Monday, October 22, 2012

ਪੰਜਾਬ ਪੁਲਸ ਨੂੰ ਵੱਡੀ ਸਫਲਤਾ

"ਸ਼ਰੂਤੀ ਆਪਣੀ ਮਰਜ਼ੀ ਨਾਲ ਗਈ ਸੀ"-ਪੰਜਾਬ ਪੁਲਸ
ਫਰੀਦਕੋਟ ਦੀ ਡੋਗਰ ਬਸਤੀ ਵਿੱਚ ਜਿਸ ਕੁੜੀ ਨੂੰ ਦਿਨ ਦਹਾੜੇ ਬੰਦੂਕ ਦੀ ਨੋਕ ਤੇ ਘਰੋਂ ਚੁੱਕਿਆ ਗਿਆ ਸੀ. ਲਗਾਤਾਰ ਵਧ ਰਹ ਲੋਕ ਰੋਹ ਤੋਂ ਬਾਅਦ ਸ਼ਰੂਤੀ ਨਾਮ ਦੀ ਇਹ ਕੁੜੀ ਆਖਿਰਕਾਰ ਮਿਲ ਗਈ ਹੈ. ਪੁਲਿਸ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਹੈ ਕਿ 15 ਸਾਲਾਂ ਦੀ ਇਹ ਨਾਬਾਲਿਗ ਕੁੜੀ ਆਪਣੀ ਮਰਜ਼ੀ ਨਾਲ ਘਰੋਂ ਗਈ ਸੀ. ਇਸਦੇ ਮੁੜ ਮਿਲਣ ਦੀ ਸਾਰੀ ਕਹਾਣੀ ਰੋਜ਼ਾਨਾ ਅਖਬਾਰ ਜਗ ਬਾਣੀ ਨੇ ਵੀ ਪੂਰੇ ਵਿਸਥਾਰ ਨਾਲ ਪ੍ਰਕਾਸ਼ਿਤ ਕੀਤੀ ਹੈ. ਜਿਸਨੂੰ ਧੰਨਵਾਦ ਸਹਿਤ ਏਥੇ ਵੀ ਹੂਬਹੂ  ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.--ਰੈਕਟਰ ਕਥੂਰੀਆ  
ਆਖਰ ਮਿਲ ਹੀ ਗਈ ਸ਼ਰੂਤੀ
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ 
ਜਲੰਧਰ (ਸੁਨੀਲ ਧਵਨ)¸ਫਰੀਦਕੋਟ ਦੇ ਮਸ਼ਹੂਰ ਸ਼ਰੂਤੀ ਅਗਵਾ ਕਾਂਡ ਵਿਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ  ਉਸ ਸਮੇਂ ਹਾਸਲ ਹੋਈ ਜਦੋਂ ਉਸ ਨੇ ਗੋਆ ਤੋਂ ਸ਼ਰੂਤੀ ਨੂੰ ਬਰਾਮਦ ਕਰ ਲਿਆ ਅਤੇ ਇਸ ਮਾਮਲੇ ਵਿਚ ਮੁਖ ਮੁਲਜ਼ਮ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਨਾਬਾਲਿਗ ਲਡ਼ਕੀ ਸ਼ਰੂਤੀ (15 ਸਾਲ) ਨੂੰ 24 ਸਤੰਬਰ ਨੂੰ ਫਰੀਦਕੋਟ ਤੋਂ ਉਸ ਦੇ ਘਰ ਤੋਂ ਨਿਸ਼ਾਨ ਸਿੰਘ (19 ਸਾਲ) ਅਤੇ ਹੋਰਨਾਂ ਨੇ ਅਗਵਾ ਕੀਤਾ ਸੀ ਪਰ ਅੱਜ ਪੰਜਾਬ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਨੇ ਦਾਅਵਾ ਕੀਤਾ ਹੈ ਕਿ ਸ਼ਰੂਤੀ ਆਪਣੀ ਮਰਜ਼ੀ ਨਾਲ ਨਿਸ਼ਾਨ ਸਿੰਘ ਨਾਲ ਗਈ ਸੀ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸੈਣੀ ਨੇ ਏ. ਡੀ. ਜੀ. ਪੀ. (ਇੰਟੈਲੀਜੈਂਸ) ਐੱਚ. ਐੱਸ. ਢਿੱਲੋਂ, ਪੀ. ਏ. ਪੀ. ਦੇ ਏ. ਡੀ. ਜੀ. ਪੀ. ਗੁਰਦੇਵ ਸਿੰਘ ਸਹੋਤਾ ਅਤੇ ਜਲੰਧਰ ਦੇ ਪੁਲਸ ਕਮਿਸ਼ਨਰ ਗੌਰਵ ਯਾਦਵ ਦੀ ਹਾਜ਼ਰੀ ਵਿਚ ਦੱਸਿਆ ਕਿ 17 ਅਕਤੂਬਰ ਨੂੰ ਡੀ. ਐੱਸ. ਪੀ. ਮਾਨਸਾ ਸੁਲੱਖਣ ਸਿੰਘ ਅਤੇ ਡੀ. ਐੱਸ. ਪੀ. ਜਸਵਿੰਦਰ ਸਿੰਘ ਨੂੰ 6 ਹੈੱਡ ਕਾਂਸਟੇਬਲਾਂ ਅਤੇ ਇਕ ਲੇਡੀ ਹੈੱਡ ਕਾਂਸਟੇਬਲ ਨਾਲ ਗੋਆ ਭੇਜਿਆ ਗਿਆ ਸੀ ਤਾਂ ਜੋ ਸ਼ਰੂਤੀ ਦਾ ਪਤਾ ਲਗਾਇਆ ਜਾ ਸਕੇ। ਸੈਣੀ ਨੇ ਦੱਸਿਆ ਕਿ ਅੱਜ ਪੁਲਸ ਪਾਰਟੀ ਨੂੰ ਗੋਆ ਦੇ ਬਾਘਾ ਬੀਚ ਤੋਂ ਸ਼ਰੂਤੀ ਅਤੇ ਨਿਸ਼ਾਨ ਸਿੰਘ ਦੋਵਾਂ ਨੂੰ ਫਡ਼ ਲਿਆ। ਸ਼ਰੂਤੀ ਨੂੰ ਲੇਡੀ ਕਾਂਸਟੇਬਲ ਕਲ ਦਿੱਲੀ ਲੈ ਕੇ ਆ ਰਹੀ ਹੈ ਜਿਥੇ ਉਸ ਨੂੰ ਉਸ ਦੇ ਮਾਂ-ਬਾਪ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮੁਖ ਮੁਲਜ਼ਮ ਨਿਸ਼ਾਨ ਸਿੰਘ ਦਾ ਪੰਜਾਬ ਪੁਲਸ ਟਰਾਂਜ਼ਿਟ ਰਿਮਾਂਡ ਲੈ ਕੇ ਪੰਜਾਬ ਲਿਆਏਗੀ ਤਾਂ ਜੋ ਉਸ ਤੋਂ ਅੱਗੇ ਪੁੱਛਗਿਛ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼ਰੂਤੀ ਅਗਵਾ ਕਾਂਡ ਵਿਚ ਕੁਲ 17 ਮੁਲਜ਼ਮਾਂ ਦੀ ਸ਼ਮੂਲੀਅਤ ਸੀ ਜਿਸ ਵਿਚੋਂ ਅਜੇ ਪੁਲਸ ਨੇ 3 ਮੁਲਜ਼ਮਾਂ ਡਿੰਪੀ ਸਮਰਾ, ਤੂਫਾਨ ਸਿੰਘ ਉਰਫ ਤੂਫਾਨੀ ਅਤੇ ਨਵਜੋਤ ਕੌਰ (ਨਿਸ਼ਾਨ ਦੀ ਮਾਂ) ਨੂੰ ਗ੍ਰਿਫਤਾਰ ਕਰਨਾ ਹੈ ਜਿਸ ਦੀ ਭਾਲ ਵਿਚ ਪੁਲਸ ਪਾਰਟੀਆਂ ਭੇਜੀਆਂ ਗਈਆਂ ਹਨ। ਸੈਣੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ ਵੀ ਸ਼ਰੂਤੀ ਨਿਸ਼ਾਨ ਸਿੰਘ ਨਾਲ ਆਪਣੇ ਘਰੋਂ ਦੌਡ਼ ਗਈ ਸੀ। ਉਦੋਂ ਪੁਲਸ ਨੇ ਉਸ ਨੂੰ ਖਰਡ਼ ਤੋਂ ਬਰਾਮਦ ਕਰ ਕੇ ਉਸ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿਤਾ ਸੀ। ਸ਼ਰੂਤੀ ਦੇ ਮਾਂ-ਬਾਪ ਨੇ ਆਪਣੀ ਬੇਟੀ ਨੂੰ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਸੀ ਜਿਥੇ ਕੁਝ ਦੇਰ ਰਹਿਣ ਤੋਂ ਬਾਅਦ ਸ਼ਰੂਤੀ ਵਾਪਸ ਆਪਣੇ ਘਰ ਆ ਗਈ ਸੀ। ਉਦੋਂ ਸ਼ਰੂਤੀ ਨੂੰ ਉਸ ਦੇ ਮਾਂ-ਬਾਪ ਨੇ ਘਰ ਵਿਚ ਹੀ ਨਿਗਰਾਨੀ ਹੇਠ ਨਜ਼ਰਬੰਦ ਕਰ ਕੇ ਰੱਖ ਦਿੱਤਾ ਸੀ। ਉਸ ਸਮੇਂ ਪੁਲਸ ਨੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ ਜਿਸ ਦੀ ਉਹ ਜਾਂਚ ਕਰਨਗੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਹੋਵੇਗੀ।
ਉਨ੍ਹਾਂ ਕਿਹਾ ਕਿ ਸ਼ਰੂਤੀ ਦੇ ਗਾਇਬ ਹੋਣ ਤੋਂ ਕੁਝ ਦਿਨ ਪਹਿਲਾਂ ਨਿਸ਼ਾਨ ਸਿੰਘ ਦੀ ਮਾਂ ਸ਼ਰੂਤੀ ਦੇ ਮਾਂ-ਬਾਪ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਈ ਸੀ। ਨਿਸ਼ਾਨ ਦੀ ਮਾਂ ਨੇ ਆਪਣੇ ਬੇਟੇ ਦੇ ਵਿਆਹ ਦਾ ਪ੍ਰਸਤਾਵ ਸ਼ਰੂਤੀ ਦੇ ਘਰ ਵਾਲਿਆਂ ਸਾਹਮਣੇ ਰੱਖਿਆ ਸੀ ਜਿਸ ਨੂੰ ਉਨ੍ਹਾਂ ਨੇ ਨਾ ਮਨਜ਼ੂਰ ਕਰ ਦਿੱਤਾ ਸੀ। ਉਦੋਂ ਨਿਸ਼ਾਨ ਸਿੰਘ ਦੀ ਗੱਲ ਮੋਬਾਈਲ 'ਤੇ ਸ਼ਰੂਤੀ ਨਾਲ ਕਰਵਾਈ ਗਈ ਸੀ ਜਿਸ ਨੇ ਨਿਸ਼ਾਨ ਨੂੰ ਸੂਚਿਤ ਕੀਤਾ ਸੀ ਕਿ ਉਸ ਨੂੰ ਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਹੈ। ਡੀ. ਜੀ. ਪੀ. ਨੇ ਕਿਹਾ ਕਿ ਨਿਸ਼ਾਨ ਸਿੰਘ ਦਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਉਸ ਨੇ ਕਈ ਅਪਰਾਧਿਕ ਸਰਗਰਮੀਆਂ ਵਿਚ ਹਿੱਸਾ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਨਿਸ਼ਾਨ ਸਿੰਘ ਆਪਣੇ 3 ਹੋਰਨਾਂ ਸਾਥੀਆਂ ਨਾਲ ਸ਼ਰੂਤੀ ਦੇ ਘਰ ਆਇਆ ਅਤੇ ਹਥਿਆਰਾਂ ਦੀ ਨੋਕ 'ਤੇ ਉਸ ਨੂੰ ਆਪਣੇ ਨਾਲ ਲੈ ਗਿਆ। ਸੈਣੀ ਨੇ ਦਸਿਆ ਕਿ ਨਿਸ਼ਾਨ ਸਿੰਘ ਨੇ ਉਸ ਸਮੇਂ ਹਵਾ ਵਿਚ ਫਾਇਰ ਵੀ ਕੀਤੇ ਸਨ ਜਦਕਿ ਨਿਸ਼ਾਨ ਸਿੰਘ ਦੀ ਮਦਦ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ 13 ਹੋਰ ਮੁਲਜ਼ਮ ਕਰ ਰਹੇ ਸਨ ਜਿਸ ਵਿਚ ਨਿਸ਼ਾਨ ਸਿੰਘ ਦੀ ਮਾਂ ਵੀ ਸ਼ਾਮਲ ਸੀ।
ਉਨ੍ਹਾਂ ਕਿਹਾ ਕਿ ਸ਼ਰੂਤੀ ਨਿਸ਼ਾਨ ਸਿੰਘ ਨਾਲ ਸਭ ਤੋਂ ਪਹਿਲਾਂ ਫਰੀਦਕੋਟ ਤੋਂ ਮੋਗਾ ਪੁੱਜੀ ਤੇ ਉਥੇ ਉਨ੍ਹਾਂ ਆਪਣੇ ਲਈ ਕੱਪਡ਼ੇ ਖਰੀਦੇ ਸਨ। ਕੱਪਡ਼ੇ ਬਦਲਣ ਤੋਂ ਬਾਅਦ ਉਹ ਬੱਸ ਵਿਚ ਸਵਾਰ ਹੋ ਕੇ ਲੁਧਿਆਣਾ ਆ ਗਏ ਜਿਥੋਂ ਉਹ ਚੰਡੀਗਡ਼੍ਹ ਪੁੱਜ ਗਏ। ਚੰਡੀਗਡ਼੍ਹ ਵਿਚ ਸੈਕਟਰ 22 'ਚ ਸ਼ਰੂਤੀ ਤੇ ਨਿਸ਼ਾਨ ਸਿੰਘ ਰਹੇ ਅਤੇ ਫਿਰ ਉਨ੍ਹਾਂ ਗੁਡ਼ਗਾਓਂ ਜਾਣ ਦਾ ਪ੍ਰੋਗਰਾਮ ਬਣਾਇਆ। ਗੁਡ਼ਗਾਓਂ ਤੋਂ 27 ਸਤੰਬਰ ਨੂੰ ਦੋਵੇਂ ਦਿੱਲੀ ਦੇ ਪਹਾਡ਼ਗੰਜ ਖੇਤਰ ਵਿਚ ਪਹੁੰਚ ਗਏ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਉਨ੍ਹਾਂ ਗੋਆ ਲਈ ਟਰੇਨ ਫਡ਼ੀ ਅਤੇ 30 ਸਤੰਬਰ ਨੂੰ ਉਹ ਗੋਆ ਪੁੱਜੇ ਜਿਥੇ ਉਨ੍ਹਾਂ ਇਕ ਟੂਰਿਸਟ ਹੱਟ ਵਿਚ ਆਸਰਾ ਲਿਆ ਹੋਇਆ ਸੀ।
ਪੁਲਸ ਮੁਖੀ ਨੇ ਕਿਹਾ ਕਿ ਭਾਵੇਂ ਸ਼ਰੂਤੀ ਆਪਣੀ ਇੱਛਾ ਨਾਲ ਨਿਸ਼ਾਨ ਸਿੰਘ ਨਾਲ ਗਈ ਸੀ ਪਰ ਇਸ ਦੇ ਬਾਵਜੂਦ ਨਿਸ਼ਾਨ ਸਿੰਘ ਵਿਰੁੱਧ ਪੁਲਸ ਵਲੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲਡ਼ਕੀ ਕਿਉਂਕਿ ਨਾਬਾਲਗ ਹੈ, ਇਸ ਲਈ ਪੁਲਸ ਨੂੰ ਇਸ ਮਾਮਲੇ ਵਿਚ ਬਡ਼ੀ ਸਾਵਧਾਨੀ ਨਾਲ ਅੱਗੇ ਵਧਣਾ ਪਿਆ ਹੈ।
ਏ. ਡੀ. ਜੀ. ਪੀ. (ਇੰਟੈਲੀਜੈਂਸ) ਐੱਚ. ਐੱਸ. ਢਿੱਲੋਂ ਨੇ ਕਿਹਾ ਕਿ ਰਾਜਵਿੰਦਰ ਸਿੰਘ ਉਰਫ ਢਾਲੀ ਨੂੰ ਪੁਲਸ ਨੇ ਹਰਦੋਈ ਅਤੇ ਵਰਿੰਦਰ ਕੁਮਾਰ ਨੂੰ ਮੋਗਾ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਪੁਲਸ ਕਮਿਸ਼ਨਰ ਗੌਰਵ ਯਾਦਵ ਨੇ ਕਿਹਾ ਕਿ ਮਾਮਲਾ ਕਿਉਂਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਸੀ ਇਸ ਲਈ ਹਰ ਪਲ 'ਤੇ ਪੁਲਸ ਨੂੰ ਚੌਕਸੀ ਵਰਤਣੀ ਪਈ ਕਿਉਂਕਿ ਇਹ ਇਕ ਨਾਬਾਲਿਗ ਲਡ਼ਕੀ ਨੂੰ ਬਰਾਮਦ ਕਰਨ ਦਾ ਕੇਸ ਸੀ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਵਿਚ ਦੇਰੀ ਇਸ ਲਈ ਹੋ ਗਈ ਕਿਉਂਕਿ ਇਸ ਮਾਮਲੇ ਵਿਚ ਪੀਡ਼ਤਾ ਖੁਦ ਮੁਲਜ਼ਮ ਦੀ ਮਦਦ ਕਰ ਰਹੀ ਸੀ।
ਸਰਕਾਰ ਵਲੋਂ ਐਲਾਨੇ 5 ਲੱਖ ਦਾ ਇਨਾਮ ਕਿਸੇ ਨੂੰ ਨਹੀਂ ਮਿਲੇਗਾ
ਪੰਜਾਬ ਸਰਕਾਰ ਵਲੋਂ ਸ਼ਰੂਤੀ ਦਾ ਪਤਾ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕਿਉਂਕਿ ਇਹ ਮਾਮਲਾ ਸੂਬਾ ਪੁਲਸ ਵਲੋਂ ਹੱਲ ਕੀਤਾ ਗਿਆ ਹੈ ਇਸ ਲਈ ਇਨਾਮ ਕਿਸੇ ਨੂੰ ਵੀ ਨਹੀਂ ਮਿਲ ਸਕੇਗਾ। ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਕੋਈ ਪ੍ਰਾਈਵੇਟ ਵਿਅਕਤੀ ਸ਼ਰੂਤੀ ਬਾਰੇ ਜਾਣਕਾਰੀ ਦਿੰਦਾ ਤਾਂ ਉਹ ਇਨਾਮ ਦਾ ਹੱਕਦਾਰ ਹੋ ਸਕਦਾ ਸੀ।

No comments: