Tuesday, September 04, 2012

ਈ. ਐਸ. ਆਈ. ਹੱਕ ਲਾਗੂ ਕਰਾਉਣ ਲਈ ਸੰਘਰਸ਼ ਹੋਰ ਤੇਜ਼

ਟੈਕਸਟਾਈਲ ਮਜ਼ਦੂਰ ਯੂਨਿਅਨ ਦਾ ਵਫਦ ਈ.ਐਸ.ਆਈ. ਅਧਿਕਾਰੀਆਂ ਨੂੰ
ਮਿਲਿਆ-ਅਧਿਕਾਰੀਆਂ ਨੇ ਦਿੱਤਾ ਇੱਕ ਹਫਤੇ ਅੰਦਰ ਕਾਰਵਾਈ ਦਾ ਭਰੋਸਾ 
--ਵਿਸ਼ਵਨਾਥ, ਜਨਰਲ ਸਕੱਤਰ, ਟੈਕਸਟਾਈਲ ਮਜ਼ਦੂਰ ਯੂਨੀਅਨ। ਫੋਨ- 9888655663
ਲੁਧਿਆਣਾ:04 ਸਤੰਬਰ, 2012: ਅੱਜ ਟੈਕਸਟਾਈਲ ਮਜ਼ਦੂਰ ਯੂਨੀਅਨ ਦੇ ਕਮੇਟੀ ਮੈਂਬਰਾਂ ਦਾ 13 ਮੈਂਬਰੀ ਵਫਦ ਨੇ ਅਰਬਨ ਅਸਟੇਟ, ਫੋਕਲ ਪੁਆਇੰਟ, ਲੁਧਿਆਣਾ ਸਥਿਤ ਈ.ਐਸ.ਆਈ. ਫਿਤਰ ਵਿੱਚ ਅਸਿਸਟੈਂਟ ਜੁਆਂਇੰਟ ਡਾਇਰੈਕਟਰ ਐਸ.ਕੇ. ਭਾਟੀਆ ਨੂੰ ਮੰਗ ਪੱਤਰ ਸੌਂਪਿਆਂ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਲੁਧਿਆਣੇ ਦੇ ਮਜ਼ਦੂਰਾਂ ਨੂੰ ਕਨੂੰਨ ਅਨੁਸਾਰ ਈ.ਐਸ.ਆਈ. ਸੁਵਿਧਾ ਦਾ ਹੱਕ ਨਹੀਂ ਮਿਲ ਰਿਹਾ ਹੈ। ਪਿਛਲੇ ਵਰ੍ਹੇ ਸਤੰਬਰ ਵਿੱਚ ਲਗਭਗ 150 ਟੈਕਸਟਾਈਲ ਕਾਰਖਾਨਿਆਂ ਦੇ ਮਜ਼ਦੂਰਾਂ ਨੇ ਇਸੇ ਦਫਤਰ ਵਿਖੇ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਅਤੇ ਇਹਨਾਂ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਈ.ਐਸ.ਆਈ. ਹੱਕ ਤੋਂ ਵਾਂਝੇ ਮਜ਼ਦੂਰਾਂ ਦੀਆਂ ਲਿਸਟਾਂ ਸੌਂਪੀਆਂ ਸਨ। ਉਦੋਂ ਈ.ਐਸ.ਆਈ. ਅਧਿਕਾਰੀਆਂ ਨੇ ਭਰੋਸਾ ਦਵਾਇਆ ਸੀ ਕਿ ਇਹਨਾਂ ਸਾਰੇ ਮਜ਼ਦੂਰਾਂ ਦਾ ਈ.ਐਸ.ਆਈ. ਸੁਵਿਧਾ ਦਾ ਹੱਕ ਲਾਗੂ ਕਰਵਾਇਆ ਜਾਵੇਗਾ। ਪਰ ਅਜੇ ਵੀ ਪਰਨਾਲਾ ਉੱਥੇ ਦਾ ਉੱਥੇ ਹੈ। ਈ.ਐਸ.ਆਈ. ਅਧਿਕਾਰੀਆਂ ਨੇ ਮਜ਼ਦੂਰਾਂ ਦਾ ਹੱਕ ਲਾਗੂ ਕਰਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ। ਟੈਕਸਟਾਈਲ ਮਜ਼ਦੂਰ ਯੂਨੀਅਨ ਦੇ ਵਫਦ ਨੇ ਮੰਗ ਪੱਤਰ ਸੌਂਪਦੇ ਹੋਏ ਮੰਗ ਕੀਤੀ ਹੈ ਕਿ ਇੱਕ ਹਫਤੇ ਦੇ ਅੰਦਰ ਠੋਸ ਕਾਰਵਾਈ ਆਰੰਭੀ ਜਾਵੇ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਲੜਨ ਦੀ ਚੇਤਾਵਨੀ ਦਿੱਤੀ। ਅਸਿਸਟੈਂਟ ਜੁਆਂਇੰਟ ਡਾਇਰੈਕਟਰ ਐਸ.ਕੇ. ਭਾਟੀਆ ਨੇ ਭਰੋਸਾ ਦਵਾਇਆ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਵੱਡੇ ਪੱਧਰ 'ਤੇ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।
ਟੈਕਸਟਾਈਲ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਰਾਜਵਿੰਦਰ ਨੇ ਕਿਹਾ ਕਿ ਮੇਹਰਬਾਨ ਇਲਾਕੇ ਦੇ 17 ਹੋਰ ਕਾਰਖਾਨਿਆਂ ਦੇ ਮਜ਼ਦੂਰਾਂ ਦੀਆਂ ਸੂਚੀਆਂ ਵੀ ਅੱਜ ਈ.ਐਸ.ਆਈ. ਦਫਤਰ ਨੂੰ ਸੌਂਪੀਆਂ ਗਈਆਂ ਹਨ ਯਾਨੀ ਕੁਲ ਮਿਲਾ ਕੇ ਲਗਭਗ 170 ਕਾਰਖਾਨਿਆਂ ਦੇ ਮਜ਼ਦੂਰਾਂ ਵੱਲੋਂ ਟੈਕਸਟਾਈਲ ਮਜ਼ਦੂਰ ਯੂਨੀਅਨ ਰਾਹੀਂ ਈ.ਐਸ.ਆਈ. ਸੁਵਿਧਾ ਦੇ ਹੱਕ ਦੀ ਅਪੀਲ ਕੀਤੀ ਗਈ ਹੈ। ਜੇਕਰ ਈ.ਐਸ.ਆਈ. ਦਫਤਰ ਆਪਣੇ ਵਾਅਦੇ ਤੋਂ ਮੁਕਰਿਆ ਤਾਂ ਇੱਕ ਹਫਤੇ ਪਿੱਛੋਂ ਸਾਰੇ ਮਜ਼ਦੂਰ ਈ.ਐਸ.ਆਈ. ਦਫਤਰ 'ਤੇ ਆ ਕੇ ਧਰਨਾ ਲਾਉਣਗੇ ਅਤੇ ਈ.ਐਸ.ਆਈ. ਦਫਤਰ ਆ ਕੇ ਫਾਰਮ ਭਰਨਗੇ। ਸਾਥੀ ਰਾਜਵਿੰਦਰ ਨੇ ਦੱਸਿਆ ਕਿ ਟੈਕਸਟਾਈਲ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਹਾਲਤਾਂ ਬਹੁਤ ਹੀ ਬੁਰੀਆਂ ਹੋ ਚੁੱਕੀਆਂ ਹਨ। ਮਜ਼ਦੂਰਾਂ ਨੂੰ ਜਾਇਜ ਆਮਦਨ ਅਤੇ ਹੋਰ ਹੱਕ ਤਾਂ ਦੂਰ ਉਹਨਾਂ ਨੂੰ ਤਾਂ ਕਨੂੰਨੀ ਹੱਕ ਤੱਕ ਨਹੀਂ ਮਿਲ ਰਹੇ। ਮਾਲਕਾਂ ਦੁਆਰਾ ਕਿਰਤ ਕਨੂੰਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਘੱਟੋ ਘੱਟੋ ਤਨਖਾਹ, ਅੱਠ ਘੰਟੇ ਦੀ ਦਿਹਾੜੀ, ਆਦਿ ਵਾਂਗ ਈ. ਐਸ. ਆਈ. ਸੁਵਿਧਾ ਦਾ ਹੱਕ ਵੀ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਜੇ ਮਜ਼ਦੂਰਾਂ ਨੂੰ ਈ.ਐਸ. ਆਈ. ਸੁਵਿਧਾ ਦਾ ਹੱਕ ਮਿਲ ਜਾਵੇ ਤਾਂ ਬਿਮਾਰੀਆਂ ਦੇ ਇਲਾਜ ਸਬੰਧੀ ਮਜ਼ਦੂਰਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ। ਉਹਨਾਂ ਸਰਕਾਰ, ਪ੍ਰਸ਼ਾਸਨ ਅਤੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਜ਼ਦੂਰਾਂ ਨੂੰ ਉਹਨਾਂ ਦਾ ਈ.ਐਸ.ਆਈ. ਸੁਵਿਧਾ ਦਾ ਹੱਕ ਦੁਆਉਣ ਲਈ ਅੱਗੇ ਆਉਣ।
ਈ.ਐਸ. ਅਧਿਕਾਰੀਆਂ ਨੂੰ ਮਿਲੇ ਵਫਦ ਵਿੱਚ ਸਾਥੀ ਰਾਜਵਿੰਦਰ, ਸਾਥੀ ਵਿਸ਼ਵਨਾਥ, ਸਾਥੀ ਗੋਪਾਲ, ਸਾਥੀ ਵਿਸ਼ਾਲ, ਸਾਥੀ ਹੀਰਾਮਨ, ਸਾਥੀ ਘਨਸ਼ਿਆਮ, ਸਾਥੀ ਪ੍ਰੇਮਚੰਦ, ਸਾਥੀ ਰਾਮਜਤਨ, ਸਾਥੀ ਸਤੇਂਦਰ, ਸਾਥੀ ਤਾਜ ਮੁਹੰਮਦ, ਸਾਥੀ ਰਾਜਕਰਨ, ਸਾਥੀ ਛੋਟੇ ਲਾਲ ਅਤੇ ਰਬਿੰਦਰ ਮੰਡਲ ਸ਼ਾਮਲ ਸਨ।

No comments: