Tuesday, September 11, 2012

ਏਹੋ ਹਮਾਰਾ ਜੀਵਣਾਂ//ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

ਸਾਨੂੰ ਕਦ ਮਿਲੇਗਾ ਆਜ਼ਾਦ ਲਾਂਘਾ ??? 
ਪਾਕਸਿਤਾਨ ਸਥਤਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਬਿ ਦੇ ਖੁੱਲੇ ਲਾਂਘੇ ਲਈ ਜਥੇ: ਕੁਲਦੀਪ ਸੰਿਘ ਵਡਾਲਾ ਦੀ ਅਗਵਾਈ ਹੇਠ ਅਰਦਾਸ ਕਰਦੀਆਂ ਸੰਗਤਾਂ। ਤਸਵੀਰ : ਭੱਟੀ                                   (ਫੋਟੋ ਰੋਜ਼ਾਨਾ ਅਜੀਤ ਚੋਂ ਧੰਨਵਾਦ ਸਹਿਤ
*ਅਸੀਂ ਤਾਂ ਜਾਣਾ ਹੈ ਕਰਤਾਰਪੁਰ ਸਾਹਿਬ   *ਬਾਬਾ ਬਾਦਲ ਅਤੇ ਲਹੌਰ ਦੇ ਕੁਲਚੇ  ਅਤੇ ਨਾਲ ਹੀ ਚਰਚਾ  ਹੋਵੇਗੀ    *ਪ੍ਰਧਾਨ ਮੰਤਰੀ ਬਨਾਮ ਬਾਲ ਠਾਕਰੇ ਵਾਲੇ ਚਲੰਤ ਮਾਮਲੇ ਦੀ-----!
kulwantsinghdhesi@hotmail.com
ਅਸੀਂ ਤਾਂ ਜਾਣਾ ਹੈ ਕਰਤਾਰਪੁਰ ਸਾਹਿਬ
ਪਿਛਲੇ ਲੰਬੇ ਸਮੇਂ ਤੋਂ ਅਕਾਲੀ ਆਗੂ ਸ: ਕੁਲਦੀਪ ਸਿੰਘ ਵਡਾਲਾ ਹਰ ਮਹੀਨੇ ਡੇਰਾ ਸਾਹਿਬ ਨੂੰ ਇੱਕ ਜਥੇ ਸਮੇਤ ਅਰਦਾਸ ਜੋਦੜੀ ਲਈ ਜਾਂਦੇ ਹਨ । ਪਿਛਲੀ ਪੰਜਾਬ ਫੇਰੀ ਦੌਰਾਨ ਮੈਨੂੰ ਉਹਨਾਂ ਨਾਲ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸੰਗ ਢੇਸੀਆਂ ਕਾਲਜ ਦੀਆਂ ਬੱਸਾਂ ਅਤੇ ਕਈ ਕਾਰਾਂ ਜਥੇ ਦੇ ਰੂਪ ਜਲੰਧਰੋਂ ਚਲ ਕੇ ਡੇਰਾ ਸਾਹਿਬ ਪਹੁੰਚੀਆਂ । ਨਿਰਸੰਦੇਹ ਇਹ ਇੱਕ ਇੱਕ ਖਾਸਾ ਹੀ ਉੱਦਮ ਹੈ ਜੋ ਵਡਾਲਾ ਬਿਰਧ ਅਵਸਥਾ ਵਿਚ ਕਰ ਰਹੇ ਹਨ। ਹਰ ਵਾਰ ਇਹ ਹੀ ਅਰਦਾਸ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਂਰਾਜ ਆਪਣੇ ਗੁਰਸਿੱਖਾਂ ਨੂੰ ਕਰਤਾਰ ਪੁਰ ਸਾਹਿਬ (ਪਾਕਿਸਤਾਨ) ਦੇ ਖੁਲ੍ਹੇ ਦਰਸ਼ਨ ਦੀਦਾਰੇ ਬਖਸ਼ਣ । ਅਰਦਾਸ ਉਪਰੰਤ ਮੈਂ ਸਰਹੱਦ ਤੇ ਖੜ੍ਹ ਕੇ ਦੂਰ ਦੂਰ ਤਕ ਨਜ਼ਰ ਦੌੜਾਈ ਤਾਂ ਸਾਹਮਣੇ ਕਰੀਬ ਤਿੰਨ ਚਾਰ ਕਿਲੋਮੀਟਰ ਤੇ ਅਸੀਂ ਕਰਤਾਰਪੁਰ ਸਾਹਬਿ ਦੇ ਗੁਰਦੁਆਰਾ ਸਾਹਿਬ ਦੇ ਗੁੰਬਦ ਦੇਖ ਸਕਦਾ ਸਾਂ । ਉਥੇ ਖੜ੍ਹੇ ਖੜ੍ਹੇ ਉਸ ਦਿਨ ਮਨ ਬਹੁਤ ਵੈਰਾਗਿਆ ਕਿ ਅੱਜ ਸਿੱਖ ਆਪਣੀ ਹੀ ਧਰਤੀ ਦੇ ਦਰਸ਼ਨਾਂ ਲਈ ਵਿਰਲਾਪ ਕਰਨ ਜੋਗੇ ਰਹਿ ਗਏ। ਹੁਣ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਉਦਾਰ ਵੀਜ਼ਾ ਸਿਸਟਮ ਚਾਲੂ ਹੋਣ ਦੀਆਂ ਖਬਰਾਂ ਗਰਮ ਹਨ ਤਾਂ ਮੇਰੇ ਮਨ ਵਿਚ ਫਿਰ ਉਸੇ ਦਰਦ ਦੀ ਟੀਸ ਉੱਠਣ ਲੱਗੀ ਹੈ ਕਿ ਸਾਨੂੰ ਕਦ ਮਿਲੇਗਾ ਆਜ਼ਾਦ ਲਾਂਘਾ ਆਪਣੇ ਗੁਰੂ ਸਾਹਿਬ ਦੀ ਪਵਿੱਤਰ ਸਰ ਜ਼ਮੀਨ 'ਤੇ ਨਤਮਸਤਕ ਹੋਣ ਲਈ ? ਹੁਣੇ ਹੁਣੇ ਅਖਬਾਰਾਂ ਦੀਆਂ ਸੁਰਖੀਆਂ ਬਣੇ ਭਾਰਤੀ ਵਿਦੇਸ਼ ਮੰਤ੍ਰੀ ਸ਼੍ਰੀ ਐਸ਼ ਐਮ ਕ੍ਰਿਸ਼ਨਾਂ ਦੇ ਤਿੰਨ ਰੋਜ਼ਾ ਪਾਕਿਸਤਾਨੀ ਦੌਰੇ ਦੇ ਕਈ ਅਜੇਹੇ ਅਹਿਮ ਪੱਖ ਹਨ, ਜਿਹਨਾਂ ਸਬੰਧੀ ਸਿਆਸੀ ਪੰਡਤ ਵੱਖ ਵੱਖ ਕਿਆਫੇ ਲਗਾ ਰਹੇ ਹਨ। ਐਤਕੀ ਭਾਰਤ ਦੀ ਪਾਕਿਸਤਾਨ ਨਾਲ ਗੱਲਬਾਤ ਵੀਜ਼ਾ ਸਿਸਟਮ ਤੋਂ ਬਿਨਾਂ ਜੰਮੂ ਕਸ਼ਮੀਰ ਅਤੇ ਸਿਆਚਨ ਦੇ ਸੰਵੇਦਨਸ਼ੀਲ ਮੁੱਦੇ ਦੇ ਨਾਲ ਨਾਲ ਸਰਹੱਦੀ ਅੱਤਵਾਦ ਦੇ ਮੁੱਦਿਆਂ ਤੇ ਵੀ ਹੋਈ ਹੈ । ਸ਼੍ਰੀ ਕ੍ਰਿਸ਼ਨਾਂ ਨੇ ਆਪਣੀ ਤਕਰੀਰ ਵਿਚ ਮਜ਼ਬੂਤ ਅਤੇ ਸਥਿਰ ਪਾਕਿਸਤਾਨ ਦੇਖਣ ਦੀ ਗੱਲ ਜਿਸ ਹਿਸਾਬ ਨਾਲ ਕਹੀ ਹੈ ਉਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਦੋਹਾਂ ਦੇਸ਼ਾ ਦਰਮਿਆਨ ਕੋਈ ਗੁੱਝੀ ਪੱਕ ਰਹੀ ਹੈ । ਭਾਰਤੀ ਵਿਦੇਸ਼ ਮੰਤ੍ਰੀ ਦਾ ਇਸ ਵਾਰ ਦਾ ਦੌਰਾ ਇਸ ਗੱਲੋਂ ਵੀ ਭਿੰਨ ਸੀ ਕਿ ਉਹ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਨਾਲ ਨਾਲ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਵੀ ਮਿਲਿਆ ਹੈ । ਦੋਹਾਂ ਦੇਸ਼ਾਂ ਦਰਮਿਆਨ ਅੱਠ ਸ਼੍ਰੇਣੀਆਂ ਦੇ ਵੀਜ਼ੇ ਜਾਰੀ ਕਰਨ 'ਤੇ ਸਹਿਮਤੀ ਬਣਾਈ ਗਈ ਹੈ ਜਿਨ੍ਹਾਂ 'ਚ ਸਿਆਸੀ, ਗ਼ੈਰ ਸਿਆਸੀ, 36 ਘੰਟੇ ਦਾ ਟ੍ਰਾਂਜ਼ਿਟ ਵਿਜ਼ਿਟ ਵੀਜ਼ਾ, ਟੂਰਿਸਟ ਵੀਜ਼ਾ, ਸਿਵਲ ਸੁਸਾਇਟੀ, ਮੀਡੀਆ ਅਤੇ ਵਪਾਰਕ ਵੀਜ਼ਾ ਸ਼ਾਮਲ ਹਨ। 14 ਸਾਲ ਤੋਂ ਘੱਟ ਅਤੇ 65 ਸਾਲ ਦੇ ਬਜ਼ੁਰਗਾਂ ਲਈ ਤਤਕਾਲੀ ਵੀਜ਼ੇ ਦੀ ਸੁਵਿਧਾ ਦਿੱਤੀ ਗਈ ਹੈ । ਦੋਹਾਂ ਦੇਸ਼ਾਂ ਦਰਮਿਆਨ ਵਪਾਰ, ਆਵਾਜਾਈ, ਇਲਾਜ ਅਤੇ ਤਾਲਮੇਲ ਸਬੰਧੀ ਵੀ ਸਮਝੌਤੇ ਹੋਏ ਹਨ । ਹੁਣ ਤਕ ਦੋਹਾਂ ਦੇਸ਼ਾਂ ਦਰਮਿਆਨ ਇਸ ਕਿਸਮ ਦੇ ਸਮਝੌਤੇ ਰਾਜਸੀ ਲੋਲੋਪੋਪੋ ਵਾਲੇ ਹੁੰਦੇ ਆਏ ਹਨ ਜਦ ਕਿ ਕਸ਼ਮੀਰ ਦੇ ਮਾਮਲੇ ਤੇ ਪਾਕਿਸਤਾਨ ਨੇ ਕੌਮਾਂਤਰੀ ਪੱਧਰ ਤੇ ਹੀਲੇ ਵਸੀਲੇ ਜਾਰੀ ਰੱਖੇ ਹਨ ਅਤੇ ਇਹੋ ਇੱਕ ਮੁੱਦਾ ਦੋਹਾਂ ਦੇਸ਼ਾਂ ਵਿਚ ਕਸ਼ੀਦਗੀ ਪੈਦਾ ਕਰਨ ਲਈ ਕਾਫੀ ਰਿਹਾ ਹੈ । ਰਾਜਸੀ ਪੰਡਤ ਕਸ਼ਮੀਰ ਦੇ ਮੁੱਦੇ ਨੂੰ ਪਾਕਿਸਤਾਨੀ ਸਿਆਸਤਦਾਨਾਂ ਦੀ ਮਜ਼ਬੂਰੀ ਵਜੋਂ ਵੀ ਦੇਖਦੇ ਆਏ ਹਨ ਪਰ ਇਸ ਵਾਰ ਕਿਓਂਕਿ ਗਲਬਾਤ ਵਿਚ ਪਾਕਿਸਤਾਨੀ ਵਿਰੋਧੀ ਰਾਜਨੀਤਕ ਧਿਰਾਂ ਵੀ ਸ਼ਾਮਲ ਸਨ ਇਸ ਕਰਕੇ ਇਸ ਗੱਲ ਨੂੰ ਠੋਸ ਅਰਥਾਂ ਵਾਲੀ ਗਲਬਾਤ ਸਮਝਿਆ ਜਾ ਰਿਹਾ ਹੈ।
ਜਿਥੋਂ ਤਕ ਦੋ ਗੁਆਂਢੀ ਦੇਸ਼ਾਂ ਦੇ ਆਪਸੀ ਮਿਲਵਰਤਣ ਅਤੇ ਸਬੰਧਾਂ ਨੂੰ ਵਧੀਆ ਬਣਾਉਣ ਦੇ ਮੁੱਦਿਆਂ ਦੀ ਗੱਲ ਹੈ ਇਸ ਨੂੰ ਹਰ ਸੁਹਿਰਦ ਵਿਅਕਤੀ ਜੀਅ ਆਇਆਂ ਕਹੇਗਾ । ਇਹਨਾਂ ਦੋਵੇਂ ਵਿਕਾਸ ਸ਼ੀਲ ਦੇਸ਼ਾਂ ਨੇ ਹੁਣ ਤਕ ਜੋ ਚਾਰ ਜੰਗਾਂ ਆਪਸ ਵਿਚ ਲੜੀਆਂ ਹਨ ਉਹਨਾਂ ਵਿਚ ਖੱਟਿਆ ਕੁਝ ਨਹੀਂ ਗਵਾਇਆ ਹੀ ਹੈ । ਜੇਕਰ ਇਹ ਦੇਸ਼ ਏਨਾਂ ਹੀ ਪੈਸਾ ਵਿਕਾਸ ਤੇ ਲਾਉਂਦੇ ਤਾਂ ਇਹਨਾ ਦੀ ਗੁਰਬਤ ਧੋਤੀ ਜਾਣੀ ਸੀ । ਸਾਡਾ ਸਵਾਲ ਤਾਂ ਏਨਾਂ ਹੀ ਹੈ ਕਿ ਇਹਨਾਂ ਦਰਮਿਆਨ ਚਲਦੀ ਗਲਬਾਤ ਵਿਚ ਕਰਤਾਰਪੁਰ ਦੇ ਲਾਂਘੇ ਵਰਗਾ ਮੁੱਦਾ ਕਿਓਂ ਸ਼ਾਮਲ ਨਹੀਂ ਹੁੰਦਾ । ਇਸ ਦਾ ਕਾਰਨ ਕਿਧਰੇ ਇਹ ਤਾਂ ਨਹੀਂ ਕਿ ਜਥੇਦਾਰ ਵਡਾਲਾ ਵਰਗੇ ਆਗੂ ਸਿਰਫ ਆਪਣੀ ਤਸੱਲੀ ਜਾਂ ਸਥਾਨਕ ਧਿਆਨ ਖਿੱਚਣ ਲਈ ਹੀ ਏਨੇ ਲੰਬੇ ਸਮੇਂ ਤੋਂ ਏਨਾਂ ਪੈਸਾ ਅਰਦਾਸ ਸਮਾਗਮਾਂ ਤੇ ਖਰਚ ਕਰਦੇ ਰਹੇ ਹਨ, ਜਦ ਕਿ ਕੇਂਦਰੀ ਸਰਕਾਰ ਤਕ ੳਹਨਾਂ ਦੀ ਕੋਈ ਪਹੁੰਚ ਨਹੀਂ ਭਾਵੇਂ ਕਿ ਹੁਣ ਉਹਨਾਂ ਦਾ ਆਪਣਾ ਪੁੱਤਰ ਅਕਾਲੀ ਭਾਜਪਾ ਸਰਕਾਰ ਵਿਚ ਐਮæ ਐਲ਼ ਏ ਵੀ ਹੈ।
ਸ: ਵਡਾਲਾ ਇੱਕ ਹੰਢੇ ਹੋਏ ਬਜ਼ੁਰਗ ਨੇਤਾ ਹਨ ਅਤੇ ਅਸੀਂ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ ਪਰ ਬਿਨਾਂ ਕਿਸੇ ਨਿੱਗਰ ਰਣਨੀਤੀ ਤੋਂ ਕਿਸੇ ਵੀ ਦਿਸ਼ਾ ਵਿਚ ਕੀਤੇ ਉੱਦਮ ਫਲੀਭੂਤ ਨਹੀਂ ਹੋ ਸਕਦੇ । ਸਾਡੇ ਲਈ ਇਹ ਮੁੱਦਾ ਧੀਏ ਗੱਲ ਸੁਣ ਨੂੰਹੇਂ ਕੰਨ ਕਰ ਵਾਂਗ ਵੀ ਹੈ । ਸਾਡੇ ਬਹੁਤ ਸਾਰੇ ਆਗੂ ਵਕਤੀ ਲਾਹੇ ਲਈ ਹੀ ਜਿਸ ਤਰੀਕੇ ਨਾਲ ਦੇਸੀ ਸਿਆਸਤ ਦੀ ਕੜ੍ਹੀ ਘੋਲਦੇ ਹਨ ਉਸ ਕੜ੍ਹੀ ਦੀ ਮੌਤ ਪੱਛਮੀਂ ਦੇਸ਼ਾਂ ਵਿਚ ਤਾਂ ਅਗਲੇ ਦਸਾਂ ਸਾਲਾਂ ਵਿਚ ਹੋ ਜਾਣੀ ਹੈ । ਬਿਨਾਂ ਅਮਲੀ ਪਹੁੰਚ ਅਤੇ ਰਣਨੀਤੀ ਦੇ ਸਿਰਫ ਨਾਅਰਿਆਂ ਅਤੇ ਜੈਕਾਰਿਆਂ ਤੇ ਖੜ੍ਹੀ ਸਿਆਸਤ ਮਹਿਜ਼ ਛਲਾਵਾ ਹੈ ਭਾਵੇਂ ਉਹ ਹਿੰਦੋਸਤਾਨ ਦੀ ਹੋਵੇ ਜਾਂ ਖਾਲਿਸਤਾਨ ਦੀ । ਜੇਕਰ ਸਾਡੇ ਆਗੂ ਆਪਣੇ ਪੈਰਾਂ ਤੇ ਭਾਰ ਦੇਣ ਤਾਂ ਪਾਕਿਸਾਨ ਅਤੇ ਭਾਰਤ ਦਰਮਿਆਨ ਸੁਧਰ ਰਹੇ ਸਬੰਧਾਂ ਵਿਚ ਉਹ ਆਪਣੇ ਮੁੱਦੇ ਵੀ ਰੱਖਣ ਕਿਓਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸਾਡੇ ਬਹੁਤ ਸਾਰੇ ਲਗਾਵ ਹਨ ਗਵਾਂਢੀ ਦੇਸ਼ ਨਾਲ । ਘੱਟੋ ਘੱਟ ਅਸੀਂ ਬਾਬੇ ਨਾਨਕ ਦੀਆਂ ਯਾਦਾਂ ਨਾਲ ਜੁੜੀ ਕਰਤਾਰਪੁਰ ਸਾਹਬ ਦੀ ਪਵਿੱਤਰ ਸਰ ਜ਼ਮੀਨ ਤੇ ਬਿਨਾਂ ਰੋਕ ਟੋਕ ਨਤਮਸਤਕ ਹੋਣਾਂ ਚਾਹੁੰਦੇ ਹਾਂ ਜਿਸ ਸਬੰਧੀ ਪਾਕਿਸਤਾਨ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਫਸੋਸ ਕਿ ਭਾਰਤ ਵਿਚ ਇਸ ਸਬੰਧੀ ਸਿੱਖਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ।
ਬਾਦਲ ਅਤੇ ਲਾਹੌਰ ਦੇ ਕੁਲਚੇ
84 ਸਾਲਾ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤ੍ਰੀ ਪੰਜਾਬ ਨੇ ਹੁਣੇ ਹੁਣੇ ਕਿਹਾ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚ ਵੀਜ਼ਾ ਖਤਮ ਹੋ ਜਾਂਦਾ ਹੈ ਤਾਂ ਉਹ ਹਰ ਹਫਤੇ ਲਹੌਰ ਜਾ ਕੇ ਡਿਨਰ ਕਰਿਆ ਕਰਨਗੇ । ਸ: ਬਾਦਲ ਨੇ ਕਿਓਂਕਿ ਆਪਣੇ ਕਾਲਜ ਦੇ ਦਿਨ ਲਹੌਰ ਦੀਆਂ ਗਲੀਆਂ ਵਿਚ ਗੁਜ਼ਾਰੇ ਸਨ, ਇਸ ਕਰਕੇ ਹੁਣ ਜਦੋਂ ਦੋਵੇਂ ਦੇਸ਼ਾਂ ਦੇ ਆਗੂ ਵੀਜ਼ੇ ਦੇ ਮੁੱਦੇ ਤੇ ਪਾਕਿਸਤਾਨ ਵਿਚ ਮਿਲੇ ਹਨ ਤਾਂ ਮੁਖ ਮੰਤ੍ਰੀ ਦੇ ਮਨ ਵਿਚ ਉਹਨਾਂ ਦਿਨਾਂ ਦੀਆਂ ਯਾਦਾਂ ਨੇ ਉਸਲ ਵੱਟੇ ਲੈਣੇ ਸ਼ੁਰੂ ਕਰ ਦਿਤੇ । ਸ: ਬਾਦਲ ਨੇ ਇਹ ਵਿਚਾਰ 'ਸਾਰਕ ਸਰਜੀਕਲ ਕੇਅਰ ਸੁਸਾਇਟੀ' ਦੀ ਸਲਾਨਾਂ ਕਾਨਫਰੰਸ ਦੌਰਾਨ ਜਲੰਧਰ ਵਿਚ ੮ ਸਤੰਬਰ ਨੂੰ ਦਿੱਤੇ। ਸ: ਬਾਦਲ ਦਾ ਕਹਿਣਾਂ ਹੈ ਕਿ ਉਹ ਆਪਣੀ ਗਰੈਜੂਏਸ਼ਨ ਦੇ ਦਿਨਾਂ ਵਿਚ ਲਹੌਰ ਵਿਚ ਖਾਧੇ ਲਜ਼ੀਜ਼ ਖਾਣਿਆਂ ਨੂੰ ਕਦੀ ਨਹੀਂ ਭੁੱਲ ਸਕਦੇ ਅਤੇ ਉਹ ਹੁਣ ਵੀ ਚਾਹੁੰਦੇ ਹਨ ਕਿ ਹਰ ਵੀਕ ਐਂਡ ਤੇ ਉਥੇ ਜਾ ਕੇ ਖਾਣਾਂ ਖਾਣ।

ਭਾਰਤ ਪਾਕਿਸਤਾਨ ਦੇ ਅਖਬਾਰਾਂ ਨੇ ਜੋ ਕਵਰੇਜ ਇੰਡੋ ਪਾਕਿ ਆਗੂਆਂ ਦੀ ਗਲ ਬਾਤ ਬਾਰੇ ਕੀਤੀ ਹੈ ਉਸ ਕਵਰੇਜ ਵਿਚ ਮਹਿਜ਼ ਵੀਜ਼ੇ ਦੀਆਂ ਸ਼ਰਤਾਂ ਦੀ ਨਰਮਾਈ ਸਬੰਧੀ ਜਿਕਰ ਹੈ ਨਾਂ ਕਿ ਵੀਜੇ ਦੇ ਖਾਤਮੇਂ ਦਾ । ਯੂਰਪੀ ਦੇਸ਼ਾਂ ਵਾਂਗ ਹੀ ਸਾਰਕ ੰAA੍ਰਛ (ੰੁਟਹ Aਸਅਿਨ Aਸਸੋਚਅਿਟਿਨ ੋਰ ੍ਰeਗਿਨਅਲ ਛੋਪeਰਅਟਿਨ) ਦੇਸ਼ਾਂ ਦੇ ਹਿੱਤ ਵੀ ਆਪਸ ਵਿਚ ਜੁੜੇ ਹੋਏ ਹਨ। ਇਹਨਾਂ ਦੇਸ਼ਾ ਵਿਚ ਸ਼ਾਮਲ ਦੇਸ਼ ਜਿਵੇਂ ਕਿ ਸ਼੍ਰੀ ਲੰਕਾ, ਭੂਟਾਨ, ਭਾਰਤ, ਮੌਲਡੀਵਜ਼, ਨਿਪਾਲ, ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ ਵਿਕਾਸ ਸ਼ੀਲ ਦੇਸ਼ ਹਨ ਜਿਹਨਾਂ ਦੀਆਂ ਸਮੱਸਿਆਵਾਂ ਵੀ ਇੱਕੋ ਜਹੀਆਂ ਹਨ। ਇਹਨਾਂ ਦੇਸ਼ਾਂ ਵਿਚ ਜੇਕਰ ਵੀਜਾ ਖਤਮ ਹੁੰਦਾ ਹੈ ਤਾਂ ਦੇਸ਼ ਦੇ ਹੋਰ ਲੋਕਾਂ ਦੇ ਨਾਲ ਨਾਲ ਇਸ ਦਾ ਲਾਹਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਬਹੁਤ ਹੋਵੇਗਾ। ਪੰਜਾਬ ਦੇ ਲੋਕ ਨਾਂ ਕੇਵਲ ਵਪਾਰ, ਸਿਹਤ ਅਤੇ ਵਿੱਦਿਆ ਦੇ ਮੁੱਦਿਆਂ ਤੇ ਹੀ ਖੁਲ੍ਹੀ ਆਵਾਜਾਈ ਚਾਹੁੰਦੇ ਹਨ ਸਗੋਂ ਸਿੱਖਾਂ ਦਾ ਨਨਕਾਣਾਂ ਅਤੇ ਇੱਕ ਸੌ ਤੋਂ ਉਪਰ ਪਾਕਿਸਤਾਨ ਵਿਚ ਗੁਰਦੁਆਰੇ ਵੀ ਸਾਂਭੇ ਜਾਣਗੇ । ਚੰਗੀ ਗੱਲ ਹੈ ਕਿ ਅੱਜ ਬਾਦਲ ਨੇ ਲਹੌਰ ਦੇ ਲਜ਼ੀਜ਼ ਖਾਣਿਆਂ ਤੋਂ ਇਲਾਵਾ ਮਿਆਰੀ ਸਿਹਤ ਸੇਵਾਵਾਂ ਦੀ ਲੋੜ ਨੂੰ ਮੁਖ ਰੱਖਦੇ ਹੋਏ ਮੈਂਬਰ ਦੇਸ਼ਾਂ ਵਿਚ ਸਾਰਕ ਹਸਪਤਾਲ ਬਣਾਉਣ ਦੀ ਗੱਲ ਵੀ ਕੀਤੀ ਹੈ ਪਰ ਕਾਸ਼ ਸਰਦਾਰ ਬਾਦਲ ਇਸ ਸਮੇਂ ਸਿੱਖ ਭਾਈਚਾਰੇ ਦੀ ਦੋ ਵੇਲੇ ਦੀ ਅਰਦਾਸ ਨੂੰ ਮੁਖ ਰੱਖਦੇ ਹੋਏ ਸ੍ਰੀ ਨਨਕਾਣਾਂ ਸਾਹਿਬ, ਪੰਜਾ ਸਾਹਿਬ ਅਤੇ ਪੰਥ ਤੋਂ ਵਿਛੋੜੇ ਗਏ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੇ ਮੁੱਦੇ ਨੂੰ ਵੀ ਪਹਿਲ ਦਿੰਦੇ । 

ਇਸ ਦੇ ਨਾਲ ਨਾਲ ਇਹ ਗੱਲ ਖਿਆਲ ਵਿਚ ਲਿਆਉਣੀ ਬਹੁਤ ਜਰੂਰੀ ਹੈ ਕਿ ਨਾਂ ਕੇਵਲ ਸ: ਬਾਦਲ ਦੇ ਸੁਫਨਿਆਂ ਦੇ ਲਹੌਰ ਨੂੰ ਹੀ ਅੰਦਰੂਨੀ ਅਤੇ ਬਹਿਰੂਨੀ ਪ੍ਰਦੂਸ਼ਨ ਨੇ ਦੂਸ਼ਿਤ ਕੀਤਾ ਹੋਇਆ ਹੈ ਸਗੋਂ ਸਾਰਕ ਦੇ ਕਰੀਬ ਕਰੀਬ ਸਾਰੇ ਦੇਸ਼ ਹੀ ਇਸ ਪ੍ਰਦੂਸ਼ਨ ਦੀ ਲਪੇਟ ਵਿਚ ਹਨ । ਇੱਕ ਪਾਸੇ ਵਾਤਾਵਰਨ ਦਾ ਪ੍ਰਦੂਸ਼ਨ ਹੈ ਅਤੇ ਦੂਸਰੇ ਪਾਸੇ ਨੈਤਕ ਪਤਨ ਦਾ ਪ੍ਰਦੂਸ਼ਨ ਹੈ। ਭ੍ਰਿਸ਼ਟਾਚਾਰ, ਸਿਫਾਰਸ਼, ਕੁਨਬਾ ਪਰਵਰੀ, ਫਿਰਕਾ ਪ੍ਰਸਤੀ ਅਤੇ ਰੂੜੀਵਾਦ ਅਨੇਕਾਂ ਐਸੀਆਂ ਜੋਕਾਂ ਹਨ ਜੋ ਕਿ ਲੋਕਾਂ ਦਾ ਦਿਨ ਰਾਤ ਲਹੂ ਚੂਸ ਰਹੀਆਂ ਹਨ । ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਚੜ੍ਹਦੇ ਪੰਜਾਬ ਨੂੰ ਸਾਡੇ ਇਹਨਾਂ ਹੀ ਆਗੂਆਂ ਦੀ ਖੁਦਗਰਜ਼ ਸਿਆਸਤ ਨੇ ਲੰਬਾ ਸਮਾਂ ਲਹੂ ਲੁਹਾਣ ਕਰੀ ਰੱਖਿਆ ਅਤੇ ਅੱਜ ਵੀ ਇਹਨਾਂ ਦੇ ਪਰਿਵਾਰਵਾਦ ਅਤੇ ਨਿੱਜਵਾਦ ਦੀ ਖੁਦਗਰਜ਼ੀ ਨੇ ਇੱਕ ਗਰੀਬ ਆਦਮੀ ਨੂੰ ਰੇਹੜੀ ਤੋਂ ਕੁਲਚੇ ਖਾਣ ਜੋਗਾ ਵੀ ਨਹੀਂ ਛੱਡਿਆ । ਉਮੀਦ ਹੈ ਸ: ਬਾਦਲ ਸਾਡਾ ਇਸ਼ਾਰਾ ਸਮਝ ਹੀ ਗਏ ਹੋਣਗੇ ।
ਪ੍ਰਧਾਨ ਮੰਤਰੀ ਬਨਾਮ ਬਾਲ ਠਾਕਰੇ
ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਭਾਰਤ ਦੇ ਪ੍ਰਧਾਨ ਮੰਤ੍ਰੀ ਡਾ: ਮਨਮੋਹਨ ਸਿੰਘ, ਮੁਲਾਇਮ ਸਿੰਘ ਯਾਦਵ ( ਸਮਾਜਵਾਦੀ ਪਾਰਟੀ) ਅਤੇ ਬਿਹਾਰ ਦੇ ਮੁਖ ਮੰਤ੍ਰੀ ਨਿਤੀਸ਼ ਕੁਮਾਰ ਤੇ ਨਿਸ਼ਾਨਾਂ ਸੇਧ ਕੇ ਕਿਹਾ ਹੈ ਕਿ ਭਾਰਤੀ ਫੌਜ ਉਸ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਕੱਟੜਪੰਥੀਆਂ ਨੂੰ ਸਿੱਧਾ ਕਰ ਸਕੇ । ਸ਼ਿਵ ਸੈਨਾ ਮੁਖੀ ਠਾਕਰੇ, ਡਾ: ਮਨਮੋਹਨ ਸਿੰਘ ਦੀ ਥਾਂ ਭਾਜਪਾ ਆਗੂ ਸੁਸ਼ਮਾਂ ਸਵਰਾਜ ਦਾ ਨਾਂ ਪ੍ਰਧਾਨ ਪੱਦ ਲਈ ਪੇਸ਼ ਕਰਕੇ ਵੀ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ । ਚੇਤੇ ਰਹੇ ਕਿ ਕੁਝ ਸਮਾਂ ਪਹਿਲਾਂ ਮੁੰਬਈ ਦੇ ਮਰਾਠੀ ਅਖਬਾਰ 'ਸਾਮਨਾ' ਵਿਚ ਬਾਲ ਠਾਕਰੇ ਨੇ ਡਾ: ਮਨਮੋਹਨ ਸਿੰਘ ਨੂੰ ਨਿਪੁੰਸਕ ਕਹਿ ਕੇ ਤਹਿਲਕਾ ਮਚਾ ਦਿੱਤਾ ਸੀ। ਅਫਸੋਸ ਵਾਲੀ ਗੱਲ ਇਹ ਹੈ ਕਿ ਆਪਣੀ ਸੰਸਕ੍ਰਿਤੀ ਦੀ ਮਹਾਨਤਾ ਦੇ ਗੁਣਗਾਨ ਕਰਨ ਵਾਲੇ ਕਿਸੇ ਵੀ ਭਾਰਤੀ ਨੇ 86 ਸਾਲਾ ਬਿਮਾਰ ਬੁੱਢੇ ਬਾਲ ਠਾਕਰੇ ਦੇ ਇਸ ਤਰਾਂ ਦੇ ਗੰਦੇ ਅਤੇ ਭੱਦੇ ਫਿਕਰੇ 'ਤੇ ਵਾਜਬ ਪ੍ਰਤੀਕਰਮ ਨਹੀਂ ਸੀ ਵਿਖਾਇਆ । ਇਸ ਤੋਂ ਪਹਿਲਾਂ ਕਿ ਇਸ ਵਿਅਕਤੀ ਦੇ ਤੌਖਲੇ ਦੀ ਗੱਲ ਕਰੀਏ ਆਓ ਪਹਿਲਾਂ ਇਸ ਦੇ ਜੀਵਨ ਤੇ ਸੰਖੇਪ ਤੌਰ ਤੇ ਝਾਕੀਏ।
ਬਾਲ ਠਾਕਰੇ ਇੱਕ ਅੰਗ੍ਰੇਜ਼ੀ ਅਖਬਾਰ ਦੇ ਕਾਰਟੂਨਿਸਟ ਦੇ ਕੈਰੀਅਰ ਤੋਂ ਭਾਰਤ ਦੇ ਹਿੰਦੂ ਵਰਗ ਦਾ ਨਾਇਕ ਕੇਵਲ ਅਤੇ ਕੇਵਲ ਮੁਸਲਮਾਨਾਂ ਖਿਲਾਫ ਉਲਾਰ ਅਤੇ ਹਿੰਸਕ ਸੋਚ ਅਤੇ ਨੀਤੀ ਕਾਰਨ ਬਣਿਆ ਹੈ । ਉਸ ਦਾ ਮੱਤ ਹੈ ਕਿ ਹਿੰਦੋਸਤਾਨ ਹਿੰਦੂਆਂ ਦਾ ਦੇਸ਼ ਹੈ ਅਤੇ ਹਿੰਦੂਆਂ ਵਗੈਰ ਜੇਕਰ ਹੋਰ ਕਿਸੇ ਨੇ ਦੇਸ਼ ਵਿਚ ਰਹਿਣਾਂ ਹੈ ਤਾਂ ਜਰੂਰੀ ਹੈ ਕਿ ਉਹ ਦੇਸ਼ ਦੇ ਮਾਲਕਾਂ ਦੇ ਥੱਲੇ ਲੱਗ ਕੇ ਰਹੇ । ਏਸ਼ੀਆ ਟਾਈਮਜ਼ ਅਖਬਾਰ ਵਿਚ ਉਹ ਚਾਰ ਕਰੋੜ ਮੁਸਲਮਾਨਾਂ ਦੇ ਮੁਕੰਮਲ ਸਫਾਏ ਦੀ ਗੱਲ ਕਰਦਾ ਹੈ ਅਤੇ ਸੰਨ 1980 ਵਿਚ ਉਸ ਦੇ ਇਸ ਸਬੰਧੀ ਬਿਆਨ ਸਨ ਕਿ, ' ਮੁਸਲਮਾਨ ਕੈਂਸਰ ਵਾਂਗ ਫੈਲ ਰਹੇ ਹਨ ਅਤੇ ਕੈਸਰ ਦੇ ਉਪਰੇਸ਼ਨ ਵਾਂਗ ਹੀ ਇਹਨਾਂ ਦਾ ਇਲਾਜ ਵੀ ਕਰਨਾਂ ਚਾਹੀਦਾ ਹੈ । ਉਹ ਕਹਿੰਦਾ ਹੈ ਕਿ ਇਸ ਕੰਮ ਵਿਚ ਪੁਲਿਸ ਨੂੰ ਹਿੰਦੂ ਮਹਾਂ ਸੰਘ ਦੀ ਮੱਦਤ ਕਰਨੀ ਚਾਹੀਦੀ ਹੈ ਜਿਵੇਂ ਕਿ ਪੰਜਾਬ ਦੀ ਪੁਲਿਸ ਖਾਲਿਸਤਾਨੀਆਂ ਪ੍ਰਤੀ ਸਹਿਮਤੀ ਰੱਖਦੀ ਸੀ'

1998 ਵਿਚ ਉਸ ਨੇ ਮੁਸਲਮਾਨਾਂ ਪ੍ਰਤੀ ਸੁਰ ਬਦਲ ਲਈ ਕਿ 'ਸਾਨੂੰ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਪਣੇ ਵਾਂਗ ਹੀ ਵਰਤਾਓ ਕਰਨਾਂ ਚਾਹੀਦਾ ਹੈ' ਪਰ ਦਸ ਸਾਲ ਬਾਅਦ 2008 ਵਿਚ ਉਹ ਲਿਖਦਾ ਹੈ ਕਿ 'ਇਸਲਾਮਿਕ ਅੱਤਵਾਦ ਵਧ ਰਿਹਾ ਹੈ ਅਤੇ ਇਸ ਦਾ ਮੁਕਾਬਲਾ ਅਸੀਂ ਹਿੰਦੂ ਅੱਤਵਾਦ ਨਾਲ ਹੀ ਕਰ ਸਕਦੇ ਹਾਂ। ਹਿੰਦੋਸਤਾਨ ਅਤੇ ਹਿੰਦੂਆਂ ਨੂੰ ਬਚਾਉਣ ਲਈ ਸਾਨੂੰ ਆਤਮਘਾਤੀ ਖਾੜਕੂਆਂ ਦੀ ਲੋੜ ਹੈ। 
ਜੇਕਰ ਡਾ: ਮਨਮੋਹਨ ਸਿੰਘ ਦਾ ਇਸ ਵਿਅਕਤੀ ਨਾਲ ਮੁਕਾਬਲਾ ਕਰਨਾਂ ਹੋਵੇ ਤਾਂ ਪ੍ਰਧਾਨ ਮੰਤ੍ਰੀ ਬਾਬਤ ਇੱਕ ਗੱਲ ਪੱਕੀ ਹੈ ਕਿ ਉਹ ਇਸ ਤਰਾਂ ਦੇ ਫਿਰਕੂ ਜਨੂੰਨ ਤੋਂ ਉੱਕਾ ਹੀ ਮੁਕਤ ਇੱਕ ਸਾਫ ਸੁਥਰਾ ਅਤੇ ਇਮਾਨਦਾਰ ਵਿਅਕਤੀ ਹੈ । ਭਾਰਤ ਵਰਗੇ ਬਹੁ ਧਰਮੀ, ਬਹੁ ਭਾਸ਼ੀ, ਬਹੁ ਜਾਤੀ ਅਤੇ ਭ੍ਰਿਸ਼ਟਾਚਾਰ ਨਾਲ ਨੱਕੋ ਨੱਕ ਭਰੇ ਦੇਸ਼ ਨੂੰ ਚਲਾਉਣਾਂ ਕੋਈ ਖਾਲਾ ਜੀ ਦਾ ਵਾੜਾ ਨਹੀਂ । ਡਾ: ਮਨਮੋਹਨ ਸਿੰਘ ਇੱਕ ਕਮਜ਼ੋਰ ਪ੍ਰਧਾਨ ਮੰਤ੍ਰੀ ਤਾਂ ਹੋ ਸਕਦਾ ਹੈ ਪਰ ਇੱਕ ਖੁਦਗਰਜ਼, ਫਿਰਕੂ, ਮੂਰਖ ਅਤੇ ਜਾਲਮ ਵਿਅਕਤੀ ਉਹ ਨਹੀਂ ਹੈ ਜਦ ਕਿ ਬਾਲ ਠਾਕੁਰੇ ਵਿਚ ਇਹ ਸਾਰੇ ਔਗੁਣ ਜਗਤ ਦੇਖ ਰਿਹਾ ਹੈ । 

ਅਸਲ ਵਿਚ ਅਜਕਲ ਸ਼ਿਵ ਸੈਨਾ ਚੀਫ ਦੇ ਤੌਖਲੇ ਦਾ ਕਾਰਨ ਸੰਨ 2002 ਨੂੰ ਨਰੋਡਾ ਪਾਟੀਆ ਦੰਗਿਆਂ ਦੌਰਾਨ ਮਾਰੇ ਗਏ 97 ਮੁਸਲਮਾਨਾਂ ਦੇ ਸਬੰਧ ਵਿਚ ਮੋਦੀ ਸਰਕਾਰ ਦੇ 32 ਹਿੰਦੂਆਂ ਨੂੰ ਅਦਾਲਤ ਵਲੋਂ ਦਿੱਤੀ ਗਈ ਸਜ਼ਾ ਹੈ। ਚੇਤੇ ਰਹੇ ਕਿ 27 ਫਰਵਰੀ 2002 ਨੂੰ ਸਾਬਰਮਤੀ ਐਕਸਪਰੈਸ ਵਿਚ ਸਫਰ ਕਰ ਰਹੇ 58 ਰਾਮ ਸੇਵਕਾਂ ਨੂੰ ਗੋਧਰਾ ਸਟੇਸ਼ਨ ਤੇ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਜਿਸ ਦੇ ਬਦਲੇ ਵਿਚ ਨਰੋਡਾ ਪਾਟੀਆ ਕਾਂਡ ਵਾਪਰਿਆ ਜਿਸ ਵਿਚ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਹੀਂ ਸੀ ਬਖਸ਼ਿਆ ਗਿਆ । ਨਰੋਡਾ ਕਾਂਡ ਸਬੰਧੀ ਜਿਹਨਾਂ ਹਿੰਦੂਆਂ ਨੂੰ ਵੀਹ ਸਾਲ ਬਾਅਦ ਸਜ਼ਾ ਦਿੱਤੀ ਗਈ ਹੈ ਉਹਨਾਂ ਵਿਚ ਨਰੋਡਾ ਖੇਤਰ ਤੋਂ ਤਿੰਨ ਵਾਰ ਵਿਧਾਇਕ ਬਣੀ ਕੋਡਨਾਨੀ ਅਤੇ ਵਿਸ਼ਵ ਹਿੰਦੂ ਪ੍ਰੀਛਦ ਦੇ ਬਜਰੰਗੀ ਦਾ ਉਚੇਚਾ ਜ਼ਿਕਰ ਹੈ । ਇਹ ਵੀ ਚੇਤੇ ਰਹੇ ਕਿ 28 ਸਾਲ ਬੀਤ ਜਾਣ ਮਗਰੋਂ ਵੀ ਦਿੱਲੀ ਦੰਗਿਆਂ ਦੇ ਭਗਤ, ਟਾਈਟਲਰ,ਲਲਿਤ ਅਤੇ ਬਚਨ ਅਜੇ ਵੀ ਖੁਲ੍ਹੇ ਟੁਰੇ ਫਿਰਦੇ ਹਨ -ਇਹ ਹੈ 'ਮਹਾਨ ਭਾਰਤ' ਦਾ ਇਨਸਾਫ।
ਅਖਿਰ ਤੇ ਅਸੀਂ ਇਹ ਹੀ ਕਹਾਂਗੇ ਕਿ ਫਿਰਕੂ ਨਾਗਾਂ ਨੂੰ ਜੋ ਲੋਕ ਆਪਣੇ ਹਿੱਤ ਵਿਚ ਭੁਗਤਾਉਣ ਦੇ ਭਰਮ ਹੇਠ ਉਹਨਾਂ ਦੀ ਪੋਸ਼ਣ ਕਰ ਲੈਂਦੇ ਹਨ ਉਹ ਅਕਸਰ ਹੀ ਇਹਨਾਂ ਬੇਕਾਬੂ ਨਾਗਾਂ ਤੋਂ ਡੱਸੇ ਵੀ ਜਾਂਦੇ ਹਨ । ਭਾਰਤ ਦੇ ਉਲਾਰ ਅਤੇ ਹਿੰਸਕ ਆਗੂ ਅਕਸਰ ਹੀ ਆਪਣੇ ਹੀ ਲੋਕਾਂ ਦਾ ਲਹੂ ਵਗਾਉਣ ਦਾ ਕਾਰਨ ਬਣਦੇ ਆਏ ਹਨ। ਡਾ: ਮਨਮੋਹਨ ਸਿੰਘ ਨੂੰ ਵੰਗਾਰਨ ਵਾਲੇ ਠਾਕਰੇ ਦਾ ਅੰਦੋਲਨ ਸ਼ੁਰੂ ਤਾਂ ਹੋਇਆ ਸੀ ਉਸ ਦੇ ਬਾਪ ਦੇ ਸਥਾਨਕ ਮਹਾਂਰਾਸ਼ਟਰੀ (ਮਰਾਠੀ) ਘੋਲ ਤੋਂ ਪਰ ਉਲਾਰ ਹਿੰਦੂ ਵਰਗ ਦੇ ਮੋਢਿਆਂ ਤੇ ਚੜ੍ਹ ਕੇ ਜਦੋਂ ਉਸ ਦਾ ਅਕਸ ਉਸ ਦੇ ਹਾਜਮੇ ਤੋਂ ਵਧ ਉਚਾ ਹੋ ਗਿਆ ਤਾਂ ਉਹ ਹਿੰਦੂ ਰਾਸ਼ਟਰ ਦਾ ਸੁਫਨਾਂ ਦੇਖਣ ਲੱਗ ਪਿਆ । ਬਾਲ ਠਾਕਰੇ ਦੇ ਇਸ ਕਿਰਦਾਰ ਤੋਂ ਧਰਮ ਕਰਮ ਦੀ ਠੇਕੇਦਾਰੀ ਦੇ ਖੋਖਲੇ ਦਾਅਵੇ ਕਰਨ ਵਾਲੇ ਉਹਨਾਂ ਮੰਦ ਬੁੱਧ ਲੋਕਾਂ ਦੇ ਸਿੱਖਣ ਵਾਸਤੇ ਬਹੁਤ ਕੁਝ ਹੈ ਜੋ ਹੋਕਾ ਤਾਂ ਧਾਰਮਕ ਹੇਜ ਦਾ ਦਿੰਦੇ ਹਨ ਪਰ ਹੁੰਦੇ ਹਨ ਉਹ ਨਫਰਤ ਅਤੇ ਜ਼ਹਿਰ ਦੇ ਸੌਦਾਗਰ !!

No comments: