Wednesday, October 24, 2012

ਮਿਥਿਹਾਸ ਬਾਰੇ ਰਚਿਆ ਜਾ ਰਿਹਾ ਸਾਹਿਤ

ਮਾਰਗ ਦਰਸ਼ਨ ਨਾਲ ਨਵਾਂ ਇਤਿਹਾਸ ਵੀ ਸਿਰਜ ਰਹੀ ਹੈ ਅੱਜ ਦੀ ਕਲਮ
ਡਾਕਟਰ ਲੋਕ ਰਾਜ ਤਕਰੀਬਨ ਹਰ ਵਾਰ ਕਿਸੇ ਮਹਤਵਪੂਰਣ ਅਤੇ ਚਲੰਤ ਮੁੱਦੇ ਨੂੰ ਲੈ ਕੇ ਬਹੁਤ ਹੀ ਥੋਹੜੇ ਸ਼ਬਦਾਂ ਵਿੱਚ ਬੜੀ ਅਰਥਪੂਰਨ ਗੱਲ ਆਖ ਜਾਂਦੇ ਹਨ. ਇਸ ਵਾਰ ਵੀ ਉਹਨਾਂ ਰਾਵਣ ਦੇ ਅੰਨੇ ਵਿਰੋਧ ਅਤੇ ਉਸ ਪ੍ਰਤੀ ਅੰਨੀ ਸ਼ਰਧਾ ਦਾ ਨੋਟਿਸ ਲੈਂਦੀਆਂ ਲਿਖਿਆ,"ਯਾਰ, ਲੋਕਾਂ ਨੂੰ ਏਨੀ ਕੁ ਗੱਲ ਸਮਝ ਨਹੀਂ ਆਉਂਦੀ.....ਰਾਮ ਦਾ ਵਿਰੋਧ ਦਰਸ਼ਾਉਣ ਲਈ ਰਾਵਣ ਦੇ ਗੁਣ ਗਾਣ ਇਸ ਹੱਦ ਤੱਕ ਕਰ ਜਾਂਦੇ ਨੇ ਕਿ ਉਸ ਨੂੰ ਬਡ਼ਾ 'ਜਤੀ-ਸਤੀ' ਪੁਰਖ ਸਾਬਿਤ ਕਰਨ ਤੱਕ ਜਾਂਦੇ ਨੇ; ਜਿਸ ਨੇ ਦੁਸ਼ਮਣ ਦੀ ਘਰ ਵਾਲੀ ਨੂੰ ਚੁੱਕ ਕੇ ਲਿਆਉਣ ਬਾਅਦ ਵੀ ਉਸ ਨੂੰ ਹੱਥ ਤਕ ਨਹੀਂ ਲਾਇਆ!" ਇਸ ਬਾਰੇ ਸਾਰੀ ਸਥਿਤੀ ਸਪਸ਼ਟ ਕਰਦਿਆਂ ਉਹ ਆਖਦੇ ਹਨ,"ਭਲੇ ਲੋਕੋ, ਰਾਮ, ਸੀਤਾ, ਰਾਵਣ ਦੇ ਕਿਰਦਾਰ ਰਮਾਇਣ ਨਾਮ ਦੀ ਰਚਨਾ ਵਿਚ ਰਚਣ ਵਾਲੇ ਤੁਲਸੀ ਦਾਸ ਰਾਮ ਦੇ ਸਭ ਤੋਂ ਵੱਡੇ ਭਗਤ ਨੇ......ਕੋਈ ਭਗਤ ਆਪਣੇ ਭਗਵਾਨ ਦੀ ਇਜ਼ਤ ਨਾਲ ਕਿੰਨਾ ਕੁ ਖੇਲ ਸਕਦਾ ਹੈ? ਸੀਤਾ ਨਾਲ ਰਾਵਣ ਘਟੀਆ ਵਿਓਹਾਰ ਕਰਦਾ ਹੋਇਆ ਕਿਸੇ ਭਗਤ ਵਲੋਂ ਕਿਵੇਂ ਚਿੱਤਰਿਆ ਜਾ ਸਕਦਾ ਸੀ?
ਇਹ ਕਮਾਲ ਤੁਲਸੀ ਦਾਸ ਦਾ ਹੈ, ਉਸ ਦੇ ਕਿਸੇ ਕਿਰਦਾਰ ਦਾ ਨਹੀਂ!"
ਇਸੇ ਤਰਾਂ ਬਹੁਤ ਸਾਲ ਪਹਿਲਾਂ ਉਹਨਾਂ ਵੱਲੋਂ ਲਿਖੀ ਇੱਕ ਗ਼ਜ਼ਲ ਦਾ ਸ਼ੇਅਰ ਹੈ :
ਛਲ ਕਪਟ ਤੇ ਬਦੀ ਦੀ ਹਾਲੇ ਨਾ ਹਾਰ ਹੋਈ 
ਸਦੀਆਂ ਤੋਂ ਕਾਗ਼ਜ਼ਾਂ ਦੇ ਰਾਵਣ ਜਲਾ ਰਹੇ ਹਾਂ 

ਉਹਨਾਂ ਦਾ ਇਹ ਰੰਗ ਪਿਛਲੇ ਸਾਲ ਦੁਸ਼ਿਹਰੇ ਦੇ ਲਾਗੇ ਲਿਖੀ ਇੱਕ ਗ਼ਜ਼ਲ ਚੋਂ ਨਜਰ ਆਉਂਦਾ ਹੈ:
ਇੱਕ ਨੇ ਕੀਤਾ ਹਰਣ ਤੇ ਦੂਜੇ ਸੁੱਟਿਆ ਵਣੀਂ ਬਦੋਸ਼ੀ ਨੂੰ 
ਪੁਤਲਾ ਕੱਲੇ ਰਾਵਣ ਦਾ ਕਿਓਂ ਆਏ ਸਾਲ ਜਲਾਈਦਾ ?

ਆਪਣੀ ਇੱਕ ਹੋਰ ਰਚਨਾ ਵਿੱਚ ਉਹਨਾਂ ਆਖਿਆ 

ਕੌਣ ਗਿਆ ਸੀ ਆਇਆ ਕੌਣ 
ਇੱਕ ਸੀ ਰਾਮ ਤੇ ਦੂਜਾ ਰੌਣ

ਕੌਣ ਸ਼ੰਭੂਕ ਤੇ ਕਿਹਡ਼ਾ ਬਾਲੀ 
ਯਾਦ ਇਹਨਾਂ ਨੂੰ ਰੱਖਦਾ ਕੌਣ 

ਕਿਸਨੇ ਕਿਸ ਦੀ ਮੰਜੀ ਠੋਕੀ 
ਕਿਸ ਨੇ ਕਿਸ ਦੀ ਕੱਸੀ ਦੌਣ

ਦੋ ਪੁਡ਼ ਸੀ ਘਿਸਰਨ ਤੇ ਆਏ 
ਪਿਸ ਗਏ ਵਾਨਰ ਆਵਾਗੌਣ

ਲਡ਼ੇ ਦ੍ਰਾਵਡ਼, ਮਰੇ ਦ੍ਰਾਵਡ਼ 
ਜਿੱਤੇ ਆਰੀਆ, ਹਰਿਆ ਕੌਣ


ਉਹਨਾਂ ਇਸ ਬਾਰੇ ਕੁਝ ਹੋਰ ਗੰਭੀਰ ਹੁੰਦਿਆਂ ਆਖਿਆ
ਹਰ ਯੁੱਗ ਦੇ ਆਪਣੇ ਰਾਵਣ ਨੇ ਤੇ ਤੇ ਰਾਮ ਵੀ.......ਪਰ ਸੀਤਾ ਸ਼ਾਇਦ ਹਾਲੇ ਵੀ ਓਹੋ ਹੀ ਹੈ .......ਇੱਕ ਵਲੋਂ ਧੱਕੇ ਨਾਲ ਚੁੱਕ ਲਈ ਜਾਂਦੀ ਹੈ ਤੇ ਦੂਜੇ ਵਲੋਂ ਘਰ ਤੋਂ ਕਢ ਦਿੱਤੀ ਜਾਂਦੀ ਹੈ ............ਵਾਨਰ ਹਾਲੇ ਵੀ ਅੰਨ੍ਹੀ ਭਗਤੀ ਚ ਆਪਣੀ ਸ਼ਕਤੀ ਰੂਲਿੰਗ ਕਲਾਸ ਲਈ ਹੁੱਬ ਕੇ ਵਰਤ ਰਹੇ ਨੇ...........ਹੁਣ ਉਨ੍ਹਾਂ ਦੇ ਪੂਰੇ ਸ਼ਰੀਰ ਤੇ ਪੂਛਾਂ ਉੱਗ ਆਈਆਂ ਨੇ.....ਪਰ ਸ਼ਰਾਪ ਖਤਮ ਕਰਕੇ ਵਾਨਰਾਂ ਨੂੰ ਉਨ੍ਹਾਂ ਦੀ ਅਸਲੀ ਤਾਕਤ ਦਾ ਚੇਤਾ ਦੁਆਉਣ ਵਾਲਾ ਜਾਮਵੰਤ ਚੰਗੇ ਭਵਿੱਖ ਲਈ ਬਾਹਰਲੇ ਮੁਲਖ ਚਲਾ ਗਿਆ ਹੈ!
ਇਸ ਬਾਰੇ ਟਿੱਪਣੀ ਕਰਦਿਆਂ ਅੰਗਰੇਜ ਸਿੰਘ ਵੱਲੋਂ ਪੋਸਟ ਕੀਤੀ ਇੱਕ ਰਚਨਾ ਵੀ ਧਨ ਵਾਲੀ ਹੈ:
ਆਜ਼ਾਦੀ ਦੀ ਲੋਡ਼ ਸੀਤਾ ਨੂੰ ਹੈ ..... ਰਾਵਣ ਦੀ ਕੈਦ ਤੋਂ ਆਜ਼ਾਦੀ ਅਤੇ ਰਾਮ ਦੀ ਅਗਨੀ ਪ੍ਰੀਖਿਆ ਤੋਂ 
ਲਡ਼ਨ ਦੀ ਲੋਡ਼ ਏਕਲਵਿਆ ਨੂੰ ਹੈ .....ਆਪਣੇ ਵਢੇ ਹੋਏ ਅੰਗੂਠੇ ਦਾ ਹਿਸਾਬ ਲੈਣ ਲਈ 
ਰਾਵਣ ਦੇ ਕੱਲੇ ਕੱਲੇ ਫੌਜੀ ਦੇ ਸਿਰ ਤੇ ਦਸ ਦਸ ਸਿਰ ਉੱਗ ਆਏ ਹਨ 
ਲਡ਼ਾਈ ਗੁੰਝਲ ਦਾਰ ਹੋ ਗਈ ਹੈ 
ਪਰ 
............
..............
ਤਪ ਲਵੇ ਥਲ 
ਜੋਰ ਲਾਕੇ ਤਪ ਲਵੇ 
ਤੁਰਨ ਵਾਲੇ ਨੇਤਰਾਂ ਦੇ ਭਾਰ ਹੋ ਕੇ ਤੁਰਨਗੇ 
.................
..............
ਜਿਹਨਾਂ ਨੂੰ ਲੋਡ਼ ਹੈ ,ਉਹ ਲਡ਼ਨਗੇ 
....................
ਜਿਹਨਾਂ ਨੂੰ ਲੋਡ਼ ਮਿੱਤਰਾਂ ਦੀ 
ਲੱਕ ਬੰਨ ਪੱਤਣਾ ਤੇ ਖਡ਼ੀਆਂ
--------------------------------
ਸਾਹਿਬਪ੍ਰੀਤ ਸਿੰਘ ਨੇ ਵੀ ਇੱਕ ਰਚਨਾ ਪੋਸਟ ਕੀਤੀ ਹੈ ਜਿਸ ਵਿੱਚ ਉਹ ਕਹਿ ਰਹੇ ਹਨ:ਏਨੀ ਵਾਰੀ ਮਰਕੇ ਵੀ ਜੇ ਝੁਕੀ ਨਾ ਓਹਦੀ ਕਮਰ ਹੈ,ਏਸ ਹਿਸਾਬ ਨਾਲ ਤਾਂ ਫੇਰ 'ਰਾਵਣ ਅਮਰ ਹੈ'...ਲਓ ਪੜ੍ਹੋ ਪੂਰੀ ਰਚਨਾ  
 ਕਦੋਂ ਤੱਕ ਜਲਾਓਗੇ ਉਸ ਸ਼ਖਸ ਨੂੰ,
ਕਿੰਨੀ ਵਾਰ ਮਿਟਾਓਗੇ ਓਹਦੇ ਅਕਸ ਨੂੰ..
ਲੱਖਾਂ ਵਾਰ ਜਲਾਕੇ ਵੀ ਜੇ ਚੈਨ ਨਹੀਂ,
ਕਿਉਂ ਨਾ ਕਹੀਏ ਜਨਤਾ ਫੇਰ ਸ਼ੁਦੈਣ ਨਹੀ..
ਗੱਲ ਚੰਗੀ ਲੱਗੇ ਤਾਂ ਇਹਨੂੰ ਹਵਾ ਦਿਓ,
ਰਾਵਣ ਨਾਲ ਨਈਂ ਤਾਂ ਮੈਨੂੰ ਵੀ ਜਲਾ ਦਿਓ..
ਉਹ ਬੰਦਾ ਵੀ ਕਿਸੇ ਵੇਲੇ ਭਗਤ ਸੀ,
ਮਹਿਮਾ ਓਹਦੀ ਗਾਉਂਦਾ ਸਾਰਾ ਜਗਤ ਸੀ..
ਮੰਨਿਆ ਚਲੋ ਵੈਰ ਓਹਨੇ ਕਮਾਇਆ ਸੀ,
ਵੈਰ ਵੀ ਕਾਹਦਾ ਲਾਂਭਾ ਹੀ ਤਾਂ ਲਾਹਿਆ ਸੀ..
ਮਿਲੀ ਸਜ਼ਾ ਗਲਤੀ ਦੀ ਮੁੱਕਿਆ ਵੈਰ ਹੈ,
ਸਾਡੇ ਦਿਲੀਂ ਪਰ ਹਾਲੇ ਤੱਕ ਕਿਉਂ ਜ਼ਹਿਰ ਹੈ..
ਦੁਸ਼ਮਣ ਲਈ ਜੇ ਦਿਲ ਚ ਸਾਡੇ ਜਗਾ ਨਹੀਂ,
ਦੁਸ਼ਮਣੀ ਰੱਖਣ ਦੀ ਵੀ ਫਿਰ ਕੋਈ ਵਜਾ ਨਹੀਂ..
ਪਿਛਲੇ ਸਾਲ ਵੀ ਸਿਵਾ ਸੀ ਓਹਦਾ ਸੇਕਿਆ,
ਕੱਲ ਫੇਰ ਧਰਮਸ਼ਾਲਾ ਚ ਖਡ਼ਾ ਵੇਖਿਆ..
ਏਨੀ ਵਾਰੀ ਮਰਕੇ ਵੀ ਜੇ ਝੁਕੀ ਨਾ ਓਹਦੀ ਕਮਰ ਹੈ,
ਏਸ ਹਿਸਾਬ ਨਾਲ ਤਾਂ ਫੇਰ 'ਰਾਵਣ ਅਮਰ ਹੈ'....
.................###..................

No comments: