Monday, August 06, 2012

ਕਹਾਣੀ// ਅੱਮਾਂ//ਲਾਲ ਸਿੰਘ ਦਸੂਹਾ

“ਜਿਮੀਂ ਤਾਂ ਜੱਟ ਦੀ ਅੱਮਾਂ ਹੁੰਦੀ ਐ ........ਬੰਦਿਆ........ਇਹਨੂੰ ਕਚੈਰੀ ‘ਚ ਖਜਲ ਕਰ ਕੇ ਪਾਪ ਦੀ ਖੱਟੀ ਕਿੰਨਾ ਚਿਰ ਘਰ ਲਈ ਆਮੇਂਗਾ।”...ਇਸੇ ਕਹਾਨੀ ਚੋ
ਕਡ਼ੀ ਵਰਗਾ ਜੁਆਨ ਸੀ , ਲੰਬਡ਼ ।ਜ਼ਿਮੀਦਾਰਾ ਬਹੁਤਾ ਵੱਡਾ ਨਹੀਂ ਸੀ , ਪਰ ਗੁਜ਼ਾਰਾ ਚੰਗਾ ਸੀ । ਲਗਭਗ ਪੂਰ ਮੁਰੱਬਾ ਪਿਓ ਦਾਦੇ ਦੀ ਜਾਗੀਰ ‘ਚੋਂ ਹਿੱਸੇ ਆਇਆ ਸੀ । ਕੰਮ ਘਟ ਕੀਤਾ ਸੀ , ਫੈਲਸੂਫੀਆਂ ਵੱਧ । ਛੇ-ਕੁਡ਼ੀਆਂ ਖੁੰਬਾਂ ਵਾਂਗ ਉਠੀਆਂ ਤੇ ਕੌਡ਼ੀ ਵੇਲ ਵਾਂਗ ਵਧੀਆ ਸਨ ।
ਜਦ ਸਤਵੀਂ ਥਾਂ ਮੁੰਡਾ ਜੰਮਿਆ ਤਾਂ ਉਦਾਸ ਚਿਹਰਿਆਂ ‘ਤੇ ਹਾਸਾਂ ਪਸਰ ਗਿਆ ਸੀ । ਘਰ-ਬਾਹਰ ਲਹਿਰਾਂ ਲਾ ਦਿੱਤੀਆਂ ਸਨ । ਭੈਣਾਂ ਨੂੰ ਕੱਪਡ਼ੇ-ਗਹਿਣੇ ,ਲੱਡੂ-ਪਤਾਸੇ ਭੇਜ ਭੇਜ ਰਜਾ ਦਿੱਤਾ ਸੀ । ਘਰ ਵਿੱਚ ਅਖੰਡ ਪਾਠ , ਜਾਗਰੇ ਕਰਾਉਦਿਆਂ ਅਤੇ ਸੰਤਾਂ-ਮਹੰਤਾਂ , ਡੇਰਿਆਂ-ਜਠੇਰਿਆਂ ਦੀਆਂ ਸੁਖਣਾਂ ਲਾਹੁੰਦਿਆਂ ਪੂਰਾ ਵਰ੍ਹਾ ਬੀਤ ਗਿਆ ਸੀ । ਇਸ ਸਾਰੇ ਖ਼ਰਚ-ਖ਼ਰਾਬੇ ਕਰਕੇ ਇੱਕ ਖੇਤ ਦੁਆਲਿਓਂ ਬੇਰੀਆਂ ਦੀ ਵਾਡ਼ ਕਟਣੀ ਪਈ ।
ਅਠਵਾਂ ਤੇ ਨੌਵਾਂ ਮੁੰਡਾ ਜੰਮੇ । ਲੰਬਡ਼ਨੀ ਨੇ ਭਾਵੇਂ ਕਾਫ਼ੀ ਸੰਕੋਚ ਵਰਤਿਆ ਪਰ ਉਹ ਆਪ ਡਿੱਗ ਪਈ । ਸਾਰੇ ਟੱਬਰ ਦਾ ਧੁਰਾ , ਲੰਬਡ਼ਨੀ ਨੂੰ ਬਚਾਉਣਾ ਬਡ਼ਾ ਜ਼ਰੂਰੀ ਸੀ । ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾਇਆ ਗਿਆ । ਮਹਿੰਗੀ ਤੋਂ ਮਹਿੰਗੀ ਦੁਆਈ ਵਰਤੀ ਗਈ । ਉਹ ਮੌਤ ਦੇ ਮੂੰਹੋਂ ਤਾਂ ਬਚ ਗਈ ਪਰ ਦੂਜਾ ਖੇਤ ਹੱਥੋਂ ਜਾਣ ਤੋਂ ਨਾ ਬਚਿਆ । ਲੰਬਡ਼ਨੀ ਨੇ ਰਾਜ਼ੀ ਹੁੰਦਿਆ ਹੀ ਘਰ ਸਾਂਭ ਲਿਆ । ਲੰਬਡ਼ ਨੇ ਪਹਿਲਾਂ ਵਾਂਗ ਬੇਫਿ਼ਕਰ ਹੋ ਫਿ਼ਰ ਘਰੋਂ ਬਾਹਰ ਪੈਰ ਧਰ ਲਿਆ । ਉਹਨੇ ਖੋਲ੍ਹੇ ਹੋਇਆਂ ਪਿੰਡ ਦੀਆਂ ਗਲੀਆਂ ਦਾ ਫਿ਼ਕਰ ਕੀਤਾ । ਚਿਕਡ਼ ਹੋਏ ਰਾਹਾਂ ਬਾਰੇ ਸੋਚਿਆ । ਉਹ ਸਰਪੰਚ ਬਣ ਗਿਆ ।ਉਹਦੇ ਘਰ ਆਓ-ਗਸ਼ਤ ਹੋਰ ਵਧ ਗਈ । ਚਾਹ ਦੀ ਪਤੀਲੀ ਚੁਲ੍ਹੇ ‘ਤੇ ਚਡ਼੍ਹੀ ਹੀ ਰਹਿੰਦੀ ਸੀ । ਆਇਆ-ਗਿਆ ਰਾਤ ਵੀ ਠਹਿਰਦਾ ਸੀ । ਦਾਰੂ-ਪਾਣੀ ਵੀ ਚਲਦਾ ਸੀ ।
ਧਰਮੀ ਬੰਦਾ ਸੀ ਲੰਬਡ਼ । ਸਿੱਧਾ ਪੱਧਰਾ, ਭਾਵੇਂ ਨਹੀਂ ਸੀ , ਪਰ ਚਲਾਕ ਵੀ ਨਹੀਂ ਸੀ । ਹੇਰ-ਫੇਰ ਘਟ ਕਰਦਾ, ਪਲਿਓਂ ਵਧ ਲਾਉਂਦਾ । ਅਗਲੀ ਵਾਰ ਫਿਰ ਸਰਪੰਚ ਚੁਣਿਆ ਗਿਆ ।ਇੰਝ ਪਿੰਡ ਦੀਆਂ ਦੋਨਾਂ ਪਾਰਟੀਆਂ ਦੀ ਸਿਰ-ਵਢਵੀਂ ਟੱਕਰ ਤਾਂ ਟਲ ਗਈ , ਪਰ ਲੰਬਡ਼ਨੀ ਦੀ ਲੰਬਡ਼ ਨਾਲ ਜੰਗ ਛਿਡ਼ ਪਈ । ਉਹ ਆਪਣੇ ਥਾਂ ਸੱਚੀ ਸੀ । ਉਹਦਾ ਹੱਥ ਤੰਗ ਹੁੰਦਾ ਗਿਆ ਸੀ । ਗਿਆਰਾਂ ਜੀਆਂ ਦੇ ਟੱਬਰ ਤੇ ਆਏ -ਗਏ ਲਈ ਖਾਣ ਦੀ ਭਾਵੇਂ ਕਮੀ ਨਹੀਂ ਸੀ ਪਰ ਹੁੰਢਾਉਣ ਦੀ ਥੁਡ਼੍ਹ ਉਹਨੂੰ ਬਹੁਤ ਚੁੱਭਦੀ ਸੀ । ਛੇਆਂ ਧੀਆਂ ‘ਚੋਂ ਕਿਸੇ ਦੀ ਚੰੁਨੀ ਪਾਟੀ ਹੋਈ ਹੁੰਦੀ , ਕਿਸੇ ਦਾ ਲੀਡ਼ਾ ਨਾ ਹੁੰਦਾ । ਤਿੰਨਾਂ ਮੁੰਡਿਆਂ ਦਾ ਰਹਿਣ ਸਹਿਣ ਵੀ ਲੰਬਡ਼ ਵਰਗਾ ਨਹੀਂ ਸੀ । ਕੋਈ ਜੀਅ ਬਿਮਾਰ ਸ਼ਮਾਰ ਹੁੰਦਾ ਤਾਂ ਉਹਦੇ ਲਈ ਬਿਪਤਾ ਆ ਪੈਂਦੀ । ਪਿੰਡ ਦੀ ਪੰਜਵੀਂ ਕਰਾ ਉਹ ਕਿਸੇ ਵੀ ਕੁਡ਼ੀ ਨੂੰ ਸ਼ਹਿਰ ਵੱਡੇ ਸਕੂਲ ਨਹੀਂ ਸੀ ਭੇਜ਼ ਸਕੀ । ਇਹ ਗੱਲ ਲੰਬਡ਼ ਨੂੰ ਵੀ ਖਟਕਦੀ ਸੀ , ਪਰ ਉਹਦੀ ਵਰ੍ਹੇ ਛਿਮਾਹੀ ਦੀ ਲਹੂ ਰੰਗੀ ਜਿਣਸ ਸ਼ਾਹਾਂ ਦੇ ਤਰੰਗੇ ਧਰਮ ਕੰਡੇ ਦੀ ਡੰਡੀ ‘ਤੇ ਲਟਕਦੀ , ਵੱਟਿਆਂ ਓਹਲੇ ਲੁਕੀ ਵਿਹੀ ਦਾ ਪੁਰਾਣਾ ਹਿਸਾਬ ਹੀ ਮਸਾਂ ਚੁਕਤਾ ਕਰਦੀ ।
ਇਉਂ ਬਾਲਾਂ ਦੇ ਸਿਰਾਂ ਦਾ ਨੰਗੇਜ਼ ਪਿੰਡਿਆਂ ਵਲ ਸਰਕਦਾ ਦੇਖ , ਇੱਕ ਵਾਰ ਹੋਰ ਤਹਿਸੀਲੋਂ ਇਕ ਖੇਤ ਦੇ ਪੈਸੇ ਵਟ ਕੇ ਜਾਂ ਲੰਬਡ਼ ਘਰ ਪਰਤਿਆ ਤਾਂ ਲੰਬੈਡ਼ਨੀ ਨੇ ਸਡ਼ਦਾ ਬਲਦਾ ਅੰਗਿਆਰ ਉਹਦੀ ਸਰਪੰਚੀ ਦੀ ਟੌਰ ‘ਤੇ ਰੱਖ ਦਿੱਤਾ । “ਜਿਮੀਂ ਤਾਂ ਜੱਟ ਦੀ ਅੱਮਾਂ ਹੁੰਦੀ ਐ ........ਬੰਦਿਆ........ਇਹਨੂੰ ਕਚੈਰੀ ‘ਚ ਖਜਲ ਕਰ ਕੇ ਪਾਪ ਦੀ ਖੱਟੀ ਕਿੰਨਾ ਚਿਰ ਘਰ ਲਈ ਆਮੇਂਗਾ।”
ਲੰਬਡ਼ ਤੋਂ ਉਹਦੀ ਟੋਕ ਸਹਾਰੀ ਨਾ ਗਈ । ਉਹਦੀ ਚਿੱਟੀ ਖਡ਼ਕਦੀ ਚਾਦਰ ਢਿਲਕ ਕੇ ਡਿੱਗ ਪਈ । ਉਹ ਖੱਦਰ ਦਾ ਸਾਫ਼ਾ ਤੇਡ਼੍ਹ ਬੰਨ੍ਹ ਖੇਤਾਂ ਨੂੰ ਨਿਕਲ ਤੁਰਿਆ । ਕਹੀ ਉਹਦੇ ਮੋਢੇ ‘ਤੇ ਟਿਕੀ ਉਹਦੀ ਲੰਬਡ਼ਦਾਰੀ ਨੂੰ ਟਾਂਚਾਂ ਕਰਦੀ ਰਹੀ , ਪਰ ਉਹ ਸਰਪੰਚੀ ਪਿਛੇ ਛਡ, ਹੱਲ ਦੀ ਜੰਘੀ ਫਡ਼ੀ ਆਪਣੇ ਸਿਆਡ਼ ਅਗੇ ਲੈ ਤੁਰਿਆ ।
ਢਲਦੇ ਹੱਡਾਂ ਨੂੰ ਹੱਥੀ ਸਾਂਭਣੀ ਔਖੀ ਜਾਪੀ । ਉਹਦੇ ਦਸਾਂ ਖੇਤਾਂ ਦੀ ਫ਼ਰਦ ਦਾ ਕਾਗਜ਼ ਦਾ ਟੁਕਡ਼ਾ ਦੇ ਕੇ ਚਿੱਟੇ ਰੰਗ ਦਾ ਹਾਥੀ ਜਿੱਡਾ ਟਰੈਕਟਰ ਹਵੇਲੀ ਲਿਆ ਖਡ਼ਾ ਕੀਤਾ। ਇਸ ਵਾਰ ਲੰਬਡ਼ਨੀ ਨੂੰ ਬੈਂਕ ਕੋਲ ਗਿਰਵੀ ਰੱਖੀ ‘ਜੱਟ ਦੀ ਅੱਮਾਂ’ ਦਾ ਤੌਖਲਾ ਤਾਂ ਹੋਇਆ, ਪਰ ਕਿਸ਼ਤਾਂ ਤਾਰ ਕੇ ਖੇਤਾਂ ਦੀ ਮਾਲਕੀ ਬੈਂਕ ਪਾਸੋਂ ਮੁਡ਼ ਆਉਣ ਦੀ ਆਸ ਲੀਡ਼ੇ ਦੀ ਕੰਨੀ ਲਡ਼ ਬੰਨ੍ਹ ਕੇ,ਸੱਜਰ ਸੂਈ ਬੂਰੀ ਨੂੰ ਥਾਪੀ ਦੇ ਕੇ ਧਾਰ ਕੱਢਣ ਬੈਠਦੀ ਨੇ ਟਿਲਰਾਂ,ਕਰਾਹਾ , ਟਰਾਲੀ ,ਡਿਸਕਾਂ ਖ਼ਰੀਦਣ ਲਈ ਇਕ ਖੇਤ ਹੋਰ ਵੇਚਣ ਦਾ ਹੁੰਗਾਰਾ ਵੀ ਭਰ ਦਿੱਤਾ ।
ਪਹਿਲੀਆਂ ਦੋ ਤਿੰਨ ਕਿਸ਼ਤਾਂ ਪੂਰੀਆਂ ਕਰਦਾ ਲੰਬਡ਼ ਕੁੱਬਾ ਹੋ ਗਿਆ । ਉਹਦੀ ਥੱਮੀ ਵਰਗੀ ਦੇਹ ਪਰੈਣੀ ਦਾ ਆਸਰਾ ਟੋਲਣ ਲੱਗੀ । ‘ਸਿਰ ਚਡ਼੍ਹੀਆਂ ਕੁਡ਼ੀਆਂ ਦੇ ਭਾਰ ਨਾਲ ਉਹਦੇ ਗਿੱਟੇ ਗੋਡੇ ਤਿਡ਼ਕਣ ਲੱਗ ਪਏ । ਪਡ਼੍ਹਾਈ ਛੁਡਾ ਕੇ ਵੱਡੇ ਕਿਰਪਾਲੇ ਨੂੰ ਟਰੈਕਟਰ ‘ਤੇ ਬਿਠਾਣਾ ਪਿਆ ।
ਮੰਜਾ ਮੱਲੀ ਪਈ ਲੰਬਡ਼ਨੀ ਨੇ ਇੱਕ ਦਿਨ ਡੁਲਕਦੇ ਲੰਬਡ਼ ਨੂੰ ਪੀਡ਼੍ਹੀ ਤੇ ਬੈਠਣ ਲਈ ਸੈਨਤ ਕਰ ਕੇ ਆਖਿਆ - “ ਆਪਣਾ ਸੱਤ ਲੈ ਕੇ ਕੰਜਕਾਂ ਆਪਣੇ ਘਰੀਂ ਚਲੇ ਜਾਣ ਤਾਂ ਈ ਸਾਡੇ ਧੌਲਿਆਂ ਦੀ ਲਾਜ ਬਚਦੀ ਆ ।”
ਬੁੱਢੇ ਲੰਬਡ਼ ਦੇ ਹੰਭੇ ਹੱਡਾਂ ਨੇ ਮੁੰਡੇ ਟੋਲਣ ਲਈ ਵਿਤੋਂ ਵਧ ਨੱਠ ਭੱਜ ਕੀਤੀ । ਦੋ-ਦੋ ਕਰਕੇ ਕੁਡ਼ੀਆਂ ਦੇ ਦੋ ਪੂਰ ਕੱਢੇ । ਪਰ ਇਸ ਕੰਨਿਆ-ਦਾਨ ਦੇ ਯੱਗਾਂ ਵਿੱਚ ਚੌਂਹ ਹੋਰ ਖੇਤਾਂ ਦੀ ਬਲੀ ਦੇਣੀ ਪਈ । ਨਿੱਕੀਆਂ ਦੋਨਾਂ ਤੇ ਤਿੰਨਾਂ ਮੁੰਡਿਆਂ ਨੂੰ ਬਚਦੇ ਖੇਤਾਂ ਵਿੱਚ ਕੰਮ ਕਰਦੇ ਦੇਖ ਲੰਬਡ਼ ਹਉਕਾ ਭਰ ਕੇ ਉਰਲੀ ਵੱਟੋਂ ਹੀ ਵਾਪਸ ਮੁਡ਼ ਆਉਂਦਾ ਤੇ ਹਵੇਲੀ ਵਿੱਚ ਆਪਣੀ ਮੰਜੀ ‘ਤੇ ਆ ਡਿੱਗਦਾ।
ਬੇਰੀ ਦੇ ਡੰਡੇ ਦੀ ਬਣੀ ਲੰਬਡ਼ ਦੀ ਡੰਗੋਰੀ ਨੇ ਮਸਾਂ ਚਾਰ ਕੁ ਸਾਲ ਹੋਰ ਕੱਢੇ । ਭਰ ਸਿਆਲੇ ਵਿੱਚ ਡੰਗਰਾਂ ਵਾਲੇ ਅੰਦਰ ਸੁੱਤਾ ਉਹ ਇਕ ਸਵੇਰ ਨਾ ਉਠਿਆ ।ਢੱਠੇ ਢਾਰੇ ਦੇ ਤੋਡ਼ੇ ਕਡ਼ੀਆਂ ਚਿਣ ਕੇ ਬਣਾਈ ਚਿਤਾ ਨੂੰ ਸੌਂਪਿਆ ਲੰਬਡ਼ ਇਕ ਵਾਰ ਭਾਂਬਡ਼ ਬਣ ਕੇ ਸਦਾ ਲਈ ਬੁਝ ਗਿਆ ।
ਮਸਾਂ ਤੁਰਦੀ ਲੰਬਡ਼ਨੀ ਟੱਬਰ ਦੇ ਫਿ਼ਕਰ ਹੇਠ ਦੱਬੀ ਗਈ । ਬਲੂਰ ਬਾਲਾਂ ਨੂੰ ਟਰੈਕਟਰ ਦੀਆਂ ਕਿਸ਼ਤਾਂ ਦੇ ਭਾਰ ਨੇ ਨੱਪ ਲਿਆ ।ਵੱਡਾ ਕਿਰਪਾਲਾ ਸਭ ਕੁਝ ਛੱਡ-ਛੁਡਾ ਕੇ ਭਰਤੀ ਹੋ ਗਿਆ । ਵੱਡੀ ਤੋਂ ਛੋਟੀ ਕੁਡ਼ੀ ਵੀਰੋ ਲਡ਼ ਝਗਡ਼ ਕੇ ਸਹੁਰੇ ਘਰੋਂ ਦੋਂ ਬਾਲਾਂ ਸਮੇਤ ਮੁਡ਼ ਪਰਤ ਆਈ । ਡਿਗਦੀ ਢਹਿੰਦੀ ਲੰਬਡ਼ਨੀ ਨੇ ਸਾਰਾ ਗ਼ਮ ਅੰਦਰੋ-ਅੰਦਰ ਪੀ ਕੇ ਵੀ ਵੀਰੋ ਦੇ ਟੁੱਟੇ ਸੰਜੋਗ ਨੂੰ ਆਸਰਾ ਦਿੱਤਾ । ਨਿੱਕੀਆਂ ਨੂੰ ਬੁੱਕਲ ਵਿੱਚ ਲਿਆ ਕੇ ਨਿੱਕਿਆਂ ਦੀ ਪਿੱਠ ਥਾਪਡ਼ੀ । ਘੁੰਮਣ-ਘੇਰੀ ਵਿੱਚ ਫਸੀ ਬੇਡ਼ੀ ਬਰੇਤੀ ਆਸਰੇ ਡੁਲਕਣੋ ਤਾਂ ਹਟ ਗਈ ਪਰ ਕੰਢੇ ਲੱਗਣ ਲਈ ਟਰੈਕਟਰ ਦੀਆਂ ਕਿਸ਼ਤਾਂ ਤਾਰਨ ਲਈ ਉਧਾਰ ਕਿਧਰੋਂ ਨਾ ਮਿਲਿਆ ।
ਵੀਰੋ ਦੀ ਸਹੁਰੇ ਘਰ ਦੀ ਖਟ-ਪਟੀ ਸਭ ਹੱਦਾਂ ਬੰਨੇ ਟਪ ਕੇ ਕਚਹਿਰੀ ਪਹੁੰਚ ਗਈ । ਕੋਈ ਧਿਰ ਮੁਡ਼ ਵਸਣ ਲਈ ਰਾਜ਼ੀ ਨਾ ਹੋਈ । ਮਹਿੰਗੇ ਵਕੀਲ ਦੀ ਫ਼ੀਸ ਭਰ ਕੇ ਵੀਰੋ ਨੇ ਮੁੰਡਾ ਪਹਿਲੇ ਪਤੀ ਨੂੰ ਦੇ ਕੇ ਕੁਡ਼ੀ ਆਪ ਰੱਖ ਲਈ ਤੇ ਤਲਾਕ ਲੈ ਲਿਆ । ਮਰਨ ਕੰਢੇ ਪਹੁੰਚੀ ਲੰਬਡ਼ਨੀ ਦੀ ਕੁੱਖ ਨੂੰ ਇੱਕ ਧੀ ਦਾ ਹੋਰ ਭਾਰ ਮਹਿਸੂਸ ਹੋਇਆ । ਲੰਬਡ਼ ਦੇ ਨਾਂ ਤੋਂ ਮੁੰਡਿਆਂ ਦੇ ਨਾਂ ਹੁੰਦੀ ਜ਼ਮੀਨ ਵਿੱਚ ਛੁਟਡ਼ ਵੀਰੋ ਨੇ ਆਪਣੇ ਹਿੱਸੇ ਦੀ ਲੱਤ ਅਡ਼ਾ ਕੇ ਮਾਂ ਦੀ ਕੁਖ ਦਾ ਦਰਦ ਉਹਦੀ ਛਾਤੀ ‘ਤੇ ਢੇਰੀ ਕਰ ਦਿੱਤਾ। ਮੁੰਡਿਆ ਦੇ ਹਿੱਸੇ ਦੀ ਸੌਂਕਣ ਬਣੀ ਵੀਰੋ ਪੈਰ ਪਸਾਰ ਕੇ ਵਿਹਡ਼ੇ ਵਿੱਚ ਪਸਰ ਗਈ ।
ਤਲਾਕ ਦਾ ਕੇਸ ਜਿੱਤਣ ਵਾਲੇ ਵਕੀਲ ਦੇ ਵੀਰੋ ਬਹੁਤੀ ਨੇਡ਼ੇ ਚਲੀ ਗਈ ਸੀ । ਰਾਤ ਦਿਨ ਖੇਤਾਂ ‘ਚ ਰੁਝਿਆ ਉਸ ਦਾ ਪਹਿਲਾ ਪਤੀ ,ਸੋਖ਼ ਸੁਭਾ ਦੀ ਵੀਰੋ ਨੂੰ ਸ਼ਹਿਰਾਂ ਦੀਆਂ ਰੰਗੀਨੀਆਂ ਵਿੱਚ ਰੰਗ ਨਹੀਂ ਸੀ ਸਕਿਆ , ਪਰ ਵਕੀਲ ਨਾਲ ਇਕ ਦੋਂ ਤਰੀਕਾਂ ਵਿਚ ਹੀ ਉਸ ਨੂੰ ਹਲੂਣਾ ਜਿਹਾ ਆਇਆ । ਵਕੀਲ ਜ਼ਮੀਨ ਦੀ ਲਾਲਸਾ ਤੇ ਵੀਰੋ ਨੂੰ ਸ਼ਹਿ ਦੇਂਦਾ ਗਿਆ। ਸਰਾਪੀ ਵੀਰੋ ਲੰਬਡ਼ਨੀ ਨੂੰ ਨਾਗਣ ਦਿੱਸਣ ਲੱਗ ਪਈ । ਘਰ ਦਾ ਕੋਈ ਜੀਆ ਉਸ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ । ਸਡ਼ਦੀ ਭੁੱਜਦੀ ਵੀਰੋ ਆਪਣੀ ਧੀ ਲਾਡੀ ਦੀ ਸ਼ਾਮਤ ਲਿਆਈ ਰੱਖਦੀ । ਦਿਨ ਵਿੱਚ ਕਈ ਕਈ ਵਾਰ ਉਸ ਨੂੰ ਥਾਪਡ਼ ਸੁੱਟਦੀ । ਕੁਡ਼ੀ ਨਠ ਕੇ ਨਾਨੀ ਦੀ ਬੁੱਕਲ ਵਿੱਚ ਜਾ ਸ਼ਰਨ ਲੈਂਦੀ ।ਪਰ ਰਾਤ ਸੁੱਤੀ-ਸੁੱਤੀ ਕਿੰਨਾ ਕਿੰਨਾ ਚਿਰ ‘ਮੱਮੀ-ਮੱਮੀ’ ਕਰਦੀ ਬੁਡ਼ੁਡ਼ਾਉਂਦੀ ਰਹਿੰਦੀ ।
ਪੇਕੇ ਘਰੋਂ ਤੰਗ ਹੋ ਕੇ ਇਕ ਸਵੇਰ ਵੀਰੋ ਤਿਆਰ ਹੋਈ ਤੇ ਵਕੀਲ ਕੋਲ ਪਹੁੰਚ ਗਈ । ਦੋ,ਚਾਰ,ਦਸ,ਵੀਹ ਦਿਨ ਵਾਪਸ ਨਾ ਮੁਡ਼ੀ । ਲੰਬਡ਼ਨੀ ਨੂੰ ਆਪਣੇ ਧੌਲਿਆਂ ‘ਚੋਂ ਸੁਆਹ ਦੀ ਭੂਰ ਉਡਦੀ ਜਾਪੀ ਪਰ ਲਾਚਾਰ ਕਿਸ ਬੰਨ੍ਹੇ ਲੱਭਣ ਜਾਂਦੀ ? ਜ਼ਮੀਨ ਮੁੰਡਿਆਂ ਦੇ ਨਾਂ ਹੋਣੋ ਵੀਰੋ ਦੀ ਸਹਿਮਤੀ ਉਡੀਕਦੀ ਰਹੀ , ਪਰ ਵੀਰੋ ਨਾ ਪਰਤੀ । ਇਕ ਅੱਧ ਖੇਤ ਗਹਿਣੇ ਧਰ ਕੇ ਵਰਕਸ਼ਾਪ ਖੁਲਿਆਂ ਟਰੈਕਟਰ ਵੀ ਘਰ ਨਾ ਲਿਆਂਦਾ ਗਿਆ । ਨਵੇਂ ਹਿੱਸੇ ਪੁਰਜ਼ਿਆ ਨੂੰ ਤਰਸਦਾ ਆਖਿ਼ਰ ਉਹ ਕੁਆਡ਼ ਦੇ ਭਾਅ ਵਿੱਕ ਗਿਆ । ਲਾਡੀ ਨੂੰ ਛਾਤੀ ਨਾਲ ਲਾਈ , ਜ਼ੰਗਾਲੀਆਂ ਟਿਲਰਾਂ ਨਾਲ ਢੋਅ ਲਾਈ ਬੈਠੀ , ਲਾਡੀ ਦੀ ਮੰਮੀ ਦੀ ਅੱਮਾਂ , ਲੰਬਡ਼ਨੀ ਦੇ ਹੰਝੂਆਂ ਨੂੰ ਖਾਖਾਂ ਤਕ ਵਗਣ ਲਈ ਅੱਖਾਂ ਦੇ ਟੋਇਆਂ ਵਿਚੋਂ ਪਾਣੀ ਲੱਭਣਾ ਮੁਹਾਲ ਹੁੰਦਾ ਗਿਆ ।
ਮੁੱਲਾਂ ਦੀ ਦੌਡ਼ ਮਸੀਤ ਤੱਕ .........। ਹਾਰੀ ਥੱਕੀ ਲੰਬਡ਼ਨੀ ਨੇ ਇਕ ਵਾਰ ਫਿਰ ਹਿੰਮਤ ਕਰ ਕੇ , ਬੁੱਢੇ ਬਲਦਾਂ ਨੂੰ ਥਾਪੀ ਦੇ ਕੇ , ਤਾਰੇ ਹੱਥ ਪਰੈਣੀ ਫਡ਼ਾ ਖੇਤਾਂ ਨੂੰ ਤੋਰ ਦਿੱਤਾ । ਕੁਡ਼ੀਆਂ ਹੱਥ ਛਾਹ ਵੇਲਾ ਭੇਜ ,ਆਪ ਪਿਛੇ ਪਿਛੇ ਡੰਗੋਰੀ ਟੇਕਦੀ ਸੁਹਾਗੇ ਖੇਤਾਂ ਤੇ ਬੰਨੇ ‘ਤੇ ਜਾ ਬੈਠੀ । ਪਰ ਉਸ ਤੋਂ ‘ਆਪਣੇ’ ਰੋਹੀ ਆਲੇ ਖੇਤੀਂ ਚਲਦੇ ਲਹਿਣੇਦਾਰ ਦੇ ਟਰੈਕਟਰ ਦੋ ਘਡ਼ੀਆਂ ਵੀ ਦੇੇਖੇ ਨਾ ਗਏ । ਉਸ ਨੇ ਹਉਕਾ ਭਰਿਆ ਤੇ ਡੱਕੋ-ਡੋਲੇ ਖਾਂਦੀ ਉੱਠ ਖਡ਼ੀ ਹੋਈ।
ਘਰ ਨੂੰ ਪਰਤਨ ਲੱਗੀ ਨੇ ਇੱਕ ਵਾਰ ਫਿਰ ਪਿਛਾਂਹ ਭੌਂ ਕੇ, ਉਸ ਨੇ ਦੇਖਿਆ ਕਿ ਉਹਦੀ ਜੁਆਨੀ ਵੇਲੇ ਅੰਗਡ਼ਾਈ ਲੈਂਦਿਆ ਦੂਰ ਦਿੱਸਦਾ ਮੁਰੱਬੇ ਦਾ ਦੂਜਾ ਸਿਰਾ , ਹੁਣ ਵੱਟ ‘ਤੇ ਖਡ਼ੋਤੇ ਉਹਦੇ ਬੁਢੇਪੇ ਦੇ ਤਾਂ ਐਨ ਪੈਰਾਂ ਤਕ ਸੁੰਗਡ਼ ਗਿਆ ਸੀ , ਪਰ ਟੱਬਰ ਦੀ ਖ਼ਰਚਦਾਰੀ ਦਾ ਖੇਤਰਫ਼ਲ ਦੂਰ ਦਿਸਹੱਦੇ ਤਕ ਵਿਛਿਆ ਉਵੇਂ ਦਾ ਉਵੇਂ ਹੀ ਦਿਸ ਰਿਹਾ ਸੀ ।---------------------------
ਲਾਲ ਸਿੰਘ ਦਸੂਹਾ,
ਨੇਡ਼ੇ ਐਸ .ਡੀ.ਐਮ ਕੋਰਟ,
ਜੀ.ਟੀ.ਰੋਡ ਦਸੂਹਾ ( ਹੁਸ਼ਿਆਰਪੁਰ)
ਪੰਜਾਬ
094655-74866

No comments: