Sunday, August 05, 2012

ਸਮਾਜ ਉਪਰ ਰਾਜ ਦੀ ਮਰਜ਼ੀ ਠੋਸਣਾ ਘਾਤਕ: ਹਿਮਾਂਸ਼ੂ ਕੁਮਾਰ

ਲੋਕਾਂ ਕੋਲ ਸੰਗਰਾਮ ਬਿਨਾਂ ਕੋਈ ਰਾਹ ਨਹੀਂ:ਡਾ.ਬੀ.ਡੀ.ਸ਼ਰਮਾ 

ਜਲੰਧਰ; 4 ਅਗਸਤ-(ਬਿਊਰੋ ਰਿਪੋਰਟ) ਅਪਰੇਸ਼ਨ ਗਰੀਨ ਹੰਟ ਵਿਰੋਧੀ  ਜਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਈ ਸੂਬਾਈ ਕਨਵੈਨਸ਼ਨ 'ਚ ਪੰਜਾਬ ਭਰ ਤੋਂ ਜੁੜੇ ਬੁੱਧੀਜੀਵੀਆਂ ਅਤੇ ਵੱਖ ਵੱਖ ਮਿਹਨਤਕਸ਼ ਤਬਕਿਆਂ ਅੰਦਰ ਸੰਘਰਸ਼ਸ਼ੀਲ, ਜਮਹੂਰੀ ਇਨਕਲਾਬੀ ਸ਼ਕਤੀਆਂ  ਨੇ ਦੋਵੇਂ ਬਾਹਵਾਂ ਖੜੀਆਂ ਕਰਕੇ ਜ਼ੋਰਦਾਰ ਮੰਗ ਕੀਤੀ ਕਿ ਲੋਕਾਂ ਕੋਲੋਂ ਜ਼ਮੀਨ, ਜਲ, ਕੁਦਰਤੀ ਸਰੋਤ ਅਤੇ ਜੰਗਲ ਆਦਿ ਖੋਹਣ ਲਈ ਅਪਰੇਸ਼ਨ ਗਰੀਨ ਹੰਟ ਦੇ ਨਾਂਅ ਹੇਠ ਲੋਕਾਂ ਦੀ ਕਿਰਤ ਕਮਾਈ, ਸਵੈਮਾਨ, ਜ਼ਿੰਦਗੀ ਅਤੇ ਜਮਹੂਰੀ ਹੱਕਾਂ ਉਪਰ ਬੋਲਿਆ ਜਾ ਰਿਹਾ ਧਾਵਾ ਫੌਰੀ ਬੰਦ ਕੀਤਾ ਜਾਏ।
ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਕੋ-ਕਨਵੀਨਰ ਯਸ਼ਪਾਲ, ਸੂਬਾ ਕਮੇਟੀ ਮੈਂਬਰ ਪ੍ਰੋ. ਬਲਦੀਪ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਦੀ ਪ੍ਰਧਾਨਗੀ ਅਤੇ ਜਮਹੂਰੀ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਦੀ ਮੰਚ ਸੰਚਾਲਨਾ ਹੇਠ ਹੋਈ ਸੂਬਾਈ ਕਨਵੈਨਸ਼ਨ ਨੂੰ ਦਿੱਲੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਹਿਮਾਂਸ਼ੂ ਕੁਮਾਰ ਅਤੇ ਡਾ. ਬੀ.ਡੀ.ਸ਼ਰਮਾ ਨੇ ਸੰਬੋਧਨ ਕੀਤਾ।
ਉੱਘੇ ਗਾਂਧੀਵਾਦੀ ਚਿੰਤਕ ਹਿਮਾਂਸੂ ਕੁਮਾਰ ਨੇ ਬੀਜਾਪੁਰ (ਛਤੀਸਗੜ੍ਹ) ਦੇ ਹਿਰਦੇਵੇਦਕ ਕਾਂਡ 'ਚ ਮਾਰੇ ਗਏ ਬੱਚਿਆਂ, ਬੱਚੀਆਂ, ਔਰਤਾਂ ਅਤੇ ਬੇਗੁਨਾਹ ਨਿੱਹਥੇ ਆਦਿਵਾਸੀਆਂ ਨੂੰ ਦਿੱਤੀ ਅਜੇਹੀ ਗਿਣੀ ਮਿਥੀ ਸਜ਼ਾ ਪਿੱਛੇ ਛੁਪੀ ਕਹਾਣੀ ਨੂੰ ਬੇਪਰਦ ਕਰਦਿਆਂ ਦੱਸਿਆਂ ਕਿ ਘਟਨਾ ਸਥਾਨ ਵਾਲੇ ਪਿੰਡਾਂ ਵਿੱਚੀਂ ਲੰਘ ਕੇ ਹੀ ਬੇਲਾਡੇਲਾ ਦੇ ਪਹਾੜਾਂ ਅੰਦਰ ਛੁਪੇ ਖਣਿਜ ਪਦਾਰਥਾਂ ਤੱਕ ਪਹੁੰਚਿਆ ਜਾ ਸਕਦਾ ਹੈ। ਜਿਨਾਂ ਤੇ ਜੱਫਾ ਮਾਰਨ ਲਈ ਟਾਟਾ, ਮਿੱਤਲ, ਅੰਬਾਨੀ ਅਤੇ ਆਈਸ਼ਰ ਆਦਿ ਅਜ਼ਾਰੇਦਾਰ ਘਰਾਣਿਆਂ ਨਾਲ ਸੌਦਾ ਹੋ ਚੁੱਕਾ ਹੈ। ਇਸ ਲਈ ਪੂਰੇ ਖੇਤਰ ਨੂੰ ਦਹਿਸ਼ਤਜ਼ਦਾ ਕਰਕੇ ਇਥੋਂ ਉਜਾੜਨ ਦੀ ਗੁੱਝੀ ਸਕੀਮ ਤਹਿਤ ਹੀ ਇਹ ਵਹਿਸ਼ਤ ਦਾ ਖ਼ੂਨੀ ਨਾਚ ਨੱਚਿਆ ਗਿਆ ਹੈ।
ਹਿਮਾਂਸ਼ੂ ਕੁਮਾਰ ਨੇ ਮੰਚ ਤੋਂ ਠੋਸ ਤੱਥ ਪੇਸ਼ ਕਰਦਿਆਂ ਦੱਸਿਆ ਕਿ ਆਦਿਵਾਸੀ ਜਵਾਨ ਲੜਕੀਆਂ ਨੂੰ ਜਬਰੀ ਉਠਾ ਕੇ, ਥਾਣੇ ਡੱਕ ਕੇ ਉਨ੍ਹਾਂ ਦੀ ਪੱਤ ਲੁੱਟੀ ਜਾ ਰਹੀ ਹੈ, ਉਹਨਾਂ ਨੂੰ ਜੇਲ੍ਹੀਂ ਡੱਕਿਆ ਜਾ ਰਿਹਾ ਹੈ ਜਿੱਥੇ ਉਹ ਕੁਆਰੀਆਂ ਮਾਵਾਂ ਬਣ ਰਹੀਆਂ ਹਨ ਜੁਲਮੋ ਸਿਤਮ ਸਭ ਹੱਦਾ ਪਾਰ ਕਰ ਚੁੱਕਾ ਹੈ। ਅਜਿਹਾ ਕਹਿਰ ਢਾਹੁਣ ਵਾਲੇ ਅਤੇ ਕੌਮੀ ਸੰਪਤੀ ਲੁੱਟਣ ਵਾਲੇ ਦੇਸ਼ ਭਗਤ ਅਖਵਾ ਰਹੇ ਹਨ ਅਤੇ ਇਨ੍ਹਾਂ ਖਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੈ।
ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਸਾਡੇ ਵਰਗੇ ਗਾਂਧੀਵਾਦੀ, ਜਮਹੂਰੀਅਤ ਅਤੇ ਅਮਨ-ਪਸੰਦ ਲੋਕਾਂ ਲਈ ਆਪਣੀ ਗੱਲ ਜਚਾਉਣ ਲਈ ਕੋਈ ਜਗ੍ਹਾ ਨਹੀਂ ਛੱਡੀ ਜਾ ਰਹੀ, ਅਸੀਂ ਵੀ ਹੁਣ ਇਸ ਨਤੀਜੇ ਤੇ ਪੁੱਜੇ ਹਾਂ ਕਿ ਲੋਕਾਂ ਕੋਲ ਅਜੋਕੇ ਗਲੇ ਸੜੇ ਨਿਜ਼ਾਮ ਖਿਲਾਫ ਖੜ੍ਹੇ ਹੋਣ ਤੋਂ ਬਿਨਾਂ ਹੋਰ ਕੋਈ ਵੀ ਰਾਹ ਬਾਕੀ ਨਹੀਂ ਬਚਿਆ।
ਸਿਲਾਂਗ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਲੰਮਾ ਅਰਸਾ ਬਸਤਰ ਖੇਤਰ 'ਚ  ਉੱਚ ਅਧਿਕਾਰੀ ਰਹੇ ਅਤੇ ਲੋਕ ਮਸਲਿਆਂ ਉਪਰ 100 ਦੇ ਕਰੀਬ ਪੁਸਤਕਾਂ ਦੇ ਲੇਖਕ ਡਾ. ਬੀ.ਡੀ. ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੇ ਮੁਲਕ ਦੇ ਆਦਿਵਾਸੀ, ਕਿਰਤੀ ਕਿਸਾਨਾਂ ਉਪਰ ਅਜੇ ਵੀ ਬਰਤਾਨਵੀ ਸਾਮਰਾਜੀ ਪ੍ਰਬੰਧ ਵਾਲੇ ਕਾਇਦੇ ਕਾਨੂੰਨ ਮੜ੍ਹੇ ਜਾ ਰਹੇ ਹਨ, ਮੁਢਲੇ ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਨਤੀਜੇ ਵਜੋਂ ਕਿਰਤੀ ਕਿਸਾਨਾਂ ਪੱਲੇ ਕਰਜੇ, ਮੰਦਹਾਲੀ ਅਤੇ ਖੁਦਕੁਸ਼ੀਆਂ ਪੈ ਰਹੀਆਂ ਹਨ, ਅਜੇਹੀ ਹਾਲਤ ਅੰਦਰ ਲੋਕਾਂ ਕੋਲ ਇਕੋ ਇਕ ਰਾਹ ਇਹੋ ਬਚਿਆ ਹੈ ਕਿ ਉਹ ਅਜੇਹੇ ਲੋਕ-ਦੋਖੀ ਪ੍ਰਬੰਧ ਨੂੰ ਮੂਲੋਂ ਬਦਲਕੇ ਸਮਾਜ-ਪੱਖੀ, ਨਿਆਂ ਅਤੇ ਬਰਾਬਰੀ 'ਤੇ ਟਿਕਿਆ ਸਮਾਜ ਸਿਰਜਣ ਲਈ ਸੰਘਰਸ਼ ਦੇ ਮੈਦਾਨ 'ਚ ਨਿੱਤਰਿਆ ਜਾਏ।
ਕਨਵੈਨਸ਼ਨ ਵਲੋਂ ਪਾਸ ਕੀਤੇ ਮਤਿਆਂ 'ਚ ਮੰਗ ਕੀਤੀ ਗਈ ਕਿ ਅਪਰੇਸ਼ਨ ਗਰੀਨ ਹੰਟ ਫੌਰੀ ਬੰਦ ਕੀਤਾ ਜਾਏ, ਝੂਠੇ ਪੁਲਸ ਮੁਕਾਬਲੇ ਅਤੇ ਬੀਜਾਪੁਰ ਵਰਗੇ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਸੀਮਾ ਆਜ਼ਾਦ, ਵਿਸ਼ਵ ਵਿਜੈ, ਜਤਿਨ ਮਰਾਂਡੀ, ਸੋਨੀ ਸੋਰੀ, ਚੇਤਨਾ ਨਾਟਕ ਕੇਂਦਰ ਛਤੀਸਗੜ੍ਹ, ਕਬੀਰ ਕਲਾ ਮੰਚ ਮਹਾਂਰਾਸ਼ਟਰ ਅਤੇ ਨਾਟਿਅਮ ਅਭਿਨੇਤਾ ਦਾ ਰੰਗ ਮੰਚ ਬਠਿੰਡਾ ਦੇ ਕਲਾਕਾਰਾਂ ਤੇ ਮੜੇ ਕੇਸ ਰੱਦ ਕੀਤੇ ਜਾਣ। ਚਰਾਂਸੋ, ਬਲਬੇੜਾ (ਪਟਿਆਲਾ), ਕਿਸਾਨਾ ਦਾ ਉਜਾੜਾ ਬੰਦ ਕੀਤਾ ਜਾਏ, ਮਾਲਕੀ ਹੱਕ ਦਿੱਤੇ ਜਾਣ। ਬੀ.ਕੇ.ਯੂ (ਕ੍ਰਾਂਤੀਕਾਰੀ) ਦੇ ਆਗੂ ਬਾਲ ਕ੍ਰਿਸ਼ਨ ਫੌਜੀ ਨੂੰ ਤੁਰੰਤ ਅਦਾਲਤ 'ਚ ਪੇਸ਼ ਕੀਤਾ ਜਾਏ। ਮਾਨਸਾ ਜਿਲੇ ਦੇ ਪਿੰਡ ਅਕਲੀਆ ਦੇ ਲੋਕਾਂ ਉਪਰ ਜੁਲਮ ਢਾਹੁਣ ਅਤੇ ਦੋ ਮਨੁੱਖੀ ਜਾਨਾਂ ਲੈਣ ਦੇ ਮੁਜ਼ਰਮਾ ਨੂੰ ਸਜ਼ਾਵਾਂ ਦਿੱਤੀਆਂ ਜਾਣ।
ਜਮਹੂਰੀ ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਨੇ ਬੋਲਦਿਆਂ ਕਿਹਾ ਕਿ ਅਪਰੇਸ਼ਨ ਗਰੀਨ ਹੰਟ ਮਹਿਜ ਹਥਿਆਰਾਂ, ਪੁਲਸ, ਨੀਮ ਫੌਜੀ ਬਲਾਂ, ਨਿੱਜੀ ਸੈਨਾਵਾਂ ਦੇ ਜ਼ੁਲਮ ਦਾ ਹੀ ਨਾਂਅ ਨਹੀਂ ਅਸਲ 'ਚ ਇਸ ਦਾ ਆਧਾਰ ਆਰਥਕ ਏਜੰਡਾ ਹੈ ਜਿਹੜਾ ਹਰੇ ਇਨਕਲਾਬ ਦੇ ਨਾਂਅ ਹੇਠ ਪੰਜਾਬ ਅੰਦਰ ਕਦੋਂ ਦਾ ਲਾਗੂ ਕੀਤਾ ਗਿਆ ਹੈ। ਹੁਣ ਜਦੋਂ ਪੰਜਾਬ ਬੋਲਦਾ ਹੈ ਤਾਂ ਜ਼ੁਲਮੀ ਝੱਖੜ ਝੁਲਾਏ ਜਾ ਰਹੇ ਹਨ।
ਇਸ ਮੌਕੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਇਤਿਹਾਸ, ਸਰਗਰਮੀਆਂ ਆਦਿ ਦਾ ਸਗ੍ਰਹਿ ਪੁਸਤਕ 'ਜਮਹੂਰੀ ਸਗਰਾਮ ਦੀ ਦਸਤਾਵੇਜ' ਵੀ ਫਰੰਟ ਦੀ ਸੂਬਾ ਕਮੇਟੀ ਅਤੇ ਮਹਿਮਾਨ ਬੁਲਾਰਿਆਂ ਨੇ ਜਾਰੀ ਕੀਤੀ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਗੁਰਮੀਤ ਨੇ ਪ੍ਰਧਾਨਗੀ ਮੰਡਲ ਵੱਲੋਂ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਗ਼ਦਰੀ ਸ਼ਹੀਦਾਂ ਦੇ ਵਾਰਿਸ ਅੱਜ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਗਰਾਮ ਜਾਰੀ ਰੱਖ ਰਹੇ ਹਨ।
ਜਮਹੂਰੀ ਫਰੰਟ ਨੇ ਅਖੀਰ 'ਚ ਪੰਜਾਬ ਦੇ ਸਮੂਹ ਬੁੱਧੀਜੀਵੀ ਵਰਗ ਨੂੰ ਸਿਰ ਖੜੀਆ ਚੁਣੌਤੀਆਂ ਦਾ ਟਾਕਰਾ ਕਰਨ ਲਈ ਵਿਸ਼ਾਲ ਸਾਂਝੇ ਜਮਹੂਰੀ ਫਰੰਟ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਜਾਰੀ ਕਰਤਾ:
ਡਾ. ਪਰਮਿੰਦਰ ਸਿੰਘ ਕੋ ਕਨਵੀਨਰ
95010-25030
ਸੂਬਾ ਕਮੇਟੀ ਮੈਂਬਰ ਅਮੋਲਕ ਸਿੰਘ
94170-76735

No comments: