Tuesday, August 07, 2012

ਪੰਜਾਬ ਦਾ ਮਾਣ ਪਹਿਲਵਾਨ ਕੁਲਦੀਪ ਸਿੰਘ ਬਾਸੀ ਲੰਡਨ ਵਿਚ

ਲੰਡਨ ਤੋਂ ਕੁਲਵੰਤ ਸਿੰਘ ਢੇਸੀ ਦਾ ਵਿਸ਼ੇਸ਼ ਲੇਖ
ਇਹ ਖਬਰ ਪੰਜਾਬੀ ਭਾਈਚਾਰੇ ਵਿਚ ਬਡ਼ੀ ਖੁਸ਼ੀ ਨਾਲ ਪਡ਼੍ਹੀ ਜਾਵੇਗੀ ਕਿ ਓਲਿੰਪਕ ਖੇਡਾਂ ਵਿਚ ਅਸਟਰੇਲੀਆ ਤੋਂ ਆਈ ਟੀਮ ਵਿਚ ਇੱਕ ਸਿੱਖ ਵੀ ਸ਼ਾਮਲ ਹੈ । ਸ: ਕੁਲਦੀਪ ਸਿੰਘ ਬਾਸੀ ਕੁਸ਼ਤੀ ਮੁਕਾਬਲੇ ਲਈ ਕੋਚ ਦੀ ਹੈਸੀਅਤ ਵਜੋਂ ਅਸਟਰੇਲੀਆ ਤੋਂ ਆਏ ਹਨ । ਸ: ਬਾਸੀ ਇੱਕੋ ਇੱਕ ਪੰਜਾਬੀ ਜਾਂ ਸਿੱਖ ਹਨ ਜੋ ਅਸਟਰੇਲੀਅਨ ਟੀਮ ਨਾਲ ਆਏ ਹਨ । ਸ: ਬਾਸੀ ਅਸਟਰੇਲੀਅਨ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਹਨ ਅਤੇ ਮੈਲਬੋਰਨ ਵਿਚ ਉਹਨਾਂ ਦੀ ਆਪਣੀ ਕਲੱਬ ਹੈ ਜਿਸ ਦਾ ਨਾਮ ਯੂਨਾਈਟਿਡ ਰੈਸਲਿੰਗ ਕਲੱਬ ਹੈ। ਓਲਿੰਪਕ ਵਿਚ ਆਉਣ ਤੋਂ ਪਹਿਲਾਂ ਸ: ਬਾਸੀ ਆਪਣੀ ਟੀਮ ਲੈ ਕੇ ਕਾਮਨਵੈਲਥ ਗੇਮਾਂ ਵਿਚ ਵੀ ਹਿੱਸਾ ਲੈ ਚੁੱਕੇ ਹਨ । ਕਾਮਨਵੈਲਥ ਗੇਮਾਂ ਵਿਚ ਓਹਨਾਂ ਅਸਟਰੇਲੀਅਨ ਕੁਸ਼ਤੀ ਦੀਆਂ ਤਿੰਨ ਟੀਮਾਂ ਦੀ ਬਤੌਰ ਮੈਨੇਜਰ ਵਜੋਂ ਨੁਮਾਂਇਦਗੀ ਕੀਤੀ ਅਤੇ ਸੋਨੇ, ਚਾਂਦੀ ਅਤੇ ਪਿੱਤਲ ਦੇ ਤਿੰਨ ਤਗਮੇ ਅਸਟਰੇਲੀਆ ਨੂੰ ਜਿੱਤ ਕੇ ਦਿੱਤੇ।
ਸ: ਕੁਲਦੀਪ ਸਿੰਘ ਬਾਸੀ ਪਿਛਿਓਂ ਪਿੰਡ ਕਾਹਨਾਂ ਢੇਸੀਆਂ ਤੋਂ ਹਨ ਅਤੇ ਜਾਣੇ ਪਹਿਚਾਣੇ ਪੰਜਾਬੀ ਲੇਖਕ ਅਤੇ ਟੀ ਵੀ ਪ੍ਰੀਜ਼ੈਂਟਰ ਸ: ਕੁਲਵੰਤ ਸਿੰਘ ਢੇਸੀ ਅਤੇ ਬਾਰਕਿੰਗ ਸ਼ਾਪਫਰੰਟ ਦੇ ਮਾਲਕ ਸ: ਜਸਵੀਰ ਸਿੰਘ ਢੇਸੀ ਦੇ ਹਮ ਜਮਾਤੀ ਤੇ ਹਮਜੋਲੀ ਰਹੇ ਹਨ। ਉਹ ਸੰਨ 1974 ਵਿਚ ਅਸਟਰੇਲੀਆ ਚਲੇ ਗਏ ਜਿਥੇ ਉਹਨਾਂ ਆਪਣੇ ਕੁਸ਼ਤੀ ਲਡ਼ਨ ਦੇ ਸ਼ੌਂਕ ਨੂੰ ਹੋਰ ਪ੍ਰਚੰਡ ਕੀਤਾ ਅਤੇ ਪੰਜਾਬ ਆ ਕੇ ੳੇਹਨਾਂ ਸੰਨ 1978 ਦੌਰਾਨ ਬਠਿੰਡਾ ਵਿਚ ਪੰਜਾਬ ਰੈਸਲਿੰਗ ਚੈਪੀਅਨਸ਼ਿਪ ਜਿੱਤੀ। ਪੰਜਾਬ ਦੀਆਂ ਮਸ਼ਹੂਰ ਛਿੰਜਾਂ ਕਾਲਾ ਸੰਘਿਆਂ, ਸ਼ਰੀਂਹ ਸ਼ੰਕਰ, ਫਗਵਾਡ਼ਾ ਅਤੇ ਰੂਪੋਵਾਲ ਵਿਚ ਸ: ਬਾਸੀ ਨੇ ਲਗਾਤਾਰ ਪਟਕੇ ਦੇ ਘੋਲ ਜਿੱਤੇ ਅਤੇ ਉਸ ਸਮੇਂ ਦੇ ਮਸ਼ਹੂਰ ਪਹਿਲਵਾਨਾਂ ਜਿਵੇਂ ਕਿ ਸ਼ਰਲਾ ਪੱਟੀ ਵਾਲਾ ਅਤੇ ਰਾਮ ਸਿੰਘ ਬਾਬੀ ਦਿੱਲੀ ਵਾਲੇ ਨੂੰ ਹਰਾ ਕੇ ਪਹਿਲਵਾਨੀ ਦੇ ਪਿਡ਼ ਵਿਚ ਜਿੱਤ ਦੇ ਝੰਡੇ ਗੱਡੇ । ਹੁਣ ਉਹ ਅਸਟਰੇਲੀਆ ਤੋਂ ਸੱਤ ਸੌ ਦੇ ਕਰੀਬ ਆਏ ਖਿਡਾਰੀਆਂ ਅਤੇ ਸਟਾਫ ਵਿਚ ਇੱਕ ਇੱਕ ਪੰਜਾਬੀ ਹੈ । ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਐਸੇ ਸਪੂਤਾਂ ਤੇ ਬਹੁਤ ਮਾਣ ਹੋਣਾਂ ਚਾਹੀਦਾ ਹੈ ।


ਪਹਿਲਵਾਨ ਕੁਲਦੀਪ ਸਿੰਘ ਬਾਸੀ ਇਸ ਸਮੇਂ ਓਲਿੰਪਕ ਵਿਲੇਜ ਵਿਚ ਰਹਿ ਰਹੇ ਹਨ ਅਤੇ ਉਹਨਾਂ ਨਾਲ ਸੰਪਰਕ ਕਰਨ ਲਈ ਉਹਨਾਂ ਦਾ ਨੰਬਰ ਹੈ –07818 331847

No comments: