Tuesday, September 04, 2012

ਜਾਗ ਮਨ ਜਾਗਣ ਦਾ ਵੇਲਾ// ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

 ਲੋੜ ਅਮਲ ਦੀ ਹੈ ਕਮਲ ਦੀ ਨਹੀਂ 
kulwantsinghdhesi@hotmail.com
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦਾ ਮੁੱਦਾ
ਫੈਸਲਾ ਤਖਤ ਦਾ ਅਮਲ ਕਮੇਟੀ ਦੇ !
ਦੇਸੋਂ ਬਾਹਰ ਪੰਥ ਦਾ ਜ਼ਿਕਰ ਨਹੀਂ !!
ਸਾਹਨੇਵਾਲ ਦੇ ਗੁਰਦੁਆਰੇ ਵਿਚ ਕਿਸੇ ਭਈਏ ਨੇ ਜੋ ਕਰਤੂਤ ਕੀਤੀ ਹੈ, ਉਸ ਨਾਲ ਫਿਰ ਸਾਰੇ ਸੰਸਾਰ ਦੇ ਸਿੱਖ ਹਿਰਦੇ ਤੜਫੇ ਹਨ । ਇਹ ਘਟਨਾਵਾਂ ਕਿਓਂ ਹੋ ਰਹੀਆਂ ਹਨ? ਕੀ ਇਹਨਾਂ ਦਾ ਹੱਲ ਉਹ ਹੀ ਹੈ ਜੋ ਮਨਦੀਪ ਸਿੰਘ ਇਟਲੀ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ? ਕੀ ਇਹਨਾਂ ਘਟਨਾਵਾਂ ਦੇ ਪਿਛੇ ਪੰਜਾਬ ਦੇ ਸ਼ਾਂਤ ਮਹੌਲ ਨੂੰ ਅੱਗ ਲਾਉਣ ਦੀ ਕੋਈ ਡੂੰਘੀ  ਸਾਜਿਸ਼ ਛੁਪੀ ਹੋਈ ਹੈ? ਕੀ ਇਹ ਸਭ ਸਿੱਖ ਭਾਈਚਾਰੇ ਨੂੰ ਭੜਕਾਉਣ ਲਈ ਹੋ ਰਿਹਾ ਹੈ ? ਆਖਿਰ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਇਹਨਾਂ ਘਟਨਾਵਾਂ ਮਗਰ ? ਬਹੁਤ ਸਾਰੇ ਸਵਾਲ ਹਨ ਜੋ ਜਵਾਬ ਦੀ ਮੰਗ ਕਰਦੇ ਹਨ। ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੇ ਇਸ ਦਾ ਹੱਲ ਸਿਰ ਜੋੜ ਕੇ ਲੱਭਣਾਂ ਹੈ । ਆਓ ਪਹਿਲਾਂ ਇਸ ਸਬੰਧ ਵਿਚ ਸ੍ਰੀ ਅਕਾਲ ਤਖਤ ਵਲੋਂ ਕੀਤੇ ਯਤਨਾਂ ਬਾਰੇ ਜਾਨਣ ਦੀ ਕੋਸ਼ਿਸ਼ ਕਰੀਏ ।
੧੫ ਅਗਸਤ ੨੦੧੨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਲੈ ਕੇ ਸਿੰਘ ਸਹਾਹਿਬਾਨ ਵਲੋਂ ਇੱਕ ਮਤਾ ਪਾਸ ਹੋਇਆ । ਇਸ ਮਤੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਗੁਰੂ ਪੰਥ ਦੇ ਪੰਜਾਂ ਹੀ ਤਖਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਾਪਤ ਕਰਨ ਲਈ ਵਿਸ਼ੇਸ਼ ‘ਸ੍ਰੀ ਗੁਰੂ ਗ੍ਰੰਥ ਸਾਹਿਬ ਭਵਾਨ ਬਣਾਏ ਜਾਣ’। ਇਹਨਾਂ ਭਵਨਾਂ ਤੋਂ ਹੀ ਸਬੰਧਤ ਇਲਾਕਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦਿੱਤੀਆਂ ਜਾਣਗੀਆਂ । ਇਸੇ ਤਰਾਂ ਸਮੂਹ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਭਾ ਸੁਸਾਇਟੀਆਂ ਦੇ ਪ੍ਰਧਾਨ/ਸਕੱਤਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪੋ ਆਪਣੇ ਗੁਰੂ ਘਰਾਂ ਅਤੇ ਜਿਹਨਾਂ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾ ਹਨ ਉਹਨਾਂ ਬਾਰੇ ਸੂਚਨਾ ਇਕ ਮਹੀਨੇ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਨੂੰ ਭੇਜਣ। ਇਹ ਵੀ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਾਪਤ ਕਰਨ ਵਾਲਿਆਂ ਤੋਂ ਗੁਰੂ ਸਾਹਿਬ ਦਾ ਅਦਬ ਅਤੇ ਮਾਣ ਮਰਿਯਾਦਾ ਕਾਇਮ ਰੱਖਣ ਸਬੰਧੀ ਦਸਤਖਤ ਲਏ ਜਾਣ । ਇਸ ਮਤੇ ਵਿਚ ਪੰਜਾਬ ਜਾਂ ਭਾਰਤ ਤੋਂ ਬਾਹਰ ਵਸਦੇ ਪੰਥ ਲਈ ਕੋਈ ਵੱਖਰੇ ਆਦੇਸ਼ ਨਹੀਂ ਹਨ ।
ਪਿਛਲੇ ਕੁਝ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਬਤ ਲਗਾਤਾਰ ਸਿੱਖ ਹਿਰਦਿਆਂ ਨੂੰ ਵਲੂੰਧਰਨ ਦੀਆਂ ਖਬਰਾਂ ਆ ਰਹੀਆਂ ਹਨ । ਸਾਡੀ ਸਮਝ ਅਨੁਸਾਰ ਇਹ ਇੱਕ ਸੋਚੀ ਸਮਝੀ ਸਾਜਿਸ਼ ਨਾਲ ਪੰਥ ਵਿਰੋਧੀ ਤਾਕਤਾਂ ਵਲੋਂ ਕੀਤਾ ਜਾ ਰਿਹਾ ਹੈ । ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਨਰਲ ਬਰਾੜ ਨੇ ਆਪਣੀ ਪੁਸਤਕ ਵਿਚ ਇਹ ਗੱਲ ਜੱਗ ਜਾਹਰ ਕਰ ਵੀ ਦਿੱਤੀ ਹੈ ਕਿ ਸਿੱਖਾਂ ਵਿਚ ਫੁੱਟ ਪਾਉਣ ਲਈ ਆਰ ਐਸ ਐਸ ਨੇ ਆਪਣੇ ੧੪ ਐਸੇ ਵਿਦਵਾਨਾਂ ਦੀਆਂ ਸੇਵਾਵਾਂ ਇੰਦਰਾਂ ਗਾਂਧੀ ਨੂੰ ਪੇਸ਼ ਕੀਤੀਆਂ ਸਨ ਜਿਹਨਾਂ ਨੇ ਦਸਮ ਗ੍ਰੰਥ ਦੇ ਮੁੱਦੇ’ਤੇ ਸਿੱਖਾਂ ਵਿਚ ਭਰਾ ਮਾਰੂ ਜੰਗ ਛੇੜਨੀ ਸੀ। ਇੰਦਰਾਂ ਨੇ ਉਹ ਰਾਹ ਅਪਨਾਉਣ ਦੀ ਬਜਾਏ ਦਰਬਾਰ ਸਾਹਿਬ ਤੇ ਹਮਲੇ ਨੂੰ ਪਹਿਲ ਦਿੱਤੀ ।

ਸ੍ਰੀ ਅਕਾਲ ਤਖਤ ਢਾਹ ਕੇ, ਸਿੱਖ ਨੌਜਵਾਨਾਂ ਦੀ ਨਸਲ ਕੁਸ਼ੀ ਕਰਕੇ ਅਤੇ ਦੇਸ਼ ਭਰ ਵਿਚ ਸਿੱਖਾਂ ਨੂੰ ਜਿੰਦਾ ਜਲਾ ਕੇ ਕਾਂਗਰਸ ਸਰਕਾਰ ਤਾਂ ਸਿੱਖ ਪੰਥ ਨੂੰ ਨਿਵਾ ਨਾ ਸਕੀ ਪਰ ਭਾਜਪਾ ਨੇ ਆਪਣਾਂ ਪਹਿਲਾਂ ਵਾਲਾ ਪੈਂਤੜਾ ਮੁੜ ਅਪਣਾਂ ਲਿਆ ਹੈ। ਇਹ ਹੈ ਸਿੱਖ ਸਮਾਜ ਨੂੰ ਗੁਰੂ ਗ੍ਰੰਥ ਤੋਂ ਤੋੜ ਕੇ ਬਿਪਰਵਾਦੀ ਰੂਝਾਨਾਂ ਨਾਲ ਜੋੜਨਾਂ।  ਹੁਣ ਸਿੱਖ ਧਰਮ ਦੀ ਇਜਾਰੇਦਾਰੀ ਇੱਕ ਧੜੇ ਨੂੰ ਸੌਂਪੀ ਜਾ ਰਹੀ ਹੈ ਜੋ ਕਿ ਰਾਜਨੀਤਕ ਤੌਰ ਤੇ ਭਾਜਪਾ ਦੇ ਥੱਲੇ ਲੱਗ ਕੇ ਕੰਮ ਕਰ ਰਿਹਾ ਹੈ । ਇਸ ਰਣਨੀਤੀ ਅਧੀਨ ਭਾਜਪਾ ਨੇ ਸ੍ਰੀ ਅਕਾਲ ਤਖਤ ਦਾ ਅਗਲਾ ਜਥੇਦਾਰ ਵੀ ਆਪਣਾਂ ਬਣਾਉਣਾਂ ਹੈ । ਇਹਨਾਂ ਦੇ ਆਦੇਸ਼ਾਂ ਤੇ ਚਲ ਰਹੇ ਧੜੇ ਦੇ ਅਸਰ ਅਧੀਨ ਸਾਰੇ ਹੀ ਗੁਰਦੁਆਰਿਆਂ ਵਿਚ ਹੁਣ ਪ੍ਰਚਾਰ ਸਿੱਖੀ ਦਾ ਨਹੀਂ ਸਗੋਂ ਧੜੇ ਨਾਲ ਸਬੰਧਤ ਵਿਅਕਤੀਆਂ (ਮਹਾਂਪੁਰਖਾਂ) ਦਾ ਹੁੰਦਾ ਹੈ ਅਤੇ ਨਿਰੋਲ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਇਹਨਾਂ ਗੁਰਦੁਆਰਿਆਂ ਵਿਚ ਬੁੱਕ ਹੀ ਨਹੀਂ ਕੀਤਾ ਜਾਂਦਾ। ਇਹ ਰੁਝਾਨ ਪੰਜਾਬ ਅਤੇ ਪੰਜਾਬੋਂ ਬਾਹਰ ਵਸਦੇ ਸਿੱਖ ਭਾਈਚਾਰੇ ਵਿਚ ਲਗਾਤਾਰ ਵਧ ਰਿਹਾ ਹੈ ਅਤੇ ਇਹ ਧੜਾ ਗੁਰੂ ਗ੍ਰੰਥ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਲਈ ਵੀ ਦ੍ਰਿੜ ਹੈ। ਖਾਲਸਾ ਪੰਥ ਦਾ ਧਿਆਨ ਇਸ ਅਸਲ ਮੁੱਦੇ ਤੋਂ ਲਾਂਹਬੇ ਕਰਨ ਲਈ ਹੀ ਵਿਰੋਧੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਹਨ।

ਚੇਤੇ ਰਹੇ ਕਿ ਕੋਈ ਵੀ ਇੱਕ ਸੰਸਥਾ ਪੰਥ ਨਹੀਂ ਬਣ ਸਕਦੀ। ਸ਼੍ਰੋਮਣੀ ਕਮੇਟੀ ਦਾ ਗਠਨ ਹੀ ਇਸ ਭਾਵਨਾਂ ਤਹਿਤ ਕੀਤਾ ਗਿਆ ਸੀ ਕਿ ਇਹ ਸਭ ਪੰਥਕ ਧਿਰਾਂ ਦਾ ਗੁਲਦਸਤਾ ਬਣੇਗੀ ਪਰ ਹੁਣ ਕੋਸ਼ਿਸ਼ ਇਹ ਹੋ ਰਹੀ ਹੈ ਕਿ ਇੋੱਕ ਸੰਸਥਾ ਨੂੰ ਹਰ ਕੀਮਤ ਤੇ ਪੰਥ ਦਾ ਏਕਾ ਅਧਿਕਾਰ ਦੇਣਾਂ ਹੈ । ਇਹੀ ਕਾਰਨ ਹੈ ਕਿ ਜੋ ਸਰਬ ਸਾਂਝੇ ਪੰਥਕ ਕਾਰਜ ਸ਼੍ਰੋਮਣੀ ਕਮੇਟੀ ਨੂੰ ਕਰਨੇ ਬਣਦੇ ਸਨ ਉਹ ਹੁਣ ਧੜੇ ਦੇ ਸਪੁਰਦ ਕੀਤੇ ਜਾ ਰਹੇ ਹਨ। ਚੇਤੇ ਰਹੇ ਕਿ ਕਦੀ ਗੁਰੂ ਸਾਹਿਬ ਜੀ ਨੇ ਮਸੰਦ ਸੰਸਥਾ ਗੁਰਮਤ ਦੇ ਪ੍ਰਚਾਰ ਅਤੇ ਪਸਾਰ ਲਈ ਖੁਦ ਬਣਾਈ ਸੀ ਪਰ ਜਦੋਂ ਉਸ ਦੇ ਆਗੂ ਭਟਕ ਗਏ ਤਾਂ ਕਲਗੀਧਰ ਪਾਤਸ਼ਾਹ ਨੇ ਜੋ ਸਜਾ ਮਸੰਦਾਂ ਨੂੰ ਦਿੱਤੀ ਸੀ ਉਹ ਸਾਨੂੰ ਸਭ ਨੂੰ ਪਤਾ ਹੈ। । ਪਰ ਹੁਣ ਇਸ ਤਰਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਜਿਹਨਾਂ ਕਾਰਨ ਸੰਸਥਾਵਾਂ ਖੁਦ ਨੂੰ ਪੰਥ ਸਾਬਤ ਕਰਨ ਵਲ ਰੁਚਿਤ ਹੋ ਰਹੀਆਂ ਹਨ। ਸਿੱਖ ਪੰਥ ਦਾ ਧਿਆਨ ਇਸ ਸਾਜਿਸ਼ ਵਲ ਨਾਂ ਜਾਵੇ ਇਸ ਕਾਰਨ ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਂਵਾਂ ਜਾਰੀ ਹਨ।
ਇਹਨਾਂ ਘਟਨਾਵਾਂ ਸਬੰਧੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਕੁਝ ਭਗੌੜੇ ਕਿਸਮ ਦੇ ਲੋਕ ਪੱਬਾਂ ਭਾਰ ਹਨ ਜੋ ਕਿ ਦੂਸਰਿਆਂ ਨੂੰ ਉਹ ਹਿੰਸਕ ਕੰਮ ਕਰਨ ਲਈ  ਉਕਸਾ ਰਹੇ ਹਨ ਜਿਹਨਾਂ ਕੰਮਾਂ ਨੂੰ ਉਹ ਖੁਦ ਅਧਵਾਟਿਓਂ  ਛੱਡ ਕੇ ਨੱਸ ਗਏ ਸਨ। ਜੋ ਕੰਮ ਕੋਈ ਬੰਦਾ ਖੁਦ ਨਹੀਂ ਕਰਨਾਂ ਚਾਹੁੰਦਾ ਜਾਂ ਆਪਣੇ ਬੱਚਿਆਂ ਨੂੰ ਉਸ ਪਾਸੇ ਨਹੀਂ ਟੋਰਨਾਂ ਚਾਹੁੰਦਾ ਐਸੇ ਕੰਮ ਲਈ ਦੂਸਰਿਆਂ ਨੂੰ ਧੱਕੇ ਦੇਣੇ ਅਤੇ ਲਲਕਾਰੇ ਮਾਰ ਮਾਰ ਕੇ ਉਕਸਾਉਣਾਂ ਕਿਧਰਲੀ ਦਿਆਨਤਦਾਰੀ ਹੈ? ਸਾਡੀ ਬੇਨਤੀ ਹੈ ਕਿ ਸਿੱਖ ਕੌਮ ਚੋਰ ਨਾਲੋਂ ਚੋਰ ਦੀ ਮਾਂ ਮਾਰਨ ਦੀ ਚਿੰਤਾ ਕਰੇ। ਸਾਡਾ ਮੁਕਾਬਲਾ ਇਸ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਵਿਓਂਤ ਨਾਲ ਗਠਿਤ ਸੰਸਥਾ ਨਾਲ ਹੈ, ਜਿਸ ਦਾ ਨਿਸ਼ਾਨਾਂ ਸਿੱਖੀ ਦੇ ਬ੍ਰਹਿਮੰਡੀ ਧਰਮ ਨੂੰ ਪਟੜੀਓਂ ਉਖੇੜ ਕੇ ਆਪਣੇ ਹੱਕ ਵਿਚ ਭੁਗਤਾਉਣਾਂ ਹੈ । ਹਰ ਹਥਿਆਰ ਦੀ ਅਹਿਮੀਅਤ ਮੌਕੇ ਅਨੁਸਾਰ ਹੁੰਦੀ ਹੈ ਅੱਜ ਸਾਡੇ ਖਿਲਾਫ ਜੋ ਹੋ ਰਿਹਾ ਹੈ ਉਸ ਦਾ ਮੁਕਾਬਲਾ ਬੰਦੂਕ ਨਾਲ ਨਹੀਂ ਵਿਵੇਕ ਅਤੇ ਦੂਰ ਅੰਦੇਸ਼ੀ ਨਾਲ ਹੀ ਕੀਤਾ ਜਾ ਸਕਦਾ ਹੈ । ਸਾਨੂੰ ਉਤਾਵਲੇ ਹੋ ਕੇ ਆਪਣੇ ਪੈਰੀਂ ਕੁਹਾੜਾ ਮਾਰਨ ਵਾਲੇ ਰੂਝਾਂਨਾਂ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ।

ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਸਰੂਪਾਂ ਦੀ ਵਿਕਰੀ ਤੇ ਵੀ ਮੁਕੰਮਲ ਬੰਦਸ਼ ਹੋਣੀ ਲਾਜ਼ਮੀ ਹੈ। ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਹੇਠ ਸਰੂਪ ਕੇਵਲ ਤੇ ਕੇਵਲ ਜ਼ਿੰਮੇਵਾਰ ਸਥਾਨਾਂ ਅਤੇ ਵਿਅਕਤੀਆਂ ਪਾਸ ਹੀ ਭੇਜਣ ਦੀ ਇਜਾਜ਼ਤ ਹੋਵੇ । ਕੁਝ ਵਰ੍ਹੇ ਪਹਿਲਾਂ ਯੂ ਕੇ ਤੋਂ ਅਦਾਰਾ ਪੰਜਾਬ ਟਾਈਮਜ਼ ਨੇ ਸ੍ਰੀ ਅੰਮ੍ਰਿਤਸਰ ਵਿਚ ਇੱਕ ਪਬਲਿਸ਼ਰ ਨੂੰ ਲੋਕਾਂ ਸਾਹਮਣੇ ਲਿਆਂਦਾ ਸੀ ਜਿਸ ਨੇ ਇਹ ਜਾਣਦੇ ਹੋਏ ਵੀ ਕਿ ਸਰੂਪ ਗਲਤ ਜਗ੍ਹਾ ਤੇ ਜਾਣੇ ਹਨ ਵਿਕਰੀ ਸ਼ਰੇਆਮ ਕਰ ਦਿੱਤੀ ਗਈ । ਜਦੋਂ ਉਸ ਪਬਲਿਸ਼ਰ ਤੋਂ ਇੱਕ ਬੜੇ ਹੀ ਇਤਰਾਜ਼ਯੋਗ ਡੇਰੇ ਲਈ ਸਰੂਪਾਂ ਦੀ ਮੰਗ ਕੀਤੀ ਤਾਂ ਉਸ ਨੇ ਕੋਈ ਨਾਂਹ ਨੁੱਕਰ ਨਾਂ ਕੀਤੀ। ਅਦਾਰਾ ਪੰਜਾਬ ਟਾਇਮਜ਼ ਨੇ ਉਸ ਪਬਲਿਸ਼ਰ ਦੀ ਕਰਤੂਤ ਕੁਝ ਸਿੰਘਾਂ ਦੇ ਭੇਸ ਸਾਂਈ ਪੀਰ ਦੇ ਰੂਪ ਵਿਚ ਬਦਲ ਕੇ ਸਾਹਮਣੇ ਲਿਆਂਦੀ ਸੀ। ਉਸ ਤੋਂ ਬਾਅਦ ਸਰੂਪਾਂ ਦੀ ਵਿਕਰੀ ਮੁਕੰਮਲ ਤੌਰ ਤੇ ਬੰਦ ਕਰਨ ਦਾ ਮੁੱਦਾ ਸਿੱਖ ਜਗਤ ਸਾਹਮਣੇ ਆਇਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਵਾਲਿਆਂ ਦੀ ਪੜਤਾਲ ਦਾ ਮੁੱਦਾ ਤਾਂ ਹੁਣ ਬੇਅਦਬੀ ਦੀਆਂ ਘਟਨਾਵਾਂ ਹੋਣ ਬਾਅਦ ਹੀ ਉਭਰਿਆ ਹੈ।
ਇਸ ਨਾਲ ਹਰ ਸਿੱਖ ਸਹਿਮਤ ਹੋਏਗਾ ਕਿ ਕਿਸੇ ਵੀ ਅਨਜਾਣੇ ਅਤੇ ਅਯੋਗ ਵਿਅਕਤੀ ਜਾਂ ਸੰਸਥਾ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਰਗਿਜ਼ ਨਹੀਂ ਜਾਣੇ ਚਾਹੀਦੇ ਅਤੇ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਜੋ ਵੀ ਕਦਮ ਚੁੱਕੇਗੀ ਉਹਨਾਂ ਨੂੰ ਪੰਥ ਵਿਚ ਜੀਅ ਆਇਆਂ ਕਿਹਾ ਜਾਏਗਾ। ਭਾਰਤ ਤੋਂ ਬਾਹਰ ਦੇ ਗੁਰਦੁਆਰੇ ਭਾਵੇਂ ਕਾਨੂੰਨੀ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਦਾਇਰੇ ਵਿਚ ਨਾਂ ਵੀ ਆਂਉਂਦੇ ਹੋਣ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੁਨੀਆਂ ਭਰ ਦੇ ਸਿੱਖਾਂ ਤੇ ਲਾਗੂ ਹੁੰਦੇ ਹਨ ਅਤੇ ਲੋੜ ਹੈ ਕਿ ਦੁਨੀਆਂ ਭਰ ਵਿਚ ਸਿੱਖ ਸੰਸਥਾਵਾਂ ਅਤੇ ਗੁਰਦੁਆਰੇ ਇਹ ਗੱਲ ਯਕੀਨੀ ਬਣਾਉਣ ਕਿ ਅਣਅਧਿਕਾਰੀ ਵਿਅਕਤੀ ਜਾਂ ਸੰਸਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਾਂ ਰੱਖਣ । ਯੂ ਕੇ ਵਿਚ ਸਾਡੇ ਲਈ ਇੱਕ ਐਸੀ ਸੰਸਥਾ ਕਈ ਵਰ੍ਹੇ ਸਿਰਦਰਦੀ ਦਾ ਕਾਰਨ ਬਣੀ ਰਹੀ ਸੀ ਜਿਸ ਨੇ ਕਿ ਪਾਵਨ ਸਰੂਪ ਉਸ ਜਗ੍ਹਾ ਤੇ ਰੱਖੇ ਹੋਏ ਸਨ ਜਿਥੇ ਕਿ ਸ਼ਿਵ ਲਿੰਗ ਅਤੇ ਹੋਰ ਕਈ ਕਿਸਮ ਦੇ ਅਖੌਤੀ ਧਾਰਮਕ ਅਮਲ ਹੋ ਰਹੇ ਸਨ। ਇੰਝ ਹੀ ਕਈ ਲਾਇਬ੍ਰੇਰੀਆਂ ਅਤੇ ਦੁਕਾਨਾਂ ਤੇ ਵੀ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ । ਅੱਜ ਦੀ ਤਾਰੀਖ ਵਿਚ ਕਿਹਨਾਂ ਕਿਹਨਾਂ ਲੋਕਾਂ ਕੋਲ ਗੁਰੂ ਮਹਾਂਰਾਜ ਦੇ ਸਰੂਪ ਕਿਸ ਹਾਲਤ ਵਿਚ ਰੱਖੇ ਹੋਏ ਹਨ ਕਿਸੇ ਨੂੰ ਕੁਝ ਪਤਾ ਨਹੀਂ । ਗੁਰਦੁਆਰਿਆਂ ਵਿਚ ਗੁਰੂ ਮਹਾਂਰਾਜ ਦੇ ਅਦਬ ਸਤਿਕਾਰ ਲਈ ਇੱਕ ਸਰਬ ਸਾਂਝੇ ਕੋਡ ਆਫ ਕੰਡਕਟ ਦੀ ਵੀ ਲੋੜ ਹੈ ਤਾਂ ਕਿ ਕਿਸੇ ਕਿਸਮ ਦੀ ਗਲਤੀ ਨਾਂ ਹੋਵੇ । ਇਹ ਸਾਰਾ ਕਾਰਜ ਕਠਿਨ ਜ਼ਰੂਰ ਹੈ ਪਰ ਅਸੰਭਵ ਨਹੀਂ । ਇਸ ਸਬੰਧੀ ਦਿਨੋ ਦਿਨ ਚੇਤੰਨ ਹੋ ਰਿਹਾ ਸਿੱਖ ਭਾਈਚਾਰਾ ਉਮੀਦ ਹੈ ਕਿ ਛੇਤੀ ਹੀ ਇੱਕ ਸਰਬ ਸਾਂਝੇ ਫੈਸਲੇ ਤੇ ਇੱਕਮੁੱਠ ਹੋ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਹੋਰ ਵੀ ਕਈ ਪਹਿਲੂ ਹਨ ਜਿਹਨਾਂ ਸਬੰਧੀ ਭਾਈਚਾਰੇ ਨੂੰ ਗੌਰ ਕਰਨਾਂ ਜ਼ਰੂਰੀ ਹੈ।
ਸਾਹਬ ਦੇ ਦਫਤਰ ਸਾਹ ਨਾ ਕੱਢਦੇ
ਹਾਜ਼ਰ ਗੁਰੂ ਪ੍ਰਤੀ ਗੈਰ ਹਾਜ਼ਰ ਰਹਿੰਦੇ
ਬੜਾ ਔਖਾ ਹੈ ਸਮਝਾਉਣਾਂ
ਸਾਡੇ ਲੋਕਾਂ ਦੀ ਆਪਣੇ ਆਪ ਪ੍ਰਤੀ ਹੀਨ ਭਾਵਨਾਂ ਅਤੇ ਗੋਰੇ ਲੋਕਾਂ ਪ੍ਰਤੀ ਪ੍ਰਬੀਨ ਭਾਵਨਾਂ ਜੱਗ ਜ਼ਾਹਿਰ ਹੈ। ਕਿਸੇ ਸਾਹਬ ਦੇ ਟੁੱਟੇ ਹੋਏ ਦਫਤਰ ਵਿਚ ਜਾ ਕੇ ਵੀ ਅਸੀਂ ਬੀਬੇ ਰਾਣੇ ਬਣ ਜਾਂਦੇ ਹਾਂ ਅਤੇ ਸਾਨੂੰ ਖੂਬ ਹੋਸ਼ ਹੁੰਦੀ ਹੈ ਕਿ ਕਿਵੇਂ ਬੀਹੇਵ ਕਰਨਾਂ ਹੈ। ਕੰਮਾਂ ਕਾਰਾਂ ਅਤੇ ਫੈਕਟਰੀਆਂ ਵਿਚ ਇੱਕ ਗੱਲ ਆਮ ਦੇਖਣ ਵਿਚ ਆਉਂਦੀ ਹੈ ਕਿ ਅਗਰ ਦੋ ਗੋਰੇ ਗੱਲਾਂ ਕਰਦੇ ਹੋਣ ਤਾਂ ਉਹ ਸਾਡੇ ਵਲ ਓਨੀ ਦੇਰ ਧਿਆਨ ਨਹੀਂ ਦਿੰਦੇ ਜਦ ਤਕ ਕਿ ਅਸੀਂ ਉਹਨਾਂ ਨੂੰ ਐਕਸਕਿਊਜ਼ ਮੀ ਨਹੀਂ ਕਹਿੰਦੇ ਭਾਵੇਂ ਅਸੀਂ ਦਸ ਜਣੇ ਉਹਨਾਂ ਦੇ ਕੋਲ ਜਾ ਕੇ ਖੜ੍ਹੇ ਰਹੀਏ ਪਰ ਅਸੀਂ ਭਾਵੇਂ ਦਸ ਜਣੇ ਖੜ੍ਹੇ ਗੱਲਾਂ ਕਰਦੇ ਹੋਈਏ ਪਰ ਸਾਡੇ ਵਿਚ ਇੱਕ ਗੋਰਾ ਵੀ ਆ ਜਾਵੇ ਤਾਂ ਅਸੀਂ ਆਪਣੀ ਗਲਬਾਤ ਛੱਡ ਕੇ ਸਾਰਾ ਧਿਆਨ ਉਸ ਵਲ ਦੇਣ ਲੱਗਦੇ ਹਾਂ । ਇਸ ਨੂੰ ਆਤਮ ਵਿਸ਼ਵਾਸ ਦੀ ਕਮੀ ਕਹੋ, ਸਵੈ ਮਾਨ ਦੀ ਕਮੀ ਕਹੋ,  ਹੀਨ ਭਾਵਨਾਂ ਕਹੋ ਜਾਂ ਅਲਗਰਜ਼ੀ ਕਹੋ, ਜੋ ਕੁਝ ਵੀ ਹੈ ਸਾਡੀ ਇਹੀ ਕਮਜ਼ੋਰੀ ਸਾਡੇ ਧਾਰਮਕ ਕਰਮ ਵਿਚ ਵੀ ਸਾਡਾ ਪਿੱਛਾ ਨਹੀਂ ਛੱਡਦੀ।
ਅਸੀਂ ਇਹਨਾਂ ਦੇਸ਼ਾਂ ਵਿਚ ਕੋਈ ਵੀ ਵਿਸ਼ੇਸ਼ ਥਾਂ ਦੇਖਣ ਜਾਈਏ ਬੜੇ ਹੀ ਬੀਬੇ ਰਾਣੇ ਬਣ ਜਾਂਦੇ ਹਾਂ; ਉਚੀ ਸਾਹ ਤੱਕ ਨਹੀਂ ਕੱਢਦੇ ਕਿਓਂਕਿ ਸਾਨੂੰ ਚੰਗਾ ਭਲਾ ਪਤਾ ਹੁੰਦਾ ਹੈ ਕਿ ਇੰਝ ਕਰਨਾਂ ਬੈਡ ਮੈਨਰਜ਼ ਹਨ ਪਰ ਗੁਰਦੁਆਰੇ ਵਿਚ ਜਾਂਦੇ ਹੀ ਸਾਡੇ ਸਿਰਾਂ ਦੇ ਸਿੰਗ ਪਰਗਟ ਹੋ ਜਾਂਦੇ ਹਨ। ਸਾਨੂੰ ਕੋਈ ਸੁਰਤ ਨਹੀਂ ਹੁੰਦੀ ਕਿ ਅਸੀਂ ਕਿਥੇ ਬੈਠੇ ਹਾਂ । ਖਾਸ ਕਰਕੇ ਵਿਆਹਾਂ ਸ਼ਾਂਦੀਆਂ ਤੇ ਦੀਵਾਨ ਹਾਲਾਂ ਵਿਚ ਲਗਾਤਾਰ ਰੌਲਾ ਪੈਂਦਾ ਹੈ ਅਤੇ ਅਸੀਂ ਭਾਲਦੇ ਹਾਂ ਦੀਨ ਦੁਨੀ ਦੇ ਪਾਤਸ਼ਾਹ ਪਾਸੋਂ ਰਹਿਮਤਾਂ ਅਤੇ ਬਰਕਤਾਂ ਦੇ ਗੱਫੇ ।

ਦੂਸਰੀ ਧਿਰ ਕਮੇਟੀਆਂ ਵਾਲਿਆਂ ਦੀ ਚੌਧਰ ਦੀ ਘੜਮਸ ਹੈ ਜਿਸ ਨੇ ਗੁਰਦੁਆਰਿਆਂ ਦੇ ਮਹੌਲ ਨੂੰ ਰੱਜ ਕੇ ਪ੍ਰਦੂਸ਼ਤ ਕੀਤਾ ਹੋਇਆ ਹੈ । ਜਿਸ ਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸੰਗਤਾਂ ਤਕ ਪਹੁੰਚਾਉਣਾਂ ਹੁੰਦਾ ਹੈ ਅਗਰ ਉਥੇ ਚੌਧਰ ਲਈ ਇਲਜ਼ਾਮ ਬਾਜੀਆਂ, ਝੂਠ ਤੁਫਾਨ, ਗਲਤ ਵੋਟਿੰਗ, ਝਗੜੇ, ਧੱਕਾ ਮੁੱਕੀ, ਗਾਲੀ ਗਲੋਚ ਅਤੇ ਅਦਾਲਤਾਂ ਦੀ ਦਖਲ ਅੰਦਾਜ਼ੀ ਹੋਵੇਗੀ ਤਾਂ ਇਸ ਤੋਂ ਵੱਡੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਰ ਕਿਹੜੀ ਹੋ ਸਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਮੇਟੀਆਂ ਵਾਲਿਆਂ ਦੇ ਝਗੜੇ ਸੁਲਝਾਉਣ ਲਈ ਚੋਣਾਂ ਜਾਂ ਹੋਰ ਅਹਿਮ ਮੌਕਿਆਂ ਤੇ ਇਹਨਾਂ ਵਿਚ ਇੱਕ ਗੋਰਾ ਵੀ ਆ ਬੈਠੇ ਤਾਂ ਫਿਰ ਇਹਨਾ ਦੇ ਸਾਹ ਸੂਤੇ ਜਾਂਦੇ ਹਨ ਅਤੇ ਇਹ ਬੀਬੇ ਬਣਨ ਦਾ ਵਿਖਾਵਾ ਕਰਦੇ ਨਜ਼ਰ ਆਉਂਦੇ ਹਨ। ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਮੰਨਦੇ ਅਤੇ ਗੁਰਦੁਆਰੇ ਦਾ ਮਹੌਲ ਪ੍ਰਦੂਸ਼ਤ ਕਰਦੇ ਹਨ ਉਹ ਬੇਅਦਬੀ ਦੇ ਮਾਮਲੇ ਵਿਚ ਸਭ ਤੋਂ ਵੱਡੇ ਦੋਸ਼ੀ ਹਾਨ ਪਰ ਸਿੱਖ ਭਾਈਚਾਰਾ ਭਾਈ ਭਤੀਜਾ ਵਾਦ, ਸਿਫਾਰਸ਼ ਅਤੇ ਧੜਾਵਾਦ ਦੇ ਲਾਲਚਾਂ ਵਿਚ ਮੁੜ ਮੁੜ ਕੇ ਉਹਨਾਂ ਹੀ ਲੋਕਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਲਿਆਉਂਦਾ ਹੈ ਜੋ ਦੋਸ਼ੀ ਹਨ ਅਤੇ ਇਸ ਤਰਾਂ ਅਸੀਂ ਸਾਰੇ ਹੀ ਦੋਸ਼ੀ ਹੋ ਜਾਂਦੇ ਹਾਂ। ਸਾਨੂੰ ਚੰਗੀ ਤਰਾਂ ਪਤਾ ਹੁੰਦਾ ਹੈ ਕਿ ਸਾਡੇ ਸ਼ਹਿਰ ਵਿਚ ਗੁਰਮੁ਼ਖ ਵਿਅਕਤੀ ਕਿਹੜੇ ਹਨ ਅਤੇ ਝਗੜਾਲੂ ਅਤੇ ਚੌਧਰੀ ਬਿਰਤੀ ਦੇ ਕਿਹੜੇ ਹਨ ਪਰ ਅਸੀਂ ਪ੍ਰਬੰਧ ਵਿਚ ਚੇਤੰਨ ਹੋ ਕੇ ਸ਼ਾਮਲ ਨਹੀਂ ਹੁੰਦੇ ਅਤੇ ਅਣਅਧਿਕਾਰੀਆਂ ਨੂੰ ਅੱਖ ਪਰੋਖੇ ਕਰਕੇ ਇਹ ਕਹਿ ਕੇ ਸੁਰਖਰੂ ਹੋ ਜਾਂਦੇ ਹਾਂ ਕਿ ਆਪਾਂ ਤਾਂ ਮੱਥਾ ਹੀ ਟੇਕਣਾਂ ਹੈ ਸਾਨੂੰ ਕੀ ਕੋਈ ਹੋਵੇ ਮੋਹਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਗੁਰਦੁਆਰੇ ਦਾ ਸ਼ਾਂਤ ਅਤੇ ਪ੍ਰੇਮ ਪੂਰਵਕ ਮਹੌਲ ਬਹੁਤ ਜ਼ਰੂਰੀ ਹੈ।
ਸਾਡੇ ਧਾਰਮਕ ਦਿਸਦੇ ਜੀਵਨ ਵਿਚ ਕਰਮ ਕਾਂਡ, ਵਿਖਾਵਾ, ਅੰਧਵਿਸ਼ਵਾਸ ਅਤੇ ਕੂੜ ਕਪਟ ਆਮ ਹੈ । ਅਸੀਂ ਗੁਰੂ ਨੂੰ ਜ਼ਬਾਨੀ ਕਲਾਮੀ ਹਾਜ਼ਰ ਨਾਜ਼ਰ ਕਹਿੰਦੇ ਹਾਂ ਪਰ ਮੰਨਦੇ ਨਹੀਂ। ਇੱਕੋ ਹੀ ਦੀਵਾਨ ਹਾਲ ਵਿਚ ਇੱਕ ਤੋਂ ਵੱਧ ਪਾਠ ਅਤੇ ਪਾਠਾਂ ਦੀਆਂ ਕੋਤਰੀਆਂ ਕੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ  ਹਨ? ਸਾਡੇ ਪ੍ਰਚਾਰਕ ਮਾਇਆ ਲਈ ਪ੍ਰੋਗ੍ਰਾਮ ਕਰਕੇ ਅਰਦਾਸ ਹੁੰਦੀ ਹੁੰਦੀ ਦੌੜ ਕੇ ਦੀਵਾਨ ਹਾਲ ਵਿਚੋਂ ਬਾਹਰ ਹੋ ਜਾਂਦੇ ਹਨ । ਜੋ ਵਿਅਕਤੀ ਖੁਦ ਨਿਤਨੇਮ ਨਹੀਂ ਕਰਦਾ ਉਹ ਦੂਸਰਿਆਂ ਨੂੰ ਕਿਵੇਂ ਪ੍ਰੇਰ ਸਕਦਾ ਹੈ? ਐਸੇ ਲੋਕਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਕੀ ਅਸਰ ਕਰੇਗਾ? ਸੱਚੇ ਤੇ ਸਹੀ ਅਰਥਾਂ ਵਿਚ ਗੁਰੂ ਦਾ ਅਦਬ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਉਣਾਂ ਹੈ । ਇਸ ਤਰਾ ਦੇ ਅਦਬ ਦਾ ਅੱਜ ਅਭਾਵ ਹੈ । ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਦਾ ਸੱਚਾ ਅਦਬ ਸਿੱਖ ਲਈਏ ਤਾ ਸਾਡੇ ਸੁਭਾਅ ਰੱਬ ਵਰਗੇ ਨਿਰਮਲ ਹੋ ਜਾਣਗੇ ਪਰ ਅਦਬ ਦੇ ਮੁੱਦੇ ਅਸੀਂ ਅਕਸਰ ਹੀ ਬਾਹਰੀ ਅਦਬ ਤਕ ਸੀਮਤ ਰਹਿੰਦੇ ਹਾਂ। ਬਾਹਰੀ ਅਦਬ ਜਰੂਰੀ ਤਾਂ ਹੈ ਪਰ ਅੰਤਰ ਆਤਮਾਂ ਦਾ ਅਦਬ ਉਸ ਤੋਂ ਵੀ ਵੱਧ ਜਰੂਰੀ ਹੈ ।
ਸਾਡਾ ਗੁਰੂ ਸ਼ਬਦ ਹੈ ਜਾਂ ਦੇਹ ਹੈ ?
ਗੁਰਾਂ ਦੀ ਪ੍ਰਗਟ ਦੇਹ ਕਿਥੇ ਹੈ ?
ਗੁਰੂ ਸਾਹਿਬ ਸੁਮੱਤ ਦੇਣ
ਅੱਜ ਸਿੱਖ ਸਮਾਜ ਵਿਚ ਗੁਰੂ ਗ੍ਰੰਥ ਸਾਹਿਬ ਦੇ ਅਦਬ ਦਾ ਮੁੱਦਾ ਵਿਅਕਤੀਆਂ ਦੇ ਆਪੋ ਆਪਣੀ ਸਮਝ ਮੁਤਾਬਕ ਉਲਝਾਇਆ ਜਾ ਰਿਹਾ ਹੈ । ਕਈ ਵਿਅਕਤੀ ਐਸੇ ਹਨ ਜਿਹੜੇ ਕਹਿੰਦੇ ਹਨ ਕਿ ਸਾਡਾ ਗੁਰੂ ਸ਼ਬਦ ਹੈ ਅਤੇ ਸ਼ਬਦ ਨੂੰ ਨਾਂ ਗਰਮੀ ਲੱਗਦੀ ਹੈ ਅਤੇ ਨਾਂ ਹੀ ਸਰਦੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਿੰਘਾਸਨ ਅਸਥਾਨ ਤੇ ਏ ਸੀ ਵਗੈਰਾ ਜਾਂ ਕੰਬਲਾਂ ਦੀ ਵਰਤੋਂ ਦਾ ਕੋਈ ਮਤਲਬ ਨਹੀਂ ਹੈ। ਦੂਸਰੀ ਕਿਸਮ ਦੇ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁਲ ਗੁਰੂ ਸਾਹਿਬ ਜੀ ਦੀ ਦੇਹ ਵਾਂਗ ਸਤਿਕਾਰ ਕਰਨ ਲਈ ਦ੍ਰਿੜ ਹਨ । ਇਹ ਲੋਕ ਅਰਦਾਸ ਵਿਚ ‘ਪ੍ਰਗਟ ਗੁਰਾਂ ਦੀ ਦੇਹ’ ਵਾਲੇ ਦੋਹਰੇ ਦੀ ਅਤੇ ਮਹਾਂਪੁਰਖਾਂ ਦੀਆਂ ਇਸ ਪ੍ਰਥਾਏ ਜੀਵਨ ਘਟਨਾਵਾਂ ਦੀਆਂ ਉਦਾਹਰਨਾਂ ਦਿੰਦੇ ਹਨ।
ਚੰਗੀ ਗੱਲ ਤਾਂ ਇਹ ਹੋਵੇ ਕਿ ਸਾਰਾ ਸਿੱਖ ਸੰਸਾਰ ਇਸ ਸਬੰਧੀ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਅਨੁਸਾਰ ਇੱਕ ਮੱਤ ਹੋ ਜਾਵੇ ਤਾਂ ਕਿ ਗੁਰਸਿੱਖਾਂ ਵਿਚ ਕਿਸੇ ਕਿਸਮ ਦੇ ਝਗੜੇ ਅਤੇ ਵਾਦ ਵਿਵਾਦ ਲਈ ਕੋਈ ਥਾਂ ਨਾਂ ਰਹੇ । ਜੇਕਰ ਇਹ ਅਹਿਮ ਫੈਸਲਾ ਵੱਖੋ ਵੱਖ ਵਿਅਕਤੀਆਂ ਅਤੇ ਸੰਸਥਾਵਾਂ ਦੇ ਹੱਥ ਚੜ੍ਹ ਗਿਆ ਤਾਂ ਪੰਥ ਵਿਚ ਸਿਵਲ ਵਾਰ ਵਰਗੇ ਹਾਲਾਤ ਬਣ ਸਕਦੇ ਹਨ। ਅੱਜ ਸਿੱਖ ਭਾਈਚਾਰੇ ਨੂੰ ਹਰ ਤਰਾਂ ਦੇ ਧਾਰਮਕ ਵਿਵਾਦਾਂ ਚੋਂ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹ ਭਾਵ ਕਿ ਸ਼ਬਦ ਨਾਲ ਜੋੜਨਾਂ ਜਰੂਰੀ ਹੈ । ਜਿਹੜੇ ਵਿਅਕਤੀ ਇਸ ਮੁੱਦੇ ਨੂੰ ਆਪੋ ਆਪਣੇ ਹਿਸਾਬ ਜਾਂ ਆਪੋ ਆਪਣੇ ਮਹਾਂਪੁਰਖਾਂ ਦੇ ਹਿਸਾਬ ਨਾਲ ਲਾਗੂ ਕਰਨ ਲਈ ਬਜਿਦ ਹਨ ਉਹ ਪੰਥ ਦਾ ਭਲਾ ਹਰਗਿਜ਼ ਹੀ ਨਹੀਂ ਮੰਗਦੇ।

ਅਸੀਂ ਇਥੇ ਕੁਝ ਇੱਕ ਘਟਨਾਵਾਂ ਦਾ ਜ਼ਿਕਰ ਕਰਾਂਗੇ ਜਿਸ ਨਾਲ ਕਿ ਸੰਭਾਵੀ ਖਤਰਿਆਂ ਤੋਂ ਸਾਵਧਾਨ ਹੋ ਸਕੀਏ। ਯੂ ਕੇ ਵਿਚ ਅਸੀਂ ਘੱਟੋ ਘੱਟ ਇਕ ਗੁਰਸਿੱਖ ਦੇ ਜ਼ਰੂਰ ਵਾਕਿਫ ਹਾਂ ਜਿਹਨਾਂ ਦਾ ਇਹ ਵੀਚਾਰ ਹੈ ਕਿ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦੇ ਸੁੱਖ ਆਸਣ ਲਈ ਡਬਲ ਬੈਡ ਦਾ ਹੋਣਾਂ ਜ਼ਰੂਰੀ ਹੈ। ਉਹਨਾਂ ਨੇ ਆਪਣੇ ਗੁਰਦੁਆਰੇ ਵਿਚ ਐਸੇ ਹੀ ਪ੍ਰਬੰਧ ਕੀਤੇ ਵੀ ਹੋਏ ਹਨ। ਉਹਨਾਂ ਅਨੁਸਾਰ ਇੱਕ ਹੀ ਬੈਡ ਤੇ ਇੱਕ ਤੋਂ ਵਧੀਕ ਬੀੜਾਂ ਸਥਾਪਤ ਕਰਨੀਆਂ ਵੱਡੀ ਬੇਅਦਬੀ ਹੈ। ਇੱਕ ਹੋਰ ਗੁਰਸਿੱਖ ਵੀਰ ਦਾ ਇਹ ਦਾਅਵਾ ਹੈ ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਦੇਗ ਦਾ ਭੋਗ ਲਵਾਉਂਦੇ ਹਾਂ ਤਾਂ ਜੇਕਰ ਕੁਝ ਸਮੇਂ ਬਾਅਦ ਦੇਗ ਜੋਖੀ ਜਾਵੇ ਤਾਂ ਭਾਰ ਘਟ ਜਾਂਦਾ ਹੈ, ਭਾਵ ਇਹ ਕਿ ਗੁਰੂ ਸਾਹਿਬ ਦੇਗ ਛਕਦੇ ਹਨ ( ਦੇਗ ਵਿਚੋਂ ਜਲ ਭਾਫ ਬਣ ਕੇ ਉਡਦਾ ਹੈ ਤਾਂ ਭਾਰ ਘਟ ਜਾਂਦਾ ਹੈ) , ਇੱਕ ਹੋਰ ਗੁਰਪੁਰ ਵਾਸੀ ਗੁਰਸਿੱਖ ( ਮਹਾਂਪੁਰਖ) ਬਾਰੇ ਸੁਣਿਆ ਹੈ ਕਿ ਜਦੋਂ ਉਹ ਗਰਮੀ ਦੇ ਦਿਨਾਂ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸੈਰ ਕਰਵਾਂਉਂਦੇ ਸਨ ਤਾ ਦੇਹ ਨੂੰ ਗਰਮੀ ਆਈ ਹੁੰਦੀ ਸੀ। ਇਸ ਤਰਾਂ ਦੀਆਂ ਅਨੇਕਾਂ ਉਦਾਹਰਨਾਂ ਹਨ। ਅਸਲ ਮੁੱਦਾ ਫਿਰ ਉਹ ਹੀ ਹੈ ਕਿ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਦੇਹ ਵਾਂਗ ਮੰਨਣਾਂ ਹੈ ਜਾਂ ਪੂਜਣਾਂ ਹੈ ਫਿਰ ਮਨੁੱਖੀ ਦੇਹ ਦੀਆਂ ਬਾਕੀ ਕਿਰਿਆਵਾਂ ਸਬੰਧੀ ਕੀ ਕਰਾਂਗੇ?
ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਪੰਥਕ ਆਦੇਸ਼ਾਂ ਮੁਤਾਬਿਕ ਕਰਨਾਂ ਹੈ ਅਤੇ ਅਜੇਹਾ ਕਰਦਿਆਂ ਵਾਧੂ ਕਰਮ ਕਾਂਡ ਅਤੇ ਵਾਦ ਵਿਵਾਦ ਤੋਂ ਪ੍ਰਹੇਜ਼ ਕਰਨਾਂ ਹੈ ਪਰ ਸ਼ਬਦ ਦੀ ਕਮਾਈ ਨੂੰ ਪ੍ਰਮੁਖ ਰੱਖਣਾਂ ਹੈ । ਚੇਤੇ ਰਹੇ ਕਿ ਗੁਰੂ ਨਾਨਕ ਦੇਵ ਜੀ ਮਹਾਂਰਾਜ ਨੇ ਆਪਣੇ ਬ੍ਰਹਿਮੰਡੀ ਧਰਮ ਦੀ ਸ਼ੁਰੂਆਤ ੧ ਦੇ ਹਿੰਦਸੇ ਤੋਂ ਕਰਕੇ ਉਸਦੇ ਗੁਣਾਂ ਨੂੰ ਬਿਆਨ ਕਰਨ ਪਿਛੋਂ ਚੇਤੇ ਰੱਖਣ ( ਜਪੁ ) ਤੇ ਸਹੀ ਪਾਈ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਵਿਚ ਇਸ ਰੱਬੀ ਏਕੇ ਨਾਲ ਇਕਸੁਰਤਾ ਰੱਖਣ ਲਈ ਦੂਜੇ ਭਾਵ ਦੀ ਰੁਕਾਵਟ ( ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ) ਸਬੰਧੀ ਸਾਵਧਾਨ ਹੋਣ ਦਾ ਸਬਕ ਹੈ।

ਸ਼ਬਦ ਦਾ ਅਸਲ ਸਤਿਕਾਰ ਆਪਣੀ ਰੂਹ ਨੂੰ ਰੱਬ ਵਰਗੀ ਕਰ ਦੇਣ ਵਿਚ ਹੈ। ਜਿਹੜਾ ਸਿੱਖ ਦੂਸਰੇ ਸਿੱਖ ਨੂੰ ਹੱਦੋਂ ਵੱਧ ਨਫਰਤ ਕਰਦਾ ਹੈ ਉਹ ਬਾਕੀ ਲੋਕਾਈ ਨੂੰ ਕਿਵੇਂ ਪ੍ਰੇਮ ਕਰ ਸਕਦਾ ਹੈ ਅਤੇ ਸ਼ਬਦ ਦੇ ਸਤਿਕਾਰ ਦੀ ਗੱਲ ਫਿਰ ਕਿਥੇ ਰਹਿ ਜਾਂਦੀ ਹੈ। ਜਦੋਂ ਮੈਂ ਪੰਜਾਬ ਵਿਚ ਸ਼ਹੀਦ ਭਾਈ ਜਸਪਾਲ ਸਿੰਘ ਦੇ ਕੇਸ ਦੀ ਕਵਰੇਜ ਕਰ ਰਿਹਾ ਸਾਂ ਤਾਂ ਜੋ ਕੁਝ ਮੈਨੂੰ ਉਹਨਾਂ ਦੇ ਪਿੰਡ ਸਿਧਵਾਂ ਵਿਚ ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਅਤੇ ਧਾਰਮਕ ਅਖਵਾਉਣ ਵਾਲੇ ਮਹਾਂਪੁਰਖਾਂ ਬਾਰੇ ਦੇਖਣ ਨੂੰ ਮਿਲਿਆ ਉਸ ਨੂੰ ਦੇਖ ਕੇ ਤਾਂ ਹਰ ਪੰਥ ਦਰਦੀ ਕੁਝ ਸੋਚਣ ਲਈ ਮਜ਼ਬੂਰ ਹੋ ਜਾਵੇਗਾ।
ਸ਼ਹੀਦ ਭਾਈ ਜਸਪਾਲ ਸਿੰਘ ਦੇ ਘਰ ਦੇ ਨਾਲ ਦੋ ਹੋਰ ਕੋਠੀਆਂ ਉਸ ਦੇ ਤਾਏ ਚਾਚੇ ਦੀਆਂ ਹਨ। ਜਦੋਂ ਸ਼ਹੀਦ ਭਾਈ ਜਸਪਾਲ ਦੇ ਘਰ ਇਕ ਧਾਰਮਕ ਜਥੇਬੰਦੀ ਦੇ ਗੁਰਮੁਖ ਆਉਂਦੇ ਸਨ ਤਾਂ ਉਹਨਾਂ ਨੂੰ ਆਪਣਾਂ ਟਿਕਾਣਾਂ ਉਸ ਸਮੇਂ ਦੂਸਰੀ ਕੋਠੀ ਵਿਚ ਕਰਨਾਂ ਪੈਂਦਾ ਜਦੋਂ ਦੂਸਰੀ ਧਿਰ ਨੇ ਆਉਣਾਂ ਹੁੰਦਾ ਅਤੇ ਇਹ ਮਹਾਂਪੁਰਖ ਆਪਸ ਵਿਚ ਫਤਹਿ ਵੀ ਸਾਂਝੀ ਨਾਂ ਕਰਦੇ। ਇਹਨਾਂ ਵਿਚ ਕੁਝ ਐਸੇ ਵਿਸ਼ੇਸ਼ੇ ਗੁਰਸਿੱਖ ਵੀ ਹਨ ਜਿਹਨਾਂ ਦੇ ਜੀਵਨ ਦਾ ਪੂਰਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਮੁੱਦੇ ਨੂੰ ਸਮਰਪਤ ਹੈ। ਇਹ ਹੀ ਹਾਲ ਖਾਲਿਸਤਾਨੀ ਜਥੇਬੰਦੀਆਂ ਦਾ ਸੀ। ਇੱਕ ਦੂਸਰੇ ਗੁਰਸਿੱਖਾਂ ਨਾਲ ਬਗਲਗੀਰ ਹੋਣਾਂ ਤਾਂ ਦੂਰ ਦੀ ਗੱਲ, ਇਹਨਾਂ ਨਾਮ ਨਿਹਾਦ ਜਥੇਬੰਦੀਆਂ ਦੇ ਆਗੂ ਇੱਕ ਦੂਸਰੇ ਦੇ ਪ੍ਰਛਾਵੇਂ ਤੋਂ ਵੀ ਬਚ ਕੇ ਚਲਦੇ ਹਨ। ਪੰਥ ਦਾ ਕੋਈ ਸਾਂਝਾ ਦੀਵਾਨ ਜਿਸ ਇੱਕ ਜਥੇਬੰਦੀ ਦੇ ਹੱਥ ਲੱਗ ਜਾਵੇ ਉਹ ਦੂਸਰਿਆਂ ਨੂੰ ਸਮਾਂ ਨਹੀਂ ਸੀ ਦਿੰਦਾ । ਜਿਸ ਦਿਨ ਭਾਈ ਜਸਪਾਲ ਸਿੰਘ ਦੇ ਭੋਗ ਵਾਲੇ ਦੀਵਾਨ ਦੀ ਸਟੇਜ ਤੇ ਖੱਪ ਪਈ ਤਾਂ ਸਟੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਵੀ ਸੀ। ਸੰਗਤ ਟੀ ਵੀ ਨੇ ਉਸ ਦਿਨ ਬ੍ਰੋਡਕਾਸਟ ਬੰਦ ਕਰ ਦਿੱਤੀ ਕਿ ਇਸ ਨਾਲ ਸਿੱਖਾਂ ਦਾ ਬੁਰਾ ਇਮੇਜ ਬਣ ਜਾਂਦਾ ਹੈ। ਪਰ ਅਸੀਂ ਆਪਣੇ ਕੁਹਜ ਨੂੰ ਕਿਥੋਂ ਤਕ ਕੱਜਾਂਗੇ। ਗੁਰੂ ਘਰ ਦੀ ਆਮ ਸਟੇਜ ਤੋਂ ਲਾ ਕੇ ਪੰਥ ਦੀਆਂ ਵੱਡੀਆਂ ਵੱਡੀਆਂ ਸਟੇਜਾਂ ਤੇ ਜਦੋਂ ਅਸੀਂ ਜੁੱਤ ਪਤਾਣ ਹੁੰਦੇ ਹਾਂ ਤਾਂ ਉਸ ਵੇਲੇ ਗੁਰੂ ਗ੍ਰੰਥ ਦੇ ਸਤਕਾਰ ਦਾ ਸਾਨੂੰ ਕਿਓਂ ਖਿਆਲ ਨਹੀਂ ਹੁੰਦਾ । ਜੇ ਗੁਰੂ ਦਾ ਸ਼ਬਦ ਸਾਡੇ ਮਨਾਂ ਵਿਚ ਵਸਿਆ ਹੋਵੇ ਅਤੇ ਸ਼ਬਦ ਦੇ ਵਸਣ ਨਾਲ ਜੇਕਰ ਸਾਡੇ ਮਨ ਨਿਰਮਲ ਹੋ ਗਏ ਹੋਣ ਤਾਂ ਫਿਰ ਇਹ ਆਪਸੀ ਝਗੜੇ ਅਤੇ ਨਫਰਤ ਦੇ ਲਾਵੇ ਕਿਓਂ ਫੁੱਟਣ। ਸੋ ਮਸਲਾ ਸਿਰਫ ਇਹ ਹੀ ਨਹੀਂ ਹੈ ਕਿ ਵਿਰੋਧੀ ਤਾਕਤਾਂ ਸਾਨੂੰ ਇਹਨਾਂ ਮੁੱਦਿਆਂ ਤੇ ਪਾੜ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਅਹਿਮ ਮੁੱਦਾ ਇਹ ਵੀ ਹੈ ਕਿ ਅਸੀਂ ਮੂਲ ਨੂੰ ਛੱਡ ਕੇ ਕੇਵਲ ਅਤੇ ਕੇਵਲ ਵਿਖਾਵੇ ਦੇ ਸਤਿਕਾਰ ਨੂੰ ਹੀ ਅਸਲ ਮੁੱਦਾ ਬਣਾਇਆ ਹੋਇਆ ਹੈ।
ਇਸ ਲੇਖ ਵਿਚ ਮੈਨੂੰ ਬਹੁਤ ਕੁਝ ਬਹੁਤ ਹੀ ਬੇਬਾਕੀ ਨਾਲ ਅਤੇ ਖੁੰਢੇ ਤਰੀਕੇ ਨਾਲ ਕਹਿਣਾਂ ਪਿਆ ਹੈ ਇਸ ਲਈ ਮੈਂ ਖਿਮਾਂ ਦਾ ਜਾਚਕ ਹਾਂ ਪਰ ਇਹ ਸਭ ਦੁਖੀ ਮਨ ਦੀ ਪੁਕਾਰ ਹੈ ਜਿਸ ਵਲ ਧਿਆਨ ਦੇਣਾਂ ਜ਼ਰੂਰੀ ਹੈ। ਅੱਜ ਹਰ ਪੰਥ ਦਰਦੀ ਗੁਰਸਿੱਖ ਨੂੰ ਇਹ ਸੋਚਣਾਂ ਜਰੂਰੀ ਹੈ ਕਿ ਕੁਲ ਦੁਨੀਆਂ ਵਿਚ ਇੱਕ ਸਿੱਖ ਦਾ ਅਕਸ ਸੱਚਵਾਦੀ ਦੀ ਥਾਂ ਅੱਤਵਾਦੀ ਬਹਾਲ ਕਰਨ ਪਿਛੇ ਆਪਣਿਆਂ ਅਤੇ ਬਿਗਾਨਿਆਂ ਦਾ ਕਿੰਨਾਂ ਕਿੰਨਾਂ ਹਿੱਸਾ ਹੈ ਅਤੇ ਸਾਡੇ ਹਿਰਦਿਆਂ ਵਿਚੋਂ ਗੁਰ ਸ਼ਬਦ ਮਨਫੀ ਕਿਓਂ ਹੋ ਰਿਹਾ ਹੈ। ਚੇਤੇ ਰਹੇ ਕਿ ਅੱਜ ਸਿੱਖ ਸਮਾਜ ਜਿੰਨਾ ਜੋਰ ਅਖੰਡ ਪਾਠਾਂ (ਕੋਤਰੀਆਂ) ਤੇ ਅਤੇ ਮਹਾਨ ਕੀਰਤਨ ਦਰਬਾਰਾਂ ਤੇ ਦੇ ਰਿਹਾ ਹੈ ਏਨਾਂ ਪਹਿਲਾਂ ਕਦੀ ਨਹੀਂ ਸੀ ਅਤੇ ਨਾਂ ਹੀ ਹੁਣ ਵਾਂਗ ਪੁਰਾਤਨ ਗੁਰਸਿੱਖਾਂ ਦੇ ਹਿਰਦਿਆਂ ਵਿਚੋਂ ਗੁਰਸ਼ਬਦ ਮਨਫੀ ਸੀ। ਲੋੜ ਅਮਲ ਦੀ ਹੈ ਕਮਲ ਦੀ ਨਹੀਂ।

No comments: