰਿੰਗ ਕੀਤੀ।  ਹੁਣ ਇਹ ਮਾਮਲਾ ਜਾਂਚ ਲਈ ਅਪਰਾਧ ਸ਼ਾਖਾ ਨੂੰ ਸੌਂਪ ਦਿੱਤਾ ਗਿਆ ਹੈ। ਦਿੱਲੀ ਦੇ ਦੱਖਣੀ ਜ਼ਿਲ੍ਹੇ ਦੀ ਪੁਲੀਸ ਪਹਿਲਾਂ ਇਸ ਕੇਸ ਦੀ ਜਾਂਚ ਕਰ ਰਹੀ ਸੀ।
ਚੱਢਾ ਨੂੰ ਹਥਿਆਰਾਂ ਦੇ ਲਾਇਸੈਂਸ ਦੇਣ ਦੀ ਜਾਂਚ
ਰਾਮਪੁਰ (ਯੂਪੀ): ਸ਼ਰਾਬ ਦੇ ਵੱਡੇ ਕਾਰੋਬਾਰੀ ਪੌਂਟੀ ਚੱਢਾ ਨੂੰ ਸਰੀਰਕ ਤੌਰ ’ਤੇ ਅਪੰਗ ਹੋਣ ਕਰਕੇ ਹਥਿਆਰਾਂ ਦੇ ਲਾਇਸੈਂਸ ਲੈਣ ਦੇ ਅਯੋਗ ਹੋਣ ਦੇ ਬਾਵਜੂਦ ਉਸ ਨੂੰ ਲਾਇਸੈਂਸ ਜਾਰੀ ਕੀਤੇ ਜਾਣ ਦੀਆਂ ਰਿਪੋਰਟਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਸਈਦ ਨਿਜ਼ਾਮੂਦੀਨ ਨੇ ਅੱਜ ਕਿਹਾ ਕਿ 1991 ਦੇ ਇਕ ਮਾਮਲੇ ’ਚ ਉਸ ਸਮੇਂ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚੱਢਾ ਦੀ ਅਪੰਗਤਾ ਨੂੰ ਅੱਖੋਂ ਓਹਲੇ ਕਰਨ ਬਾਰੇ ਜਾਂਚ ਸ਼ੁਰੂ ਕੀਤੀ ਗਈ ਹੈ। ਹਾਲ ਹੀ ’ਚ ਮੀਡੀਆ ’ਚ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਚੱਢਾ ਨੂੰ 26 ਜੂਨ, 1998 ਨੂੰ ਉਸ ਵੇਲੇ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਲਾਇਸੈਂਸ ਜਾਰੀ ਕਰ ਦਿੱਤਾ ਸੀ, ਉਸ ਨੇ ਉਸੇ ਦਿਨ ਅਰਜ਼ੀ ਦਿੱਤੀ ਸੀ ਤੇ ਉਸ ਦੀ ਅਪੰਗਤਾ ਨੂੰ ਵੀ ਧਿਆਨ ’ਚ ਨਹੀਂ ਰੱਖਿਆ ਗਿਆ ਸੀ। ਰਿਪੋਰਟਾਂ ’ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਚੱਢਾ ਤੋਂ ਇਲਾਵਾ ਉਸ ਦੇ ਪਰਿਵਾਰ ਦੇ 6 ਮੈਂਬਰਾਂ ਨੂੰ ਵੀ ਅਰਜ਼ੀ ਦੇਣ ਵਾਲੇ ਦਿਨ ਹੀ ਲਾਇਸੈਂਸ ਜਾਰੀ ਕਰਨ ਦੇ ਹੁਕਮ ਦਿੱਤੇ ਸਨ।-ਪੀ.ਟੀ.ਆਈ.
ਉੱਤਰਾਖੰਡ ਵਿੱਚ ਨਾਮਧਾਰੀ ਵਿਰੁੱਧ ਦਰਜ ਸਨ 26 ਕੇਸ
ਨਵੀਂ ਦਿੱਲੀ, 24 ਨਵੰਬਰ
ਨਾਮਧਾਰੀ ਦੀ ਸਪੁਰਦਗੀ ਮੰਗਦਿਆਂ ਪੁਲੀਸ ਨੇ ਦਾਅਵਾ ਕੀਤਾ ਕਿ 1993 ਤੋਂ 2003 ਤਕ ਨਾਮਧਾਰੀ ਵਿਰੁੱਧ ਉਤਰਾਖੰਡ ’ਚ 26 ਫੌਜਦਾਰੀ ਕੇਸ ਦਰਜ ਸਨ, ਜਿਨ੍ਹਾਂ ਵਿਚੋਂ ਅੱਠ ਕੇਸ ਕਤਲਾਂ ਦੇ ਸਨ। ਪੁਲੀਸ ਅਨੁਸਾਰ ਉਸ ’ਤੇ ਬਹੁਤ ਸਾਰੇ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਦੋੋਸ਼ ਸਨ ਤੇ ਉਸ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀਆਂ ਕਈ ਪਾਸਿਓਂ ਬੇਨਤੀਆਂ ਆਈਆਂ ਸਨ। ਆਈਜੀ (ਅਮਨ ਤੇ ਕਾਨੂੰਨ) ਰਾਮ ਸਿੰਘ ਮੀਨਾ ਨੇ ਦੱਸਿਆ ਕਿ ਕਤਲਾਂ ਤੋਂ ਲੈ ਕੇ ਆਪਣੇ ਵਿਰੋਧੀਆਂ ਨੂੰ ਡਰਾਉਣ ਤਕ ਜਿਹੇ ਮਾਮਲੇ ਨਾਮਧਾਰੀ ਵਿਰੁੱਧ ਦਰਜ ਸਨ। ਖਣਨ ਦੇ ਕਾਰੋਬਾਰ ’ਚ ਆਪਣਾ ਏਕਾਧਿਕਾਰ ਬਣਾਈ ਰੱਖਣ ਲਈ ਉਹ ਡਰਾਉਣ-ਧਮਕਾਉਣ ਜਿਹੇ ਹੱਥਕੰਡੇ ਵਿਰੋਧੀਆਂ ਲਈ ਅਪਣਾਉਂਦਾ ਸੀ। ਹੋਰ ਪੁਲੀਸ ਸੂਤਰਾਂ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਨਾਮਧਾਰੀ  ਵਿਰੁੱਧ ਬਹੁਤੇ ਮਾਮਲੇ  ਊਧਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਰਪੁਰ ਤੇ ਬਾਜਪੁਰ ਖੇਤਰਾਂ ਵਿਚ ਹੀ ਦਰਜ ਸਨ ਤੇ ਉਸ ਦੇ ‘ਪ੍ਰਭਾਵਸ਼ਾਲੀ ਲੋਕਾਂ’’ ਨਾਲ ਸਬੰਧਾਂ ਕਾਰਨ ਇਨ੍ਹਾਂ ਵਿੱਚੋਂ ਬਹੁਤੇ ਕੇਸਾਂ ਦਾ ਨਿਬੇਡ਼ਾ ਸਾਲ ਦੇ ਅੰਦਰ-ਅੰਦਰ ਹੁੰਦਾ ਰਿਹਾ ਸੀ। ਕਈ ਕੇਸਾਂ ਵਿਚ ਉਹ ਅਦਾਲਤਾਂ ਵੱਲੋਂ ਬਰੀ ਹੁੰਦਾ ਰਿਹਾ ਤੇ ਕਈ ਕੇਸ ਪੁਲੀਸ ਬੰਦ ਕਰਦੀ ਰਹੀ।
ਦਿਲਚਸਪ ਗੱਲ ਹੈ ਕਿ ਕਈ ਕੇਸਾਂ ’ਚ ਹੇਠਲੀਆਂ ਅਦਾਲਤਾਂ ਤੋਂ ਉਸ ਦੇ ਬਰੀ ਹੋਣ ਨੂੰ ਕਦੇ ਵੀ ਪੁਲੀਸ ਨੇ ਉਪਰਲੀਆਂ ਅਦਾਲਤਾਂ ’ਚ ਚੁਣੌਤੀ ਨਹੀਂ ਦਿੱਤੀ ਸੀ। ਉੱਤਰ ਪ੍ਰਦੇਸ਼ ਤੋਂ ਉਤਰਾਖੰਡ ਵੱਖਰਾ ਰਾਜ ਬਣਨ ’ਤੇ ਨਾਮਧਾਰੀ ਨੂੰ ਖਣਨ ਦਾ ਪੱਟਾ ਮਿਲ ਗਿਆ ਤੇ ਮਗਰੋਂ  ਉਹ ਰਾਜ ਭਰ ’ਚ ਇਸ ਕਾਰੋਬਾਰ ’ਤੇ ਕਾਬਜ਼ ਹੋ ਗਿਆ।
ਫਿਰ ਉਹ ਸਿਆਸਤਦਾਨਾਂ ਦੇ ਨੇਡ਼ੇ ਰਹਿਣ ਲੱਗ ਪਿਆ। ਉਹ ਸੂਬੇ ਦੀ ਪਿਛਲੀ ਭਾਜਪਾ ਸਰਕਾਰ ਦਾ ਵੀ ਚਹੇਤਾ ਸੀ, ਪਰ ਜਦੋਂ ਪਾਰਟੀ ਦੀ ਹਾਰ ਹੁੰਦੀ ਨਜ਼ਰ ਆਈ ਤਾਂ ਉਹ ਕਾਂਗਰਸ ਦੇ ਪਾਲੇ ’ਚ ਆ ਗਿਆ ਸੀ।-ਪੀ.ਟੀ.ਆਈ.

(ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) 

No comments: