Wednesday, November 28, 2012

ਵਿਦੇਸ਼ੀ ਪ੍ਰਚੂਨ ਨਿਵੇਸ਼ ਦੀ ਭਾਰਤ ਵਿੱਚ ਆਮਦ

ਛੋਟਾ ਵਪਾਰ ਅਤੇ ਛੋਟੀ ਦੁਕਾਨਦਾਰੀ ਖਤਮ ਹੋ ਜਾਵੇਗੀ-ਮੁੱਖ ਮੰਤਰੀ ਬਾਦਲ  
*ਵੇਰਕਾ ਐਕਸਪ੍ਰੈਸ ਮਿਲਕ ਬਾਰ-ਕਮ-ਫ਼ਾਸਟ ਫੂਡ ਜੁਆਇੰਟ ਦਾ ਕੀਤਾ ਉਦਘਾਟਨ
*ਮਿਲਕ ਪਲਾਂਟ ਲੁਧਿਆਣਾ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ  ਬਣਿਆ ਨਵਾਂ ਸਿਸਟਮ

*ਸਹਿਕਾਰਤਾ ਕਿਸਾਨਾਂ ਦੀ ਰੀੜ੍ਹ' ਦੀ ਹੱਡੀ
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਮਿਲਕ ਪਲਾਂਟ ਲੁਧਿਆਣਾ ਵਿਖੇ ਵੇਰਕਾ ਐਕਸਪ੍ਰੈਸ ਮਿਲਕ ਬਾਰ-ਕਮ-ਫ਼ਾਸਟ ਫੂਡ ਜੁਆਇੰਟ ' ਦਾ ਉਦਘਾਟਨ ਕਰਦੇ ਹੋਏੇ
ਲੁਧਿਆਣਾ 27 ਨਵੰਬਰ: (ਰੈਕਟਰ ਕਥੂਰੀਆਵਿਦੇਸ਼ੀ ਪ੍ਰਚੂਨ ਨਿਵੇਸ਼ ਦੇ ਭਾਰਤ ਵਿੱਚ ਆਮਦ ਨਾਲ ਇੱਥੋਂ ਦੇ ਛੋਟੇ ਵਪਾਰੀ ਅਤੇ ਛੋਟੀ ਦੁਕਾਨਦਾਰੀ ਖਤਮ ਹੋ ਜਾਵੇਗੀ ਅਤੇ ਕੈਨੇਡਾ, ਅਮਰੀਕਾ ਵਰਗੇ ਵਿਕਸਤ ਦੇਸ਼ਾਂ ਦੇ ਮੁਕਾਬਲੇ ਭਾਰਤ ਜਿਹੇ ਵਿਕਾਸਸ਼ੀਲ ਦੇਸ ਵਿੱਚ ਅਜੇ ਇਹ ਸਕੀਮ ਕਾਮਯਾਬ ਨਹੀਂ ਹੋ ਸਕਦੀ।
               ਇਹ ਪ੍ਰਗਟਾਵਾ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਅੱਜ ਮਿਲਕ ਪਲਾਂਟ ਲੁਧਿਆਣਾ ਵਿਖੇ 1 ਕਰੋੜ ਰੁਪਏ ਦੀ ਲਾਗਤ ਨਾਲ ਬਣੇ ' ਵੇਰਕਾ ਐਕਸਪ੍ਰੈਸ ਮਿਲਕ ਬਾਰ-ਕਮ-ਫ਼ਾਸਟ ਫੂਡ ਜੁਆਇੰਟ ' ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
                 ਪੱਤਰਕਾਰਾਂ ਵੱਲੋਂ ਸਿਰਸਾ ਵਿਖੇ ਛਿੜੇ ਵਿਵਾਦ ਤੇ ਹੋਏ ਟਕਰਾਅ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਤੇ ਸ਼ਾਂਤੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਮਾਮਲੇ 'ਚ ਕੋਈ ਵੀ ਵਿਅਕਤੀ ਗੁਨਾਹਗਾਰ ਸਾਬਤ ਹੋਣ 'ਤੇ ਸਜ਼ਾ ਦਾ ਹੱਕਦਾਰ ਹੈ। ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਮੰਡੀਆਂ 'ਚੋਂ ਝੋਨੇ ਦੀ ਚੁਕਾਈ ਨਾ ਹੋਣ ਦੇ ਦੋਸ਼ਾਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਝੋਨੇ ਦੀ ਲਿਫ਼ਟਿੰਗ ਤੇ ਸਟੋਰ ਕਰਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ ਅਤੇ ਪੰਜਾਬ ਸਰਕਾਰ ਕੇਂਦਰ ਦੀ ਮਰਜ਼ੀ ਤੋਂ ਬਗੈਰ ਕੁੱਝ ਵੀ ਨਹੀਂ ਕਰ ਸਕਦੀ। ਇਸ ਲਈ ਝੋਨੇ ਦੀ ਲਿਫ਼ਟਿੰਗ ਵਿੱਚ ਦੇਰੀ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ।
               ਇਸ ਮੌਕੇ ਤੇ ਸ. ਬਾਦਲ ਨੇ ਕਿਹਾ ਕਿ ਮਿਲਕ ਪਲਾਂਟ ਲੁਧਿਆਣਾ ਵੱਲੋਂ ਵੇਰਕਾ ਐਕਸਪ੍ਰੈਸ ਮਿਲਕ ਬਾਰ-ਕਮ-ਫ਼ਾਸਟ ਫੂਡ ਜੁਆਇੰਟ ਖੋਲ੍ਹਣ ਦੀ ਕੀਤੀ ਇਸ ਪਹਿਲ-ਕਦਮੀ ਨਾਲ ਜਿੱਥੇ ਮਿਲਕ ਪਲਾਂਟ ਨੂੰ ਵਿੱਤੀ ਲਾਭ ਹੋਵੇਗਾ, ਉੱਥੇ ਸ਼ਹਿਰ ਵਾਸੀਆਂ ਤੇ ਸੈਲਾਨੀਆਂ ਨੂੰ ਉੱਚ ਗੁਣਵੱਤਾ ਵਾਲਾ ਦੁੱਧ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਵਸਤਾਂ ਉੱਪਲੱਭਦ ਹੋਣਗੀਆਂ। ਉਹਨਾਂ ਕਿਹਾ ਕਿ ਸਹਿਕਾਰਤਾ ਕਿਸਾਨਾਂ ਦੀ ਰੀੜ੍ਹ' ਦੀ ਹੱਡੀ ਹੈ ਅਤੇ ਸਹਿਕਾਰੀ ਅਦਾਰਿਆਂ ਦੁਆਰਾ ਕਿਸਾਨਾਂ ਨੂੰ ਹਰ ਕਿਸਾਨੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਖੇਤੀ ਖੇਤਰ ਵਿੱਚ ਨਿੱਜੀ ਪੁੰਜੀ ਵਧਾਉਣ ਲਈ ਕਰਜੇਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਨੂੰ ਕਿਸਾਨਾਂ ਦੀਆਂ ਜਰੂਰਤਾਂ ਅਨੁਸਾਰ ਕਰਜਾ ਸਕੀਮਾਂ ਤਿਆਰ ਕਰਨ ਦੀਆਂ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਦੁੱਧ ਉਦਪਾਦਕਾਂ ਨੂੰ ਮਿਲਕਫੈਡ ਵੱਲੋ ਪੂਰਾ ਸਾਲ ਦੁੱਧ ਦੀ ਮੰਡੀ ਉਪਲੱਭਧ ਕਰਵਾਈ ਜਾ ਰਹੀ ਹੈ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਯਤਨ ਕੀਤੇ ਜਾ ਰਹੇ ਹਨ।
               ਸ. ਸ਼ਰਨਜੀਤ ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ ਕਿਸਾਨੀ ਨੂੰ ਖੇਤੀ ਅਤੇ ਡੇਅਰੀ ਸਬੰਧੀ ਧੰਦਿਆਂ ਨੂੰ ਨਵੀਨਤਮ ਤਕਨੀਕ ਦੁਆਰਾ ਅਪਨਾਉਣ ਲਈ ਪਰਜ਼ੋਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਹਿਕਾਰਤਾ ਵਿਭਾਗ ਦੇ ਮਿਲਕ ਪਲਾਂਟਾਂ ਦੁਆਰਾ ਚਲਾਈਆਂ ਗਈਆਂ ਸਕੀਮਾਂ ਅਧੀਨ ਪੰਜਾਬ ਦੇ ਕਿਸਾਨਾਂ ਨੂੰ ਡੇਅਰੀ ਦੇ ਧੰਦਿਆਂ ਵਿੱਚ ਸਬ-ਸਿਡੀਆਂ ਦੇ ਕੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
               ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਸ. ਅਜਮੇਰ ਸਿੰਘ ਭਾਗਪੁਰ ਨੇ ਮੁੱਖ ਮੰਤਰੀ ਪੰਜਾਬ ਅਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਰਹਿਣੁਮਾਈ ਹੇਠ ਮਿਲਕਫ਼ੈਡ ਪੰਜਾਬ ਵੱਲੋਂ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੀ ਬਿਹਤਰੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵੇਰਕਾ ਐਕਸਪ੍ਰੈਸ ਮਿਲਕ ਬਾਰ-ਕਮ-ਫ਼ਾਸਟ ਫੂਡ ਜੁਆਇੰਟ ਵਿੱਚ ਸੈਲਾਨੀਆਂ ਦੇ ਬੈਠਣ ਅਤੇ ਬੱਚਿਆਂ ਦੇ ਮਨੋਰੰਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਿਲਕ ਬਾਰ ਵਿੱਚ ਵੇਰਕਾ ਦੇ ਦੁੱਧ ਅਤੇ ਦੁੱਧ ਪਦਾਰਥਾਂ ਤੋਂ ਇਲਾਵਾ ਫ਼ਾਸਟ ਫੂਡ ਅਤੇ ਹਰ ਤਰ੍ਹਾਂ ਦੇ ਪੰਜਾਬੀ ਤੇ ਕੰਟੀਨੈਟਲ ਖਾਣੇ ਮਹੁੱਈਆ ਕਰਵਾਏ ਜਾਣਗੇ।
               ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ ਚੀਮਾ, ਡਾ. ਬਲਵਿੰਦਰ ਸਿੰਘ ਸਿੱਧੂ ਐਮ.ਡੀ.ਮਿਲਕਫੈਡ, ਮਸ. ਸ਼ਰਨਜੀਤ ਸਿੰਘ ਢਿੱਲੋ ਲੋਕ ਨਿਰਮਾਣ ਮੰਤਰੀ ਪੰਜਾਬ, ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਸ. ਅਜਮੇਰ ਸਿੰਘ ਭਾਗਪੁਰ, ਸ. ਜਗਜੀਤ ਸਿੰਘ ਤਲਵੰਡੀ ਤੇ ਸ. ਰਘਵੀਰ ਸਿੰਘ ਸਹਾਰਨ ਮਾਜਰਾ (ਦੋਵੇਂ ਮੈਂਬਰ ਐਸ.ਜੀ.ਪੀ.ਸੀ), ਜਨਰਲ ਮੈਨੇਜਰ ਮਿਲਕ ਪਲਾਂਟ ਸ੍ਰੀ ਐਸ.ਆਰ.ਸੈਣੀ, ਲੁਧਿਆਣਾ ਮਿਲਕ ਪਲਾਂਟ ਦੇ ਸਮੂਹ ਬੋਰਡ ਆਫ਼ ਡਾਇਰੈਕਟਰਜ਼, ਸ੍ਰੀ ਸਹਿਜਪਾਲ ਸਿੰਘ ਮਾਂਗਟ, ਸ੍ਰੀ ਜਤਿੰਦਰਪਾਲ ਸਿੰਘ ਸਲੂਜਾ, ਸ੍ਰੀ ਕੁਲਵਿੰਦਰ ਸਿੰਘ ਦਹੀਂ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।
                                       -----------

No comments: