Saturday, October 27, 2012

ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਇੱਕ ਬਹੁਤ ਹੀ ਖੋਜ ਭਰਪੂਰ ਲਿਖਤ

ਸਿੱਖ ਗੁਰੂ ਸਾਹਿਬਾਨ ਨੇ ਪੂਰੇ ਸਮਾਜ ਨੂੰ ਇੱਕ ਹੋਣ ਲਈ ਕਿਹਾ ਪਰ ਸਿੱਖ ਸਮਾਜ ਇੱਕ ਵਾਰ ਫਿਰ ਕਈ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਗੁਰੂ ਤੋਂ ਬੇਮੁੱਖ ਹੋ ਬੈਠਾ। ਪੰਥ ਦੇ ਉਘੇ ਵਿਦਵਾਨ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਇੱਕ ਬਹੁਤ ਹੀ ਖੋਜ ਭਰਪੂਰ ਲਿਖਤ ਪੋਸਟ ਕੀਤੀ ਹੈ।  ਫੇਸਬੁਕ ਤੇ ਪੋਸਟ ਕੀਤੀ ਗਈ ਇਸ ਲਿਖ ਨੂੰ ਪਡ਼੍ਹਕੇ ਪਤਾ ਲੱਗਦਾ ਹੈ ਕਿ ਸਿੱਖ ਧਰਮ ਦੀ ਵਿਲੱਖਣਤਾ ਨੂੰ ਖਤਮ ਕਰਨ ਲਈ ਸਾਜਿਸ਼ਾਂ ਦੀ ਸ਼ੁਰੂਆਤ ਕਿੰਨੀ ਦੇਰ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਇਸ ਖੋਜ ਭਰਪੂਰ ਲਿਖਤ ਬਾਰੇ ਤੁਹਾਡੇ ਅਨਮੋਲ ਵਿਚਾਰਾਂ ਦੀ ਉਡੀਕ ਬਣੀ ਰਹੇਗੀ।--ਰੈਕਟਰ ਕਥੂਰੀਆ  
ਦਰਬਾਰ ਸਾਹਿਬ ਦੀ ਮੌਜੂਦਾ ਮਰਿਆਦਾ ਦਾ ਸੱਚੋ-ਸੱਚ
Friday, October 26, 2012 at 3:34pm
ਡਾ: ਹਰਜਿੰਦਰ ਸਿੰਘ ਦਿਲਗੀਰ

                                                                                                                                                         Courtesy Photo
ਕੁਝ ਲੋਕ ਦਰਬਾਰ ਸਾਹਿਬ ਦੀ ਮੌਜੂਦਾ ਮਰਿਆਦਾ ਨੂੰ ਅਸਲ ਮਰਿਆਦਾ ਕਹਿਣ ਦੀ ਜ਼ਿਦ ਕਰਦੇ ਹਨ। ਦਰਅਸਲ ਮੌਜੂਦਾ ਅਖੌਤੀ ਮਰਿਆਦਾ ਨਿਰਮਲਿਆਂ, ਉਦਾਸੀਆਂ ਅਤੇ ਬਾਨਾਰਸ ਦੇ (ਠੱਗ) ਬ੍ਰਾਹਮਣਾਂ ਦੀ ਮਨਮਤਿ ਦਾ ਮਿਲਗੋਭਾ ਹੈ।

ਦਰਬਾਰ ਸਾਹਿਬ ਦੀ ਨੀਂਹ ਗੁਰੂ ਅਰਜਨ ਸਾਹਿਬ ਨੇ 3 ਜਨਵਰੀ 1588 ਦੇ ਦਿਨ ਰੱਖੀ ਸੀ (ਫਿਰ 1762 ਵਿਚ ਦੁੱਰਾਨੀ ਵੱਲੋਂ ਢਾਹੇ ਜਾਣ ਮਗਰੋਂ, ਮੌਜੂਦਾ ਇਮਾਰਤ ਦੀ ਨੀਂਹ ਸ. ਜੱਸਾ ਸਿੰਘ ਆਹਲੂਵਾਲੀਆ ਨੇ ਅਪਰੈਲ 1765 ਵਿਚ ਰੱਖੀ ਸੀ)। ਪਹਿਲਾਂ 1564 ਵਿਚ ਗੁਰੂ ਰਾਮ ਦਾਸ ਜੀ ਨੇ ਇਸ ਨਗਰ ‘ਗੁਰੂ ਦਾ ਚੱਕ’ ਦਾ ਮੁੱਢ ਬੰਨ੍ਹਿਆ ਸੀ ਤੇ ਉਨ੍ਹਾਂ ਨੇ ਸਿਰਫ਼ ਅੰਮ੍ਰਿਤਸਰ ਸਰੋਵਰ ਹੀ ਬਣਇਆ ਸੀ। ਗੁਰੂ ਹਰਿਗੋਬਿੰਦ ਸਾਹਿਬ 1634 ਤਕ ਇਸ ਨਗਰ ਵਿਚ ਰਹੇ ਸਨ ਤੇ ਇਸ ਮਗਰੋਂ 1696 ਤਕ ਇਸ ‘ਤੇ ਪ੍ਰਿਥੀ ਚੰਦ ਮੀਣੇ ਦੀ ਔਲਾਦ ਦਾ ਕਬਜ਼ਾ ਰਿਹਾ ਸੀ। 1698 ਵਿਚ ਭਾਈ ਮਨੀ ਸਿੰਘ ਨੇ ਇਸ ਦੀ ਸੇਵਾ ਸੰਭਾਲੀ। ਇਸ ਮਗਰੋਂ 1716 ਤੋਂ 1722 ਅਤੇ ਫਿਰ 1734 ਤੋਂ ਲੈ ਕੇ 1765 ਤਕ ਇਸ ਨਗਰ ਵਾਸਤੇ ਸਿੱਖਾਂ ਅਤੇ ਮੁਗ਼ਲਾਂ-ਅਫ਼ਗ਼ਾਨਾਂ ਵਿਚਕਾਰ ਜੰਗ ਚਲਦੀ ਰਹੀ। 1765 ਤੋਂ ਇਸ ‘ਤੇ ਸਿੱਖਾਂ ਦਾ ਪੱਕਾ ਕਬਜ਼ਾ ਹੋ ਗਿਆ। ਦਰਬਾਰ ਸਾਹਿਬ ਮੌਜੂਦਾ ਇਮਾਰਤ ਉਦੋਂ ਹੀ ਬਣਨੀ ਸ਼ੁਰੂ ਹੋਈ ਸੀ। ਇਸ ਮਗਰੋਂ ਇਸ ਨਗਰ ‘ਤੇ ਭੰਗੀ ਮਿਸਲ ਦਾ ਕਬਜ਼ਾ ਰਿਹਾ ਅਤੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਕੋਲ ਰਹੀ। 1804 ਵਿਚ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ; ਪਰ, ਦਰਬਾਰ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਕੋਲ ਹੀ ਰਹੀ। ਇਸ ਵੇਲੇ ਇਸ ਮਿਸਲ ਦੇ ਮੁਖੀ ਅਕਾਲੀ ਫੂਲਾ ਸਿੰਘ ਸਨ।

ਰਣਜੀਤ ਸਿੰਘ ਨੇ ਅੰਮ੍ਰਿਤਸਰ ਸ਼ਹਿਰ ‘ਤੇ ਕਬਜ਼ਾ ਕਰਨ ਮਗਰੋਂ ਸ਼ਹਿਰ ਦਾ ਇਜਾਰੇਦਾਰ (ਟੈਕਸ ਵਸੂਲਣ ਵਾਲਾ) ਇਕ ਬ੍ਰਾਹਮਣ ਰੁਲੀਆ ਰਾਮ ਮਿਸਰ ਨੂੰ ਬਣਾ ਦਿੱਤਾ। ਇਸ ਰੁਲੀਆ ਰਾਮ ਮਿਸਰ ਦੀ ਹਵੇਲੀ ਗੁਰਦੁਆਰਾ ਟਾਹਲੀ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਸੀ। (ਉਸ ਇਮਾਰਤ ਵਿਚ 1947 ਤੋਂ ਮਗਰੋਂ ਵੀ ਉਸ ਦੇ ਵਾਰਿਸ ਰਹਿੰਦੇ ਰਹੇ ਸਨ। ਵੇਖੋ: ਅਮਰ ਸਿੰਘ, ਲਿਖਤ ਜ਼ਫਰਨਾਮਾ ਰਣਜੀਤ ਸਿੰਘ)। 
ਇਸੇ ਲੇਖਕ ਮੁਤਾਬਿਕ ਪੰਡਤ ਗੰਗਾ ਰਾਮ ਦੀਵਾਨ ਨੂੰ ਵੀ ਸਭ ਤੋਂ ਉੱਚੇ ਅਹੁਦਿਆਂ ਵਿੱਚੋਂ ਇਕ ਅਹੁਦਾ ਦਿਤਾ ਗਿਆ ਸੀ (ਇਸੇ ਗੰਗਾ ਰਾਮ ਦੀਆਂ ਸਿੱਖ-ਵਿਰੋਧੀ ਕਾਰਵਾਈਆਂ ਕਾਰਨ 1814 ਵਿਚ ਅਕਾਲੀ ਫ਼ੂਲਾ ਸਿੰਘ ਅੰਮ੍ਰਿਤਸਰ ਛੱਡ ਕੇ ਅਨੰਦਪੁਰ ਚਲਾ ਗਿਆ ਸੀ)।   ਇਨ੍ਹਾਂ ਬ੍ਰਾਹਮਣ ਸਲਾਹਕਾਰਾਂ ਨੇ ਰਣਜੀਤ ਸਿੰਘ ਤੋਂ ਉਸ ਦੇ ਰਾਜ ਦੇ ਝੰਡੇ ਦਾ ਰੰਗ ਵੀ ਨੀਲੇ ਤੋਂ ਸਫ਼ੈਦ ਤੇ ਫਿਰ ਭਗਵਾ/ਕੇਸਰੀ/ਪੀਲਾ ਕਰਵਾ ਲਿਆ ਸੀ।ਬ੍ਰਾਹਮਣ ਮਿਸਰ ਬਸਤੀ ਰਾਮ ਰਣਜੀਤ ਦਾ ਖ਼ਜ਼ਾਨਚੀ ਸੀ। 1808 ਵਿਚ ਉਸ ਦੇ ਮਰਨ ਮਗਰੋਂ ਉਸ ਦਾ ਪੁੱਤਰ ਬੇਲੀ ਰਾਮ ਖ਼ਜ਼ਾਨਚੀ ਬਣਿਆ (ਮਗਰੋਂ ਬੇਲੀ ਰਾਮ ਦਾ ਭਰਾ ਮਿਸਰ ਰੂਪ ਲਾਲ ਜਲੰਧਰ ਦਾ ਹਾਕਮ ਬਣਿਆ ਤੇ ਮਿਸਰ ਸੁਖ ਰਾਜ ਫ਼ੌਜ ਦਾ ਜਰਨੈਲ)।   ਰਣਜੀਤ ਸਿੰਘ ਦਾ ਧਰਮ-ਅਰਥ ਵਜ਼ੀਰ (ਦਾਨ ਦੇਣ ਦੇ ਫ਼ੈਸਲੇ ਕਰਨ ਵਾਲਾ) ਇਕ ਬ੍ਰਾਹਮਣ ਹੋਣ ਕਰ ਕੇ ਉਸ ਦੇ ਖ਼ਜ਼ਾਨੇ ਦਾ ਬਹੁਤ ਵੱਡਾ ਹਿੱਸਾ ਹਿੰਦੂ ਮੰਦਰਾਂ ਨੂੰ ਜਾਂਦਾ ਰਿਹਾ। ਇਹ ਵਜ਼ੀਰ ਜਾਣ ਬੁਝ ਕੇ, ਦਿਖਾਵੇ ਵਜੋਂ ਕੁਝ ਰਕਮ ਦਰਬਾਰ ਸਾਹਿਬ ਨੂੰ ਭੇਟ ਕਰਵਾ ਦੇਂਦਾ ਸੀ, ਪਰ ਉਸ ਤੋਂ ਕਈ ਗੁਣਾ ਵਧੇਰੇ ਮੰਦਰਾਂ ਨੂੰ ਦਿਵਾ ਦੇਂਦਾ ਸੀ। ਰਣਜੀਤ ਸਿੰਘ ਦੇ ਕਰੋਡ਼ਾਂ ਰੁਪੈ ਥਾਨੇਸਰ (ਕੁਰੂਕਸ਼ੇਤਰ), ਹਰਦੁਆਰ ਤੇ ਬਨਾਰਸ (ਕਾਸ਼ੀ) ਦੇ ਬ੍ਰਾਹਮਣਾਂ ਨੂੰ ਮਿਲੇ ਜਾਂ ਕਾਂਗਡ਼ਾ, ਜਵਾਲਾਮੁਖੀ, ਜੰਮੂ, ਬਨਾਰਸ ਦੇ ਮੰਦਰਾਂ ’ਤੇ ਸੋਨਾ ਚਡ਼ਾਉਣ ਵਾਸਤੇ ਦਿਤੇ ਗਏ। ਟਿੱਲਾ ਗੋਰਖ ਨਾਥ, ਧਿਆਨਪੁਰ, ਪੰਡੋਰੀ ਤੇ ਧਮਤਾਲ ਦੇ ਜੋਗੀਆਂ ਦੇ ਡੇਰੇ, ਦਰਜਨਾਂ ਸ਼ਿਵਾਲੇ ਤੇ ਮੰਦਰ ਵੀ ਰਣਜੀਤ ਸਿੰਘ ਤੋਂ ਵੱਡੀਆਂ ਰਕਮਾਂ ਹਾਸਿਲ ਕਰਦੇ ਰਹੇ। ਉਦਾਸੀਆਂ ਤੇ ਨਿਰਮਲਿਆਂ ਦੇ ਡੇਰੇ ਵੀ ਚੋਖੀ ਰਕਮ ਵਸੂਲ ਕਰਦੇ ਰਹੇ। ਬ੍ਰਾਹਮਣ ਵਜ਼ੀਰ (ਤੇ ਡੋਗਰੇ ਵੀ) ਅਕਾਲੀ ਫੂਲਾ ਸਿੰਘ ਨੂੰ ਆਪਣੇ ਰਾਹ ਦਾ ਇਕ ਵੱਡਾ ਰੋਡ਼ਾ ਸਮਝਦੇ ਸਨ। ਉਹ ਦਰਬਾਰ ਸਾਹਿਬ ‘ਤੇ ਪੱਕਾ ਕਬਜ਼ਾ ਕਰਨਾ ਚਾਹੁੰਦੇ ਸਨ। ਇਸ ਕਰ ਕੇ ਉਨ੍ਹਾਂ ਨੇ ਇਕ ਨਵਾਂ ਪੈਂਤਡ਼ਾ ਅਪਣਾਇਆ। ਉਨ੍ਹਾਂ ਨੇ ਰਣਜੀਤ ਸਿੰਘ ਕੋਲ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਅਤੇ ਦਲੇਰੀ ਦੀਆਂ ਸਿਫ਼ਤਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਮਗਰੋਂ ਉਸ ਰਾਹੀਂ ਅਕਾਲੀ ਫੂਲਾ ਸਿੰਘ ਨੂੰ ਉਨ੍ਹਾਂ ਜੰਗਾਂ ਵਿਚ ਭੇਜਣਾ ਸ਼ੁਰੂ ਕਰ ਦਿੱਤਾ ਜਿਹਡ਼ੀਆਂ ਬਹੁਤ ਖ਼ਤਰਨਾਕ ਹੁੰਦੀਆਂ ਸਨ। ਪਰ, ਬ੍ਰਾਹਮਣਾਂ ਦੀ ਬਦਕਿਸਮਤੀ ਕਿ ਅਕਾਲੀ ਫੂਲਾ ਸਿੰਘ ਹਰ ਜੰਗ ਜਿੱਤਦਾ ਰਿਹਾ ਤੇ ਜਿਊਂਦਾ ਵਾਪਿਸ ਆ ਜਾਂਦਾ ਰਿਹਾ। ਅਖ਼ੀਰ ਡੋਗਰਿਆਂ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੇ ਜਾਸੂਸਾਂ ਰਾਹੀਂ 18 ਮਾਰਚ 1823 ਦੇ ਦਿਨ ਨੌਸ਼ਹਿਰਾ ਵਿਚ ਮਰਵਾ ਕੇ ਉਸ ਦੀ ਮੌਤ ਨੂੰ ਅਫ਼ਗ਼ਾਨ ਗ਼ਾਜ਼ੀਆਂ ਦੇ ਨਾਂ ਲਾ ਦਿੱਤਾ। ਹੁਣ ਬ੍ਰਾਹਮਣਾਂ ਦਾ ਰੋਡ਼ਾ ਦੂਰ ਹੋ ਚੁਕਾ ਸੀ ਅਤੇ ਹੁਣ ਦਰਬਾਰ ਸਾਹਿਬ ਪੂਰੀ ਤਰ੍ਹਾਂ ਉਨ੍ਹਾਂ ਦੀ ਪਕਡ਼ ਵਿਚ ਸੀ।

ਉਦਾਸੀ ਸਾਧੂਆਂ ਦਾ ਸਿੱਖੀ ਵਿਚ ਦਾਖ਼ਲਾ (ਘੁਸਪੈਠ)
ਰਣਜੀਤ ਸਿੰਘ ਦੇ ਇਨ੍ਹਾਂ ਬ੍ਰਾਹਮਣ ਵਜ਼ੀਰਾਂ ਨੇ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਦੁਆਲੇ ਬਹੁਤ ਸਾਰੀ ਜ਼ਮੀਨ ਉਦਾਸੀਆਂ ਨੂੰ ਦਿਵਾਉਣੀ ਸ਼ੁਰੂ ਕਰ ਦਿੱਤੀ (ਜਿੱਥੇ ਉਨ੍ਹਾਂ ਨੇ ਅਖਾਡ਼ੇ ਤੇ ਡੇਰੇ ਬਣਾ ਲਏ ਜਿੱਥੇ ਸਿੱਖ ਫ਼ਲਸਫ਼ੇ ਦੇ ਉਲਟ ਪਰਚਾਰ ਕੀਤਾ ਜਾਂਦਾ ਸੀ। ਮਗਰੋਂ ਇਨ੍ਹਾਂ ਡੇਰਿਆਂ ਵਿਚ ਸਿੱਖ ਤਵਾਰੀਖ਼, ਫ਼ਿਲਾਸਫ਼ੀ ਤੇ ਗੁਰਬਾਣੀ ਨੂੰ ਵਿਗਾਡ਼ਨ ਵਾਲੀਆਂ ਕਈ ਕਿਤਾਬਾਂ ਵੀ ਲਿਖੀਆਂ ਤੇ ਪਰਚਾਰੀਆਂ ਗਈਆਂ। ਹਾਲਾਂ ਕਿ ਗੁਰੂ ਦਾ ਚੱਕ (ਅੰਮ੍ਰਿਤਸਰ) ਦੀ ਇਹ ਸਾਰੀ ਜ਼ਮੀਨ ਦਰਬਾਰ ਸਾਹਿਬ ਦੀ ਸੀ ਜਿਸ ਨੂੰ 1564 ਵਿਚ ਗੁਰੂ ਰਾਮ ਦਾਸ ਸਾਹਿਬ ਨੇ ਤੁੰਗ ਪਿੰਡ ਦੇ ਲੋਕਾਂ ਤੋਂ ਪੂਰਾ ਮੁੱਲ ਤਾਰ ਕੇ ਖ਼ਰੀਦਿਆ ਸੀ ਤੇ ਇਸ ਨੂੰ ਅੱਗੇ ਵੇਚਿਆ ਜਾਂ ਦਾਨ ਨਹੀਂ ਸੀ ਦਿੱਤਾ ਜਾ ਸਕਦਾ।

ਉਂਞ ਤਾਂ ਮਿਸਲਾਂ ਦੇ ਵੇਲੇ ਤੋਂ ਹੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਦਾਸੀਆਂ ਨੇ ਇਕ-ਦੋ ਬੁੰਗੇ ਕਾਇਮ ਕਰ ਲਏ ਹੋਏ ਸਨ। ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਵਿਚਕਾਰ (ਜਿੱਥੇ ਅਜ ਕਲ੍ਹ ਪੁਜਾਰੀਆਂ ਨੇ ਅਕਾਲ ਤਖ਼ਤ ਦਾ ਸਕੱਤਰੇਤ ਬਣਾਇਆ ਹੋਇਆ ਹੈ) ਉਦਾਸੀ ਪ੍ਰੀਤਮ ਦਾਸ ਦਾ ਬੁੰਗਾ ਸੀ ਜੋ ਉਸ ਨੇ 1775 ਵਿਚ ਬਣਾਇਆ ਸੀ ਅਤੇ ਇਸ ਦੇ ਬਾਹਰ ਆਪਣਾ (ਉਦਾਸੀਆਂ ਦਾ) ਭਗਵਾ ਝੰਡਾ ਲਾਇਆ ਸੀ (ਇਸ ਝੰਡੇ ਕਰ ਕੇ ਇਸ ਬੁੰਗੇ ਨੂੰ ‘ਝੰਡਾ ਬੁੰਗਾ’ ਕਿਹਾ ਜਾਣ ਲਗ ਪਿਆ ਸੀ। ਇਹ ਉਦਾਸੀ ਝੰਡਾ 1841 ਵਿਚ ਝੱਖਡ਼ ਨਾਲ ਡਿੱਗ ਪਿਆ। ਮਗਰੋਂ 1843 ਵਿਚ ਮਹਾਰਾਜ ਸ਼ੇਰ ਸਿੰਘ ਨੇ ਇਸ  ਦੀ ਜਗਹ ਇਕ ਨਵਾਂ ਝੰਡਾ ਬਣਾ ਦਿੱਤਾ। ਇਸ ਦੇ ਨਾਲ ਹੀ ਦੇਸਾ ਸਿੰਘ ਮਜੀਠਿਆ ਨੇ ਇਕ ਹੋਰ ਝੰਡਾ ਬਣਵਾ ਦਿੱਤਾ (ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼)।   ਇਨ੍ਹਾਂ ਦੋਹਾਂ ਝੰਡਿਆਂ ਨੂੰ ਮਗਰੋਂ ਪੁਜਾਰੀਆਂ ਨੇ ਮੀਰੀ ਪੀਰੀ ਦੇ ਝੰਡੇ ਕਹਿਣਾ ਸ਼ੁਰੂ ਕਰ ਦਿੱਤਾ। ਬੇਸਮਝ ਸਿੱਖਾਂ ਨੇ ਉਦਾਸੀਆਂ ਦੇ ਝੰਡਿਆਂ ਨੂੰ ਚੁਪਚਾਪ ਮੀਰੀ-ਪੀਰੀ ਦੇ ਝੰਡੇ ਮੰਨ ਲਿਆ। ਹਾਲਾਂ ਕਿ ਅਸਲ ਝੰਡਾ, ਜੋ ਕਿ ਨੀਲਾ ਸੀ, ਮਿਸਲ ਨਿਸ਼ਾਨਵਾਲੀਆਂ (ਜੋ ਨਿਸ਼ਾਨ ਸਾਹਿਬ ਲੈ ਕੇ ਫ਼ੌਜ ਦੀ ਅਗਵਾਈ ਕਰਿਆ ਕਰਦੇ ਸਨ ਅਤੇ ਨਿਹੰਗ ਸਿੰਘਾਂ) ਕੋਲ ਰਿਹਾ ਸੀ।

ਨਿਰਮਲਿਆਂ ਦਾ ਦਰਬਾਰ ਸਾਹਿਬ ‘ਤੇ ਕਬਜ਼ਾ

ਤਕਰੀਬਨ ਪ੍ਰੀਤਮ ਦਾਸ ਦੇ ਸਮੇਂ ਹੀ, 1780 ਤੇ 90 ਦੇ ਵਿਚਕਾਰ, ਸੂਰਤ ਸਿੰਘ ਨਿਰਮਲਾ ਨੇ ਵੀ ਅੰਮ੍ਰਿਤਸਰ ਵਿਚ ਡੇਰੇ ਲਾ ਲਏ ਸਨ। ਉਸ ਨੇ ਵੀ ਆਪਣਾ ਬੁੰਗਾ ਕਾਇਮ ਕਰ ਲਿਆ ਜਿਸ ਨੂੰ ਮਗਰੋਂ ਗਿਆਨੀਆਂ ਦਾ ਬੁੰਗਾ ਕਿਹਾ ਜਾਣ ਲਗ ਪਿਆ ਸੀ। ਉਹ ਬਨਾਰਸ ਦੇ ਬ੍ਰਾਹਮਣਾਂ ਤੋਂ ਪਡ਼੍ਹ ਕੇ ਆਇਆ ਸੀ। ਭਾਈ ਮਨੀ ਸਿੰਘ ਦੇ ਨਾਂ ਨਾਲ ਜੋਡ਼ੀ ਜਾਣ ਵਾਲੀ ਰਚਨਾ ‘ਭਗਤ ਰਤਨਾਵਲੀ’, ਜਿਸ ਨੂੰ ‘ਸਿੱਖਾਂ ਦੀ ਭਗਤਮਾਲਾ’ ਵੀ ਕਹਿੰਦੇ ਹਨ (ਤੇ ‘ਪ੍ਰੇਮ ਰਤਨਾਵਲੀ’ ਵੀ), ਅਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ  ਵੀ ਇਸੇ ਦੀ ਲਿਖੀ ਹੋਈ ਹੈ। ਇਨ੍ਹਾਂ ਲਿਖਤਾਂ ਵਿਚ ਚੰਗਾ ਚੋਖਾ ਬ੍ਰਾਹਮਣੀ ਪਰਚਾਰ ਹੈ। ਬਸ ਇਸ ਤੋਂ ਹੀ ਸਿੱਖਾਂ ਵਿਚ ਉਦਾਸੀ-ਨਿਰਮਲਾ ਰਲਾਵਟ ਦੀ ਜ਼ੋਰਦਾਰ ਸ਼ੁਰੂਆਤ ਹੋ ਗਈ ਸੀ। ਇਹ ਸੁਰਤ ਸਿੰਘ 1803 ਵਿਚ ਮਰ ਗਿਆ ਸੀ।

ਅਕਾਲੀ ਫੂਲਾ ਸਿੰਘ ਦੇ ਹੁੰਦਿਆਂ ਇਹ ਨਿਰਮਲੇ ਆਪਣੇ ਬੁੰਗੇ ਵਿਚ ਰਹਿੰਦੇ ਰਹੇ ਅਤੇ ਕੁਝ ਰਾਜਿਆਂ ਤੋਂ ਖ਼ੈਰਾਤ ਤੇ ਭੇਟਾ ਵਸੂਲ ਕਰਦੇ ਰਹੇ ਜਿਸ ਨਾਲ ਉਨ੍ਹਾਂ ਦਾ ਰੋਟੀ-ਟੁੱਕਰ ਚਲਦਾ ਰਿਹਾ। ਪਰ ਇਨ੍ਹਾਂ ਨਿਰਮਲਿਆਂ ਦਾ ਦਰਬਾਰ ਸਾਹਿਬ ਵਿਚ ਕੋਈ ਦਖ਼ਲ ਨਹੀਂ ਸੀ; ਇਸ ਕਰ ਕੇ ਇਹ ਦਰਬਾਰ ਸਾਹਿਬ ਦੀ ਮਰਿਆਦਾ ਵਿਚ ਕੋਈ ਅਸਰ ਨਾ ਪਾ ਸਕੇ। ਪਰ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਮਗਰੋਂ ਨਿਰਮਲੇ ਸੂਰਤ ਸਿੰਘ ਦਾ ਪੁੱਤਰ ਸੰਤ ਸਿੰਘ ਦਰਬਾਰ ਸਾਹਿਬ ਦਾ ਮੁਖ ਗ੍ਰੰਥੀ ਬਣਿਆ। ਬ੍ਰਾਹਮਣ ਵਜ਼ੀਰਾਂ ਕਾਰਨ ਹੌਲੀ-ਹੌਲੀ ਉਹ ਰਣਜੀਤ ਸਿੰਘ ਦੇ ਬਹੁਤ ਨੇਡ਼ੇ ਹੋ ਗਿਆ। ਉਸ ਨੇ ਖ਼ੁਦ ਵੀ ਰਣਜੀਤ ਸਿੰਘ ਦੀ ਖ਼ੂਬ ਚਾਪਲੂਸੀ ਕੀਤੀ ਅਤੇ ਬ੍ਰਾਹਮਣ ਮਿਸਰ ਰੁਲੀਆ ਰਾਮ ਤੇ ਮਿਸਰ ਬੇਲੀ ਰਾਮ ਵੀ ਰਣਜੀਤ ਸਿੰਘ ਕੋਲ ਉਸ ਦੀਆਂ ਸਿਫ਼ਤਾਂ ਕਰਦੇ ਰਹਿੰਦੇ ਸਨ। ਬ੍ਰਾਹਮਣਾਂ ਨੇ ਰਣਜੀਤ ਸਿੰਘ ‘ਤੇ ਅਸਰ ਪਾ ਕੇ ਉਸ ਤੋਂ ਦਰਬਾਰ ਸਾਹਿਬ ‘ਤੇ ਸੋਨਾ ਚਡ਼੍ਹਾਉਣ ਵਾਸਤੇ ਸੰਤ ਸਿੰਘ ਨੂੰ ਪੈਸੇ ਦਿਵਾ ਦਿੱਤੇ। ਸੰਤ ਸਿੰਘ ਨੇ ਵੀ ਚਾਪਲੁਸੀ ਦੀ ਹੱਦ ਕਰਦੇ ਹੋਏ ਰਣਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਾ ਦਰਜਾ ਦੇਣਾ ਸ਼ੁਰੂ ਕਰ ਦਿੱਤਾ ਤੇ ‘ਸਿੰਘ ਸਾਹਿਬ’ ਕਹਿਣਾ ਸ਼ੁਰੂ ਕਰ ਦਿੱਤਾ (ਸਿੰਘ ਸਾਹਿਬ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਵਰਤਿਆ ਜਾਦਾ ਸੀ: ਵੇਖੋ ‘ਮਹਾਨ ਕੋਸ਼’)।    ਮਗਰੋਂ ਇਹੀ ਖ਼ਿਤਾਬ ਉਸ ਨੇ ਦਰਬਾਰ ਸਾਹਿਬ ਦੇ ਮੱਥੇ ‘ਤੇ ਲਿਖਵਾ ਵੀ ਦਿੱਤਾ। 

ਹੁਣ ਕਿਉਂਕਿ ਸੰਤ ਸਿੰਘ ਦਰਬਾਰ ਸਾਹਿਬ ਦਾ ਸਰਵੋ-ਸਰਵਾ ਸੀ ਇਸ ਕਰ ਕੇ ਉਸ ਨੇ ਇੱਥੇ ਸਾਰੀ ਬਾਨਾਰਸੀ-ਬ੍ਰਾਹਮਣੀ ਮਰਿਆਦਾ ਸ਼ੁਰੂ ਕਰ ਲਈ। ਅਜ ਦਰਬਾਰ ਸਾਹਿਬ ਵਿਚ ਜੋ-ਜੋ ਗੁਰਮਤਿ ਦੇ ਉਲਟ ਹੈ ਉਹ ਸਭ ਸੰਤ ਸਿੰਘ ਤੇ ਉਸ ਦਾ ਸਾਥੀਆਂ ਤੇ ਵਾਰਿਸਾਂ ਦੀ ਦੇਣ ਹੈ।ਸੰਤ ਸਿੰਘ 1932 ਵਿਚ ਮਰ ਗਿਆ। ਉਸ ਮਗਰੋਂ ਉਸ ਦਾ ਚੇਲਾ ਦਰਬਾਰਾ ਸਿੰਘ (ਜੋ ਉਦੋਂ ਦਰਬਾਰ ਸਾਹਿਬ ਦਾ ਗ੍ਰੰਥੀ ਸੀ) ਮੁਖ ਗ੍ਰੰਥੀ ਬਣ ਗਿਆ ਅਤੇ ਦੇਵਾ ਸਿੰਘ ਤੇ ਜੋਧ ਸਿੰਘ ਗ੍ਰੰਥੀ ਬਣੇ। ਸੰਤ ਸਿੰਘ ਦਾ ਪੁੱਤਰ ਗੁਰਮੁਖ ਸਿੰਘ ਅਕਾਲ ਤਖ਼ਤ ਦਾ ਸਰਬਰਾਹ ਬਣ ਗਿਆ। ਲਾਹੌਰ ਦਰਬਾਰ ਵਿਚ ਬੁਰਛਾਗਰਦੀ ਦੋਰਾਨ ਉਸ ਨੇ ਸੰਧਾਵਾਲੀਆਂ ਦਾ ਸਾਥ ਦਿੱਤਾ ਜਿਸ ਕਰ ਕੇ ਹੀਰਾ ਸਿੰਹ ਡੋਗਰੇ ਨੇ ਉਸ ਨੂੰ 1843 ਵਿਚ ਮਰਵਾ ਦਿੱਤਾ। ਉਸ ਮਗਰੋਂ ਪ੍ਰਦੁਮਣ ਸਿੰਘ ਅਕਾਲ ਤਖ਼ਤ ਦਾ ਸਰਬਰਾਹ ਬਣਿਆ ਤੇ 20 ਨਵੰਬਰ 1877 ਦੇ ਦਿਨ ਮੌਤ ਤਕ ਉਸ ਦਾ ਰਸਮੀ ਕੰਟਰੋਲ ਰਿਹਾ। ‘ਗੁਰਬਿਲਾਸ ਪਾਤਸਾਹੀ ਛੇਵੀਂ’ (ਜਿਸ ਨੂੰ ਸੋਹਨ ਕਵੀ ਦੀ ਲਿਖਤ ਕਹਿ ਕੇ ਪਰਚਾਰਿਆ ਜਾਂਦਾ ਹੈ) ਉਹ ਇਸ ਗੁਰਮੁਖ ਸਿੰਘ (ਸਰਬਰਾਹ ਅਕਾਲ ਤਖ਼ਤ) ਅਤੇ ਉਸ ਦੇ ਸਾਥੀ ਦਰਬਾਰਾ ਸਿੰਘ (ਜੋ ਦਰਬਾਰ ਸਾਹਿਬ ਦਾ ਪੁਜਾਰੀ ਸੀ) ਨੇ 1830 ਅਤੇ 1840 ਦੇ ਵਿਚਕਾਰ ਲਿਖਿਆ ਸੀ।

ਦਰਬਾਰ ਸਾਹਿਬ ਦਾ ਅਖੌਤੀ ਦਸਤੂਰ-ਇ-ਅਮਲ

ਇਸ ਦੌਰਾਨ 1859 ਵਿਚ ਅੰਗਰੇਜ਼ਾਂ ਨੇ ਬ੍ਰਾਹਮਣ ਰਾਜਾ ਤੇਜਾ ਸਿੰਘ (ਰਣਜੀਤ ਸਿੰਘ ਦੀ ਫ਼ੌਜ ਦਾ ਸਾਬਕਾ ਕਮਾਂਡਰ-ਇਨ-ਚੀਫ਼, ਮਿਸਰ ਤੇਜ ਰਾਮ ਉਰਫ਼ ਰਾਜਾ ਤੇਜਾ ਸਿੰਘ) ਦੀ ਅਗਵਾਈ ਹੇਠ ਇਕ ਦਿਖਾਵੇ ਦੀ ਕਮੇਟੀ ਬਣਾ ਕੇ ‘ਦਸਤੂਰ-ਇ-ਅਮਲ’ ਤਿਆਰ ਕਰਵਾ ਕੇ ਦਰਬਾਰ ਸਾਹਿਬ ਦਾ ਕੰਟਰੋਲ ਪੁਜਾਰੀਆਂ ਰਾਹੀਂ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਇਸ ‘ਦਸਤੂਰ-ਇ-ਅਮਲ’ ਵਿਚ ਗੁਰਮਤਿ ਮਰਿਆਦਾ ਬਾਰੇ ਕੁਝ ਵੀ ਨਹੀਂ ਸੀ ਬਲਕਿ ਮੁਖ ਤੌਰ ‘ਤੇ ਦਰਬਾਰ ਸਾਹਿਬ ਵਿਚ ਆਉਣ ਵਾਲੇ ਚਡ਼੍ਹਾਵੇ, ਦਾਨ ਤੇ ਜਾਇਦਾਦ ਦੀ ਆਮਦਨ ਨੂੰ ਪੁਜਾਰੀਆਂ, ਗ੍ਰੰਥੀਆਂ, ਧੂਪੀਆਂ, ਰਾਗੀਆਂ, ਨੰਬਰਦਾਰਾਂ ਤੇ ਹੋਰ ਮੁਲਾਜ਼ਮਾਂ ਵਿਚ ਵੰਡਣ ਦਾ ਸਿਸਟਮ ਸੀ।

1881 ਵਿਚ ਅੰਮ੍ਰਿਤਸਰ ਦੇ ਡੀ. ਸੀ. ਕੂਪਰ ਨੇ ਇਹ ਦਿਖਾਵੇ ਦੀ ਰਸਮੀ ਕਮੇਟੀ ਵੀ ਖ਼ਤਮ ਕਰ ਦਿੱਤੀ ਅਤੇ ਦਰਬਾਰ ਸਾਹਿਬ ਦਾ ਪੂਰਾ ਕੰਟਰੋਲ ਸਰਬਰਾਹ ਰਾਹੀਂ ਆਪਣੇ ਹੱਥ ਵਿਚ ਲੈ ਲਿਆ। ਇਸ ਵੇਲੇ ਵੀ ਸਾਰੇ ਪੁਜਾਰੀ ਤੇ ਮਹੰਤ ਉਦਾਸੀ ਤੇ ਨਿਰਮਲੇ ਹੀ ਸਨ। ਅਖ਼ੀਰ 12 ਅਕਤੂਬਰ 1920 ਦੇ ਦਿਨ ਦਰਬਾਰ ਸਾਹਿਬ ਦਾ ਕੰਟਰੋਲ ਸਿੱਖਾਂ ਨੂੰ ਮਿਲ ਗਿਆ ਤੇ 15 ਨਵੰਬਰ 1920 ਦੇ ਦਿਨ ਸ਼੍ਰੋਮਣੀ ਕਮੇਟੀ ਬਣ ਗਈ। ਪਰ, ਸ਼੍ਰੋਮਣੀ ਕਮੇਟੀ ਨੇ, ਮੋਰਚਿਆਂ ਅਤਟ ਆਜ਼ਾਦੀ ਦੀ ਲਡ਼ਾਈ ਵੱਲ ਵਧੇਰੇ ੁਧਆਨ ਹੋਣ ਕਰ ਕੇ, ਮਹੰਤਾਂ ਵੱਲੋਂ ਸ਼ੁਰੂ ਕੀਤੀਆਂ ਬਹੁਤੀਆਂ ਮਨਮਤਾਂ ਤੇ ਬ੍ਰਾਹਮਣੀ ਕਾਰਵਾਈਆਂ ਨੂੰ ਹਟਾਉਣ ਵੱਲ ਕੋਈ ਧਿਆਨ ਨਾ ਦਿੱਤਾ।1920 ਤੋਂ 1962 ਤਕ ਦਰਬਾਰ ਸਾਹਿਬ ਪੰਥਕ ਸੇਵਾਦਾਰਾਂ ਕੋਲ ਰਿਹਾ ਪਰ ਫਿਰ ਫਤਹਿ ਸਿੰਘ ਦੇ ਕਬਜ਼ੇ ਮਗਰੋਂ ਇਸ ਦੇ ਇੰਤਜ਼ਾਮ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। 1972 ਵਿਚ ਫਤਹਿ ਸਿੰਘ ਦੀ ਮੋਤ ਮਗਰੋਂ ਜਨਵਰੀ 1973 ਤੋਂ ਗੁਰਚਰਨ ਸਿੰਘ ਟੌਹਡ਼ਾ ਦਾ ਕਬਜ਼ਾ ਹੋ ਗਿਆ। ਇਸ ਸਮੇਂ ਦੌਰਾਨ ਕੁਝ ਕਮਿਊਨਿਸਟ ਇਸ ਇੰਤਜ਼ਾਮ ਵਿਚ ਸ਼ਾਮਿਲ ਹੋ ਗਏ।ਇਸ ਦੌਰਾਨ ਭਾਵੇਂ ਮੁਲਾਜ਼ਮ ਤਾਂ ਨਾਅਹਿਲ ਅਤੇ ਘਟੀਆ ਆਉਣੇ ਸ਼ੁਰੂ ਹੋ ਚੁਕੇ ਸਨ ਪਰ ਗੰਥੀਆਂ ਵਿਚੋਂ ਅਜੇ ਵੀ ਬਹੁਤੇ ਸਹੀ ਸਨ। 

ਬੁਰਛਾਗਰਦੀ ਦੇ ਦੌਰ (1986-1992) ਵਿਚ ਇਸ ‘ਤੇ ਚੌਕ ਮਹਿਤਾ ਡੇਰੇ ਦਾ ਕਬਜ਼ਾ ਹੋਣਾ ਸ਼ੁਰੂ ਹੋ ਗਿਆ। ਪਰ 1999 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਪਰਕਾਸ਼ ਸਿੰਘ ਬਾਦਲ ਦੇ ਕੰਟਰੋਲ ਮਗਰੋਂ ਦਰਬਾਰ ਸਾਹਿਬ ਵਿਚ ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ ਤੇ ਗੁਰਬਚਨ ਸਿੰਘ ਦੇ ਤਾਕਤ ਵਿਚ ਆਉਣ ਮਗਰੋਂ ਇਸ ‘ਤੇ ਚੌਕ ਮਹਿਤਾ ਡੇਰੇ ਦਾ ਪੱਕਾ ਕਬਜ਼ਾ ਹੋ ਗਿਆ। ਹੁਣ, 2012 ਵਿਚ, ਇਸ ਦੀ ਬਹੁਤੀ ਮਰਿਆਦਾ ਉਦਾਸੀ-ਨਿਰਮਲਾ ਮਰਿਆਦਾ ਹੀ ਹੈ। ਇਸ ਦਾ ਬਹੁਤਾ ਹਿੱਸਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦੇ ਉਲਟ ਹੈ। ਇਹ ਗੁਰਮਤਿ ਮਰਿਆਦਾ ਨਹੀਂ ਬਲਕਿ ਨਿਰਮਲਾ-ਉਦਾਸੀ-ਬ੍ਰਾਹਮਣੀ ਮਰਿਆਦਾ ਹੈ। ਦਰਬਾਰ ਸਾਹਿਬ ਵਿਚ ਕੀਤੀਆਂ ਜਾ ਰਹੀਆਂ ਬ੍ਰਾਹਮਣੀ ਤੇ ਮਨਮਤਿ ਦੀਆਂ ਸੈਂਕਡ਼ੇ ਕਾਰਵਾਈਆਂ ਵਿਚੋਂ ਹੇਠਾਂ ਮੈਂ ਸਿਰਫ਼ ਦੋ ਤਿੰਨ ਨੁਕਤਿਆਂ ਦਾ ਜ਼ਿਕਰ ਕਰਨਾ ਚਾਹਵਾਂਗਾ।

ਦਰਬਾਰ ਸਾਹਿਬ ਵਿਚ ਹਿੰਦੂ ਮੂਰਤੀਆਂ ਕਾਇਮ ਕਰਨਾ
ਜਦ 1859 ਤੋਂ ਮਗਰੋਂ ਦਰਬਾਰ ਸਾਹਿਬ ਵਿਚ ਬ੍ਰਾਮਣ ਤੇਜਾ ਸਿੰਹ ਦੀ ਪ੍ਰਧਾਨਗੀ ਹੇਠ ਮਹੰਤਾਂ ਦਾ ਕਬਜ਼ਾ ਪੱਕਾ ਹੋ ਗਿਆ ਤਾਂ ਉਨ੍ਹਾਂ ਨੇ ਆਪਣੇ ਹਿੰਦੂ ਸਾਥੀਆਂ ਰਾਹੀਂ ਦਰਬਾਰ ਸਾਹਿਬ ਵਿਚ ਕਾਲਪਨਿਕ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਬੁੱਤ ਵੀ ਲਿਆਉਣੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਬਹੁਤੇ ਲੋਕ ਤਾਂ ਅਨਪਡ਼੍ਹ ਸਨ ਹੀ ਤੇ ਨਾਲੇ ਚਾਲਾਕ ਬ੍ਰਾਹਮਣ ਪੁਜਾਰੀ ਉਨ੍ਹਾਂ ਨੂੰ ਕਹਾਣੀਆਂ ਤੇ ਕਰਾਮਾਤਾਂ ਦੀਆਂ ਗੱਪਾਂ ਸੁਣਾ ਕੇ ਫੁਸਲਾ ਕੇ ਇਨ੍ਹਾਂ ਮੂਰਤੀਆਂ ਦੀ ਪੂਜਾ ਕਰਵਾ ਲੈਂਦੇ ਸਨ। ਇਹ ਬ੍ਰਾਹਮਣ ਪੁਜਾਰੀਆਂ ਨੂੰ ਹਿੱਸਾ ਵੀ ਦੇਂਦੇ ਸਨ। ਇੰਞ ਉਨ੍ਹਾਂ ਦਾ ਕਾਰੋਬਾਰ ਚੰਗਾ ਚਲਦਾ ਰਿਹਾ। ਇਸ ਹਰਕਤ ਨੂੰ ਹੋਰ ਤਾਕਤ ਇਸ ਕਰ ਕੇ ਵੀ ਮਿਲੀ ਕਿ ਅੰਮ੍ਰਿਤਸਰ ਸਿੰਘ ਸਭਾ ਦਾ ਮੁਖ ਆਗੂ ਖੇਮ ਸਿੰਘ ਬੇਦੀ ਖ਼ੁਦ ਇਨ੍ਹਾਂ ਬੁੱਤਾਂ ਦੀ ਪੂਜਾ ਕਰਦਾ ਹੁੰਦਾ ਸੀ। ਭਾਵੇਂ ਸਿੰਘ ਸਭਾ ਲਹਿਰ ਸ਼ੁਰੂ ਹੋ ਚੁਕੀ ਸੀ ਪਰ ਅੰਮ੍ਰਿਤਸਰ ਵਿਚ ਇਸ ਬ੍ਰਾਹਮਣੀ ਟੋਲੇ ਦਾ ਹੀ ਕਬਜ਼ਾ ਸੀ। ਜਦ ਖੇਮ ਸਿੰਘ ਟੋਲੇ ਨੇ ਪੁਜਾਰੀਆਂ ਕੋਲੋਂ ਪ੍ਰੋ: ਗੁਰਮੁਖ ਸਿੰਘ ਦੇ ਖ਼ਿਲਾਫ਼ ਅਖੌਤੀ ਹੁਕਮਨਾਮਾ ਜਾਰੀ ਕਰਵਾਇਆ ਤਾਂ ਇਸ ਦੇ ਹੱਕ ਵਿਚ ਇਸ ਅੰਮ੍ਰਿਤਸਰੀ ਧਡ਼ੇ ਨੇ ਇਕ ਮੀਟਿੰਗ ਬੁਲਾਈ ਜਿਸ ਵਿਚ ਰਾਵਲਪਿੰਡੀ, ਅੰਮ੍ਰਿਤਸਰ, ਫ਼ਰੀਦਕੋਟ ਅਤੇ ਪਹਿਲਾਂ ਦਸਤਖ਼ਤ ਕਰ ਚੁਕੀਆਂ ਸਿੰਘ ਸਭਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਮੌਕੇ ’ਤੇ ਇਕ ਸਿੱਖ ਨੇ 40 ਨੁਕਤਿਆਂ ਵਾਲਾ, ਇਕ ਅੱਠ ਸਫ਼ੇ ਦਾ, ਖੁਲ੍ਹਾ ਖ਼ਤ ਵੰਡਿਆ। ਇਸ ਵਿਚ ਅੰਮ੍ਰਿਤਸਰੀ ਧਡ਼ੇ ’ਤੇ ਸਿੱਖੀ ਦੇ ਉਲਟ ਚਲਣ ਦੇ ਦੋਸ਼ ਲਾਏ ਹੋਏ ਸਨ। ਉਸ ਨੂੰ ਇਸ ਮੀਟਿੰਗ ਵਿੱਚੋਂ ਕੁੱਟ-ਮਾਰ ਕੇ ਕੱਢ ਦਿੱਤਾ ਗਿਆ। ਉਸ ਸਿੱਖ ਦੇ ਲਾਏ ਇਲਜ਼ਾਮਾਂ ਵਿਚੋਂ ਇਕ ਇਹ ਵੀ ਸੀ ਕਿ ਇਹ ਧਡ਼ਾ ਹਿਦੂ ਮੂਰਤੀਆਂ ਦੀ ਪੂਜਾ ਕਰਦਾ/ਕਰਾਉਂਦਾ ਹੈ; ਮੁਖ ਇਲਜ਼ਾਮ ਇਹ ਸਨ: 1. ਗੁਰੂ ਦੀ ਹਜ਼ੂਰੀ ਵਿਚ ਗਦੇਲੇ ਲਾ ਕੇ ਬੈਠਣਾ 2. ਦਸ ਪਾਤਿਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਖ਼ੁਦ ਨੂੰ ਬਾਰ੍ਹਵੀਂ, ਤੇਰ੍ਹਵੀਂ ਤੇ ਚੌਦ੍ਹਵੀਂ ਪਾਤਿਸ਼ਾਹੀ ਅਖਵਾਉਣਾ 3. ਜਨੇਊ ਪਾਉਣਾ 4. ਦਾਡ਼੍ਹੀ ਨੂੰ ਵਸਮਾ ਲਾ ਕੇ ਕਾਲਾ ਕਰਨਾ 5. ਹਿੰਦੂ ਮੂਰਤੀਆਂ ਦੀ ਪੂਜਾ ਕਰਨਾ ਵਗੈਰਾ।

ਇਹ ਗੱਲ ਵੀ ਕਾਬਲੇ-ਜ਼ਿਕਰ ਹੈ ਕਿ ਦਰਬਾਰ ਸਾਹਿਬ ਵਿਚ ਖੇਮ ਸਿੰਘ ਬੇਦੀ ਟੋਲੇ ਦੇ ਪੁਜਾਰੀਆਂ ਦਾ ਕਬਜ਼ਾ ਹੋਣ ਕਾਰਨ ਪੁਜਾਰੀਆਂ ਦੀ ਸ਼ਹਿ ਨਾਲ ਪਰਕਰਮਾ ਵਿਚ ਹਿੰਦੂ ਕਾਲਪਨਿਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਬੁੱਤ 1905 ਤਕ ਆਉਂਦੇ ਰਹੇ (ਹਾਲਾਂ ਕਿ 1902 ਵਿਚ ਚੀਫ਼ ਖਾਲਸਾ ਦੀਵਾਨ ਬਣ ਚੁਕਾ ਸੀ)। 1905 ਵਿਚ ਅਰੂਡ਼ ਸਿੰਘ (1865-1926) ਦਰਬਾਰ ਸਾਹਿਬ ਦਾ ਸਰਬਰਾਹ ਬਣ ਗਿਆ। ਉਹ ਹਰਨਾਮ ਸਿੰਘ ਸ਼ੇਰਗਿੱਲ ਡੀ.ਐਸ.ਪੀ. ਦਾ ਪੁੱਤਰ ਸੀ ਜੋ ਗੁਰਮਤਿ ਦੇ ਨਿਆਰਾਪਣ ਦਾ ਪੱਕਾ ਹਿਮਾਇਤੀ ਸੀ। ਅਰੂਡ਼ ਸਿੰਘ ਨੇ ਦਰਬਾਰ ਸਾਹਿਬ ਦਾ ਚਾਰਜ ਲੈਣ ਮਗਰੋਂ ਬ੍ਰਾਹਮਣਾਂ ਨੂੰ ਬੁਲਾ ਕੇ ਸਮਝਾਇਆ ਕਿ ਦਰਬਾਰ ਸਾਹਿਬ ਵਿਚ ਸਿੱਖੀ ਦੇ ਉਲਟ ਹਰਕਤਾਂ ਕਰਨੀਆਂ ਬੰਦ ਕਰ ਦੇਣ; ਪਰ ਜਦ ਵਾਰ-ਵਾਰ ਕਹਿਣ ਦੇ ਬਾਵਜੂਦ ਉਹ ਨਾ ਹਟੇ ਤਾਂ ਅਰੂਡ਼ ਸਿੰਘ ਨੇ 2 ਮਈ 1905 ਦੇ ਦਿਨ ਦਰਬਾਰ ਸਾਹਿਬ ਵਿਚ ਇਕ ਨੋਟਿਸ ਲਾ ਦਿੱਤਾ ਕਿ ਕੋਈ ਸ਼ਖ਼ਸ ਦਰਬਾਰ ਸਾਹਿਬ ਵਿਚ ਸਿੱਖ ਧਰਮ ਤੋਂ ਉਲਟ ਜਾਂ ਕਿਸੇ ਹੋਰ ਧਰਮ ਦੀ ਪੂਜਾ ਨਹੀਂ ਕਰ ਸਕਦਾ ਤੇ ਅਜਿਹਾ ਕਰਨ ਵਾਲਾ ਸਜ਼ਾ ਦਾ ਹੱਕਦਾਰ ਹੋਵੇਗਾ। ਇਸ ਮਗਰੋਨ ਬ੍ਰਾਹਮਣ ਮੂਰਤੀਆਂ ਲਿਆਉਣੋਂ ਹਟ ਗਏ। ਪਰ ਚਾਰ ਦਿਨ ਮਗਰੋਂ 6 ਮਈ ਨੂੰ ਉਹ ਫੇਟ ਮੂਰਤੀਆਂ ਲੈ ਆਏ। ਇਸ ‘ਤੇ ਅਰੂਡ਼ ਸਿੰਘ ਨੇ ਅੰਮ੍ਰਿਤਸਰ ਦੇ ਡੀ.ਸੀ. ਨੂੰ ਖ਼ਤ ਲਿਖ ਕੇ ਇਨ੍ਹਾਂ ਬ੍ਰਾਹਮਣਾਂ ਨੂੰ ਗ੍ਰਿਫ਼ਤਾਰ ਕਰਨ ਵਾਸੇ ਪੁਲਸ ਭੇਜਣ ਵਾਸਤੇ ਕਿਹਾ (ਸਰਕਾਰੀ ਰਿਕਾਰਡ: ਹੋਮ ਪੁਲੀਟੀਕਲ 1905, ਫ਼ਾਈਲ ਨੰਬਰ 668/12)।   ਜਦ ਬ੍ਰਾਹਮਣਾਂ ਨੂੰ ਇਸ ਖ਼ਤ ਦਾ ਪਤਾ ਲੱਗਾ ਤਾਂ ਉਹ ਦਰਬਾਰ ਸਾਹਿਬ ਤੋਂ ਭੱਜ ਨਿਕਲੇ; ਕਈ ਤਾਂ ਆਪਣੀਆਂ ਮੂਰਤੀਆਂ ਤੇ ਬੁਤ ਵੀ ਉਥੇ ਛਡ ਕੇ ਭੱਜ ਗਏ। ਅਰੂਡ਼ ਸਿੰਘ ਨੇ ਆਪ ਆ ਕੇ ਠੁਡੇ ਮਾਰ-ਮਾਰ ਕੇ ਇਹ ਮੂਰਤੀਆਂ ਤੋਡ਼ੀਆਂ ਤੇ ਇਨ੍ਹਾਂ ਦਾ ਮਲਬਾ ਬਾਹਰ ਸੁਟਵਾਇਆ।

ਪਟਨਾ ਵਿਚ ਨਿਰਮਲਿਆਂ ਦੇ ਇਕ ਹੋਰ ਟੋਲੇ ਦਾ ਰੋਲ

ਠੀਕ ਸੂਰਤ ਸਿੰਘ ਦੇ ਅੰਮ੍ਰਿਤਸਰ ਆਉਣ ਦੇ ਸਮੇਂ ਵਿਚ ਹੀ, ਤਕਰੀਬਨ 1770-75 ਦੌਰਾਨ ਪਟਨਾ ਵਿਚ ਵੀ ਨਿਰਮਲਿਆ ਦਾ ਇਕ ਹੋਰ ਟੋਲਾ ਵੀ ਸਰਗਰਮ ਹੋ ਚੁਕਾ ਸੀ। ਉਥੇ ਨਿਰਮਲਿਆਂ ਨਵਲ ਸਿੰਘ, ਦਯਾਲ ਸਿੰਘ ਤੇ ਸੁਖਾ ਸਿੰਘ ਗ੍ਰੰਥੀ ਦੀ ਕਮਾਨ ਹੇਠ ਪੁਜਾਰੀਆਂ ਨੇ ਕਿਤਾਬਾਂ ਦੀ ਰਚਨਾ ਸ਼ੁਰੂ ਕੀਤੀ ਹੋਈ ਸੀ। ਇਨ੍ਹਾਂ ਨਿਰਮਲਿਆਂ ਨੇ ਬਚਿਤਰ ਨਾਟਕ (ਹੁਣ ਦਾ ਨਾਂ ਦਸਮ ਗ੍ਰੰਥ) ਕਿਤਾਬ ਦੀ ਰਚਨਾ ਕੀਤੀ।

(ਭਾਈ ਕਾਨ੍ਹ ਸਿੰਘ ਨਾਭਾ ਦੀ ਸੁੱਖਾ ਸਿੰਘ ਬਾਰੇ ਐਂਟਰੀ: ਪਟਣੇ ਸਾਹਿਬ ਦੇ ਹਰਿਮੰਦਰ ਦਾ ਗ੍ਰੰਥੀ ਜਿਸ ਨੇ ਸੁਖਮਨਾ ਛੱਕੇ ਆਦਿ ਬਾਣੀ ਰਲਾ ਕੇ ਦਸਮਗ੍ਰੰਥ ਨਾਮੀ ਇਕ ਬੀਡ਼ ਬਣਾਈ। ਭਾਈ ਕਾਨ੍ਹ ਸਿੰਘ ਇਹ ਵੀ ਲਿਖਦੇ ਹਨ ਕਿ ਸਰਬ ਲੋਹ ਗੰ੍ਰਥ ਵੀ ਇਸੇ ਸੁੱਖਾ ਸਿੰਘ ਦੀ ਰਚਨਾ ਹੈ)।   ਅਖੋਤੀ ਦਸਮ ਗ੍ਰੰਥ 1775-83 ਵਿਚ ਤਿਆਰ ਹੋਇਆ ਸੀ; ਚਾਰਲਸ ਵਿਲਕਨ (1781) ਮੁਤਾਬਿਕ ਇਸ ਦੀ ਪਹਿਲੀ ਲਿੱਪੀ ਨਾਗਰੀ (ਹਿੰਦਵੀ ਤੇ ਸੰਸਕ੍ਰਿਤ) ਸੀ। ਪੰਜਾਬ ਵਿਚ ਇਹ ਕਈ ਦਹਾਕਿਆਂ ਮਗਰੋਂ ਆਇਆ ਸੀ। ਇਸ ਨੂੰ ਇਕ ਕਿਤਾਬ ਦੇ ਰੂਪ ਵਿਚ 1797 ਵਿਚ ਤਿਆਰ ਕੀਤਾ ਗਿਆ ਸੀ। ਇਹ ਸਾਰੀ ਨਿਰਮਲਿਆਂ ਅਤੇ ਅੰਗਰੇਜ਼ਾਂ ਦੀ ਸਾਜ਼ਿਸ਼ ਸੀ। ਸਭ ਤੋਂ ਪਹਿਲਾ 1810 ਵਿਚ ਮਾਲਕਮ ਨੇ ਇਸ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਇਸ ਦਾ ਅਧਾਰ ਕੋਲਬਰੁਕ ਦੇ ਸੋਮੇ ਨੂੰ ਬਣਾਇਆ ਜਿਸ ਨੂੰ ਨਿਰਮਲਾ ਆਤਮਾ ਰਾਮ ਨੇ ਪਟਨਾ ਵਿਚ ਇਹੋ ਜਿਹੀ ਇਕ ਲਿਖਤ ਦਿੱਤੀ ਸੀ।

ਦਸਮਗ੍ਰੰਥ ਨੂੰ ਭਾਈ ਮਨੀ ਸਿੰਘ ਨਾਲ ਜੋਡ਼ਨ ਦੀ ਨਾਕਾਮ ਕੋਸ਼ਿਸ਼ ਵੀ ਕੀਤੀ ਗਈ ਹੈ ਜਿਸ ਦਾ ਅਧਾਰ ਉਸ ਦਾ ਇਕ ਨਕਲੀ ਖ਼ਤ ਬਣਾਇਆ ਗਿਆ ਹੈ (ਇਸ ਖ਼ਤ ਵਿਚ ਹੋਰ ਤਵਾਰੀਖ਼ ਤੱਥ ਵੀ ਗ਼ਲਤ ਹਨ)।  
ਫਿਰ ਇਸ ਦੀਆਂ ਨਕਲਾਂ ਵੀ ਤਿਆਰ ਕੀਤੀਆਂ ਗਈਆਂ ਜਿਨ੍ਹਾਂ ੳੇੁਤੇ  ਝੂਠੀਆਂ ਤਾਰੀਖ਼ਾਂ ਵੀ ਦਰਜ ਕਰ ਦਿੱਤੀਆਂ ਗਈਆਂ ਤਾਂ ਜੋ ਉਹਂਾਂ ਦੇ ‘ਪ੍ਰਾਚੀਨ’ ਹੋਣ ਦਾ ਭੁਲੇਖਾ ਪਾਇਆ ਜਾ ਸਕੇ।

ਇਸ ਮਗਰੋਂ ਇਕ ਸੋਧਕ ਕਮੇਟੀ (1897-1902) ਵੱਲੋਂ ਇਸ ਨੂੰ ਮਨਜ਼ੂਰੀ ਦੇਣ ਦਾ ਬਹਾਨਾ ਵੀ ਘਡ਼ਿਆ ਗਿਆ। ਦਰਅਸਲ ਇਹ ਕਮੇਟੀ ਵੀ ਅੰਗਰੇਜ਼ਾਂ ਅਤੇ ਖੇਮ ਸਿੰਘ ਬੇਦੀ (ਮੌਤ 1905) ਦੀ ਸਾਜ਼ਿਸ਼ ਦਾ ਨਤੀਜਾ ਸੀ। ਖੇਮ ਸਿੰਘ ਬੇਦੀ ਉਹੀ ਸ਼ਖ਼ਸ ਸੀ ਜਿਸ ਨੇ ਇਨ੍ਹਾਂ ਪੁਜਾਰੀਆਂ ਤੋਂ ਹੀ ਸਿੰਘ ਸਭਾ ਲਹਿਰ ਦੇ ਇਕ ਮੁਖੀ ਆਗੂ ਪ੍ਰੋ ਗੁਰਮੁਖ ਸਿੰਘ ਦੇ ਖ਼ਿਲਾਫ਼ ਅਖੌਤੀ ਹੁਕਮਨਾਮਾ ਵੀ ਜਾਰੀ ਕਰਵਾਇਆ ਸੀ। ਖੇਮ ਸਿੰਘ ਬੇਦੀ ਸਰਕਾਰ ਦਾ ਖ਼ਾਸ ਏਜੰਟ ਸੀ; ਉਸ ਨੂੰ 28272 ਏਕਡ਼ ਦੀ ਜਾਗੀਰ ਮਿਲੀ ਹੋਈ ਸੀ ਤੇ 1893 ਵਿਚ ਸਰਕਰ ਨੇ ਉਸ ਨੂੰ ਪੰਜਾਬ ਕੌਂਸਲ ਦਾ ਮੈਂਬਰ ਵੀ ਨਾਮਜ਼ਦ ਕੀਤਾ ਸੀ ਤੇ ਬਹੁਤ ਸਾਰੇ ਹੋਰ ਅਹੁਦੇ ਤੇ ਖ਼ਿਤਾਬ ਵੀ ਦਿੱਤੇ ਸਨ।

ਬੀਬੀਆਂ ਨੂੰ ਸੇਵਾ, ਕੀਰਤਨ ਤੇ ਹੋਰ ਕਾਰਵਾਈਆਂ ਤੋਂ ਰੋਕਣਾ 2003

2003 ਵਿਚ ਦਰਬਾਰ ਸਾਹਿਬ ਵਿਚ ਬੀਬੀਆਂ ਨੂੰ ਸੇਵਾ, ਕੀਰਤਨ ਤੇ ਹੋਰ ਕਾਰਵਾਈਆਂ ਕਰਨ ਤੋਂ ਰੋਕਣ ਦਾ ਮੁੱਦਾਅ ਬਹੁਤ ਚਰਚਾ ਵਿਚ ਆਇਆ ਸੀ। ਉਸ ਸਮੇਂ ਤੋਂ ਉਦਾਸੀ-ਨਿਰਮਲਾ ਡੇਰਿਆਂ ਦੇ ਪੁਜਾਰੀਆਂ ਨੇ ਅਖੌਤੀ ਮਰਿਆਦਾ ਦੇ ਨਾਂ ‘ਤੇ ਬੀਬੀਆਂ ਨਾਲ ਵਿਤਕਰਾ ਕਰਨ ਵਾਸਤੇ ਦਲੀਲ ਵਜੋਂ ਪੇਸ਼ ਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਅਖੌਤੀ ‘ਦਸਤੂਰ-ਇ-ਅਮਲ’ ਦਾ ਵੀ ਰੌਲਾ ਪਾਇਆ ਸੀ। ਦਰਅਸਲ ਇਸ ‘ਦਸਤੂਰ-ਇ-ਅਮਲ’ ਵਿਚ ਗੁਰਮਤਿ ਮਰਿਆਦਾ ਬਾਰੇ ਕੁਝ ਵੀ ਨਹੀਂ ਸੀ ਬਲਕਿ ਮੁਖ ਤੌਰ ‘ਤੇ ਦਰਬਾਰ ਸਾਹਿਬ ਵਿਚ ਆਉਣ ਵਾਲੇ ਚਡ਼੍ਹਾਵੇ, ਦਾਨ ਤੇ ਜਾਇਦਾਦ ਦੀ ਆਮਦਨ ਨੂੰ ਵੰਡਣ ਦੀ ਪਲਾਨਿੰਗ ਸੀ; ਪਰ ਕਿਉਂ ਕਿ ਕਿਸੇ ਕੋਲ ਉਸ ਦੀ ਕੋਈ ਕਾਪੀ ਨਹੀਂ ਸੀ ਇਸ ਕਰ ਕੇ ਕੋਈ ਇਸ ਬਾਰੇ ਬਹਿਸ ਨਾ ਕਰ ਸਕਿਆ। ਹਾਲਾਂ ਕਿ ਹਕੀਕਤ ਹੈ ਕਿ ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਕੀਤੇ ਹੋਣ ਦਾ ਸਬੂਤ ਵੀ ਮੌਜੂਦ ਹੈ।
ਰਤਨ ਸਿੰਘ ਭੰਗੂ ਲਿਖਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਦਰਬਾਰ ਸਾਹਿਬ ਵਿਚ ਕੀਰਤਨ ਕਰਿਆ ਕਰਦੀ ਸੀ:
ਹੁਤੀ ਸਿੰਘਨ ਕੀ ਬੇਟੀ ਸੋਇ ।
ਪਿਤਾ ਪਡ਼੍ਹਾਈ ਅੱਛਰ ਤੋਇ ।
ਗੁਰਬਾਣੀ ਤਿਸ ਕੰਠ ਘਨੇਰੀ ।
ਹੁਤੀ ਸਿੱਖਣੀ ਦੁਇ ਪਖ ਕੇਰੀ ।4।
ਪੋਥੀ ਰਾਖਤ ਗਾਤ੍ਰੈ ਪਾਈ ।
ਸਿਖ ਸੰਗਤ ਮੈਂ ਪਹੁੰਚੈ ਜਾਇ ।
ਬਡੀ ਪ੍ਰਾਤ ਉਠ ਚੌਂਕੀ ਕਰੈ ।
ਸਮੈਂ ਸੰਝੈ ਭੀ ਸੋਦਰ ਪਡ਼੍ਹੈ ।5।
ਦੋਹਰਾ :
ਆਪ ਦੁਤਾਰੇ ਵਹਿ ਫਡ਼ੈ ਬਾਲ  ਸੁ ਦਾਸੀਪ੍ਰੇਮ ।
ਦੋਊ ਵਖਤ ਚੌਂਕੀ ਕਰੈ ਯਿਹ ਥੋ ਉਸ ਕੋ ਨੇਮ ।6।
ਚੌਪਈ :
ਜਹਿ ਸਿਖ ਸੰਗਤ ਹੋਵੈ ਜੋਡ਼ ।
ਜੋ ਸੱਦੈ ਤਿਸ ਕਰੈ ਨ ਮੋਡ਼ ।
ਰਾਤ ਦਿਨਸ ਕਰਜਾਵੈ ਤਾਂਹਿ ।
ਕਰ ਚੌਂਕੀ ਕੇ ਸ਼ਬਦ ਸੁਣਾਇ ।7।
ਹਰ ਮੇਲੇ ਜਾਵੈ ਗੁਰਦ੍ਵਾਰ ।
ਖੁੰਝੈ ਨਹੀਂ ਵਹਿ ਗੁਰ ਕੀ ਕਾਰ ।
ਜਹਾਂ ਖਾਲਸੋ ਲਾਇ ਦੀਵਾਨ ।
ਜਾਇ ਕਰੈ ਸ਼ਬਦ ਚੌਂਕੀ ਗਾਨ ।8।
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਸਾਖੀ 91, ਸਫ਼ਾ 94)

ਬੀਬੀਆਂ ਅਤੇ ਰੰਘਰੇਟਿਆਂ ‘ਤੇ ਪਬੰਦੀ ਕਿਸ ਨੇ ਲਾਈ?:

ਦਰਬਾਰ ਸਾਹਿਬ ਵਿਚ ਬੀਬੀਆਂ ‘ਤੇ ਪਾਬੰਦੀਆਂ ਸਭ ਨਿਰਮਲਿਆਂ ਅਤੇ ਉਦਾਸੀਆਂ ਦੇ ਕਾਲ ਵਿਚ ਸ਼ੁਰੂ ਹੋਈਆਂ ਸਨ। ਉਹ ਔਰਤ ਨੂੰ ਨਫ਼ਰਤ ਕਰਦੇ ਸਨ। ਉਹ ਬਾਨਾਰਸੀ ਪੰਡਤਾਂ ਤੇ ਠੱਗਾਂ ਤੋਂ ਪਡ਼੍ਹ ਕੇ ਆਏ ਸਨ ਅਤੇ ਤਲਸੀ ਦਾਸ ਤੇ ਮਨੂ ਦੇ ਚੇਲੇ ਸਨ, ਨਾ ਕਿ ਗੁਰੂ ਨਾਨਕ ਸਾਹਿਬ ਦੇ - ਜਿਨ੍ਹਾਂ ਨੇ ਔਰਤ ਨੂੰ ਰਾਜ-ਮਾਤਾ (‘ਜਿਤੁ ਜੰਮਹਿ ਰਾਜਾਨ’; ਗੁਰੂ ਗ੍ਰੰਥ ਸਾਹਿਬ ਸਫ਼ਾ 473) ਵਰਗਾ ਦਰਜਾ ਦਿੱਤਾ ਹੋਇਆ ਸੀ। ਨਿਰਮਲਿਆਂ ਅਤੇ ਉਦਾਸੀਆਂ ਨੇ ਤਾਂ ਦਰਬਾਰ ਸਾਹਿਬ ਵਿਚ ਅਛੂਤਾਂ ਦਾ ਦਾਖ਼ਲਾ ਵੀ ਬੰਦ ਕੀਤਾ ਹੋਇਆ ਸੀ; ਉਹ ਦੁਪਹਿਰੇ 11 ਵਜੇ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਵਡ਼ ਵੀ ਨਹੀਂ ਸਨ ਸਕਦੇ। ਉਥੇ ‘ਰੰਘਰੇਟਾ ਗੁਰੂ ਦਾ ਬੇਟਾ’ “ਏਕ ਨੂਰ ਤੇ ਸਭੁ ਜਗੁ ਉਪਜਿਆ” (ਗੁਰੂ ਗ੍ਰੰਥ ਸਾਹਿਬ, ਸਫ਼ਾ 1349) ਨਹੀਂ ਬਲਕਿ ਅਛੂਤ ਸੀ। ਇਹ ਸਾਰਾ ਕੁਝ ਗੁਰੂ ਦੀ ਸਿਖਿਆ ਦੇ ਮੂਲੋਂ ਹੀ ਉਲਟ ਸੀ। ਮੌਜੂਦਾ ਪੁਜਾਰੀਆਂ ਵਿਚੋਂ ਜੋ ਨਿਰਮਲੇ ਤੇ ਉਦਾਸੀਆਂ ਦੇ ਚੇਲੇ ਹਨ ਉਹ ਔਰਤਾਂ ਨੂੰ ਸੇਵਾ, ਕੀਰਤਨ ਅਤੇ ਪੰਜ ਪਿਆਰਿਆਂ ਵਿਚ ਸ਼ਾਮਿਲ ਹੋਣ ਤੋਂ ਰੋਕਦੇ ਹਨ। ਉਨ੍ਹਾਂ ਦਾ ਵਸ ਚਲੇ ਤਾਂ ਉਹ ਸੀਸ ਭੇਟ ਕੌਤਕ ਵਾਲੇ ਦਿਨ ਖੰਡੇ ਦੀ ਪਾਹੁਲ ਦੀ ਪਹਿਲੀ ਰਸਮ ਵਿਚ ਮਾਤਾ ਜੀਤੋ ਦਾ ਪਤਾਸੇ ਪਾਉਣਾ ਵੀ ਝੂਠ ਕਰਾਰ ਦੇ ਦੇਣ। ਇਕ ਹੋਰ ਨੀਚਤਾ ਵਾਲੀ ਗੱਲ ਇਹ ਹੈ ਕਿ ਇਹ ਪੁਜਾਰੀ ਇਕ ਪਾਸੇ ਤਾਂ ਔਰਤਾਂ ਨੂੰ ਸੂਤਕ ਵਾਲੀਆਂ ਤੇ ਨੀਚ ਕਹਿ ਕੇ ਰੱਦ ਕਰਦੇ ਸਨ; ਪਰ ਦੂਜੇ ਪਾਸੇ ਅਖੌਤੀ ਜਤੀ-ਸਤੀ ਹੋਣ ਦਾ ਦਿਖਾਵਾ ਕਰਨ ਦੇ ਬਾਵਜੂਦ, ਬਹੁਤੇ ਪੁਜਾਰੀਆਂ ਨੇ ਵੇਸਵਾਵਾਂ ਤੇ ਛੁੱਟਡ਼ ਔਰਤਾਂ ਰਖੈਲਾਂ ਬਣਾ ਕੇ ਰੱਖੀਆਂ ਹੋਈਆਂ ਸਨ ਅਤੇ ਮੱਥਾ ਟੇਕਣ ਆਈਆਂ ਬੀਬੀਆਂ ਨਾਲ ਜਬਰ-ਜ਼ਨਾਹ ਵੀ ਕਰਿਆ ਕਰਦੇ ਸਨ। ਨਾਨਕਾਣਾ, ਤਰਨ ਤਾਰਨ, ਅੰਮ੍ਰਿਤਸਰ ਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਪੁਜਾਰੀਆਂ ਤੇ ਉਨ੍ਹਾਂ ਦੇ ਪੁੱਤਰਾਂ ਤੇ ਹੋਰ ਰਿਸ਼ਤੇਦਾਰਾਂ ਤੇ ਸਾਥੀਆਂ ਦੀਆਂ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਹਰਕਤਾਂ ਤਵਾਰੀਖ਼ ਦਾ ਹਿੱਸਾ ਹਨ।

ਦਰਬਾਰ ਸਾਹਿਬ ਨੂੰ ਲੱਸੀ ਨਾਲ ਧੋਣਾ
ਇਸ ਤੋਂ ਇਲਾਵਾ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਨੂੰ ਦੁੱਧ ਜਾਂ ਲੱਸੀ ਨਾਲ ਧੋਣਾ ਤਾਂ ਮੂਲੋਂ ਹੀ ਸਿੱਖੀ ਸਿਧਾਂਤਾਂ ਦੇ ਉਲਟ ਹੈ ਤੇ ਇਹ ਮਨਮਤ ਸਦਾ ਵਾਸਤੇ ਜਾਰੀ ਰੱਖਣ ਵਾਸਤੇ ਉਹ ਪੇਸ਼-ਪੇਸ਼ (ਮੂਹਰੇ-ਮੂਹਰੇ) ਹਨ। ਉਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਮਨਮਤ ਗੁਰੂ ਸਾਹਿਬ ਦੇ ਵੇਲੇ ਕਦੇ ਨਹੀਂ ਹੋਈ ਸੀ (ਗੁਰੂ ਸਾਹਿਬ ਵੇਲੇ ਤਾਂ ਫ਼ਰਸ਼ ਹੀ ਮਿੱਟੀ ਦਾ ਸੀ ਤੇ ਉਸ ਨੂੰ ਲੱਸੀ ਨਾਲ ਧੋਣ ਦਾ ਸਵਾਲ ਹੀ ਨਹੀਂ ਸੀ)।

ਸਿੱਖ ਮਿਸਲਾਂ ਵੇਲੇ ਵੀ ਇੱਥੇ ਸੰਗਮਰਮਰ ਨਹੀਂ ਸੀ ਲਗਾ ਹੋਇਆ। ਇਹ ਚਿੱਟਾ ਪੱਥਰ ਤਾਂ ਕੁਝ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਦੇ ਆਖ਼ਰੀ ਦਿਨਾਂ ਵਿਚ ਤੇ ਕੁਝ ਨੌਨਿਹਾਲ ਸਿੰਘ ਦੇ ਰਾਜ ਵਿਚ ਲੱਗਾ ਸੀ; ਪੂਰੀ ਪਰਕਰਮਾ ਅੰਗਰੇਜ਼ ਡੀ. ਸੀ. ਕੂਪਰ ਵੇਲੇ ਸੰਗਮਰਮਰ ਨਾਲ ਮਡ਼੍ਹੀ ਗਈ ਸੀ। ਸੋ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਲੱਸੀ ਨਾਲ (ਜਾਂ ਪਾਣੀ ਨਾਲ) ਧੋਣ ਦੀ ਕਾਰਵਾਈ ਤਾਂ ਸਿਰਫ਼ ਮਹੰਤਾਂ/ਅੰਗਰੇਜ਼ਾਂ ਵੇਲੇ ਸ਼ੁਰੂ ਹੋਈ ਸੀ। ਇਹ ਮਹੰਤ ਹੀ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿਚ ਸੈਂਕਡ਼ੇ ਮਨਮਤੀ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਸਨ। ਉਨ੍ਹਾਂ ਵਿਚੋਂ ਹੀ ਇਹ ਕਾਰਵਾਈ ਇਹ ਵੀ ਹੈ। ਇਹ ਸਾਰੀਆਂ ਗੱਲਾਂ ਸਿੱਖ ਫ਼ਲਸਫ਼ੇ ਦੇ ਉਲਟ ਹਨ, ਮਨਮਤਿ ਹਨ, ਬ੍ਰਾਹਮਣੀ ਕਾਰਵਾਈਆਂ ਹਨ। 

ਇਹ ਵੀ ਸਭ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਨੂੰ “ਲੱਸਿਆਉਣ” (ਲੱਸੀ ਨਾਲ ਧੋਣ) ਜਾਂ “ਦੁੱਧਿਆਉਣ” (ਦੁੱਧ ਨਾਲ ਧੋਣ) ਦੀ ਕਾਰਵਾਈ ਤਾਂ ਸਿਰਫ਼ ਦਸ ਪੰਦਰਾਂ ਘਰਾਂ ਦੇ ਲੋਕ ਹੀ ਕਰਦੇ ਹਨ। ਇਨ੍ਹਾਂ ਚੰਦ ਇਕ ਘਰਾਂ ਨੇ ਇਸ ਨੂੰ ਅੰਡਰ ਵਰਲਡ ਵਾਂਗ “ਮਨਾਪਲੀ” ਬਣਾਇਆ ਹੋਇਆ ਹੈ। ਇਹ ਗੱਲ ਹੋਰ ਵੀ ਸ਼ਰਮਨਾਕ ਹੈ। ਇਹੋ ਜਿਹੀ ਹਰਕਤ ਸਿੱਖ ਫ਼ਲਸਫ਼ੇ ਦੇ ਮੁੱਢੋਂ ਹੀ ਉਲਟ ਹੈ ਤੇ ਪਾਪ ਹੈ।

ਦਰਬਾਰ ਸਾਹਿਬ ਵਿਚ ਹੋਰ ਮਨਮਤਾਂਇੰਞ ਹੀ 100 ਰੁਪੈ ਲੈ ਕੇ ਸਿਰੋਪਾ ਦੇਣਾ, ਗੁਰੂ ਗ੍ਰੰਥ ਸਾਹਿਬ ਨੂੰ ਕਈ-ਕਈ ਰੁਮਾਲਿਆਂ ਨਾਲ ਢਕਣਾ, ਦਰਬਾਰ ਸਾਹਿਬ ਵਿਚ ਭੱਟਾਂ ਦੇ ਸਵੈਯਾਂ ਨਾਲ ਸ਼ੁਰੂਆਤ ਕਰਨਾ, ਦਰਬਾਰ ਸਾਹਿਬ ਵਿਚ ਅਖੌਤੀ ਜੋਤਿ ਜਗਾਉਣਾ, ਦਰਬਾਰ ਸਾਹਿਬ ਦੇ ਅੰਦਰ ਮਲਕ ਭਾਗੋਆਂ ਅਤੇ ਨਵੇਂ ਬਾਦਸ਼ਾਹਾਂ/ਚੌਧਰੀਆਂ ਦਾ ਸਨਮਾਨ ਕਰਨਾ, ਬੇਰੀਆਂ ਨੂੰ ਮੱਥਾ ਟਿਕਾਉਣਾ, ਹਰ ਥਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਅਖੰਡ ਪਾਠ ਕਰਵਾਉਣਾ, ਥਾਂ-ਥਾਂ ‘ਤੇ ਮੱਥਾ ਟੇਕਣਾ, ਸਰੋਵਰ ਵਿਚੋਂ ਚੁਲੀ ਲੈਣਾ ਅਤੇ ਘਟੋ-ਘਟ 100 ਅਜਿਹੀਆਂ ਮਰਿਆਦਾ ਹਨ ਜੋ ਮਹੰਤਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਹਨ (ਤੇ ਇਹ ਸਾਰਾ ਮਹੰਤਾਂ ਦਾ ਬ੍ਰਾਹਮਣਵਾਦੀ ਅਡੰਬਰ, ਕਰਮ ਕਾਂਡ ਤੇ ਪਾਖੰਡ ਹੈ।

{ਬ੍ਰਿਮਿੰਘਮ (ਇੰਗਲੈਂਡ) ਵਿਚ ਆਪਣੇ ਜਨਮ ਦਿਨ ‘ਤੇ 22 ਅਕਤੂਬਰ 2012, ਸਵੇਰੇ 3 ਤੋਂ 6 ਵਜੇ ਤਕ ਲਿਖਿਆ}

No comments: