Sunday, October 21, 2012

ਸ਼ਰੂਤੀ ਅਗਵਾ ਕਾਂਡ ਵਿਰੁੱਧ ਲੋਕ ਰੋਹ ਤਿੱਖਾ

Sun, Oct 21, 2012 at 6:47 PM
ਲੋਕ ਸੰਗਠਨਾਂ ਨੇ ਦਿੱਤਾ ਘੋਲ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਸੱਦਾ 
ਹੁਣ ਤੱਕ 19 ਕੇਸਾਂ ਚੋਂ ਬਰੀ ਹੋ ਚੁੱਕਾ ਹੈ ਨਿਸ਼ਾਨ ਸਿੰਘ
ਲੋਕ ਰੋਹ ਦੀ ਇੱਕ ਝਲਕ ਫੋਟੋ ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ 
ਮੀਡੀਆ ਨਾਲ ਸ਼ਰੁਤੀ ਦੇ ਮਾਤਾ ਪਿਤਾ ਅਤੇ ਨਾਲ ਹੀ ਸ਼ਰੁਤੀ ਦੀ ਇੱਕ ਪੁਰਾਣੀ ਤਸਵੀਰ ਫੋਟੋ ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ  ਫਰੀਦਕੋਟ ਸ਼ਹਿਰ ਵਿੱਚ ਵਾਪਰੇ ਸ਼ਰੂਤੀ ਅਗਵਾ ਕਾਂਡ ਵਿਰੁੱਧ ਚੱਲ ਰਹੇ ਘੋਲ ਨੂੰ ਮਜਬੂਤੀ ਨਾਲ ਹੋਰ ਅੱਗੇ ਵਧਾਉਣ ਦਾ ਸੱਦਾ ਦਿੱਤਾ ਗਿਆ ਹੈ ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ ਵੱਲੋਂ (21-10-2012) ਨੂੰ ਪ੍ਰਕਾਸ਼ਿਤ ਇੱਕ ਲੀਫਲੈਟ ਰਾਹੀਂ ਇਸ ਵਿਰੋਧ ਦੀ ਸ਼ੁਰੂਆਤ ਇੱਕ ਨਾਅਰੇ ਰਾਹੀਂ ਕੀਤੀ ਗਈ ਹੈ 
ਪੁਲਿਸ, ਸਿਆਸੀ ਗੱਠਜੋਡ਼=ਮੁਰਦਾਬਾਦ! ਮੁਰਦਾਬਾਦ!!  ਆਖਣ ਦੇ ਨਾਲ ਹੀ ਇੱਕ ਨਾਰਾ ਇਹ ਵੀ ਹੈ--ਜੇ ਚਾਹੁੰਦੇ ਧੀਆਂ ਦੀ ਆਨ=ਬੰਨ ਕਾਫਲੇ ਡਟੋ ਮੈਦਾਨ!
ਇਸਦੇ ਨਾਲ ਹੀ ਸ਼ਰੂਤੀ ਅਗਵਾ ਕਾਂਡ ਵਿਰੁੱਧ ਚੱਲ ਰਹੇ ਘੋਲ ਨੂੰ ਮਜਬੂਤੀ ਨਾਲ ਹੋਰ ਅੱਗੇ ਵਧਾਉਣ ਦਾ ਸੱਦਾ ਵੀ ਦਿੱਤਾ ਗਿਆ ਹੈ. ਇਹਨਾਂ ਜਥੇਬੰਦੀਆਂ ਵੱਲੋਂ ਜਾਰੀ ਇਸ ਲੀਫ੍ਲਤ ਵਿੱਚ ਕਿਹਾ ਗਿਆ ਹੈ:
ਇਨਸਾਫਪਸੰਦ ਲੋਕੋ, 
24 ਸਤੰਬਰ ਨੂੰ ਫਰੀਦਕੋਟ ਦੀ ਸੰਘਣੀ ਆਬਾਦੀ ਵਾਲੀ ਡੋਗਰ ਬਸਤੀ ਵਿੱਚ ਰਹਿੰਦੇ 'ਸੱਚਦੇਵਾ' ਪਰਿਵਾਰ 'ਤੇ ਜਰਵਾਣਿਆਂ ਨੇ ਅਕਹਿ ਤੇ ਅਸਹਿ ਕਹਿਰ ਵਰਤਾਅ ਦਿੱਤਾ। ਫਰੀਦਕੋਟ ਦੇ ਜਾਣੇ ਪਹਿਚਾਣੇ ਨਿਸ਼ਾਨ ਸਿੰਘ ਦਾ ਅੱਠ ਮੈਂਬਰੀ ਗੁੰਡਾ ਗਰੋਹ ਦਿਨ ਦਿਹਾਡ਼ੇ ਘਰ ਵਿੱਚ ਵਡ਼ ਕੇ ਇਸ ਪਰਿਵਾਰ ਦੀ ਦਸਵੀਂ ਵਿੱਚ ਪੜ੍ਹਦੀ 15 ਸਾਲਾ ਲਡ਼ਕੀ ਸ਼ਰੂਤੀ ਨੂੰ ਅਗਵਾ ਕਰਕੇ ਲੈ ਗਿਆ। ਮਾਂ-ਬਾਪ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਕੇ ਜਰਵਾਣੇ ਜੋਰਾ-ਜਬਰੀ ਕੁਡ਼ੀ ਨੂੰ ਧੂਹ ਕੇ ਲੈ ਗਏ। ਇਸ ਘਿਨਾਉਣੇ ਕਹਿਰ ਦਾ ਰੌਲਾ ਸੁਣਕੇ ਬਾਹਰ ਨਿਕਲੇ ਆਂਢ-ਗੁਆਂਢ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਪਾ ਦਿੱਤੀ। ਜਖ਼ਮੀ ਹੋਏ ਤਡ਼ਫਦੇ, ਵਿਲਕਦੇ ਮਾਪਿਆਂ ਦੀਆਂ ਤਰਸ ਭਰੀਆਂ ਤੇ ਬੇਵਸ ਨਜ਼ਰਾਂ ਦੇ ਸਾਹਮਣੇ ਸ਼ਰੇਆਮ ਲਲਕਾਰਦੀ ਤੇ ਗੋਲੀਆਂ ਚਲਾਉਂਦੀ ਨਿਸ਼ਾਨ ਦੀ ਗੁੰਡਾ ਢਾਣੀ ਬਿਨਾ ਕਿਸੇ ਡਰ-ਭੈਅ ਦੇ ਆਰਾਮ ਨਾਲ ਕੁਡ਼ੀ ਨੂੰ ਚੁੱਕ ਕੇ ਲੈ ਗਈ। 
ਘਟਨਾ ਦੀ ਫੌਰੀ ਸੂਚਨਾ ਮਿਲਣ ਦੇ ਬਾਵਜੂਦ ਪੁਲਿਸ ਘੱਟੋ ਘੱਟ ਇੱਕ ਘੰਟੇ ਬਾਅਦ ਉਥੇ ਪਹੁੰਚੀ, ਜਦੋਂ ਕਿ ਥਾਣਾ ਸਦਰ ਉਥੋਂ ਤੁਰਕੇ ਆਉਣ ਲਈ ਮਸਾਂ 5-7 ਮਿੰਟਾਂ ਦੀ ਦੂਰੀ 'ਤੇ ਪੈਂਦਾ ਹੈ। ਆ ਕੇ ਵੀ ਪੀਡ਼ਤ ਪਰਿਵਾਰ ਨੂੰ ਹੌਸਲਾ ਤੇ ਦਿਲਾਸਾ ਦੇਣ ਦੀ ਥਾਂ ਡੀ.ਐਸ.ਪੀ. ਗੱਡੀ 'ਚੋਂ ਹੇਠਾਂ ਉੱਤਰਨ ਨੂੰ ਵੀ ਆਪਣੀ ਹੇਠੀ ਸਮਝਦਾ ਰਿਹਾ। ਹਾਲਤ ਬਿਆਨਦੇ ਤੇ ਫੌਰੀ ਕੁਝ ਕਰਨ ਲਈ ਕਹਿੰਦੇ ਲੋਕਾਂ ਨੂੰ ਉਲਟਾ ਧਮਕਾਉਂਦਾ ਰਿਹਾ ਕਿ ਹੁਣ ਤੁਸੀਂ ਮੈਨੂੰ ਕਾਨੂੰਨ ਸਿਖਾਓਗੇ। ਮੈਨੂੰ ਸਭ ਪਤਾ ਕੀ ਕਰਨਾ, ਕੀ ਨਹੀਂ ਕਰਨਾ ਆਦਿ। 
ਹੁਣ ਵੀ ਲੱਗਭੱਗ ਇੱਕ ਮਹੀਨਾ ਬੀਤਣ ਦੇ ਬਾਵਜੂਦ ਵੀ ਨਾ ਤਾਂ ਅਜੇ ਤੱਕ, ਅਸਲ ਦੋਸ਼ੀ ਨਿਸ਼ਾਨ ਸਿੰਘ ਹੀ ਫਡ਼ਿਆ ਗਿਆ ਤੇ ਨਾ ਅਗਵਾ ਹੋਈ ਲਡ਼ਕੀ ਹੀ ਲੱਭ ਕੇ ਮਾਪਿਆਂ ਦੇ ਹਵਾਲੇ ਕੀਤੀ ਗਈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 25 ਜੂਨ 2012 ਨੂੰ ਨਿਸ਼ਾਨ ਦਾ ਗੁੰਡਾ ਗਰੋਹ ਇਸੇ ਲਡ਼ਕੀ ਸ਼ਰੂਤੀ ਨੂੰ ਉਦੋਂ ਅਗਵਾ ਕਰਕੇ ਲੈ ਗਿਆ ਸੀ, ਜਦੋਂ ਉਹ ਟਿਊਸ਼ਨ ਪੜ੍ਹਨ ਜਾ ਰਹੀ ਸੀ ਅਤੇ ਫਿਰ 27 ਜੁਲਾਈ ਨੂੰ ਹੀ ਪੁਲਸ ਨੇ ਦੋਸ਼ੀਆਂ ਨਾਲ ਗੰਢ-ਤੁੱਪ ਕਰਕੇ ਕੁਡ਼ੀ ਨੂੰ ਵਾਪਸ ਲਿਆਂਦਾ ਸੀ। ਭਾਵੇਂ ਗੁੰਡਾ ਗਰੋਹ ਵੱਲੋਂ ਕੁਡ਼ੀ ਨੂੰ ਚੂਡ਼ਾ ਪਵਾ ਕੇ ਵਿਆਹ ਦਾ ਢੌਂਗ ਰਚਿਆ ਵੀ ਗਿਆ ਸੀ। ਜਿਸ ਨੂੰ ਸ਼ਰੂਤੀ ਵੱਲੋਂ ਰੱਦ ਕਰਕੇ ਉਸ ਨਾਲ ਬਲਾਤਕਾਰ ਵਰਗੇ ਦੋਸ਼ ਲਾਏ ਗਏ ਸਨ ਅਤੇ ਪੁਲਿਸ ਨੂੰ ਉਦੋਂ ਵੀ ਨਿਸ਼ਾਨ ਖਿਲਾਫ ਅਗਵਾ ਅਤੇ ਬਲਾਤਕਾਰ ਦਾ ਕੇਸ ਦਰਜ ਕਰਨਾ ਮਜਬੂਰੀ ਬਣ ਗਈ ਸੀ, ਪਰ ਉਸਨੂੰ ਗ੍ਰਿਫਤਾਰ ਨਾ ਕੀਤਾ ਗਿਆ। ਨਿਸ਼ਾਨ ਦੀ ਇਸ ਕੁਡ਼ੀ ਤੇ ਪਰਿਵਾਰ ਨਾਲ ਵਰਤਾਏ ਕਹਿਰ ਦੀ ਇਹ ਪਹਿਲੀ ਘਟਨਾ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਨਿਸ਼ਾਨ ਸਿੰਘ 'ਤੇ ਲੁੱਟਾਂ, ਖੋਹਾਂ, ਕਤਲਾਂ, ਡਾਕਿਆਂ ਤੇ ਬਲਾਤਕਾਰ ਅਤੇ ਅਗਵਾ ਕਰਨ ਵਰਗੇ ਸੰਗੀਨ ਦੋਸ਼ਾਂ ਹੇਠ 22 ਕੇਸ ਦਰਜ ਹੋ ਚੁੱਕੇ ਸਨ। ਇਹ ਉਸਦੀ ਪੁਲਿਸ ਤੇ ਅਕਾਲੀ ਭਾਜਪਾ ਸਰਕਾਰ ਦੇ ਪ੍ਰਮੁੱਖ ਆਗੂਆਂ ਵੱਲੋਂ ਪਾਲ-ਪਲੋਸ ਕੇ ਗੁੰਡਾਗਰਦੀ ਦੇ ਦਿੱਤੇ ਲਾਇਸੰਸ ਦਾ ਹੀ ਸਿੱਟਾ ਹੈ ਕਿ ਉਹ ਹੁਣ ਤੱਕ 19 ਕੇਸਾਂ ਵਿੱਚੋਂ ਬਰੀ ਹੋ ਚੁੱਕਾ ਹੈ। ਕਈ ਕੇਸਾਂ ਵਿੱਚ ਭਗੌਡ਼ਾ ਕਰਾਰ ਦੇਣ ਦੇ ਬਾਵਜੂਦ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਇਹਨਾਂ ਸੰਗਠਨਾਂ ਨੇ ਇਸ ਸਬੰਧ ਵਿੱਚ ਲੋਕਾਂ ਦੇ ਭਰਵੇਂ ਹੁੰਗਾਰੇ ਦੀ ਵੀ ਚਰਚਾ ਕੀਤੀ ਹੈ
ਸ਼ਰੂਤੀ ਅਗਵਾ ਕਾਂਡ ਵਿਰੁੱਧ ਰੋਸ ਸੱਦਿਆਂ ਨੂੰ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾ
ਪੁਲਿਸ ਦੀ ਦੋਸ਼ੀਆਂ ਨਾਲ ਸਾਹਮਣੇ ਦਿਸੀ ਨੰਗੀ ਚਿੱਟੀ ਮਿਲੀਭੁਗਤ ਨੇ ਨਿਸ਼ਾਨ ਵੱਲੋਂ ਲੰਮੇ ਸਮੇਂ ਤੋਂ ਮਚਾਈ ਗੁੰਡਾਗਰਦੀ ਦੇ ਸਤਾਏ ਸ਼ਹਿਰ ਵਾਸੀਆਂ ਨੇ ਅੰਗਡ਼ਾਈ ਲੈਂਦਿਆਂ ਐਕਸ਼ਨ ਕਮੇਟੀ ਬਣਾ ਕੇ 25 ਤੇ 26 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੁਲਿਸ ਕੋਤਵਾਲੀ ਅੱਗੇ ਦੋ ਦਿਨ ਜਾਮ ਲਾਉਣ ਤੋਂ ਅੱਗੇ ਵਧਦੇ ਹੋਏ ਪੱਕਾ ਰੋਸ ਧਰਨਾ ਮਾਰ ਦਿੱਤਾ। ਸ਼ਰੁਤੀ ਦੀ ਵਾਪਸੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ 28 ਸਤੰਬਰ ਨੂੰ ਸਮੁੱਚਾ ਫਰੀਦਕੋਟ ਸ਼ਹਿਰ ਬੰਦ ਕੀਤਾ ਗਿਆ। ਇਸ ਤੋਂ ਬਾਅਦ 30 ਸਤੰਬਰ ਨੂੰ ਸਾਦਿਕ, ਗੋਲੇਵਾਲਾ ਅਤੇ ਦੀਪ ਸਿੰਘ ਵਾਲਾ ਦੇ ਬੱਸ ਅੱਡੇ ਜਾਮ ਕੀਤੇ ਗਏ ਜਦੋਂ ਕਿ ਫਰੀਦਕੋਟ ਵਾਸੀਆਂ ਵੱਲੋਂ ਅੰਸ਼ਿਕ ਬੰਦ ਕਰਕੇ ਡੀ.ਸੀ. ਦਫਤਰ ਅੱਗੇ ਧਰਨਾ ਮਾਰਿਆ ਗਿਆ। ਸ਼ਰੂਤੀ ਅਗਵਾ ਕਾਂਡ ਨੂੰ ਲੈ ਕੇ ਪੁਲਿਸ ਤੇ ਅਕਾਲੀ-ਭਾਜਪਾ ਸਰਕਾਰ ਵਿਰੁੱਧ ਦਿਨੋਂ ਦਿਨ ਵਧ ਫੈਲ ਰਹੇ ਤੇ ਤਿੱਖੇ ਹੋ ਰਹੇ ਰੋਸ ਦਾ ਹੀ ਸਿੱਟਾ ਸੀ ਕਿ ਇਸ ਦਿਨ ਅਕਾਲੀ ਦਲ ਬਾਦਲ ਦੇ ਇੱਥੋਂ ਜਿੱਤੇ ਐਮ.ਐਲ.ਏ. ਦੀਪ ਮਲਹੋਤਰੇ ਨੂੰ ਵੀ ਧਰਨੇ ਵਿੱਚ ਸ਼ਾਮਲ ਹੋ ਕੇ ਮਗਰਮੱਛ ਵਾਲੇ ਹੰਝੂ ਵਹਾਉਣ ਲਈ ਮਜਬੂਰ ਹੋਣਾ ਪਿਆ। ਲੋਕਾਂ ਦੇ ਇਸ ਰੋਸ ਤੇ ਗੁੱਸੇ 'ਤੇ ਠੰਢਾ ਛਿਡ਼ਕਣ ਲਈ ਜਿਥੇ ਐਮ.ਐਲ.ਏ. ਵੱਲੋਂ ਆਪਣੀ ਕਾਰਵਾਈ ਪਾਈ ਗਈ, ਉਥੇ ਪੁਲਿਸ ਵੱਲੋਂ ਤਿੰਨ ਅਕਾਲੀ ਆਗੂਆਂ ਨੂੰ ਸੀ.ਆਈ.ਏ. ਥਾਣੇ ਵਿੱਚ ਬੁਲਾ ਕੇ ਪੁੱਛ-ਗਿੱਛ ਕਰਨ ਦਾ ਡਰਾਮਾ ਰਚਣਾ ਪਿਆ। ਦੂਜੇ ਪਾਸੇ ਸੰਘਰਸ਼ ਕਰ ਰਹੇ ਲੋਕਾਂ ਦੇ ਹੌਸਲੇ ਪਸਤ ਕਰਨ, ਸ਼ਰੂਤੀ ਤੇ ਪਰਿਵਾਰ ਨੂੰ ਬਦਨਾਮ ਕਰਨ ਲਈ ਜ਼ਿਲੇ ਦੇ ਐਸ.ਐਸ.ਪੀ. ਗੁਰਿੰਦਰ ਸਿੰਘ ਢਿੱਲੋਂ ਤੇ ਡੀ.ਆਈ.ਜੀ. ਉਮਰਨੰਗਲ ਵੱਲੋਂ ਸ਼ਰੂਤੀ ਦੇ ਆਪਣੀ ਮਰਜੀ ਨਾਲ ਜਾਣ ਤੇ ਨਿਸ਼ਾਨ ਨਾਲ ਵਿਆਹ ਕਰਵਾਉਣ ਬਾਰੇ ਮਿਲੀ ਚਿੱਠੀ ਤੇ ਫੋਟੋਆਂ ਅਖਬਾਰਾਂ ਵਿੱਚ ਛਪਵਾ ਦਿੱਤੀਆਂ। ਪੁਲਿਸ ਅਫਸਰਾਂ ਦੀ ਇਸ ਅਤਿ ਘ੍ਰਿਣਤ ਤੇ ਕੋਝੀ ਕਰਤੂਤ, ਗੈਰਕਾਨੂੰਨੀ ਤੇ ਗੈਰ-ਜਿੰਮੇਵਾਰ ਕਾਰਵਾਈ ਦਾ ਲੋਕਾਂ ਵੱਲੋਂ ਮੂੰਹ ਤੋਡ਼ ਜਵਾਬ 12 ਅਕਤੂਬਰ ਨੂੰ ਫਰੀਦਕੋਟ ਕੋਟਕਪੂਰਾ, ਬਰਗਾਡ਼ੀ, ਬਾਜਾਖਾਨਾ, ਸਾਦਿਕ, ਗੋਲੇਵਾਲ ਸਮੇਤ ਸਮੁੱਚਾ ਜ਼ਿਲਾ ਬੰਦ ਕਰਕੇ ਅਤੇ ਹਜ਼ਾਰਾਂ ਲੋਕਾਂ ਵੱਲੋਂ ਡੀ.ਸੀ. ਦਫਤਰ ਅੱਗੇ ਰੈਲੀ ਕਰਨ ਦੇ ਨਾਲ ਨਾਲ ਇੱਕ ਘੰਟਾ ਜਾਮ ਲਾ ਕੇ ਦਿੱਤਾ ਗਿਆ। ਸੋ ਇਸੇ ਵਧ ਰਹੇ ਲੋਕ ਦਬਾਅ ਦੀ ਵਜਾਹ ਕਾਰਨ ਇਸ ਗੁੰਡਾ ਗਰੋਹ ਦੇ ਕਈ ਜਣਿਆਂ ਨੂੰ ਫਡ਼ਨਾ ਪੁਲਸ ਤੇ ਸਰਕਾਰ ਦੀ ਮਜਬੂਰੀ ਬਣੀ ਹੈ। ਪਰ ਮੁੱਖ ਦੋਸ਼ੀ ਨਿਸ਼ਾਨ ਤੇ ਉਹਦੀ ਮਾਂ ਨਵਜੋਤ ਕੌਰ ਤੇ ਕੁਝ ਹੋਰ ਅਜੇ ਵੀ ਨਹੀਂ ਫਡ਼ੇ ਗਏ। ਇਹਨਾਂ ਜਥੇਬੰਦੀਆਂ ਨੇ ਪੁਲਿਸ ਦੀ ਕਾਰਵਾਈ ਤੇ ਸੁਆਲ ਉਠਾਉਂਦਿਆਂ ਅਕਲੀ ਸਰਕਾਰ ਦੇ ਸਿਰਕਰਦਾ ਆਗੂਆਂ ਨੂੰ ਵੀ ਲੰਮੇ ਹਥੀਂ ਲਿਆ ਹੈ
ਅਸਲ ਦੋਸ਼ੀਆਂ ਨੂੰ ਫਡ਼ਨ ਤੋਂ ਪੁਲਿਸ ਦੇ ਲੰਮੇ ਹੱਥ ਛੋਟੇ ਕਿਉਂ?
ਪੰਜਾਬ ਪੁਲਿਸ ਦਾ ਏ.ਡੀ.ਜੀ.ਪੀ. ਐਸ.ਕੇ. ਸ਼ਰਮਾ ਕਹਿੰਦਾ ਹੈ ਕਿ ''ਖੁਫੀਆ ਰਿਪੋਰਟਾਂ ਅਨੁਸਾਰ ਸ਼ਰੂਤੀ ਸੁਰੱਖਿਅਤ ਹੈ ਅਤੇ ਉਸਨੂੰ ਛੇਤੀ ਰਿਹਾਅ ਕਰਵਾ ਲਿਆ ਜਾਵੇਗਾ।'' (ਪੰਜਾਬੀ ਟ੍ਰਿਬਿਊਨ, 17 ਅਕਤੂਬਰ) ਇਸ ਤੋਂ ਸਪਸ਼ਟ ਹੈ ਕਿ ਪੁਲਿਸ ਤੇ ਖੁਫੀਆ ਵਿਭਾਗ ਤੇ ਸਰਕਾਰ ਨੂੰ ਪਤਾ ਹੈ ਕਿ ਸ਼ਰੂਤੀ ਤੇ ਉਸਨੂੰ ਅਗਵਾ ਕਰਨ ਵਾਲਾ ਨਿਸ਼ਾਨ ਤੇ ਬਾਕੀ ਕਿੱਥੇ ਤੇ ਕਿਸ ਹਾਲਤ ਵਿੱਚ ਹਨ। ਇਸ ਲਈ ਪਤਾ ਹੋਣ ਦੇ ਬਾਵਜੂਦ ਜਾਣ-ਬੁੱਝ ਕੇ ਨਹੀਂ ਫਡ਼ੇ ਜਾ ਰਹੇ। ਇਸਦੀ ਵਜਾਹ ਇਹ ਹੈ ਕਿ ਨਿਸ਼ਾਨ ਦੀ ਕਡ਼ੀ ਅਕਾਲੀ-ਭਾਜਪਾ ਸਰਕਾਰ ਦੇ ਉੱਪ-ਮੁੱਖ ਮੰਤਰੀ ਸੁਖਬੀਰ ਬਾਦਲ ਤੇ ਵਜ਼ੀਰ ਮਜੀਠੀਏ ਨਾਲ ਜੁਡ਼ਦੀ ਹੈ। ਇਸੇ ਕਰਕੇ ਪੁਲਿਸ ਤੇ ਕਾਨੂੰਨ ਵੱਲੋਂ ਕਈ ਸੰਗੀਨ ਕੇਸਾਂ ਵਿੱਚ ਭਗੌਡ਼ਾ ਕਰਾਰ ਦਿੱਤਾ ਨਿਸ਼ਾਨ ਸ਼ਰੂਤੀ ਨੂੰ ਜਬਰੀ ਚੁੱਕਣ ਤੋਂ ਇੱਕ ਦਿਨ ਪਹਿਲਾਂ 23 ਸਤੰਬਰ ਨੂੰ ਬਾਬਾ ਫਰੀਦ ਮੇਲੇ ਮੌਕੇ ਜਦ ਸੁਖਬੀਰ ਬਾਦਲ ਆਇਆ ਤਾਂ ਨਿਸ਼ਾਨ ਮੂਹਰਲੀਆਂ ਕੁਰਸੀਆਂ 'ਤੇ ਬਿਰਾਜਮਾਨ ਸੀ। ਇਸੇ ਦਿਨ ਉਹਦੇ ਮਜੀਠੀਏ ਦੇ ਜਮਾਤੀ ਤੇ ਨੇਡ਼ਲੇ ਯੂਥ ਅਕਾਲੀ ਦਲ ਦੇ ਇੱਕ ਆਗੂ ਦੇ ਘਰ ਵੀ ਸੁਖਬੀਰ ਦੀ ਹਾਜ਼ਰੀ ਵਿੱਚ ਉੱਥੇ ਵਿਚਰਦੇ ਹੋਣ ਦੀ ਚਰਚਾ ਹੈ। ਇਸ ਤੋਂ ਪਹਿਲਾਂ ਵੀ ਭਗੌਡ਼ਾ ਹੋਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਚੋਣ ਰੈਲੀ ਦੌਰਾਨ ਉਹ ਉਥੇ ਸ਼ਰੇਆਮ ਫਿਰਦਾ ਰਿਹਾ। ਇਸੇ ਗੱਲ ਦੀ ਪੁਸ਼ਟੀ ਇਸ ਕਾਂਡ ਖਿਲਾਫ ਪੈਦਾ ਹੋਏ ਵਿਆਪਕ ਲੋਕ ਵਿਰੋਧ ਦੇ ਬਾਵਜੂਦ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਸ਼ਰੂਤੀ ਤੇ ਨਿਸ਼ਾਨ ਦੇ ਵਿਆਹ ਬਾਰੇ ਫੋਟੋ ਤੇ ਚਿੱਠੀ ਪ੍ਰੈਸ ਨੂੰ ਜਾਰੀ ਕਰਨ ਤੋਂ ਵੀ ਹੁੰਦੀ ਹੈ। ਕਿਉਂਕਿ ਇਸ ਕਿਸਮ ਦੀ ਗੈਰ-ਕਾਨੂੰਨੀ ਤੇ ਲੋਕਾਂ ਵਿੱਚ ਭਡ਼ਕਾਹਟ ਪੈਦਾ ਕਰਨ ਵਾਲੀ ਕਾਰਵਾਈ ਅਫਸਰ ਆਪਣੀ ਮਰਜੀ ਨਾਲ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਜਿਵੇਂ ਐਨਾ ਰੌਲਾ ਪੈਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਤੇ ਨੰਨੀ ਛਾਂ ਦੀ ਢੰਡੋਰਚੀ ਹਰਸਿਮਰਤ ਕੌਰ ਬਾਦਲ ਨੇ ਲੰਮਾ ਸਮਾਂ ਮੂੰਹ ਨਹੀਂ ਖੋਲ੍ਹਿਆ. ਇਹ ਉਹਨਾਂ ਦੀ ਦੋਸ਼ੀ ਨਿਸ਼ਾਨ ਨਾਲ ਜੁਡ਼ੀ ਮਜਬੂਤ ਕਡ਼ੀ ਦੀ ਚੁਗਲੀ ਹੀ ਕਰਦਾ ਹੈ। ਜੇਕਰ ਅੱਜ ਸੁਖਬੀਰ ਬਾਦਲ ਵੱਲੋਂ ਨਿਸ਼ਾਨ ਦੀ ਗ੍ਰਿਫਤਾਰੀ ਲਈ 5 ਲੱਖ ਦੇ ਐਲਾਨ ਵੀ ਕੀਤੇ ਜਾ ਰਹੇ ਹਨ ਤਾਂ ਇਹ ਇਹਨਾਂ ਦੀ ਨਿਸ਼ਾਨ ਨਾਲ ਲੋਕਾਂ ਸਾਹਮਣੇ ਨੰਗੀ ਹੋ ਚੁੱਕੀ ਸਾਂਝ 'ਤੇ ਪਰਦਾ ਪਾਉਣ ਦੀ ਹੀ ਕੋਝੀ ਚਾਲ ਹੈ। ਇਸਦੇ ਨਾਲ ਇਸ ਵਰਤਾਰੇ ਨੂੰ ਮੌਜੂਦਾ ਸਿਸਟਮ ਦੀ ਇੱਕ ਅਹਿਮ ਲੋੜ ਵੀ ਦੱਸਿਆ ਗਿਆ ਹੈ
ਗੁੰਡਾ-ਗਰੋਹ : ਲੋਕ-ਦੋਖੀ ਸਿਆਸਤਦਾਨਾਂ ਤੇ ਲੁਟੇਰੇ ਨਿਜ਼ਾਮ ਦੀ ਲੋਡ਼
ਗੱਲ ਸਿਰਫ ਸ਼ਰੂਤੀ ਦੇ ਅਗਵਾ ਹੋਣ ਤੱਕ ਹੀ ਸੀਮਤ ਨਹੀਂ ਹੈ। ਅੱਜ ਥਾਂ-ਥਾਂ ਪੈਦਾ ਹੋ ਰਹੇ ਗੁੰਡਾ ਗਰੋਹ ਆਮ ਲੋਕਾਂ ਲਈ ਗੰਭੀਰ ਖਤਰਾ ਬਣ ਰਹੇ ਹਨ। ਇਕੱਲੀ ਧੀ-ਭੈਣ ਤੇ ਔਰਤ ਦਾ ਵੇਲੇ-ਕੁਵੇਲੇ ਤਾਂ ਕੀ, ਚਿੱਟੇ ਦਿਨ ਕਿਤੇ ਜਾਣਾ ਖਤਰੇ ਤੋਂ ਖਾਲੀ ਨਹੀਂ ਜਾਪਦਾ। ਲੁੱਟ-ਖੋਹ, ਕਤਲ, ਅਗਵਾ ਤੇ ਬਲਾਤਕਾਰ ਦੀਆਂ ਘਟਨਾਵਾਂ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਇਹਨਾਂ ਗੁੰਡਾ ਗਰੋਹਾਂ ਨੂੰ ਲੋਕ ਦੋਖੀ ਸਿਆਸਤਦਾਨਾਂ ਵੱਲੋਂ ਹੱਲਾਸ਼ੇਰੀ, ਹਥਿਆਰ ਤੇ ਸਿਆਸੀ ਛਤਰੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਚੋਣਾਂ ਮੌਕੇ ਇਹ ਗਰੋਹ ਉਹਨਾਂ ਲਈ ਵੋਟ ਭੁਗਤਾਉਣ ਅਤੇ ਬੂਥਾਂ 'ਤੇ ਕਬਜ਼ੇ ਕਰਨ ਜਾਂ ਜ਼ਮੀਨਾਂ ਜਾਇਦਾਦਾਂ 'ਤੇ ਕਬਜ਼ਿਆਂ ਦਾ ਸਾਧਨ ਬਣ ਸਕਣ। ਇਹ ਹਕੀਕਤ 12 ਅਕਤੂਬਰ ਨੂੰ ਫਰੀਦਕੋਟ ਬੰਦ ਦੌਰਾਨ ਰੈਲੀ ਸਮੇਂ ਕਾਂਗਰਸ ਦੇ ਸਾਬਕਾ ਸਿੱਖਿਆ ਮੰਤਰੀ ਨੇ ਖੁਦ ਪ੍ਰਵਾਨ ਕੀਤੀ ਹੈ ਕਿ ਅਸੀਂ ਲੋਕ ਹੀ ਇਹਨਾਂ ਨੂੰ ਪਾਲਦੇ ਪਲੋਸਦੇ ਹਾਂ। ਪਰ ਪੰਜਾਬ ਵਿੱਚ ਸੁਖਬੀਰ ਤੇ ਮਜੀਠੀਏ ਨੇ ਤਾਂ ਸਭ ਨੂੰ ਮਾਤ ਪਾ ਦਿੱਤਾ ਹੈ। ਸੋ ਜਿੱਥੇ ਵੋਟ ਰਾਜਨੀਤੀ ਲਈ ਇਹਨਾਂ ਗਰੋਹਾਂ ਨੂੰ ਪਾਲਿਆ ਜਾਂਦਾ ਹੈ, ਉਥੇ ਸਾਮਰਾਜੀਆਂ ਦੀਆਂ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਵੱਡੇ ਜਾਗੀਰਦਾਰਾਂ, ਵੱਡੇ ਸਰਮੇਦਾਰਾਂ, ਕਾਰਪੋਰੇਟ ਘਰਾਣਿਆਂ ਸਮੇਤ ਵੱਡੇ ਲੁਟੇਰਿਆਂ ਨੂੰ ਗੱਫੇ ਲਵਾਉਣ ਲਈ ਹਕੂਮਤਾਂ ਵੱਲੋਂ ਚੁੱਕੇ ਜਾ ਰਹੇ ਲੋਕ ਦੋਖੀ ਕਦਮਾਂ ਵਿਰੁੱਧ ਉੱਠਦੀਆਂ ਖਰੀਆਂ ਲੋਕ ਲਹਿਰਾਂ 'ਤੇ ਝਪਟਾ ਮਾਰਨ ਲਈ ਅਜਿਹੇ ਗਰੋਹ ਲੋਕ-ਦੋਖੀ ਹਾਕਮਾਂ ਲਈ ਪੈਦਾ ਕਰਨੇ ਉਹਨਾਂ ਦੀ ਲੋਡ਼ ਤੇ ਨੀਤੀ ਦਾ ਹਿੱਸਾ ਹਨ। ਲੋਕਾਂ ਦੀਆਂ ਹੱਕੀ ਲਹਿਰਾਂ 'ਤੇ ਸੱਟ ਮਾਰਨ ਲਈ ਹਾਕਮਾਂ ਵੱਲੋਂ ਇਹਨਾਂ ਗਰੋਹਾਂ ਰਾਹੀਂ ਚੁਣਵੇਂ ਲੋਕ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਧੂ ਸਿੰਘ ਤਖਤੂਪੁਰਾ ਦਾ ਕਤਲ ਤੇ ਇਸ ਤੋਂ ਪਹਿਲਾਂ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵੇ ਦਾ ਗਿਣ ਮਿਥ ਕੇ ਕਰਵਾਇਆ ਕਤਲ ਇਸੇ ਨੀਤੀ ਦੀਆਂ ਉੱਘਡ਼ਵੀਆਂ ਉਦਾਹਰਨਾਂ ਹਨ। ਇਸ ਲਈ ਧੀਆਂ-ਭੈਣਾਂ ਦੀ ਆਮ-ਇੱਜਤ ਦੀ ਰਾਖੀ ਦੇ ਨਾਲ ਨਾਲ ਲੋਕ ਲਹਿਰਾਂ ਦੀ ਰਾਖੀ ਲਈ ਵੀ ਇਹਨਾਂ ਗੁੰਡਾ ਗਰੋਹਾਂ ਨੂੰ ਨੱਥ ਪਾਉਣ ਤੇ ਉਹਨਾਂ ਦੇ ਸਿਆਸੀ ਪ੍ਰਭੂਆਂ ਨੂੰ ਲੋਕ ਰੋਹ ਦਾ ਨਿਸ਼ਾਨਾ ਬਣਾਉਣਾ ਅਣਸਰਦੀ ਲੋਡ਼ ਹੈ। ਸੋ ਸ਼ਰੂਤੀ ਕਾਂਡ ਨੂੰ ਵੀ ਇਸੇ ਸਮੁੱਚੇ ਪ੍ਰਸੰਗ ਵਿੱਚ ਰੱਖ ਕੇ ਵੇਖਦੇ ਹੋਏ ਘੋਲ ਨੂੰ ਡਟਵਾਂ ਤੇ ਭਰਵਾਂ ਹੁੰਗਾਰਾ ਦਿੱਤਾ ਜਾਣਾ ਚਾਹੀਦਾ ਹੈ। ਇਹਨਾਂ ਜਥੇਬੰਦੀਆਂ ਨੇ ਸਾਫ਼ ਸਾਫ਼ ਕਿਹਾ ਹੈ ਕਿ ਮਾਮਲਾ ਕੋਈ ਵੀ ਹੋਵੇ ਆਖਿਰ ਨੂੰ ਲੋਕ ਸ਼ਕਤੀ ਹੀ ਕਾਰਗਰ ਹਥਿਆਰ ਸਾਬਤ ਹੁੰਦੀ ਹੈ।
ਸ਼ਰੂਤੀ ਦੀ ਵਾਪਸੀ ਤੇ ਗੁੰਡਾ ਗਰੋਹਾਂ ਤੋਂ ਰਾਖੀ ਲਈ ਵਿਸ਼ਾਲ ਲੋਕ ਤਾਕਤ ਦਾ ਯੱਕ ਬੰਨ੍ਹੋ 
ਇਤਿਹਾਸ ਗਵਾਹ ਹੈ ਕਿ ਮਸਲਾ ਚਾਹੇ ਗੁੰਡਾ ਗਰੋਹਾਂ ਤੋਂ ਧੀਆਂ-ਭੈਣਾਂ ਦੀ ਰਾਖੀ ਦਾ ਹੋਵੇ। ਚਾਹੇ ਬਲਾਤਕਾਰੀਆਂ  ਤੇ ਕਾਤਲਾਂ ਨੂੰ ਸਜਾਵਾਂ ਦੁਆਉਣ ਦਾ ਹੋਵੇ। ਭਾਵੇਂ ਹਕੂਮਤ ਤੇ ਜਾਗੀਰੂ ਜਬਰ ਤੇ ਆਰਥਿਕ ਧਾਵੇ ਨੂੰ ਠੱਲਣ ਦਾ ਹੋਵੇ। ਵਿਸ਼ਾਲ ਗਿਣਤੀ ਵਿੱਚ ਜਥੇਬੰਦ ਹੋਈ, ਚੇਤਨ ਤੇ ਦ੍ਰਿਡ਼ ਘੋਲਾਂ ਦੇ ਰਾਹੀਂ ਹਕੂਮਤਾਂ ਤੇ ਗੁੰਡਿਆਂ ਦਾ ਨੱਕ ਵਿੱਚ ਦਮ ਕਰਨ ਵਾਲੀ ਲੋਕ ਸ਼ਕਤੀ ਹੀ ਕਾਰਗਰ ਹਥਿਆਰ ਸਾਬਤ ਹੁੰਦੀ ਹੈ। ਸੋ ਸ਼ਰੂਤੀ ਦੀ ਸੁਰੱਖਿਅਤ ਵਾਪਸੀ ਅਤੇ ਗੁੰਡਾ ਗਰੋਹ ਦੇ ਸਰਗਣੇ ਨਿਸ਼ਾਨ ਸਮੇਤ ਸਭਨਾਂ ਦੋਸ਼ੀਆਂ ਨੂੰ ਸਜ਼ਾ ਦੁਆਉਣ ਲਈ ਲੋਕ ਤਾਕਤ ਦਾ ਇਹ ਦੇਵਤਾ ਹੀ ਬੇਡ਼ਾ ਬੰਨੇ ਲਾ ਸਕਦਾ ਹੈ। ਇਸ ਲਈ ਘੋਲ ਨੂੰ ਵਿਸ਼ਾਲ ਤੇ ਮਜਬੂਤੀ ਬਖਸ਼ਣ ਲਈ ਕਮੇਟੀ ਦਾ ਘੇਰਾ ਵਧਾਉਂਦੇ ਹੋਏ ਸਭਨਾਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਕਮੇਟੀ ਵਿੱਚ ਸ਼ਾਮਲ ਕਰਨ, ਹੁਕਮਰਾਨ ਅਕਾਲੀ-ਭਾਜਪਾ ਸਰਕਾਰ ਤੇ ਪਾਰਟੀਆਂ ਨੂੰ ਦੁਸ਼ਮਣਾਂ ਦੇ ਘੇਰੇ ਵਿੱਚ ਰੱਖ ਕੇ ਘੋਲ ਦਾ ਚੋਟ ਨਿਸ਼ਾਨਾ ਬਣਾਉਣ, ਮੌਕਾਪ੍ਰਸਤ ਤੇ ਲੋਕ ਦੋਖੀ ਸਿਆਸੀ ਪਾਰਟੀਆਂ ਤੋਂ ਸੁਚੇਤ ਰਹਿਣ ਤੇ ਨਿਖੇਡ਼ਾ ਰੱਖਣ ਅਤੇ ਵਿਸ਼ਾਲ ਗਿਣਤੀ ਵਿੱਚ ਵਿਸ਼ੇਸ਼ ਕਰਕੇ ਔਰਤਾਂ ਦੀ ਭਰਵੀਂ ਹਾਜ਼ਰੀ ਨੂੰ ਯਕੀਨੀ ਬਣਾਉਂਦੀਆਂ ਤੇ ਹਕੂਮਤ ਲਈ ਸਿਰਦਰਦੀ ਪੈਦਾ ਕਰਦੀਆਂ ਘੋਲ ਸ਼ਕਲਾਂ ਰਾਹੀਂ ਸੰਘਰਸ਼ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ 
ਸੋ ਘੋਲ ਦੀ ਵਿਸ਼ਾਲਤਾ ਦੀ ਇਸੇ ਕਡ਼ੀ ਵਜੋਂ ਅਸੀਂ ਸਭਨਾਂ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਸੰਘਰਸ਼ਸ਼ੀਲ ਤੇ ਇਨਸਾਫਪਸੰਦ ਹਿੱਸਿਆਂ ਨੂੰ ਅਪੀਲ ਕਰਦੇ ਹਾਂ ਕਿ ਐਕਸ਼ਨ ਕਮੇਟੀ ਵੱਲੋਂ ਦਿੱਤੇ ਸੱਦੇ ਨੂੰ ਅੱਗੇ ਵਧਾਉਂਦਿਆਂ 24 ਅਕਤੂਬਰ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ, ਪੁਲਿਸ ਪ੍ਰਸਾਸ਼ਨ ਅਤੇ ਗੁੰਡਾਗਰੋਹਾਂ ਦੇ ਗੱਠਜੋਡ਼ ਦੇ ਪੁਤਲੇ ਆਪਣੇ ਜ਼ਿਲਾ ਹੈੱਡਕੁਆਟਰਾਂ 'ਤੇ ਫੂਕਣ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੋ ਤੇ ਮੰਗ ਕਰੋ ਕਿ:
—ਸ਼ਰੂਤੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਮੇਤ ਸਭਨਾਂ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰੋ, ਤੇ ਸ਼ਰੂਤੀ ਨੂੰ ਵਾਪਸ ਲਿਆਓ।
—ਸ਼ਰੂਤੀ ਦੀ ਨਾਮਨਿਹਾਦ ਚਿੱਠੀ ਅਤੇ ਵਿਆਹ ਦੀਆਂ ਫੋਟੋਆਂ ਜਾਰੀ ਕਰਨ ਵਾਲੇ ਡੀ.ਆਈ.ਜੀ  ਉਮਰਾਨੰਗਲ ਅਤੇ ਐਸ.ਐਸ.ਪੀ. ਢਿੱਲੋਂ ਨੂੰ ਮੁਅੱਤਲ ਕਰਕੇ ਗ੍ਰਿਫਤਾਰ ਕਰੋ। 
—ਗੁੰਡਾ ਗਰੋਹ ਦਾ ਪੱਖ ਪੂਰਨ ਵਾਲੇ ਤੇ ਮੌਕੇ ਉਪਰ ਜਾਣ ਬੁੱਝ ਕੇ ਢਿੱਲ ਕਰਨ ਵਾਲੇ ਸਾਰੇ ਪੁਲਿਸ ਅਫਸਰਾਂ ਵਿਰੁੱਧ ਕੇਸ ਦਰਜ ਕਰੋ। 
—ਨਿਸ਼ਾਨ ਦੀ ਪਿੱਠ 'ਤੇ ਖੜ੍ਹੇ ਅਕਾਲੀ ਸਿਆਸੀ ਲੀਡਰਾਂ ਦੀ ਸ਼ਨਾਖਤ ਕਰਕੇ ਲੋਕਾਂ ਸਾਹਮਣੇ ਲਿਆਓ ਤੇ ਸਜ਼ਾਵਾਂ ਦਿਓ। 

No comments: