Sunday, August 05, 2012

ਆਖਿਰ ਸਿੱਖ ਜਗਤ 'ਤੇ ਹਮਲੇ ਕਦੋਂ ਤੱਕ ?


ਸਿੱਖ ਜਗਤ ਵਿੱਚ ਰੋਸ..ਪਰ ਲੀਡਰ ਹਨ ਖਾਮੋਸ਼...!  ਕੀ ਏਥੇ ਵੀ ਸਿਆਸਤ ? 
ਖੇਡਾਂ ਦੀ ਦੁਨੀਆ ਵਿੱਚ ਇੱਕ ਵਾਰ ਫੇਰ ਭਾਰਤ ਦਾ ਨਾਮ ਉੱਚਾ ਕਰਨ ਵਾਲੇ 101 ਸਾਲਾਂ ਦੀ ਉਮਰ ਦੇ ਜਵਾਨ ਫੌਜਾ ਸਿੰਘ ਨੂੰ ਜਿਸ ਤਰ੍ਹਾਂ ਮਜਾਕ ਦਾ ਵਿਸ਼ਾ ਬਣਾਇਆ ਗਿਆ ਹੈ ਉਹ ਪੂਰੀ ਸਿੱਖ ਕੌਮ 'ਤੇ ਇੱਕ ਹੋਰ ਹਮਲਾ ਹੈ. ਇਸ ਨਾਲ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਉਹ ਗੱਲ ਫਿਰ ਪ੍ਰਸੰਗਿਕ ਬਣੀ ਹੈ ਕੀ ਕਿ ਸਿੱਖ ਭਾਰਤ ਵਿੱਚ ਦੂਜੇ ਨੰਬਰ ਦੇ ਸ਼ਹਿਰੀ ਹਨ? ਦੇਸ਼ ਦੀ ਆਜ਼ਾਦੀ ਲੈ ਲੜੀ ਗਈ ਜੰਗ ਅਤੇ ਉਸਤੋਂ ਬਾਅਦ ਦੇਸ਼ ਦੀ ਰਖਿਆ ਅਤੇ ਵਿਕਾਸ ਲਈ ਸਫਲਤਾ ਦੇ ਨਿੱਤ ਨਾਵੇੰ ਇਤਿਹਾਸ ਰਚਣ ਵਾਲੇ ਸਿੱਖ ਆਖਿਰ ਕਦੋਂ ਤੱਕ ਅਜਿਹੇ ਹਮਲਿਆਂ ਦਾ ਨਿਸ਼ਾਨ ਬਣਾਏ ਜਾਂਦੇ ਰਹਿਣਗੇ ?  ਇਸ ਸਾਰੇ ਮਾਮਲੇ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ ਪਰ ਪਹਿਲਾਂ ਪੜ੍ਹੋ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੀ ਇੱਕ ਰਿਪੋਰਟ ਅਤੇ ਜਲਦੀ ਭੇਜੋ ਇਸ ਮਾਮਲੇ ਬਾਰੇ ਆਪਣੇ ਵਿਚਾਰ-ਰੈਕਟਰ ਕਥੂਰੀਆ                                          
ਫੌਜਾ ਸਿੰਘ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ 
 ਬਰਦਾਸ਼ਤ ਤੋਂ ਬਾਹਰ 



ਟੀ.ਵੀ. ਚੈਨਲ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ
Posted On August - 4 - 2012
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 4 ਅਗਸਤ
ਜ਼ਿਲ੍ਹਾ ਅਦਾਲਤ ਬਠਿੰਡਾ ਵਿੱਚ ਅੱਜ ਇਕ ਟੀ.ਵੀ. ਚੈਨਲ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਾਖ਼ਲ ਕੀਤੀ ਗਈ ਹੈ, ਜਿਸ ਵੱਲੋਂ ਮੈਰਾਥਨ ਦੌਡ਼ਾਕ ਫੌਜਾ ਸਿੰਘ ਦਾ ਮਜ਼ਾਕ ਉਡਾਇਆ ਗਿਆ ਸੀ। ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਪਹਿਲੀ ਸਤੰਬਰ ਨੂੰ ਗਵਾਹ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਚੀਫ ਜੁਡੀਸ਼ਲ ਮੈਜਿਸਟਰੇਟ ਬਠਿੰਡਾ ਹਰਜੀਤ ਸਿੰਘ ਦੀ ਅਦਾਲਤ ਵਿੱਚ ਅੱਜ ਗੀਤਕਾਰ ਅਮਰਦੀਪ ਸਿੰਘ ਗਿੱਲ ਵੱਲੋਂ ਧਾਰਾ 295-ਏ ਅਤੇ 500/501 ਆਈ.ਪੀ.ਸੀ. ਤਹਿਤ ਟੀ.ਵੀ. ਚੈਨਲ ਖ਼ਿਲਾਫ਼ ਫੌਜਦਾਰੀ ਸ਼ਿਕਾਇਤ ਦਾਇਰ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਨਵਕਿਰਨ ਸਿੰਘ ਨੇ ਅੱਜ ਅਮਰਦੀਪ ਸਿੰਘ ਗਿੱਲ ਵੱਲੋਂ ਸ਼ਿਕਾਇਤ ਅਦਾਲਤ ਵਿੱਚ ਦਾਇਰ ਕੀਤੀ। ਫੌਜਦਾਰੀ ਸ਼ਿਕਾਇਤ ਵਿੱਚ ਆਨਲਾਈਨ ਟੀ.ਵੀ. ਚੈਨਲ ‘ਜੈ ਹਿੰਦ’ ਦੇ ਡਾਇਰੈਕਟਰ ਅਭਿਗਿਆਨ ਝਾਅ, ਐਂਕਰ ਸੁਮਿਤ ਰਾਘਵਨ ਅਤੇ ਅਦਾਕਾਰ ਰਾਜੀਵ ਨਿਗਮ ਨੂੰ ਧਿਰ ਬਣਾਇਆ ਗਿਆ ਹੈ। ‘ਜੈ ਹਿੰਦ’ ਚੈਨਲ ਦੇ ਕਾਮੇਡੀ ਸ਼ੋਅ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਬਜ਼ੁਰਗ ਸਿੱਖ ਫੌਜਾ ਸਿੰਘ ਦਾ ਮਜ਼ਾਕ ਉਡਾਇਆ ਗਿਆ ਹੈ। ਚੀਫ ਜੁਡੀਸ਼ਲ ਮੈਜਿਸਟਰੇਟ ਹਰਜੀਤ ਸਿੰਘ ਨੇ ਸ਼ਿਕਾਇਤ ਦਾਇਰ ਕਰਨ ਵਾਲੀ ਧਿਰ ਨੂੰ ਗਵਾਹੀਆਂ ਪੇਸ਼ ਕਰਨ ਵਾਸਤੇ ਆਖਿਆ ਹੈ।
ਸ਼ਿਕਾਇਤਕਰਤਾ ਅਮਰਦੀਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਕਾਮੇਡੀ ਸ਼ੋਅ ਵਿੱਚ ਜਿਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਫੌਜਾ ਸਿੰਘ ਖ਼ਿਲਾਫ਼ ਵਰਤੀ ਗਈ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਆਖਿਆ ਕਿ ਪੂਰੇ ਸਿੱਖ ਜਗਤ ਦੀ ਇਸ ਕਾਮੇਡੀ ਸ਼ੋਅ ਵਿੱਚ ਹੇਠੀ ਕੀਤੀ ਗਈ ਹੈ। ਐਡਵੋਕੇਟ ਨਵਕਿਰਨ ਸਿੰਘ ਦਾ ਕਹਿਣਾ ਸੀ ਕਿ 101 ਸਾਲ ਦਾ ਸਿੱਖ ਦੌਡ਼ਾਕ ਫੌਜਾ ਸਿੰਘ ਸਾਡਾ ਆਦਰਸ਼ ਹੈ ਅਤੇ ਸਿੱਖ ਜਗਤ ਦੀ ਮਹਾਨ ਹਸਤੀ ਹੈ, ਜਿਸ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਆਖਿਆ ਕਿ ਟੀ.ਵੀ. ਚੈਨਲ ਦੇ ਪ੍ਰਬੰਧਕਾਂ ਅਤੇ ਅਦਾਕਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਗੌਰਤਲਬ ਹੈ ਕਿ ਅਮਰਦੀਪ ਸਿੰਘ ਗਿੱਲ ਵੱਲੋਂ ਕੇਸ ਦਾਇਰ ਕਰਨ ਤੋਂ ਪਹਿਲਾਂ ਸੋਸ਼ਲ ਨੈਟਵਰਕਿੰਗ ’ਤੇ ਆਮ ਲੋਕਾਂ ਦੀ ਰਾਇ ਜਾਣੀ ਸੀ, ਜਿਸ ਦੇ ਆਧਾਰ ’ਤੇ ਉਸ ਵੱਲੋਂ ਸ਼ਿਕਾਇਤ ਦਾਇਰ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਸਿੱਖ ਨੇਤਾਵਾਂ ਨੇ ਦੌਡ਼ਾਕ ਫੌਜਾ ਸਿੰਘ ਦਾ ਮਜ਼ਾਕ ਉਡਾਏ ਜਾਣ ਦੇ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਬਾਕੀ ਕਿਸੇ ਹੋਰ ਅਹੁਦੇਦਾਰਾਂ ਵੱਲੋਂ ਇਸ ਮਾਮਲੇ ’ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ। ਹਾਲਾਂਕਿ ਪਿਛਲੇ ਦਿਨਾਂ ਤੋਂ ਇਹ ਮਾਮਲਾ ਕੌਮਾਂਤਰੀ ਪੱਧਰ ’ਤੇ ਉਠਿਆ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਕਈ ਮੀਟਿੰਗਾਂ ਵੀ ਹੋਈਆਂ ਹਨ, ਜਿਨ੍ਹਾਂ ਵਿੱਚ ਇਹ ਮਾਮਲਾ ਉੱਠ ਨਹੀਂ ਸਕਿਆ ਹੈ।ਤਖ਼ਤਾਂ ਦੇ ਜਥੇਦਾਰਾਂ ਵੱਲੋਂ ਵੀ ਇਸ ਮਾਮਲੇ ’ਤੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਹੈ। (ਖਬਰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋ ਧੰਨਵਾਦ ਸਹਿਤ)
[ਵੀਡੀਓ ਸਿੱਖ ਚੈਨਲ ਤੋਂ ਧੰਨਵਾਦ ਸਹਿਤ

No comments: