Friday, September 21, 2012

ਪੱਛਮੀ ਪੰਜਾਬ ਵਿਚ ਕੁਝ ਦਿਨ

ਦੁਵੱਲੀ ਪੱਕੀ-ਪੀਡੀ ਸਾਂਝ ਦੀਆਂ ਦੁਆਵਾਂ ਕਰਦੀ ਇਬਾਰਤ 
Bhupinder Sra Panniwalia posted in ਅਦਬੀ ਦੁਨੀਆ
Bhupinder Sra Panniwalia  7:29pm Sep 20
ਦੋਸਤੋ ਪਿਛਲੇ ਦਿਨਾਂ 'ਚ ਪੰਜਾਬੀ ਚਿੰਤਕ ਅਤੇ ਸਾਹਿਤਕਾਰ ਸਾਥੀ ਸੁਵਰਨ ਸਿੰਘ ਵਿਰਕ ਦੀ ਪਾਕਿਸਤਾਨ ਦੀ ਯਾਤਰਾ ਸੰਬੰਧੀ ਪੁਸਤਕ ' ਪੱਛਮੀ ਪੰਜਾਬ ਵਿਚ ਕੁੱਝ ਦਿਨ' ਸਾਡੇ ਪ੍ਰਕਾਸ਼ਨ ਤਸਵੀਰ ਪ੍ਰਕਾਸ਼ਨ, ਸਿਰਸਾ ਵਿਚ ਪ੍ਰਕਾਸ਼ਿਤ ਹੋਈ ਹੈ। ਉਹਨਾਂ ਇਸ ਪੁਸਤਕ ਵਿਚ ਪਾਕਿਸਤਾਨ ਦੇ ਜੀਵਨ, ਸਾਹਿਤ ਅਤੇ ਸੱਭਿਆਚਾਰਕ ਸੰਬੰਧੀ ਜਾਣਕਾਰੀ ਦਿੱਤੀ ਹੋਈ ਹੈ। ਇਸ ਪੁਸਤਕ ਦੀ ਸੰਖੇਪ ਜਾਣਕਾਰੀ ਲਈ ਡਾ. ਹਰਵਿੰਦਰ ਸਿੰਘ ਸਿਰਸਾ ਦਾ ਪੁਸਤਕ ਸੰਬੰਧੀ ਲਿਖਿਆ ਲੇਖ ਵੀ ਨਾਲ ਪੋਸਟ ਕਰ ਰਿਹਾ ਹਾਂ- ਭੁਪਿੰਦਰ ਪੰਨੀਵਾਲੀਆ
ਵੰਡ ਦੇ ਸੰਤਾਪ ਤੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸਬਕ ਸਿੱਖਣ ਦੀ ਅਪੀਲ 
ਦੁਵੱਲੀ ਪੱਕੀ-ਪੀਡੀ ਸਾਂਝ ਦੀਆਂ ਦੁਆਵਾਂ ਕਰਦੀ ਇਬਾਰਤ-ਪੱਛਮੀ ਪੰਜਾਬ ਵਿਚ ਕੁਝ ਦਿਨ  
ਕਾਮਰੇਡ ਸੁਵਰਨ ਸਿੰਘ ਵਿਰਕ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਇਕ ਸਰਗ਼ਰਮ ਰੁਕਨ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਸਿਆਸੀ ਸਰਗ਼ਰਮੀ ਦੇ ਨਾਲ-ਨਾਲ ਉਹਨਾਂ ਦੇ ਸਮਾਜਕ-ਸਾਹਿਤਕ ਸਰੋਕਾਰਾਂ ਦਾ ਦਾਇਰਾ ਵੀ ਬਡ਼ਾ ਵਸੀਹ ਹੈ। ਸਮਾਜ ਦੇ ਵਿਭਿੰਨ ਖੇਤਰਾਂ ਅੰਦਰ ਉਹਨਾਂ ਦੀ ਵਿਸ਼ੇਸ਼ ਦਿਲਚਸਪੀ, ਸਾਰਥਕ ਅਤੇ ਸਿਹਤਮੰਦ ਦਖ਼ਲਅੰਦਾਜ਼ੀ ਨੇ ਉਹਨਾਂ ਦੀ ਸ਼ਖ਼ਸੀਅਤ ਦੇ ਨਿਖ਼ਾਰ ਵਿਚ ਅਹਿਮ ਅਤੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਟਕਸਾਲੀ ਨਾਮਧਾਰੀ ਪਰਿਵਾਰ ਦੀ ਗੁੜ੍ਹਤੀ, ਸਾਹਿਤ ਅਤੇ ਕਾਨੂੰਨ ਦੀ ਪੜ੍ਹਾਈ, ਅਗਾਂਹਵਧੂ-ਖੱਬੇਪੱਖੀ ਵਿਦਿਆਰਥੀ/ਨੌਜਵਾਨ ਜਥੇਬੰਦੀਆਂ ਅਤੇ ਮਜ਼ਦੂਰ-ਕਿਸਾਨ ਸੰਘਰਸ਼ਾਂ ਦੇ ਨਾਲ- ਨਾਲ ਪਾਰਟੀ ਸਫ਼ਾਂ ਅੰਦਰ ਭਰਪੂਰ ਸਰਗ਼ਰਮੀ, ਮਾਰਕਸਵਾਦ ਦੀ ਸਿਧਾਂਤਕ ਸੂਝ, ਸਿਹਤਮੰਦ ਸਿਆਸੀ-ਸਮਾਜੀ-ਸਾਹਿਤਕ- ਸਾਂਸਕ੍ਰਿਤਕ ਸਰੋਕਾਰਾਂ ਪ੍ਰਤੀ ਪ੍ਰਤੀਬੱਧਤਾ; ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੇ ਨਾਲ-ਨਾਲ ਸਾਬਕਾ ਸੋਵੀਅਤ ਰੂਸ ਅਤੇ ਪਾਕਿਸਤਾਨ ਆਦਿ ਮੁਲਕਾਂ ਦੀ ਫ਼ੇਰੀ, ਕੁਝ ਅਜਿਹੇ ਵੇਰਵੇ ਹਨ ਜਿਨ•ਾਂ ਨੇ ਕਾਮਰੇਡ ਸੁਵਰਨ ਸਿੰਘ ਵਿਰਕ ਦੇ ਜੀਵਨ-ਅਨੁਭਵ ਨੂੰ ਵਧੇਰੇ ਸੂਖ਼ਮ, ਜ਼ਹੀਨ, ਗਹਿਨ, ਤੀਖਣ ਅਤੇ ਵਿਸ਼ਾਲ ਬਣਾਇਆ ਹੈ। ਸਮਾਜ ਦੇ ਵਿਭਿੰਨ ਖੇਤਰਾਂ ਅੰਦਰ ਅਥਾਹ ਘਾਲਣਾ ਉਹਨਾਂ ਨੂੰ ਇਕ ਵਿਅਕਤੀ-ਵਿਸ਼ੇਸ਼ ਤੋਂ ਪਾਰ ਇਕ ਸੰਸਥਾ ਦੇ ਰੂਪ ਵਿਚ ਸਥਾਪਤ ਕਰਨ ਦੇ ਸਮਰੱਥ ਹੈ। 
ਕਾ. ਵਿਰਕ ਦੀ ਨਿੱਜੀ ਲਾਈਬ੍ਰੇਰੀ ਉਹਨਾਂ ਦੇ ਲਾਸਾਨੀ ਸੁਹਿਰਦ ਪਾਠਕ ਹੋਣ ਦਾ ਪ੍ਰਮਾਣ ਦੇਂਦੀ ਹੈ। ਸਾਹਿਤ, ਖ਼ਾਸ ਕਰ ਪੰਜਾਬੀ ਸਾਹਿਤ ਬਾਰੇ ਕਾਮਰੇਡ ਵਿਰਕ ਦੀ ਜਾਣਕਾਰੀ ਹੈਰਾਨੀਜਨਕ ਹੈ। ਸਾਹਿਤਕ/ਕਾਵਿਕ ਹਵਾਲਿਆਂ ਬਾਰੇ ਉਹਨਾਂ ਦੀ ਯਾਦ-ਸਮਰੱਥਾ ਲੋਹਾ ਮਨਵਾਉਂਦੀ ਹੈ। ਸਿੱਖ ਇਤਿਹਾਸ ਅਤੇ ਵਿਸ਼ੇਸ਼ ਤੌਰ 'ਤੇ ਨਾਮਧਾਰੀ/ਕੂਕਾ ਲਹਿਰ ਦੇ ਇਤਿਹਾਸ ਤੇ ਸਾਹਿਤ ਵਿਚ ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਹੈ। ਨਾਮਧਾਰੀ ਲਹਿਰ ਨਾਲ ਸੰਬੰਧਤ ਪੱਤਰ/ ਪੱਤਰਿਕਾਵਾਂ ਦੇ ਨਾਲ-ਨਾਲ ਹੋਰਨਾਂ ਸਾਹਿਤਕ ਪੱਤਰ/ ਪੱਤਰਿਕਾਵਾਂ ਅੰਦਰ ਉਹਨਾਂ ਦੀਆਂ ਸਾਹਿਤਕ ਰਚਨਾਵਾਂ ਨਿਰੰਤਰ ਪ੍ਰਕਾਸ਼ਿਤ ਹੁੰਦੀਆਂ/ਹੋ ਰਹੀਆਂ ਹਨ। 'ਕੂਕਾ ਲਹਿਰ ਦਾ ਪੰਜਾਬੀ ਸਾਹਿਤ' ਨਾਂ ਦੇ ਵੱਡ-ਆਕਾਰੀ ਗ੍ਰੰਥ ਦੀ ਸਿਰਜਣਾ ਉਹਨਾਂ ਦੀ ਏਸੇ ਰੁਚੀ ਦਾ ਪ੍ਰਮਾਣ ਹੈ। ਕਾਵਿ ਅਤੇ ਵਾਰਤਕ ਦੇ ਖੇਤਰ ਵਿਚ ਸਿਰਜਣਾ ਕਰਨ ਵਾਲੇ ਉਹ ਪੰਜਾਬੀ ਦੇ ਬਹੁ-ਵਿਧ ਲੇਖਕ ਹਨ। ਸਮੀਖਿਆ ਦੇ ਖੇਤਰ ਵਿਚ ਵੀ ਉਹਨਾਂ ਨੇ ਪੂਰੀ ਸ਼ਿੱਦਤ ਅਤੇ ਸੰਜੀਦਗੀ ਨਾਲ ਇਕ ਪ੍ਰਗਤੀਵਾਦੀ ਸਮੀਖਿਅਕ ਵਜੋਂ ਆਪਣੇ ਹਸਤਾਖਰ ਕਾਇਮ ਕੀਤੇ ਹਨ। ਉਹਨਾਂ ਨੂੰ ਜੇਕਰ ਪੰਜਾਬੀ ਸਾਹਿਤ-ਇਤਿਹਾਸ ਦਾ ਤੁਰਦਾ-ਫਿਰਦਾ ਇਨਸਾਈਕਲੋਪੀਡੀਆ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ। ਚਿੰਤਨ/ਮਨਨ/ਪੜ੍ਹਨ/ਲਿਖਣ ਦੀ ਲੰਮੇਰੀ ਸਿਰਡ਼-ਸਾਧਨਾ ਉਹਨਾਂ ਦੇ ਸੰਜੀਦਾ ਸ਼ਬਦ ਸਾਧਕ ਹੋਣ ਦੇ ਸੰਕਲਪ ਨੂੰ ਪੁਸ਼ਟ ਕਰਦੀ ਹੈ। 
'ਪੱਛਮੀ ਪੰਜਾਬ ਵਿਚ ਕੁਝ ਦਿਨ' (ਸਫ਼ਰਨਾਮਾ) ਕਾ. ਸੁਵਰਨ ਸਿੰਘ ਵਿਰਕ ਵੱਲੋਂ ਇਕ ਸਿੱਖ ਜਥੇ ਦੇ ਮੈਂਬਰ ਵਜੋਂ 30 ਅਕਤੂਬਰ, 1998 ਤੋਂ 8 ਨਵੰਬਰ, 1998 ਤੱਕ ਕੀਤੀ ਨੌਂ ਦਿਨਾਂ ਦੀ ਪੱਛਮੀ ਪੰਜਾਬ (ਪਾਕਿਸਤਾਨ) ਦੀ ਯਾਤਰਾ ਦਾ ਬਿਰਤਾਂਤ ਹੈ। ਮਹਿਜ ਨੌਂ ਦਿਨਾਂ ਦੀ ਯਾਤਰਾ ਦੇ ਆਧਾਰ 'ਤੇ ਇਸ ਬਿਰਤਾਂਤ ਵਿਚ ਜੋ ਕੁਝ ਅਤੇ ਜਿਸ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਉਸਦੇ ਵੇਰਵੇ ਅਸੀਮ ਅਤੇ ਦਿਲਟੁੰਬਵੇਂ ਹਨ। ਸ਼ੈਲੀ ਬੇਹੱਦ ਰੌਚਕ ਹੋ ਨਿਬਡ਼ੀ ਹੈ ਅਤੇ ਵਿਸ਼ਲੇਸ਼ਣ ਹੈਰਾਨੀਜਨਕ। ਪੱਛਮੀ ਪੰਜਾਬ ਵਿਚ ਵਿਚਰਨ ਕਰਦਿਆਂ ਕਾ. ਸੁਵਰਨ ਸਿੰਘ ਵਿਰਕ ਨੇ ਉਥੋਂ ਦੇ ਲੋਕ-ਜੀਵਨ ਅਤੇ ਲੋਕ-ਵਿਹਾਰ ਨੂੰ ਬਹੁਤ ਹੀ ਡੂੰਘੀ ਅਤੇ ਬਾਰੀਕੀ ਨਾਲ ਨਿਰਖਿਆ-ਪਰਖਿਆ ਹੀ ਨਹੀਂ ਸਗੋਂ ਉਸਨੂੰ ਥਾਂ-ਪੁਰ-ਥਾਂ ਪੂਰਬੀ ਪੰਜਾਬ ਦੇ ਲੋਕ ਜੀਵਨ ਅਤੇ ਲੋਕ ਵਿਹਾਰ ਦੇ ਨਾਲ-ਨਾਲ ਤੁਲਨਾਇਆ ਵੀ ਹੈ। ਦੋਹਾਂ ਮੁਲਕਾਂ ਦੇ ਧਾਰਮਿਕ- ਆਰਥਿਕ-ਸਮਾਜਕ- ਸਾਹਿਤਕ- ਸਾਂਸਕ੍ਰਿਤਕ ਅਤੇ ਸਿਆਸੀ ਹਾਲਾਤਾਂ ਦਾ ਵਿਸਥਾਰ ਵਿਚ ਜਾਇਜਾ ਲੈਂਦਿਆਂ ਜਿੱਥੇ ਇਸ ਰਾਹੀਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸਬਕ ਸਿੱਖਣ ਦੀ ਅਪੀਲ ਕੀਤੀ ਗਈ ਹੈ ਉਥੇ ਬੀਤੇ ਸਮੇਂ ਤੋਂ ਉਪਰ ਉੱਠ ਕੇ ਦੁਵੱਲੀ ਸਾਂਝ ਨੂੰ ਈਮਾਨਦਾਰੀ ਨਾਲ ਹੋਰ ਵਧੇਰੇ ਪੱਕਿਆਂ ਪੀਡਿਆਂ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਹੈ। ਇਸ ਸਫ਼ਰਨਾਮੇ ਵਿਚ ਜਿਸ ਸ਼ੈਲੀ ਰਾਹੀਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਦੇ ਤਾਣੇ-ਪੇਟੇ ਦੀ ਉਣਤੀ-ਬੁਣਤੀ ਕੀਤੀ ਗਈ ਹੈ ਉਸ ਨਾਲ ਇਹ ਦੋਹਾਂ ਮੁਲਕਾਂ ਵਿਚਕਾਰ ਇਕ ਦੋਸਤੀ ਦੇ ਪੁਲ ਦਾ ਕੰਮ ਕਰੇਗਾ। ਇਸ ਸੰਬੰਧ ਵਿਚ ਲੇਖਕ ਵੱਲੋਂ ਕੀਤੀ ਇਸ ਦੁਆ ਦਾ ਜਿਕਰ ਕਰਨਾ ਢੁਕਵਾਂ ਪ੍ਰਤੀਤ ਹੁੰਦਾ ਹੈ ਕਿ,“ਅਸੀਂ ਤੇ ਦੁਆ ਹੀ ਕਰ ਸਕਦੇ ਹਾਂ ਕਿ ਪੰਜਾਬਣ ਮਾਂ ਦੇ ਦੋਵੇਂ ਪੁੱਤਰ ਬਰਫ਼ ਮਕਾਨਾਂ ਦੀ ਕੈਦ ਵਿਚੋਂ ਛੇਤੀ ਰਿਹਾਅ ਹੋ ਜਾਣ ਅਤੇ ਆਪਣੀ ਸਾਂਝ ਦੀਆਂ ਤੰਦਾਂ ਨੂੰ ਪੀਡਿਆਂ ਕਰਨ ਦੀ ਖੇਡ ਖੇਡਣੀ ਸ਼ੁਰੂ ਕਰਨ।” 
ਇਸ ਸਫ਼ਰਨਾਮੇ ਵਿਚ ਕਾ. ਵਿਰਕ ਨੇ ਦੋਹਾਂ ਮੁਲਕਾਂ ਦੇ ਵੱਖ ਹੋਣ ਉਪਰੰਤ ਸਮਾਜਕ ਵਿਕਾਸ ਦੇ ਸਭਨਾਂ ਪੱਖਾਂ ਦੇ ਪੱਧਰਾਂ ਦਾ ਜੋ ਤੁਲਨਾਤਮਕ ਅਧਿਐਨ/ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ, ਉਹ ਕਮਾਲ ਦਾ ਹੈ। ਦੋਹਾਂ ਮੁਲਕਾਂ ਦੇ ਆਮ ਲੋਕ-ਵਿਹਾਰ ਦੀ ਜਾਣਕਾਰੀ ਵੀ ਵਿਸ਼ੇਸ਼ ਧਿਆਨ ਖਿੱਚਦੀ ਹੈ। ਖੇਤੀਬਾਡ਼ੀ ਦੇ ਪੱਧਰ ਅਤੇ ਤਕਨੀਕ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਦਿਆਂ ਪਾਕਿਸਤਾਨੀ ਖੇਤੀਬਾਡ਼ੀ ਦੇ ਪਛਡ਼ੇਵੇਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਬਡ਼ੇ ਸੂਖ਼ਮ ਢੰਗ ਨਾਲ ਕੀਤੀ ਗਈ ਹੈ। ਇਸ ਤਰਾਂ 'ਪੱਛਮੀ ਪੰਜਾਬ ਵਿਚ ਕੁਝ ਦਿਨ' ਨਾਂ ਦੀ ਇਹ ਕਿਰਤ ਮਹਿਜ ਸਫ਼ਰਨਾਮਾ ਨਾ ਰਹਿ ਕੇ ਇਕ ਅਹਿਮ ਦਸਤਾਵੇਜ ਦਾ ਦਰਜਾ ਧਾਰਣ ਕਰ ਗਈ ਹੈ ਜਿਸ ਵਿਚ ਜਿੱਥੇ ਦੋਹਾਂ ਮੁਲਕਾਂ ਦੇ ਲੋਕਾਂ ਦੀਆਂ ਹਾਂ-ਮੁਖੀ ਕਦਰਾਂ-ਕੀਮਤਾਂ/ਜੀਵਨ ਜਾਚ ਨੂੰ ਬਡ਼ੇ ਮਾਨ ਨਾਲ ਵਡਿਆਇਆ ਗਿਆ ਹੈ ਉਥੇ ਜੀਵਨ-ਜਾਚ ਦੇ ਕਈਆਂ ਪੱਖਾਂ ਉਪਰ ਆਏ ਨਿਘਾਰ ਉਪਰ ਬੇਬਾਕੀ ਨਾਲ ਕਾਟਾ ਫੇਰਿਆ ਗਿਆ ਹੈ। ਇਸ ਤਰਾਂ ਇਸ ਸਫ਼ਰਨਾਮੇ ਵਿਚ ਜਿੱਥੇ ਸਿਹਤਮੰਦ ਮਨੁੱਖੀ ਮੁੱਲਾਂ/ਵਰਤਾਰਿਆਂ ਦੇ ਸਦ-ਜੀਵੀ ਰਹਿਣ ਦੇ ਜੈਕਾਰੇ ਗੂੰਜਦੇ ਹਨ ਉੱਥੇ ਨਾਂਹ-ਮੁਖੀ/ਗ਼ੈਰ-ਮਨੁੱਖੀ ਵਰਤਾਰਿਆਂ ਦੇ ਛੇਤੀ ਫ਼ੌਤ/ਨੇਸਤਨਾਬੂਦ ਹੋ ਜਾਣ ਬਦ-ਅਸੀਸਾਂ ਵੀ ਵਿਦਮਾਨ ਹਨ। ਇਸ ਸਫ਼ਰਨਾਮੇ ਵਿਚ ਦੇਸ਼ ਭਗਤ ਨਾਇਕਾਂ/ਸੂਰਬੀਰ ਯੋਧਿਆਂ ਦੇ ਨਾਲ-ਨਾਲ ਸਿੱਖ/ਨਾਮਧਾਰੀ/ਕੂਕੇ ਨਾਇਕਾਂ/ ਜਰਨੈਲਾਂ ਦਾ ਵੀ ਭਰਵਾਂ ਜੱਸ ਗਾਇਨ ਮਿਲਦਾ ਹੈ। 
ਆਪਣੀ ਗੱਲ ਨੂੰ ਅੱਗੇ ਤੋਰਨ, ਆਪਣੇ ਮਤ ਦੀ ਪੁਸ਼ਟੀ ਕਰਨ, ਕੋਈ ਮਿਸਾਲ ਦੇਣ ਜਾਂ ਕਿਸੇ ਹਵਾਲੇ ਦੇ ਪ੍ਰਮਾਣ ਲਈ ਸਾਹਿਤ/ਇਤਿਹਾਸ ਦੀਆਂ ਮਿਸਾਲਾਂ ਢੇਰ ਵੀ ਹਨ ਅਤੇ ਬੇਮਿਸਾਲ ਵੀ। ਇਤਿਹਾਸਕ ਮਿਸਾਲਾਂ ਨੇ ਜਿੱਥੇ ਇਸ ਰਚਨਾ ਨੂੰ ਇਕ ਇਤਿਹਾਸਕ ਦਸਤਾਵੇਜ ਬਣਾ ਦਿੱਤਾ ਹੈ ਉਥੇ ਇਸ ਵਿਚ ਬਡ਼ੀ ਤਰਕ- ਭਰਪੂਰ ਵਿਧੀ ਨਾਲ ਇਤਿਹਾਸ-ਮਿਥਿਹਾਸ ਵਿਚ ਨਿਖੇਡ਼ ਅਤੇ ਇਤਿਹਾਸਕ-ਮਿਥਿਹਾਸਕ ਹਵਾਲਿਆਂ ਦੀ ਬਡ਼ੀ ਬੇਬਾਕੀ ਨਾਲ ਨਿਸ਼ਾਨਦੇਹੀ ਕੀਤੀ ਗਈ ਹੈ। ਕਿਸੇ ਵੀ ਸਥਾਨਕ ਵੇਰਵੇ/ਵਰਤਾਰੇ ਬਾਰੇ ਜਾਣਕਾਰੀ ਦੇਂਦਿਆਂ ਉਸਨੂੰ ਕੌਮੀ/ਕੌਮਾਂਤਰੀ ਪ੍ਰਸੰਗਾਂ/ ਸੰਦਰਭਾਂ ਨਾਲ ਜੋਡ਼ ਦੇਣਾ ਅਤੇ ਕਿਸੇ ਕੌਮਾਂਤਰੀ/ ਕੌਮੀ ਵੇਰਵੇ/ ਵਰਤਾਰੇ ਦੀ ਗੱਲ ਕਰਦਿਆਂ ਉਸਦੇ ਸਥਾਨਕ ਪੱਧਰ ਤੇ ਪਏ/ਪੈਂਦੇ ਪ੍ਰਭਾਵ ਦੀ ਨਜ਼ਰਸਾਨੀ ਕਰ ਜਾਣਾ ਕਾਮਰੇਡ ਵਿਰਕ ਦੀ ਸ਼ੈਲੀ ਦਾ ਮੀਰੀ ਗੁਣ ਹੈ। ਇਸ ਸਹਿਜ ਪੇਸ਼ਕਾਰੀ ਵਿਚੋਂ ਹਵਾਲਿਆਂ ਦੀਆਂ ਪਰਤ-ਦਰ-ਪਰਤ ਪਰਤਾਂ ਉਘਡ਼ਦੀਆਂ ਆਉਂਦੀਆਂ ਹਨ ਅਤੇ ਫਿਰ ਇਕ ਬਝਵੇਂ ਪ੍ਰਭਾਵ ਦਾ ਸਬੱਬ ਬਣਦੀਆਂ ਹਨ। ਜੇਕਰ ਏਥੇ ਅਜਿਹੇ ਵੇਰਵਿਆਂ ਦੀਆਂ; ਸ਼ੈਲੀ ਦੇ ਰੌਚਿਕ ਪੱਖ ਦੀਆਂ; ਬਿਰਤਾਂਤ ਦੇ ਬਿਆਨੀਆਂ ਢੰਗ ਦੀਆਂ; ਸਫ਼ਰਨਾਮੇ ਵਿਚਲੇ ਪਾਤਰਾਂ, ਉਹਨਾਂ ਦੇ ਨਾਵਾਂ, ਥਾਵਾਂ, ਜਾਤਾਂ, ਗੋਤਾਂ, ਪਿਛੋਕਡ਼ ਦੀਆਂ ਅਤੇ ਇਤਿਹਾਸਕ-ਮਿਥਿਹਾਸਕ ਸੰਦਰਭਾਂ ਦੀਆਂ ਮਿਸਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਖਿਲਾਰਾ ਲੋਡ਼ ਤੋਂ ਵਧੇਰੇ ਖਿੱਲਰ ਜਾਣ ਦੀਆਂ ਸੰਭਾਵਨਾਵਾਂ ਨਜ਼ਰੀ ਪੈਂਦੀਆਂ ਹਨ। ਸਫ਼ਰਨਾਮੇ ਵਿਚ ਦਰਜ ਸਾਹਿਤਕਾਰਾਂ/ਸਾਹਿਤਕ ਸੰਦਰਭਾਂ/ਸਾਹਿਤਕ ਹਵਾਲਿਆਂ/ ਕਾਵਿ-ਟੂਕਾਂ ਦਾ ਜ਼ਿਕਰ ਵੀ ਬਹੁਤ ਵਿਸਥਾਰ ਦੀ ਮੰਗ ਕਰਦਾ ਹੈ। ਇਸ ਸਭ ਤੋਂ ਬਚਣਾ ਇਸ ਲਈ ਵੀ ਜਰੂਰੀ ਹੈ ਕਿ ਇਹ ਇਕ ਤਰ•ਾਂ ਨਾਲ ਬਿਆਨ ਦਾ ਦੁਹਰਾਉ ਹੀ ਹੋਵੇਗਾ ਕਿਉਂਕਿ ਇਸ ਸਫ਼ਰਨਾਮੇ ਦਾ ਪਾਠ ਕਰਦਿਆਂ ਸੁਹਿਰਦ ਪਾਠਕ ਖੁਦ ਹੀ ਆਪਣੇ ਆਪ ਨੂੰ, ਇਕ ਗਹਿਨ ਅਤੇ ਵਿਸ਼ਾਲ ਅਨੁਭਵ ਰਾਹੀਂ ਸਿਰਜਿਤ, ਇਕ ਵਿਸ਼ਾਲ ਧਰਾਤਲ ਉਪਰ ਵਿਚਰਨ ਕਰਦਿਆਂ ਮਹਿਸੂਸ ਕਰਨਗੇ। ਇਹ ਉਹ ਧਰਾਤਲ ਵੀ ਹੈ ਜਿਸ ਨਾਲ ਕਾ. ਵਿਰਕ ਦੇ ਪੁਰਖਿਆਂ ਦੀਆਂ ਸਿੰਮ੍ਰਤੀਆਂ ਜੁਡ਼ੀਆਂ ਹੋਈਆਂ ਹਨ ਅਤੇ ਇਹ ਸਭ ਲਹੂ-ਮਿੱਟੀ ਦੀ ਸਾਂਝ ਵਿਚੋਂ ਪੈਦਾ ਹੋਈਆਂ ਭਾਵਨਾਵਾਂ ਦਾ ਪ੍ਰਤੀਫ਼ਲ ਵੀ ਹੈ। ਇਤਿਹਾਸਕ ਦੇ ਨਾਲ-ਨਾਲ ਇਹ ਸਫ਼ਰਨਾਮਾ ਸਮਾਜਕ ਅਤੇ ਸਾਹਿਤਕ ਦਸਤਾਵੇਜ ਵੀ ਹੋ ਨਿਬਡ਼ਨ ਦੇ ਸਮਰੱਥ ਹੈ। 
ਹੋਰਨਾਂ ਸਭਨਾਂ ਸਮਾਜਕ ਵਰਤਾਰਿਆਂ ਦੇ ਨਾਲ- ਨਾਲ ਕਾ. ਸੁਰਵਨ ਸਿੰਘ ਵਿਰਕ ਦੀ ਸੁਹਿਰਦ ਲੇਖਣੀ ਦਾ ਜੋ ਸਭ ਤੋਂ ਵੱਡਾ ਫ਼ਿਕਰ ਇਸ ਸਫ਼ਰਨਾਮੇ ਵਿਚ ਪ੍ਰਤੀਤ ਹੁੰਦਾ ਹੈ ਉਹ ਹੈ ਦੋਹਾਂ ਮੁਲਕਾਂ ਦੇ ਲੋਕਾਂ ਦੀ ਆਪਸੀ ਸਾਂਝ ਭਿਆਲੀ। ਇਹੀ ਵਜ੍ਹਾ ਹੈ ਕਿ ਸੰਕੀਰਣਤਾ ਦੀਆਂ ਤੰਗ ਵਲਗਣਾ ਤੋਂ ਉਪਰ ਉੱਠ ਕੇ ਆਪਸੀ ਸਾਂਝ-ਭਿਆਲੀ ਨੂੰ ਹੋਰ ਵਧੇਰੇ ਸ਼ਿੱਦਤ, ਸੰਜੀਦਗੀ, ਪੁਖ਼ਤਗੀ, ਗੰਭੀਰਤਾ, ਬੇਬਾਕੀ ਅਤੇ ਈਮਾਨਦਾਰੀ ਨਾਲ ਪੀਡਿਆਂ ਕਰਨ ਦਾ ਹੋਕਾ ਇਸ ਸਫ਼ਰਨਾਮੇ ਦਾ ਵੱਡਾ ਹਾਸਿਲ ਹੈ। ਲੇਖਕ ਦੀ ਇਹ ਦਿਲੀ- ਇੱਛਾ ਜਰੂਰ ਰੰਗ ਲਿਆਵੇਗੀ, ਅਜਿਹਾ ਵਿਸ਼ਵਾਸ ਬੱਝਦਾ ਹੈ। ਪੱਛਮੀ ਪੰਜਾਬ ਦੇ ਨਾਲ- ਨਾਲ ਪੂਰਬੀ ਪੰਜਾਬ ਦੇ ਲੋਕ-ਜੀਵਨ ਅਤੇ ਲੋਕ-ਵਿਹਾਰ ਨੂੰ ਸੁਹਜ ਭਰਪੂਰ ਲੋਕ-ਭਾਸ਼ਾ ਵਿਚ ਚਿਤਰਦਾ ਇਹ ਸਫ਼ਰਨਾਮਾ ਦੋਹਾਂ ਮੁਲਕਾਂ ਦੇ ਸਮਾਜ-ਸਭਿਆਚਾਰ ਦੀ ਜੀਊਂਦੀ ਜਾਗਦੀ ਤਸਵੀਰ ਹੈ। ਪਾਕਿਸਤਾਨ ਬਾਰੇ ਹੋਰ ਵੀ ਕਾਫ਼ੀ ਭਾਵਪੂਰਤ, ਰੌਚਿਕ ਸੰਵੇਦਨਾ ਭਰਪੂਰ ਅਤੇ ਵਿਚਾਰ-ਉਤੇਜਕ ਸਫ਼ਰਨਾਮੇ ਰਚੇ ਲਿਖੇ ਹਨ ਪਰੰਤੂ ਇਹ ਸੰਖੇਪ ਅਤੇ ਅਤਿ ਪ੍ਰਭਾਵਸ਼ਾਲੀ ਰਚਨਾ ਇਹਨਾਂ ਸਫ਼ਰਨਾਮਿਆਂ ਵਿਚ ਆਪਣਾ ਮਿਆਰੀ ਸਥਾਨ ਹਾਸਿਲ ਕਰੇਗੀ, ਸੁਹਿਰਦ ਪਾਠਕ ਆਪਣੀ ਸਹਿਮਤੀ ਪ੍ਰਗਟਾਅ ਕੇ ਉਕਤ ਮਤ ਦੀ ਪੁਸ਼ਟੀ ਕਰਨਗੇ। 
ਇਸ ਸਫ਼ਰਨਾਮੇ ਬਾਰੇ 'ਆਦਿ ਸ਼ਬਦ' ਲਿਖਣ ਦਾ ਜਿੰਮਾ ਸੌਂਪ ਕੇ ਕਾ. ਸੁਵਰਨ ਸਿੰਘ ਵਿਰਕ ਨੇ ਮੇਰੇ ਪ੍ਰਤੀ ਜੋ ਵਿਸ਼ਵਾਸ ਵਿਅਕਤ ਕੀਤਾ ਹੈ, ਇਸ ਲਈ ਮੈਂ ਉਹਨਾਂ ਦਾ ਸਦੀਵੀ ਅਹਿਸਾਨਮੰਦ ਰਹਾਂਗਾ। ਮੇਰੇ ਪ੍ਰਤੀ ਇਹ ਉਹਨਾਂ ਦਾ ਵੱਡਾ ਨਜ਼ਰਾਨਾ ਹੈ। ਸਮਾਜਕ ਵਿਸੰਗਤੀਆਂ ਨੂੰ ਬੇਬਾਕੀ, ਬੇਕਿਰਕੀ ਨਾਲ ਬੇਪਰਦ ਕਰਦੀ ਅਤੇ ਇਨਸਾਫ਼, ਬਰਾਬਰੀ ਤੇ ਭਾਈਚਾਰਕ ਸਾਂਝ ਦਾ ਹੋਕਾ ਦੇਣ ਵਾਲੀ ਇਹ ਬੇਖ਼ੌਫ਼ ਕਲਮ ਏਸੇ ਜ਼ੋਰ ਚੱਲਦੀ ਰਹੇ, ਮੇਰੀ ਦਿਲ ਲੋਚਾ ਹੈ। ਆਮੀਨ! 
ਡਾ. ਹਰਵਿੰਦਰ ਸਿੰਘ 'ਸਿਰਸਾ'
ਪੰਜਾਬੀ ਵਿਭਾਗ, ਚੌਧਰੀ ਮਨੀ ਰਾਮ ਝੋਰਡ਼ ਸਰਕਾਰੀ ਕਾਲਜ
ਮਿੱਠੀ ਸੁਰੇਰਾਂ (ਐਲਨਾਬਾਦ) ਸਿਰਸਾ

No comments: